ਪੱਲੇਦਾਰ ਦੀ ਨੌਕਰੀ ਛੱਡ ਕੇ ਜੁਝਾਰੂ ਲਹਿਰ ਵਿੱਚ ਕੁੱਦਣ ਵਾਲ਼ਾ ਸੂਰਮਾ ਸ਼ਹੀਦ ਭਾਈ ਨੇਕ ਸਿੰਘ ਮਹੇਸ਼ਰੀ
- ਗੁਰਬਾਣੀ-ਇਤਿਹਾਸ
- 08 Dec,2025
ਪੱਲੇਦਾਰ ਦੀ ਨੌਕਰੀ ਛੱਡ ਕੇ ਜੁਝਾਰੂ ਲਹਿਰ ਵਿੱਚ ਕੁੱਦਣ ਵਾਲ਼ਾ ਸੂਰਮਾ ਸ਼ਹੀਦ ਭਾਈ ਨੇਕ ਸਿੰਘ ਮਹੇਸ਼ਰੀ
ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸੂਰਮੇ ਅਮਰ ਸ਼ਹੀਦ ਭਾਈ ਨੇਕ ਸਿੰਘ ਜੀ ਦਾ ਜਨਮ ਸੰਨ 1964 'ਚ ਪਿਤਾ ਸ. ਅਮਰ ਸਿੰਘ ਜੀ ਦੇ ਘਰ, ਮਾਤਾ ਦਾਰੋ ਕੌਰ ਜੀ ਦੀ ਵਡਭਾਗੀ ਕੁੱਖੋਂ ਪਿੰਡ ਮਹੇਸ਼ਰੀ (ਸੰਧੂਆਂ), ਥਾਣਾ ਘੱਲ ਕਲਾਂ, ਜ਼ਿਲ੍ਹਾ ਮੋਗਾ (ਓਦੋਂ ਫਰੀਦਕੋਟ) ਵਿਖੇ ਹੋਇਆ। ਸ. ਅਮਰ ਸਿੰਘ ਨੇ ਬੜੇ ਚਾਵਾਂ ਨਾਲ ਆਪਣੇ ਪੁੱਤ ਦਾ ਨਾਂ ਨੇਕ ਸਿੰਘ ਇਸੇ ਕਰਕੇ ਰੱਖਿਆ ਸੀ ਕਿ ਉਹ ਹਮੇਸ਼ਾਂ ਆਪਣੀ ਕੌਮ ਤੇ ਸਮਾਜ ਲਈ ਚੰਗੇ ਤੇ ਨੇਕ ਕੰਮ ਕਰੇ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੇ। ਆਪ ਜੀ ਅੱਠ-ਭੈਣ ਭਰਾ ਸਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ :- (ਸ਼ਹੀਦ) ਨੇਕ ਸਿੰਘ, ਪਾਲ ਸਿੰਘ, ਜਸਵਿੰਦਰ ਕੌਰ, ਚਰਨਜੀਤ ਕੌਰ, ਪਰਮਜੀਤ ਸਿੰਘ, ਸਵਰਨ ਸਿੰਘ, ਚਰਨਜੀਤ ਸਿੰਘ, ਗੁੱਡੂ ਕੌਰ। ਭੈਣ-ਭਰਾਵਾਂ 'ਚੋਂ ਆਪ ਜੀ ਸਭ ਤੋਂ ਵੱਡੇ ਸਨ। ਆਪ ਜੀ ਸ਼ੁਰੂ ਤੋਂ ਹੀ ਧਾਰਮਿਕ ਖ਼ਿਆਲਾਂ ਵਾਲੇ ਸਨ, ਕਿਸੇ ਨਾਲ ਵਾਧੂ ਨਹੀਂ ਸੀ ਬੋਲਦੇ ਤੇ ਜ਼ਿਆਦਾਤਰ ਆਪਣੇ-ਆਪ ਵਿੱਚ ਹੀ ਮਸਤ ਰਹਿੰਦੇ ਸਨ। ਆਪ ਜੀ ਨੇ ਸਕੂਲੀ ਪੜ੍ਹਾਈ ਵੀ ਨਹੀਂ ਸੀ ਕੀਤੀ। ਫਿਰ ਜਵਾਨ ਹੋਣ 'ਤੇ ਆਪ ਫੂਡ ਸਪਲਾਈ ਕਾਰਪੋਰੇਸ਼ਨ ਆਫ਼ ਇੰਡੀਆ ਮਹਿਕਮੇ ਵਿੱਚ ਪੱਲੇਦਾਰ ਦੀ ਸਰਕਾਰੀ ਨੌਕਰੀ ਕਰਦੇ ਰਹੇ। ਨੌਕਰੀ ਦੌਰਾਨ ਵੀ ਆਪ ਨੇ ਹਰ ਇੱਕ ਨਾਲ਼ ਇਨਸਾਫ਼ ਕੀਤਾ ਤੇ ਲੋਕਾਂ ਦੇ ਮਦਦਗਾਰ ਬਣਦੇ ਰਹੇ ਤੇ ਆਪ ਦੇ ਕੰਮਾਂ ਦੀਆਂ ਅੱਜ-ਤੱਕ ਲੋਕ ਸਿਫ਼ਤਾਂ ਕਰਦੇ ਹਨ। ਆਪ ਦਾ ਅਨੰਦ ਕਾਰਜ ਬੀਬੀ ਗੁਰਦੀਪ ਕੌਰ (ਸਪੁੱਤਰੀ ਸ. ਸਾਧੂ ਸਿੰਘ, ਪਿੰਡ ਖੋਸਾ ਪਾਂਡੋ, ਜ਼ਿਲ੍ਹਾ ਮੋਗਾ) ਨਾਲ਼ ਹੋਇਆ ਤੇ ਘਰ ਵਿੱਚ ਚਾਰ ਬੱਚਿਆਂ ਹਰਜੀਤ ਕੌਰ, ਬੱਬੂ ਕੌਰ, ਗੁਰਪ੍ਰੀਤ ਸਿੰਘ ਅਤੇ ਅਮਨਦੀਪ ਕੌਰ ਨੇ ਜਨਮ ਲਿਆ। ਜਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਸੰਨ 1982 ਵਿੱਚ ਧਰਮ ਯੁੱਧ ਮੋਰਚਾ ਲਾਇਆ ਤਾਂ ਆਪ ਜੀ ਸ੍ਰੀ ਦਰਬਾਰ ਸਾਹਿਬ ਜਾਂਦੇ ਤੇ ਸੰਤਾਂ ਦੇ ਬਚਨ ਸ੍ਰਵਣ ਕਰਦੇ। ਸੰਤਾਂ ਦੀ ਮਹਾਨ ਸ਼ਖਸੀਅਤ ਤੋ ਆਪ ਐਨੇ ਪ੍ਰਭਾਵਿਤ ਹੋਏ ਕਿ ਆਪ ਜੀ ਸਿੱਖੀ ਰੰਗ ਵਿੱਚ ਰੰਗੇ ਗਏ, ਮਨ ਗਦ-ਗਦ ਹੋ ਗਿਆ ਤੇ ਹਰ ਸਮੇਂ ਧਿਆਨ ਸ੍ਰੀ ਦਰਬਾਰ ਸਾਹਿਬ ਤੋਂ ਚੱਲ ਰਹੇ ਮੋਰਚੇ ਦੀਆਂ ਸਰਗਰਮੀਆਂ ਵਿੱਚ ਹੀ ਰਹਿੰਦਾ। ਫਿਰ ਜਦ ਜੂਨ 1984 ਨੂੰ ਭਾਰਤ ਸਰਕਾਰ ਨੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤਾਂ ਆਪ ਦੇ ਮਨ ਵਿੱਚ ਸਰਕਾਰ ਵਿਰੁੱਧ ਬਹੁਤ ਰੋਹ ਸੀ। ਅਕਸਰ ਹੀ ਆਪ ਹਰ ਕਿਸੇ ਨਾਲ ਸਿੱਖ ਕੌਮ ਉੱਤੇ ਹੋ ਰਹੇ ਜ਼ੁਲਮਾਂ ਦੀਆਂ ਗੱਲਾਂ ਕਰਿਆ ਕਰਦੇ ਸਨ। ਉਹਨੀਂ ਦਿਨੀਂ ਹੀ ਆਪ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਕਰ ਲਿਆ ਤੇ ਸੀਸ ਗੁਰੂ ਨੂੰ ਭੇਟ ਕਰਨ ਦਾ ਕੀਤਾ ਪ੍ਰਣ ਨਿਭਾਉਣ ਲਈ ਆਪ ਜੀ ਤਤਪਰ ਹੋ ਗਏ। ਛੇਤੀ ਹੀ ਆਪ ਦਾ ਮੇਲ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਜੁਝਾਰੂ ਸਿੰਘਾਂ ਨਾਲ ਹੋ ਗਿਆ। ਉਸ ਸਮੇਂ ਜਥੇਦਾਰ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲਾ ਦੀ ਅਗਵਾਈ ਵਿੱਚ ਮਾਲਵੇ ਵਿੱਚ ਖਾੜਕੂ ਲਹਿਰ ਦੀਆਂ ਸਰਗਰਮੀਆਂ ਜ਼ੋਰਾਂ 'ਤੇ ਸਨ। ਆਪ ਜੀ ਭਾਈ ਹੁਸਨ ਸਿੰਘ ਹੁਸਨਾ ਡਾਲਾ ਦੇ ਨਾਲ਼ ਰਲ਼ ਕੇ ਜੁਝਾਰੂ ਲਹਿਰ ਵਿੱਚ ਹਿੱਸਾ ਪਾਉਣ ਲੱਗੇ। ਸੰਨ 1987 ਵਿੱਚ ਭਾਈ ਹੁਸਨ ਸਿੰਘ ਡਾਲਾ ਅਤੇ ਭਾਈ ਨੇਕ ਸਿੰਘ ਨੇ ਜਥੇਬੰਦੀ ਵੱਲੋਂ ਸੌਂਪੀ ਜ਼ਿੰਮੇਵਾਰੀ ਅਨੁਸਾਰ ਪੁਲਿਸ ਅਤੇ ਸੀ.ਆਰ.ਪੀ.ਐਫ. ਦੀਆਂ ਚੌਂਕੀਆਂ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਆਪ ਨੇ ਪਿੰਡ ਡਾਲਾ ਦੀ ਹੀ ਚੌਂਕੀ ਉੱਤੇ ਹਮਲਾ ਕੀਤਾ ਤੇ ਇਹ ਮੁਕਾਬਲਾ ਤਕਰੀਬਨ 12 ਘੰਟੇ ਤੋਂ ਵੀ ਵੱਧ ਚੱਲਿਆ। ਆਪ ਨੇ ਭਾਰਤੀ ਫੋਰਸਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਤੇ ਇਥੋਂ ਸਾਰਾ ਅਸਲਾ ਆਪ ਜੀ ਖੋਹ ਕੇ ਲੈ ਗਏ। ਇਹ ਸੀ.ਆਰ.ਪੀ.ਐਫ. ਵਾਲੇ ਆਪ ਦੇ ਪਿੰਡ ਅਤੇ ਨਾਲ ਦੇ ਪਿੰਡਾਂ ਦੇ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਸਨ, ਤੇ ਉਹਨਾਂ ਨੇ ਆਪ ਕੋਲ਼ ਸ਼ਿਕਾਇਤ ਅਤੇ ਬੇਨਤੀ ਕੀਤੀ ਸੀ ਕਿ 'ਇਹਨਾਂ ਦਾ ਕੁਝ ਕਰੋ।' ਜਦੋਂ ਆਪ ਸਿੰਘਾਂ ਨੇ ਇਹ ਕਾਰਵਾਈ ਕਰ ਦਿੱਤੀ ਤਾਂ ਪਿੰਡ ਵਾਸੀਆਂ ਨੇ ਆਪ ਨੂੰ ਬਹੁਤ ਅਸੀਸਾਂ ਦਿੱਤੀਆਂ। ਆਪ ਦੀ ਸੂਰਮਗਤੀ ਤੋਂ ਭਾਈ ਹੁਸਨ ਸਿੰਘ ਡਾਲਾ ਐਨੇ ਖ਼ੁਸ਼ ਹੋਏ ਕਿ ਉਹਨਾਂ ਨੇ ਆਪ ਦੇ ਨਾਲ ਆਪਣੀ ਪੱਗ ਵਟਾ ਕੇ ਆਪ ਨੂੰ ਆਪਣਾ ਧਰਮ ਭਰਾ ਬਣਾ ਲਿਆ ਤੇ ਉਸ ਦਿਨ ਆਪ ਦੋਵਾਂ ਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਆਪਣੀਆਂ ਸ਼ਹੀਦੀਆਂ ਦੇਣ ਦਾ ਗੁਰੂ ਸਾਹਿਬ ਅੱਗੇ ਫਿਰ ਪ੍ਰਣ ਕੀਤਾ। ਜਥੇਬੰਦੀ ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮ ਨੂੰ ਆਪ ਜੀ ਪੂਰੀ ਤਨਦੇਹੀ ਨਾਲ ਨਿਭਾਉਂਦੇ, ਆਪ ਨੇ ਕਈ ਸਮਾਜ ਸੁਧਾਰ ਕਾਰਜ ਵੀ ਕੀਤੇ ਤੇ ਸਿੱਖੀ ਪ੍ਰਚਾਰ ਵਿੱਚ ਵੀ ਯੋਗਦਾਨ ਪਾਇਆ। ਆਪ ਜੀ ਕਈ ਪੁਲਿਸ ਘੇਰਿਆਂ ਵਿੱਚੋਂ ਬਚ ਕੇ ਵੀ ਨਿਕਲਦੇ ਰਹੇ। ਆਪ ਸਿੰਘਾਂ ਨੂੰ ਠਾਹਰਾਂ ਦੇ ਕੇ ਲੋਕ ਬੜਾ ਮਾਣ ਮਹਿਸੂਸ ਕਰਦੇ ਸਨ। ਆਪ ਜਿੱਥੇ ਵੀ ਜਾਂਦੇ, ਸਿੱਖੀ ਅਤੇ ਖ਼ਾਲਿਸਤਾਨ ਦੀਆਂ ਬਾਤਾਂ ਪਾਉਂਦੇ ਜਾਂਦੇ। ਆਪ ਸਿੰਘਾਂ ਦਾ ਪਿੰਡ ਕਲੀਏ ਵਾਲਾ ਵਿਖੇ ਵੀ ਪੁਲੀਸ ਨਾਲ ਬੜਾ ਦਮਦਾਰ ਮੁਕਾਬਲਾ ਹੋਇਆ, ਜੋ ਤਕਰੀਬਨ ਚਾਰ ਘੰਟੇ ਚੱਲਿਆ। ਇਸ ਮੁਕਾਬਲੇ ਵਿੱਚ ਆਪ ਨੇ ਅਨੇਕਾਂ ਪੁਲਸੀਏ ਢੇਰ ਕਰ ਦਿੱਤੇ ਤੇ ਆਪ ਦੇ ਜਥੇ ਦਾ ਇੱਕ ਸਿੰਘ ਵੀ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ। ਉਸ ਸਿੰਘ ਨੂੰ ਭਾਈ ਨੇਕ ਸਿੰਘ ਆਪਣੇ ਮੋਢਿਆਂ ਉੱਤੇ ਚੁੱਕ ਕੇ ਸੁਰੱਖਿਅਤ ਜਗ੍ਹਾ ਉੱਤੇ ਲੈ ਗਏ ਤੇ ਅਗਲੇ ਦਿਨ ਉਸ ਦੇ ਪਿੰਡ ਵਿੱਚ ਆਪਣੇ ਹੱਥੀਂ ਸਿੱਖੀ ਮਰਯਾਦਾ ਅਨੁਸਾਰ ਸਸਕਾਰ ਕੀਤਾ। ਪਿੰਡ ਮਹਿਣਾ ਥਾਣੇ ਦੀ ਪੁਲਿਸ ਨੇ ਬਹੁਤ ਅੱਤ ਚੁੱਕੀ ਹੋਈ ਸੀ ਤੇ ਇਸ ਥਾਣੇ ਵਿੱਚ ਅਨੇਕਾਂ ਜੁਝਾਰੂ ਸਿੰਘਾਂ ਦੇ ਪਰਿਵਾਰਾਂ ਨੂੰ ਫੜ ਕੇ ਤਸੀਹੇ ਦਿੱਤੇ ਜਾਂਦੇ ਸਨ ਤੇ ਲੰਬਾ ਸਮਾਂ ਬੇਵਜ੍ਹਾ ਹੀ ਕੈਦ 'ਚ ਰੱਖਿਆ ਜਾਂਦਾ ਸੀ। ਇਸੇ ਥਾਣੇ ਵਿੱਚ ਭਾਈ ਹੁਸਨ ਸਿੰਘ ਡਾਲਾ ਦਾ ਪਰਿਵਾਰ ਵੀ ਪੁਲਿਸ ਦੀ ਹਿਰਾਸਤ ਵਿੱਚ ਸੀ। ਫਿਰ ਆਪ ਸਿੰਘਾਂ ਨੇ ਸਲਾਹ ਕੀਤੀ ਕਿ ਹੁਣ ਮਹਿਣਾ ਥਾਣੇ ਦੇ ਬੁੱਚੜ ਪੁਲਸੀਆਂ ਨੂੰ ਸਬਕ ਸਿਖਾਇਆ ਜਾਏਗਾ। ਆਪ ਦੋਵਾਂ ਸਿੰਘਾਂ ਨੇ ਐਕਸ਼ਨ ਕਰਨ ਤੋਂ ਪਹਿਲਾਂ ਓਥੇ ਚਿੱਠੀ ਭੇਜੀ ਕਿ 'ਜੁਝਾਰੂ ਸਿੰਘਾਂ ਅਤੇ ਆਮ ਸਿੱਖਾਂ ਦੇ ਨਿਰਦੋਸ਼ੇ ਪਰਿਵਾਰਾਂ ਨੂੰ ਤੰਗ ਕਰਨ ਤੋਂ ਬਾਜ ਆ ਜਾਓ ਤੇ ਸਾਰੇ ਪਰਿਵਾਰਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਜੇਕਰ ਪੁਲੀਸ ਨੇ ਤੁਰੰਤ ਅਮਲ ਨਾ ਕੀਤਾ ਤਾਂ ਥਾਣੇ ਵਿੱਚੋਂ ਅਸੀਂ ਆਪਣੇ ਦਮ 'ਤੇ ਪਰਿਵਾਰਾਂ ਨੂੰ ਛੁਡਾ ਕੇ ਫਿਰ ਥਾਣੇ ਨੂੰ ਬੰਬ ਨਾਲ਼ ਉਡਾ ਦਿਆਂਗੇ।' ਆਪ ਸਿੰਘਾਂ ਦੀ ਚਿਤਾਵਨੀ ਤੋਂ ਡਰਦਿਆਂ ਪੁਲੀਸ ਨੇ ਤੁਰੰਤ ਹੀ ਸਾਰੇ ਪਰਿਵਾਰਾਂ ਨੂੰ ਛੱਡ ਦਿੱਤਾ। ਅਖ਼ੀਰ ਮਿਤੀ 9 ਜੂਨ 1991 ਨੂੰ ਆਪ ਜੀ ਪਿੰਡ ਵੱਡਾ ਘਰ ਵਿਖੇ ਡਰੇਨ 'ਤੇ ਖੇਤਾਂ ਵਿਚਲੀ ਇੱਕ ਮੋਟਰ 'ਤੇ ਠਹਿਰੇ ਹੋਏ ਸਨ। ਉਸ ਪਿੰਡ ਦੇ ਹੀ ਇੱਕ ਮੁਖ਼ਬਰ ਵੱਲੋਂ ਮੁਖ਼ਬਰੀ ਕੀਤੇ ਜਾਣ 'ਤੇ ਆਪ ਸਿੰਘਾਂ ਨੂੰ ਘੇਰਾ ਪੈ ਗਿਆ। ਆਪ ਸਿੰਘਾਂ ਨੇ ਪੂਰੀ ਬਹਾਦਰੀ, ਸਿਦਕਦਿਲੀ ਤੇ ਬੇਖ਼ੌਫ਼ ਹੋ ਕੇ ਪੁਲੀਸ ਅਤੇ ਸੀ.ਆਰ.ਪੀ.ਐਫ. ਨਾਲ ਛੇ ਘੰਟੇ ਮੁਕਾਬਲਾ ਕੀਤਾ। ਜਿੰਨਾ ਚਿਰ ਤਕ ਗੋਲ਼ੀ-ਸਿੱਕਾ ਖ਼ਤਮ ਨਹੀਂ ਹੋਇਆ, ਭਾਈ ਨੇਕ ਸਿੰਘ ਤੇ ਸਾਥੀ ਜੂਝਦੇ ਰਹੇ। ਫਿਰ ਆਪ ਨੇ ਸਾਇਆਨਾਈਡ ਕੈਪਸੂਲ ਖਾ ਕੇ ਸ਼ਹੀਦੀ ਦੇ ਦਿੱਤੀ ਤੇ ਜਿਉਂਦੇ-ਜੀਅ ਪੁਲਿਸ ਦੇ ਹੱਥ ਨਾ ਆਏ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਮੁਕਾਬਲੇ ਵਿੱਚ ਭਾਈ ਨੇਕ ਸਿੰਘ ਦੇ ਨਾਲ ਦੋ ਹੋਰ ਸਿੰਘ ਵੀ ਸ਼ਹੀਦੀਆਂ ਪਾ ਗਏ, ਉਹਨਾਂ ਵਿੱਚੋਂ ਸ਼ਾਇਦ ਇੱਕ ਪਿੰਡ ਸੱਦਾ ਸਿੰਘ ਵਾਲੇ ਦਾ ਜੁਝਾਰੂ ਸੀ ਤੇ ਦੂਸਰੇ ਨੂੰ ਬਾਬਾ ਕੈਲਾ ਕਿਹਾ ਜਾਂਦਾ ਸੀ। ਪੁਲੀਸ ਨੇ ਆਪ ਦੀ ਮ੍ਰਿਤਕ ਦੇਹ ਨੂੰ ਹੀ ਗੋਲ਼ੀਆਂ ਮਾਰ ਕੇ ਬਾਅਦ ਵਿੱਚ ਬਹਾਦਰੀ ਵਿਖਾਉਣੀ ਚਾਹੀ, ਪਰ ਸੂਰਮੇ ਦੀਆਂ ਖੁੱਲ੍ਹੀਆਂ ਅੱਖਾਂ ਤੋਂ ਵੀ ਪੁਲੀਸ ਡਰ ਰਹੀ ਸੀ, ਇਹ ਨਜ਼ਾਰਾ ਪਿੰਡ ਵਾਸੀਆਂ ਨੇ ਆਪਣੇ ਅੱਖੀਂ ਵੇਖਿਆ। ਕਈ ਪੁਲਸੀਆਂ ਨੇ ਆਪਣੇ ਮੂੰਹੋਂ ਕਿਹਾ ਕਿ "ਪਤਾ ਨਹੀਂ ਇਹ ਕਿਸ ਮਿੱਟੀ ਦੇ ਬਣੇ ਸਨ, ਇਹਨਾਂ ਨੇ ਸਾਡਾ ਬਾਹਲਾ ਨੁਕਸਾਨ ਕਰ ਦਿੱਤਾ। ਜੇ ਅੱਜ ਇਹ ਨਾ ਮਰਦੇ ਤਾਂ ਅਸੀਂ ਸਾਰੇ ਮਾਰੇ ਜਾਣਾ ਸੀ।" ਫਿਰ ਭਾਈ ਨੇਕ ਸਿੰਘ ਦੀ ਸ਼ਹੀਦੀ ਦੇਹ ਨੂੰ ਪੁਲਿਸ ਵਾਲੇ ਜੀਪ ਪਿੱਛੇ ਬੰਨ੍ਹ ਕੇ ਪਿੰਡ ਦੀ ਸੱਥ ਵਿੱਚ ਘੁਮਾਉਂਦੇ ਰਹੇ ਤੇ ਕਹਿੰਦੇ ਰਹੇ ਕਿ "ਜੇਕਰ ਇਸ ਪਿੰਡ ਵਿੱਚੋਂ ਕੋਈ ਖਾੜਕੂ ਬਣਿਆ ਤਾਂ ਅਸੀਂ ਉਸ ਦਾ ਇਹੀ ਹਾਲ ਕਰਾਂਗੇ।"ਆਪ ਦੀ ਸ਼ਹੀਦੀ ਬਾਰੇ ਅਖ਼ਬਾਰ ਵਿੱਚ ਖ਼ਬਰ ਸੀ ਕਿ "3 ਖਾੜਕੂ ਹਲਾਕ:- ਮੋਗਾ ਤੋਂ ਵਿ.ਪ. ਦੀ ਸੂਚਨਾ ਅਨੁਸਾਰ ਬੀਤੀ ਸ਼ਾਮ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਵੱਡਾ ਘਰ ਕੋਲ ਇਕ ਡਰੇਨ 'ਤੇ ਹੋਏ ਮੁਕਾਬਲੇ ਵਿਚ ਸੁਰੱਖਿਆ ਜਵਾਨਾਂ ਹੱਥੋਂ ਤਿੰਨ ਖਾੜਕੂ ਮਾਰੇ ਗਏ। ਮਾਰੇ ਗਏ ਖਾੜਕੂਆਂ ਦੀ ਪਛਾਣ ਅੰਗਰੇਜ਼ ਸਿੰਘ, ਕਰਮ ਸਿੰਘ ਅਤੇ ਹਰਨੇਕ ਸਿੰਘ ਉਰਫ਼ ਨੇਕਾ ਵਜੋਂ ਕੀਤੀ ਗਈ ਹੈ। ਮੌਕੇ ਤੋਂ ਦੋ ਏ.ਕੇ. 47 ਚੀਨੀ ਅਸਾਲਟ ਰਾਈਫਲਾਂ, ਇੱਕ 315 ਰਾਈਫਲ ਅਤੇ ਦੋ ਬੰਬ ਅਤੇ ਇੱਕ ਬੰਦੂਕ ਬ੍ਰਾਮਦ ਹੋਈ।"ਜ਼ਾਲਮ ਪੁਲਸੀਆਂ ਨੇ ਆਪ ਦੀ ਸ਼ਹੀਦੀ ਦੇਹ ਪਰਿਵਾਰ ਨੂੰ ਦੇਣ ਦੀ ਬਜਾਏ ਆਪ ਹੀ ਲਵਾਰਿਸ ਕਹਿ ਕੇ ਕਿੱਧਰੇ ਸਸਕਾਰ ਕਰ ਦਿੱਤਾ, ਪਰਿਵਾਰ ਨੂੰ ਫੁੱਲ ਅਤੇ ਕੋਈ ਹੋਰ ਨਿਸ਼ਾਨੀ ਵੀ ਨਾ ਮਿਲ਼ੀ। ਜਦੋਂ ਆਪ ਦੀ ਸ਼ਹੀਦੀ ਹੋਈ ਤਾਂ ਆਪ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਉਮਰ ਡੇਢ ਕੁ ਸਾਲ ਅਤੇ ਸਪੁੱਤਰੀ ਅਮਨਦੀਪ ਕੌਰ ਦੀ ਉਮਰ ਸਿਰਫ਼ 15 ਕੁ ਦਿਨਾਂ ਦੀ ਸੀ। ਆਪ ਦੀ ਸ਼ਹੀਦੀ ਤੋਂ ਬਾਅਦ ਆਪ ਦੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਅਥਾਹ ਮੁਸ਼ਕਿਲਾਂ ਵਿੱਚ ਗੁਜ਼ਰਨਾ ਪਿਆ। ਆਪ ਦੇ ਸਪੁੱਤਰ ਗੁਰਪ੍ਰੀਤ ਸਿੰਘ ਨੂੰ ਇਸ ਗੱਲ ਦਾ ਬੜਾ ਰੋਸ ਹੈ ਕਿ ਜਦੋਂ ਉਹਨਾਂ ਦੇ ਮਾਤਾ ਜੀ ਬੀਬੀ ਗੁਰਦੀਪ ਕੌਰ ਸੰਨ 2014 ਵਿੱਚ ਚੜ੍ਹਾਈ ਕੀਤੇ ਤਾਂ ਕੋਈ ਵੀ ਪੰਥਕ ਆਗੂ, ਜਥੇਬੰਦੀ ਜਾਂ ਅਕਾਲੀ ਦਲ ਵਾਲੇ ਸ਼ਰਧਾਂਜਲੀ ਦੇਣ ਅਤੇ ਅਫ਼ਸੋਸ ਕਰਨ ਨਹੀਂ ਬਹੁੜੇ। ਆਪ ਦਾ ਪਰਿਵਾਰ ਅੱਜ ਵੀ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ। ਜਿਸ ਸਮੇਂ ਭਾਈ ਨੇਕ ਸਿੰਘ ਜੀ ਸੰਘਰਸ਼ ਵਿੱਚ ਵਿਚਰ ਰਹੇ ਸਨ ਤਾਂ ਪੁਲੀਸ ਨੇ ਆਪ ਜੀ ਦੇ ਪਿਤਾ ਸ. ਅਮਰ ਸਿੰਘ ਉੱਤੇ ਬਹੁਤ ਕਹਿਰ ਢਾਹਿਆ ਸੀ। ਪਿੰਡ ਘੱਲ ਕਲਾਂ ਦੇ ਥਾਣੇ ਵਿੱਚ ਉਹਨਾਂ ਨੂੰ ਪੁੱਠਾ ਲਮਕਾ ਦਿੰਦੇ ਸਨ ਤੇ ਕਈ-ਕਈ ਦਿਨ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਹੀ ਰੱਖਦੇ ਸਨ। ਜੇਕਰ ਪਰਿਵਾਰ ਉਹਨਾਂ ਨੂੰ ਛੁਡਾਉਣ ਥਾਣੇ ਜਾਂਦਾ ਤਾਂ ਪੁਲਸੀਏ ਬਹੁਤ ਮਾੜਾ ਵਿਹਾਰ ਕਰਦੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਜੂਨ 1984 ਦੇ ਘੱਲੂਘਾਰੇ ਵਿੱਚ ਆਪ ਦੇ ਪਿੰਡ ਦੇ ਭਾਈ ਦਵਿੰਦਰ ਸਿੰਘ ਬਾਬੂ, ਭਾਈ ਮੇਜਰ ਸਿੰਘ, ਭਾਈ ਨਾਇਬ ਸਿੰਘ ਪੱਲੂ ਨੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਨਾਲ ਹੀ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ। ਦਾਸ/ਲੇਖਕ ਨੇ ਜਦੋਂ ਸ਼ਹੀਦ ਭਾਈ ਨੇਕ ਸਿੰਘ ਮਹੇਸ਼ਰੀ ਦੇ ਸਪੁੱਤਰ ਗੁਰਪ੍ਰੀਤ ਸਿੰਘ ਨਾਲ਼ ਮੁਲਾਕਾਤ ਕੀਤੀ ਤਾਂ ਉਹ ਆਪਣੇ ਸ਼ਹੀਦ ਪਿਤਾ ਦੀਆਂ ਗੱਲਾਂ ਸੁਣਾਉਂਦਿਆਂ ਮਨ ਵੀ ਭਰ ਲੈਂਦਾ ਸੀ ਤੇ ਨਾਲ-ਨਾਲ ਉਹ ਆਪਣੇ ਪਿਤਾ ਦੀ ਪੰਥਕ ਸੇਵਾ, ਜੁਝਾਰੂ ਕਾਰਨਾਮੇ ਅਤੇ ਸ਼ਹੀਦੀ ਉੱਤੇ ਬਹੁਤ ਮਾਣ ਵੀ ਜਤਾਉਂਦਾ ਰਿਹਾ। ਭਾਈ ਗੁਰਪ੍ਰੀਤ ਸਿੰਘ ਨੇ ਆਖਿਆ ਕਿ "ਅਸੀਂ ਰੰਘਰੇਟੇ ਮਜ਼੍ਹਬੀ ਸਿੱਖ ਹਾਂ ਤੇ ਪੰਥ ਲਈ ਅੱਜ ਵੀ ਜਾਨ ਵਾਰਨ ਨੂੰ ਤਿਆਰ ਹਾਂ, ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਤੇ ਬਾਬਾ ਜੀਵਨ ਸਿੰਘ ਜੀ ਦੇ ਵਾਰਸ ਹਾਂ।" ਸ਼ਹੀਦ ਸਿੰਘਾਂ ਦੀਆਂ ਜੀਵਨੀਆਂ ਪੜ੍ਹਨ ਲਈ ਦਾਸ ਵੱਲੋਂ ਲਿਖੀਆਂ ਕਿਤਾਬਾਂ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਪੜ੍ਹੋ ਸੰਗਤ ਜੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883.
Posted By:
GURBHEJ SINGH ANANDPURI
Leave a Reply