ਬਲਦੇਵ ਸਿੰਘ "ਬੈਂਕਾ" ਕਲਾ ਦਾ ਪਹਾੜ, 'ਤੇ ਸ਼ਬਦਾਂ ਦਾ ਜਾਦੂਗਰ!

ਬਲਦੇਵ ਸਿੰਘ "ਬੈਂਕਾ"  ਕਲਾ ਦਾ ਪਹਾੜ, 'ਤੇ ਸ਼ਬਦਾਂ ਦਾ ਜਾਦੂਗਰ!

ਬਲਦੇਵ ਸਿੰਘ "ਬੈਂਕਾ"

ਕਲਾ ਦਾ ਪਹਾੜ, 'ਤੇ ਸ਼ਬਦਾਂ ਦਾ ਜਾਦੂਗਰ!

ਕਲਮ ਕਦੇ ਕਦੇ, ਕਿਸੇ ਐਸੇ ਹਸਤਾਕਾਰ ਦੇ ਹੱਥ ਵਿੱਚ ਆਉਂਦੀ ਹੈ, ਜੋ ਲਫ਼ਜ਼ਾਂ ਨੂੰ ਸਿਰਫ ਲਿਖਦਾ ਨਹੀਂ, ਉਨ੍ਹਾਂ ਵਿੱਚ ਰੂਹ ਵੱਸਾ ਦਿੰਦਾ ਹੈ। ਬਲਦੇਵ ਸਿੰਘ ਬੈਂਕਾ ਐਸੇ ਹੀ ਇਕ ਕਲਾ-ਸਾਧਕ ਦਾ ਨਾਂ ਹੈ, ਜਿਹੜਾ ਸਿਰਫ ਕਵੀ ਨਹੀਂ ਸੀ, ਇੱਕ ਆਲਮ, ਇੱਕ ਰੂਹਾਨੀ ਚਿੰਤਕ, ਤੇ ਇੱਕ ਗਹਿਰਾ ਫਿਲਾਸਫਰ ਸੀ, ਬਲਦੇਵ ਸਿੰਘ ਦਾ ਜਨਮ ਮਾਤਾ ਸੁਰਜੀਤ ਕੌਰ ਤੇ ਸਰਦਾਰ ਬਲਵੰਤ ਸਿੰਘ ਦੇ ਘਰ ਸੰਨ 1947 ਨੂੰ ਪਿੰਡ ਬੈਂਕਾਂ ਵਿਖੇ ਹੋਇਆ, ਬੈਂਕਾ ਉਹ ਕਵੀਸ਼ਰ ਸੀ, ਜਿਸਦੇ ਲਫ਼ਜ਼ ਲੋਕ-ਰੂਹ ਦੇ ਅੰਦਰ ਘਰ ਕਰ ਗਏ। ਉਹਦੀ ਸ਼ਖ਼ਸੀਅਤ ਆਪਣੇ ਆਪ ਵਿੱਚ ਇੱਕ ਕਵਿਤਾ ਸੀ,ਉਸਦਾ ਕੱਦ ਉੱਚਾ,ਜੁੱਸਾ ਭਰਵਾਂ, ਮੋਟੀਆਂ ਅੱਖਾਂ, ਚੌੜਾ ਮੱਥਾ, ਤੇ ਸਾਦੀ ਨੋਕਦਾਰ ਪੱਗ, ਉਹ ਸਿਰਫ਼ ਲਫ਼ਜ਼ਾਂ ਦਾ ਹੀ ਨਹੀਂ, ਦਰਦ, ਧੀਰਜ, ਦਾ ਵੀ ਰਾਜਾ ਸੀ।

ਜਦੋਂ ਬਲਦੇਵ ਸਿੰਘ ਬੈਂਕਾ ਸਟੇਜ ਉਤੇ ਖੜਾ ਹੁੰਦਾ, ਤਾਂ ਸਿਰਫ ਅਵਾਜ਼ ਨਹੀਂ ਗੂੰਜਦੀ,ਉਦੋ ਇੱਕ ਆਤਮਿਕ ਤਾਲ ਉੱਭਰਦੀ, ਜੋ ਅੰਦਰੂਨੀ ਰਾਗਾਂ ਨੂੰ ਜਗਾ ਦਿੰਦੀ। ਉਸ ਦੀ ਕਵਿਤਾ ਵਿੱਚ ਵਿਅੰਗ ਵੀ ਹੁੰਦਾ ,ਉਹ ਵਿਅੰਗ ਗਹਿਰੀ ਸਿੱਖਿਆ ਵੀ ਦੇਂਦਾ|

ਉਸ ਦੀ ਕਵਿਤਾ ਨਗਾਰੇ ਤੇ ਚੋਟ ਦੇ ਸਮਾਨ ਸੀ, ਜਦੋਂ ਉਹ ਬੀਰ ਰਸ ਗਾਉਂਦਾ, ਤਾਂ ਅੱਖਾਂ ਦੇ ਸਾਹਮਣੇ ਯੁੱਧ ਦੀ ਤਸਵੀਰ ਪੇਸ਼ ਕਰ ਦੇਂਦਾ । ਜਦੋਂ ਦਰਦ ਪੇਸ਼ ਕਰਦਾ, ਤਾਂ ਲਫ਼ਜ਼ਾਂ ਦੀ ਲਚਕ ਰਾਹੀਂ ਬਿਰਹਾ ਦੇ ਪਹਾੜੀਂ ਚੜ੍ਹ ਜਾਂਦਾ। ਇੱਕ ਵਾਰ ਉਹ ਲਹਿੰਦੇ ਪੰਜਾਬ ਦੀ ਯਾਤਰਾ ਤੋਂ ਮੁੜਿਆ ਤੇ ਉਚੇਚਾ ਕਵੀਸ਼ਰ ਜਰਨੈਲ ਸਿੰਘ ਸਭਰਾ ਨਿਵਾਸ ਤੇ ਮੈਨੂੰ ਮਿਲਨ ਵਾਸਤੇ ਆ ਗਿਆ, ਇਹ ਗੱਲ ਮੇਰੇ ਪਿਤਾ, ਗਿਆਨੀ ਜਰਨੈਲ ਸਿੰਘ ਜੀ ਦੇ ਸਰੀਰ ਛੱਡਣ ਤੋਂ ਮਗਰੋਂ ਦੀ ਹੈ| ਉਸ ਦਿਨ ਉਹਦੀ ਗੱਲਬਾਤ ਵਿੱਚ ਇੱਕ ਵਿਲੱਖਣ ਸੰਤ ਭਾਵ ਸੀ, ਉਸ ਦਿਨ ਮੈਂ ਬੈਂਕਾ ਜੀ ਦਾ ਬੇਹੱਦ ਗੰਭੀਰ ਰੂਪ ਵੇਖਿਆ, ਉਹਨਾਂ ਦੀ ਹਰ ਬਾਤ ਵਿੱਚ ਅੱਤ ਦੀ ਰੁਹਾਨੀਅਤ ਸੀ, ਉਹਦਿਆਂ ਸ਼ਬਦਾਂ 'ਚੋ ਮੈਨੂੰ ਲਾਹੌਰ ਤੇ ਨਨਕਾਣਾ ਸਾਹਿਬ ਦਾ ਦੀਦਾਰ ਹੋ ਰਿਹਾ ਸੀ| ਉਸ ਦਿਨ ਉਹ ਜਾਣ ਲੱਗਾ ਕਹਿੰਦਾ, ਬੇਟਾ ਅਮਰਜੀਤ, ਮੈਂ ਅੱਜ ਤੋਂ ਬਾਅਦ ਇਸ ਘਰ ਨਹੀਂ ਆਉਣਾ, ਮੈਂ ਕਿਹਾ ਗਿਆਨੀ ਜੀ ਕਿਹੜੀ ਗੱਲੋਂ, ਉਹ ਭਰੇ ਹੋਏ ਗਲ਼ੇ ਕਹਿੰਦਾ, "ਸੱਜਣ ਸੱਜਣਾਂ ਕੋਲ ਆਉਂਦੇ ਚੰਗੇ ਲੱਗਦੇ ਨੇ" ਜਰਨੈਲ ਰਿਹਾ ਨਹੀਂ.... ਉਹਦੇ ਅੱਖਾਂ 'ਚ ਪਾਣੀ ਸੀ, ਤੇ ਸ਼ਬਦਾਂ 'ਚ ਪੀੜ, ਮੈਨੂੰ ਇੰਝ ਲੱਗਾ, ਜਿਵੇਂ ਕਿਸੇ ਰੂਹ ਨੇ ਆਪਣੇ ਅੰਤਿਮ ਦਿਨਾਂ ਦੀ ਰੁਹਾਨੀ ਖ਼ਬਰ ਮਨੁੱਖੀ ਜ਼ਬਾਨ ਰਾਹੀਂ ਸੁਣਾ ਦਿੱਤੀ ਹੋਵੇ। ਖੈਰ... ਮੈਂ ਆਪਣੀਆਂ ਯਾਦਾਂ 'ਚੋ ਬਾਹਰ ਆਵਾਂ ਪੰਜਾਬੀ ਮਾਂ ਬੋਲੀ ਦੇ ਬਾਂਕੇ ਸ਼ਾਇਰ, ਬਲਦੇਵ ਸਿੰਘ ਬੈਂਕੇ ਦੀ ਪੇਸ਼ਕਾਰੀ ਦੀ ਗੱਲ ਕਰਾਂ|

"ਉਹ ਲੋਹੇ ਵਰਗੀ ਨਿੱਗਰ ਤੇ ਰਵਾਨੀ ਵਾਲੀ ਆਵਾਜ਼ ਦਾ ਧਨੀ ਸੀ। ਜਦੋਂ ਕਵੀਸ਼ਰੀ ਗਾਇਨ ਕਰਦਾ, ਸਰੋਤੇ ਮਾਨੋ ਸੱਚਾਈ ਦੇ ਅੰਤਰਜਲ ਵਿੱਚ ਤਰਦੇ ਫੁੱਲਾਂ ਵਾਂਗ ਉਸ ਦੀਆਂ ਸੁਰ,ਰੂਪੀ ਲਹਿਰਾਂ ਨਾਲ ਵਹਿ ਜਾਂਦੇ। ਬਲਦੇਵ ਸਿੰਘ ਬੈਂਕਾ ਦੀ ਕਲਾ ਦਾ ਵਿਲੱਖਣ ਬਲ, ਉਸਦੀ ਦਵੈਸ਼ਕਲਾ ਦੀ ਗਹਿਰਾਈ, ਸੁਣਨ ਵਾਲਿਆਂ ਦੀ ਚੇਤਨਾ ਨੂੰ ਹਿਲਾਉਂਦੀ ਤੇ ਉਹਨਾਂ ਦੀ ਬਿਰਤੀ ਨੂੰ ਅੱਗੇ ਵਧਾਉਂਦੀ ਸੀ।" ਉਹਦੀ ਅਦਾਇਗੀ ਵਿੱਚ ਅਜਿਹਾ ਠਹਿਰਾ ਸੀ ਜੋ ਉਸਦੇ ਸ਼ਬਦਾਂ ਨੂੰ ਅਨੁਭਵੀ ਬਣਾਉਂਦਾ ਸੀ। ਉਹ ਨਜ਼ਮ ਨਹੀਂ ਪੜ੍ਹਦਾ ਸੀ, ਨਜ਼ਮ ਨੂੰ ਜੀਉਂਦਾ ਸੀ। ਉਹ ਲਫ਼ਜ਼ ਨਹੀਂ ਲਿਖਦਾ ਸੀ, ਸ਼ਬਦਾਂ ਦੀ 'ਚ ਅੰਦਰੂਨੀ ਗੂੰਜ ਉੱਕਰਦਾ ਸੀ। ਉਹ ਸ਼ਬਦਾਂ ਦਾ ਜਾਦੂਗਰ ਸੀ, ਜੋ ਆਪਣੀ ਲਿਖਤ ਰਾਹੀਂ ਪਾਠਕਾਂ ਨੂੰ ਨਹੀਂ, ਪਾਠਕਾਂ ਦੀ ਰੂਹ ਨੂੰ ਛੂਹ ਜਾਂਦਾ। ਉਸ ਦੀ ਕਵਿਤਾ ਵਿੱਚ ਨਾ ਕੋਈ ਬਣਾਵਟ ਸੀ, ਨਾ ਆਲੇ-ਦੁਆਲੇ ਦੇ ਥੋਥੇ ਵਿਖਾਵੇ, ਉਹਦੀ ਕਵਿਤਾ ਖ਼ਰਾ ਦਰਸ਼ਨ, 'ਤੇ ਕਲਾ ਸੱਚੀ ਸੀ। ਅਜਿਹੇ ਵਿਅਕਤੀ ਦੀ ਮੌਤ, ਸਿਰਫ਼ ਇਕ ਸਰੀਰਕ ਵਿਛੋੜਾ ਨਹੀਂ ਹੁੰਦੀ, ਸਗੋਂ ਕਲਾਤਮਿਕ ਜ਼ਿੰਦਗੀ ਤੋਂ ਇੱਕ ਸਤੰਭ ਦੇ ਢਹਿ ਜਾਣ ਦੇ ਤੁੱਲ ਹੁੰਦੀ ਹੈ, ਬਲਦੇਵ ਸਿੰਘ ਬੈਂਕਾ ,ਉਹ ਨਾਂ ਨਹੀਂ, ਇੱਕ ਤਜਰਬਾ ਸੀ। ਉਹ ਕਲਾਵਾਨ ਨਹੀਂ, ਕਲਾ ਦੀ ਸਿਖਰ ਸੀ। ਉਹ ਇੱਕ ਵਿਅਕਤੀ ਨਹੀਂ, ਇੱਕ ਦਰਸ਼ਨ ਸੀ। ਤੇ ਸੱਚ ਇਹ ਹੈ, ਉਸ ਵਰਗਾ ਲਿਖਾਰੀ ਮਾਂ ਧਰਤੀ ਨੇ ਮੁੜ ਦੁਬਾਰਾ ਨਹੀਂ ਜੰਮਣਾਂ। ਬਲਦੇਵ ਸਿੰਘ ਬੈਂਕਾ ਸ਼ਬਦਾਂ ਦਾ ਵਗਦਾ ਦਰਿਆ ਸੀ, ਜਿਸਦੇ ਲਫ਼ਜ਼ ਜਾਦੂ ਵਾਂਗ ਹਨ। ਉਸਦੇ ਆਖੇ ਬੋਲ, ਸੁਣਨ ਵਾਲਿਆਂ ਦੇ ਦਿਲਾਂ ਵਿੱਚ, ਲਹਿਰਾਂ ਵਾਂਗ ਖਲਬਲੀ ਪੈਦਾ ਕਰ ਦਿੰਦੇਂ। ਉਹ ਸਿਰਫ ਲਿਖਦਾ ਨਹੀਂ, ਸਗੋਂ ਸ਼ਬਦਾਂ ਵਿੱਚ ਜਾਨ ਪਾ ਦਿੰਦਾ ਸੀ, ਬੈਂਕਾ ਕਲਾ ਦਾ ਪਹਾੜ ਸੀ, ਜਿਸ ਤਰ੍ਹਾਂ ਪਹਾੜ ਆਪਣੀ ਉੱਚਾਈ ਅਤੇ ਅਟੱਲਤਾ ਲਈ ਜਾਣੇ ਜਾਂਦੇ ਹਨ, ਓਸੇ ਤਰ੍ਹਾਂ ਉਸਦੀ ਕਲਾ ਵੀ ਸੰਸਾਰ ਵਿੱਚ ਇੱਕ ਅਟੱਲ ਚੋਟੀ ਵਾਂਗ ਹੈ। ਨਾ ਓਹ ਕਦੇ ਥੱਕਿਆ, ਨਾ ਓਹ ਕਦੇ ਥਿੜਕਿਆ। ਉਹ ਦਰਦਾਂ ਦਾ ਰਾਗੀ ਸੀ, ਉਹ ਐਸਾ ਕਵੀ ਸੀ, ਜਿਸਨੇ ਆਪਣੇ ਅੰਦਰਲੇ ਦਰਦ ਨੂੰ, ਸੁਰਾਂ ਦਾ ਪੀਰ ਬਣਾਕੇ ਪ੍ਰਗਟ ਕੀਤਾ। ਉਹ ਦਰਦ ਦਾ ਐਸਾ ਸਾਜ਼ ਹੈ, ਜੋ ਲੋਕਾਂ ਦੀਆਂ ਖਾਮੋਸ਼ ਪੀੜ੍ਹਾ ਨੂੰ ਅਵਾਜ਼ ਦੇ ਦਿੰਦਾ ਹੈ। ਉਹ ਰੂਹਾਨੀ ਰਾਜਾ ਸੀ,ਉਸ ਦੀ ਕਵਿਤਾ ਰੂਹ ਦੀ ਗੱਲ ਕਰਦੀ ਹੈ। ਉਹ ਸੰਸਾਰੀ ਤਾਜ ਨਹੀਂ, ਸਗੋਂ ਆਤਮਕ ਬਾਦਸ਼ਾਹੀ ਦਾ ਹੱਕਦਾਰ ਹੈ। ਉਸਦੇ ਲਫ਼ਜ਼, ਉਸਦਾ ਜੀਵਨ, ਇੱਕ ਰੂਹਾਨੀ ਰਾਜ ਦਾ ਨਕਸ਼ਾ ਸੀ, ਜਿੱਥੇ ਇਮਾਨ, ਸੱਚਾਈ ਅਤੇ ਆਤਮਕ ਉੱਚਾਈ ਦੀ ਰਾਜਗੱਦੀ ਸੀ, ਉਸਦੀ ਪੇਸ਼ਕਾਰੀ, ਹਸਾਉੰਦੀ ਹੋਈ ਵੀ ਜਗਾਉਂਦੀ ਸੀ। ਉਹ ਵਿਅੰਗ ਨਾਲ ਸੱਚ ਬੋਲਦਾ ਸੀ। ਹਾਸੇ ਦੇ ਪਿੱਛੇ ਲੁੱਕਿਆ ਹੋਇਆ ਤਿੱਖਾ ਸੰਦੇਸ਼, ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਲੜਨ ਵਾਲਾ ਇੱਕ ਵਕੀਲ ਬਣ ਜਾਂਦਾ। ਉਹ ਮਨੁੱਖ ਆਪਣੇ ਆਪ ਵਿੱਚ ਇੱਕ ਅਦਭੁਤ ਸੰਸਾਰ ਸੀ, ਉਹਦਾ ਹਿਰਦਾ ਧਰਤੀ ਦੇ ਸਾਮਾਨ ਸੀ ਜਿੱਥੇ ਦਰਸ਼ਨਿਕ ਵਿਚਾਰਾਂ ਦੀਆਂ ਫਸਲਾਂ ਉੱਗਦੀਆਂ ਸਨ। ਉਸਦੇ ਲਫ਼ਜ਼ ਨਿਰ ਵਿਕਾਰਤਾ, ਸੰਤੋਖ, ਤੇ ਗਿਆਨ ਦਾ ਪਹਿਰਾਵਾ ਹੁੰਦੇ। ਉਹ ਸਿਰਫ ਨਜ਼ਮ ਲਿਖਦਾ ਨਹੀਂ, ਸਗੋਂ ਉਹ ਆਪ ਇੱਕ ਜੀਉਂਦੀ ਨਜ਼ਮ ਸੀ। ਉਸਦੀ ਹਸਤੀ, ਉਸਦਾ ਜੀਵਨ, ਇਕ ਅਦਭੁੱਤ ਰਚਨਾ ਸੀ, ਉਹ ਅਗੰਮੀ ਹਸਤੀ ਸੀ ਜੋ ਹਰ ਸਾਹ, ਹਰ ਕਦਮ 'ਚ ਕਵਿਤਾ ਬਣ ਕੇ ਟਹਿਲਦੀ।

ਉਹ ਸਿਰਫ ਨਰਮ ਨਰਮ ਨਹੀਂ ਸੀ, ਉਸ ਵਿੱਚ ਇਨਕਲਾਬੀ ਗਰਜ ਵੀ ਸੀ। ਉਸਦੇ ਲਫ਼ਜ਼ ਜਲਾਲੀ ਤੇਜ ਨਾਲ ਚਮਕਦੇ, ਜਿਵੇਂ ਧਾਰਮਿਕ ਜਾਂ ਸਿਆਸੀ ਉਤਪੀੜਨ ਖ਼ਿਲਾਫ਼ ਇੱਕ ਲਲਕਾਰ ਹੋਣ। ਉਹ ਅੱਖਰਾਂ ਨੂੰ ਰੱਬੀ ਰੂਪ ਮੰਨਦਾ ਸੀ। ਉਹ ਕਲਮ ਨੂੰ ਇਕ ਆਰਾਧਨਾ ਮੰਨ ਕੇ ਵਰਤਦਾ। ਉਸਦੇ ਲਿਖੇ ਲਫ਼ਜ਼ ਇੱਕ ਅਰਦਾਸ ਵਾਂਗ ਦਿਲ ਤੋਂ ਨਿਕਲਦੇ ਤੇ ਰੱਬ ਤੇ ਖ਼ਲਕਤ ਦੇ ਦਰ ਪ੍ਰਵਾਨ ਚੜ੍ਹਦੇ। ਬਲਦੇਵ ਸਿੰਘ ਬੈਂਕਾ ਉਹ ਵਿਅਕਤੀ ਹੈ, ਜਿਸਦੇ ਅੰਦਰ ਇੱਕ ਆਤਮਿਕ ਮੰਚ ਸਦਾ ਸੱਜਿਆ ਰਹਿੰਦਾ। ਤੇ ਉਹ ਉਸ ਮੰਚ 'ਤੇ ਆਪਣੇ ਅੰਦਰਲੇ ਰੰਗ, ਰੂਪ, ਦਰਦ, ਪ੍ਰੇਮ, ਤੇ ਲਾਲਸਾ ਦੇ ਰਾਗ ਪੇਸ਼ ਕਰਦਾ। ਉਹ ਕਲਾ ਦਾ ਅਭਿਨੇਤਾ ਹੀ ਨਹੀਂ, ਸਗੋਂ ਕਲਾ ਦਾ ਜੀਵੰਤ ਰੂਪ ਵੀ ਸੀ। ਉਹਦੇ ਬੋਲ ਤਰਕ ਦੇ ਤੀਰ ਸਨ, ਜੋ ਰੂੜੀਵਾਦੀ ਪ੍ਰੰਪਰਾ ਦੀ ਹਿੱਕ ਪਾੜ ਸੁੱਟਦੇ| ਸਾਹਿਤ ਦੀ ਸਲਤਨਤ ਵਿੱਚ ਉਹਦੀ ਹਕੀਕਤ, ਇੱਕ ਪਰਮ ਅਰਥ ਦੀ ਸੀ। ਉਸਦੇ ਕਦਮਾਂ ਦੀ ਆਹਟ ਵੀ ਰਿਦਮ ਵਿੱਚ ਸੀ, ਜਿਵੇਂ ਕਾਇਨਾਤ ਆਪਣਾ ਛੰਦ ਉਸਦੇ ਨਾਲ ਜੋੜ ਰਹੀ ਹੋਵੇ। ਉਹਦੀ ਅਦਾਇਗੀ ਇੱਕ ਆਤਮਿਕ ਸੰਦੇਸ਼ ਸੀ, ਜੋ ਅੰਤਰ ਆਤਮਾ ਨੂੰ ਝੰਝੋੜ ਦਿੰਦਾ। ਉਹ ਗੱਲ ਕਰਦਾ ਇਵੇਂ ਪ੍ਰਤੀਕ ਹੁੰਦਾ, ਜਿਵੇਂ ਉਹਦੀ ਰੂਹ ਵਿੱਚ, ਗੂੰਜਣ ਵਾਲੇ ਸੁਰ ਉਤਰੇ ਹੋਣ। ਉਸਦੀ ਹਰ ਅਦਾ, ਸੁਰ ਵਿੱਚ ਸੀ,ਉਹ ਸਿਰਫ ਕਵੀ ਨਹੀਂ ਸੀ, ਉਹ ਸੰਵੇਦਨਾ ਦਾ ਸੰਤ,ਤੇ ਦਰਦ ਦਾ ਦਰਬਾਰੀ ਸੀ, ਅਤੇ ਉਹ ਅਰਥਾਂ ਦੀਆਂ ਗੁਪਤ ਖਾਣੀਆਂ ਦਾ ਪਹਿਰੇਦਾਰ ਸੀ। ਉਸਦੇ ਲਈ ਕਲਮ ਇੱਕ ਹਥਿਆਰ ਹੀ ਨਹੀਂ,ਇੱਕ ਅਧਿਆਤਮਿਕ ਸਾਧਨਾ ਵੀ ਸੀ| ਇਹ ਸੱਚ ਹੈ ਕਿ ਕੁਝ ਸ਼ਬਦ, ਕੁਝ ਰਾਗ, ਅਤੇ ਕੁਝ ਵਿਚਾਰ, ਇਤਿਹਾਸ ਦੇ ਪੰਨਿਆਂ ‘ਤੇ ਆਪਣੀ ਛਾਪ ਛੱਡ ਕੇ ਲੰਘ ਜਾਂਦੇ ਹਨ। ਐਸੇ ਹੀ ਕਿਰਦਾਰ ਦਾ ਨਾਂ ਸੀ, ਬਲਦੇਵ ਸਿੰਘ ਬੈਂਕਾ। ਉਹ ਗਿਆਨ ਦਾ ਐਸਾ ਸਾਗਰ ਸੀ, ਜਿਸਦੀ ਵਿਦਿਆ ਵਿੱਚ ਵਿਆਪਕਤਾ ਸੀ, ਜਿਸਦੇ ਲਫ਼ਜ਼ਾਂ ਵਿੱਚ ਰੂਹ ਦੀ ਤੱਪਸ਼ ਸੀ, ਜਿਸਦੀ ਗਾਇਕੀ ਵਿੱਚ ਲੋਕ ਧਰਮ ਦੀ ਅਵਾਜ਼ ਸੀ, ਉਹ ਲਿਖਣ, ਗਾਉਣ, ਬੋਲਣ, ਅਤੇ ਸੋਚਣ ਵਿੱਚ ਇੱਕ ਸਮਰਥ ਅਤੇ ਸੰਵੇਦਨਸ਼ੀਲ ਮਨੁੱਖ ਸੀ| ਉਸਦੀ ਹਸਤੀ ਇੱਕ ਪਾਠਸ਼ਾਲਾ ਸੀ, ਉਸਦੀ ਲਿਖਤ ਇੱਕ ਧਾਰਮਿਕ-ਸਾਹਿਤਕ ਯਾਤਰਾ ਸੀ, ਉਹ ਸਰਵਪੱਖੀ ਹਸਤੀ ਮਾਲਕ, ਸੰਨ 2014 ਵਿੱਚ ਸਾਡੇ ਤੋਂ ਵਿੱਛੜ ਗਿਆ, ਗਵਾਚੇ ਹੋਏ ਲਾਲ ਕਿੱਥੇ ਲੱਭਦੇ ਨੇ, ਅੰਤ ਵਿੱਚ ਬੱਸ ਏਨਾ ਹੀ ਕਹਿਣਾ ਹੈ ਕਿ ਉਹਦੇ ਵਰਗਾ ਹੋਰ ਕੋਈ ਨਹੀਂ ,ਉਹ ਇਕੋ ਇੱਕ ਸੀ, ਉਹ ਸੀ ਆਪ ਬਲਦੇਵ ਸਿੰਘ ਬੈਂਕਾ!

ਹੁਣ ਵਰਤਮਾਨ ਸਮੇਂ ਵਿੱਚ, ਗਿਆਨੀ ਬਲਦੇਵ ਸਿੰਘ ਬੈਂਕਾ ਜੀ ਦਾ ਫਰਜੰਦ ਗੁਰਿੰਦਰਪਾਲ ਸਿੰਘ ਬੈਂਕਾ, ਆਪਣੇ ਬਾਪੂ ਦੀ ਵਿਰਾਸਤ ਦੀ ਸੰਭਾਲ ਦੇ ਨਾਲ ਨਾਲ , ਉਹਦੀਆਂ ਪੈੜਾਂ ਤੇ ਚੱਲ ਕੇ ਕਮਰਕੱਸਾ ਕਰਕੇ, ਕਵੀਸ਼ਰੀ ਕਲਾ ਰਾਹੀਂ ਪੰਥ ਦੀ ਖਿਦਮਤ ਕਰ ਰਿਹਾ ਹੈ|

ਅਖੀਰ ਵਿੱਚ ਮਹਾਨ ਸ਼ਾਇਰ ਗਿ: ਬਲਦੇਵ ਸਿੰਘ ਬੈਂਕਾ ਤੇ ਉਸ ਦੀ ਅਮਰ ਰਚਨਾਂ ਨੂੰ ਕੋਟਿ ਕੋਟਿ ਪ੍ਰਣਾਮ

                      ਸ਼੍ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ

                                    +919815699137