ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਬਾ ਧੁੰਮਾਂ ਮੇਜ ਉੱਤੇ ਲੱਤਾਂ ਲਮਕਾ ਕੇ ਬੈਠਿਆ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਉੱਡੀਆਂ ਧੱਜੀਆਂ
- ਧਾਰਮਿਕ/ਰਾਜਨੀਤੀ
- 11 Dec,2025
ਅੰਮ੍ਰਿਤਸਰ, 11 ਦਸੰਬਰ ,ਰਣਜੀਤ ਸਿੰਘ ਦਮਦਮੀ ਟਕਸਾਲ
ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਬਵਾਲ ਮਚਾ ਦਿੱਤਾ ਜਿਸ ਵਿੱਚ ਉਹ ਸ਼ਰੇਆਮ ਸਿੱਖ ਮਰਯਾਦਾ ਦੀਆਂ ਧੱਜੀਆਂ ਉਡਾ ਰਿਹਾ ਹੈ। ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਹੋਏ ਇੱਕ ਸਮਾਗਮ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਹੀ ਚੌਂਕੜਾ ਮਾਰ ਕੇ ਬੈਠਣ ਦੀ ਬਜਾਏ ਮੇਜ ਉੱਤੇ ਲੱਤਾਂ ਲਮਕਾ ਕੇ ਬੈਠਾ ਹੈ, ਉਸ ਨਾਲ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫਰਨਵੀਸ ਤੇ ਹੋਰ ਧਾਰਮਿਕ ਸਿਆਸੀ ਆਗੂ ਵੀ ਬੈਠੇ ਹੋਏ ਨੇ ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਹ ਤੇ ਰੋਸ ਪਾਇਆ ਜਾ ਰਿਹਾ। ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੱਖ-ਵੱਖ ਸਮੇਂ ਉਤੇ ਇਹ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਤੇ ਲੰਗਰ ਹਾਲ ਵਿੱਚ ਕੁਰਸੀਆਂ, ਮੇਜ ਨਾ ਲਾਏ ਜਾਣ ਸਗੋਂ ਚੌਂਕੜਾ ਮਾਰ ਕੇ ਪੰਗਤ ਵਿੱਚ ਹੀ ਬੈਠਿਆ ਜਾਏ। ਇਹ ਸਮਾਗਮ ਨਾ ਹੋ ਕੇ ਇੱਕ ਰੈਲੀ ਲੱਗ ਰਹੀ ਹੈ ਜਿਸ ਤਰ੍ਹਾਂ ਮੇਜਾਂ ਦੀਆਂ ਵੱਖਰੀ ਸਟੇਜ ਬਣਾ ਕੇ ਲੱਤਾਂ ਲਮਕਾ ਕੇ ਆਗੂ ਬੈਠੇ ਹੋਏ ਨੇ। ਸੰਗਤਾਂ ਹੈਰਾਨ ਹਨ ਕਿ ਜਿਨਾਂ ਨੇ ਪੰਥਕ ਸਿਧਾਂਤਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਹਿਰੇਦਾਰੀ ਕਰਨੀ ਸੀ ਉਹ ਖੁਦ ਹੀ ਬੀਜੇਪੀ ਅਤੇ ਆਰਐਸਐਸ ਦੇ ਆਗੂਆਂ ਨੂੰ ਖੁਸ਼ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੰਥਕ ਸਿਧਾਂਤਾਂ ਦਾ ਘਾਣ ਕਰ ਰਹੇ ਹਨ।
ਬਾਬਾ ਧੂੰਮਾ ਪਹਿਲਾਂ ਵੀ ਕੁੰਭ ਗੰਗਾ ਵਿੱਚ ਨਹਾਉਣ ਅਤੇ ਬੀਜੇਪੀ ਨਾਲ ਗਠਜੋੜ ਕਰਨ ਕਰਕੇ ਵਿਵਾਦਾਂ ਵਿੱਚ ਰਿਹਾ ਹੈ। ਸੰਤ ਕਰਤਾਰ ਸਿੰਘ ਖਾਲਸਾ ਅਤੇ ਚੌਦਵੇਂ ਮੁਖੀ ਤੇ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਜੋ ਸੰਘਰਸ਼ ਕਰਕੇ ਦਮਦਮੀ ਟਕਸਾਲ ਦੀ ਸ਼ਾਨ ਬਣਾਈ ਸੀ ਉਹ ਬਾਬੇ ਧੁੰਮੇ ਦੀਆਂ ਕਾਰਗੁਜ਼ਾਰੀਆਂ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤੀ ਹੈ। ਜਦੋਂ ਵੀ ਵਿਦੇਸ਼ਾਂ ਵਿੱਚ ਗੁਰੂ ਦੀ ਹਜੂਰੀ ਅਤੇ ਲੰਗਰ ਹਾਲ ਵਿੱਚ ਕੁਰਸੀਆਂ ਅਤੇ ਮੇਜਾਂ ਉਤੇ ਬੈਠਣ ਦਾ ਵਿਵਾਦ ਉੱਠਦਾ ਸੀ ਤਾਂ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਅਤੇ ਹੋਰ ਸੰਪਰਦਾਵਾਂ, ਪੰਥਕ ਜਥੇਬੰਦੀਆਂ ਤੇ ਜਾਗਰੂਕ ਸਿੱਖਾਂ ਵੱਲੋਂ ਹੀ ਵਿਰੋਧ ਕੀਤਾ ਜਾਂਦਾ ਸੀ ਪਰ ਅੱਜ ਬਾਬੇ ਧੁੰਮੇ ਨੂੰ ਵੱਖਰੀ ਸਟੇਜ ਤੇ ਲੱਤਾਂ ਲਮਕਾ ਕੇ ਬੈਠਾ ਵੇਖ ਕੇ ਸੰਗਤਾਂ ਦੇ ਹੋਸ਼ ਉੱਡ ਗਏ ਹਨ। ਕੀ ਹੁਣ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਨ ਕਰਕੇ ਬਾਬੇ ਧੁੰਮੇ ਤੇ ਹੋਰਾਂ ਨੂੰ ਤਲਬ ਕੀਤਾ ਜਾਏਗਾ ਜਾਂ ਫਿਰ ਸੰਗਤਾਂ ਨੂੰ ਆਗਿਆ ਦੇ ਦਿੱਤੀ ਜਾਏਗੀ ਕਿ ਉਹ ਗੁਰੂ ਦੀ ਹਜ਼ੂਰੀ ਵਿੱਚ ਇਸ ਤਰ੍ਹਾਂ ਲੱਤਾਂ ਲਮਕਾ ਕੇ ਬੈਠ ਸਕਦੇ ਨੇ। ਪਿਛਲੇ ਦਿਨੀ ਵੀ ਬਾਬਾ ਸੁਖਦੇਵ ਸਿੰਘ ਭੁੱਚੋ ਜਦੋਂ ਗੁਰੂ ਦੀ ਹਜ਼ੂਰੀ ਵਿੱਚ ਕੁਰਸੀ ਡਾਹ ਕੇ ਬੈਠਾ ਸੀ ਤਾਂ ਉਦੋਂ ਵੀ ਇਹ ਮਾਮਲਾ ਕਾਫੀ ਉੱਠਿਆ ਸੀ ਤੇ ਬਾਬੇ ਭੁੱਚੋ ਦੇ ਸਮਰਥਕਾਂ ਨੇ ਕਿਹਾ ਸੀ ਕਿ ਬਾਬੇ ਨੂੰ ਸਰੀਰਕ ਤਕਲੀਫ ਹੈ ਉਹ ਥੱਲੇ ਨਹੀਂ ਬੈਠ ਸਕਦਾ। ਪਰ ਦੂਜੇ ਪਾਸੇ ਦੇਖੀਏ ਤਾਂ ਬਾਬਾ ਧੁੰਮਾ ਤਾਂ ਬਿਲਕੁਲ ਸਹੀ ਸਲਾਮਤ ਹੈ ਫਿਰ ਉਸਨੂੰ ਲੱਤਾਂ ਲਮਕਾ ਕੇ ਬੈਠਣ ਦੀ ਕੀ ਲੋੜ ਪੈ ਗਈ। ਬਾਬਾ ਧੁਮਾ ਅਕਸਰ ਹੀ ਵਿਵਾਦਾਂ ਵਿੱਚ ਰਹਿੰਦਾ ਹੈ, ਦਮਦਮੀ ਟਕਸਾਲ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਉਸਦਾ ਬਹੁਤ ਵਿਰੋਧ ਕੀਤਾ ਜਾਂਦਾ ਹੈ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਹੋਰ ਬਹੁਤੇ ਉਸ ਨੂੰ ਮੁਖੀ ਹੀ ਨਹੀਂ ਮੰਨਦੇ।
Posted By:
GURBHEJ SINGH ANANDPURI
Leave a Reply