ਜਦੋਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ 328 ਸਰੂਪਾਂ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਦੇ ਪੁੱਟੇ ਕੇਸ, ਲਾਹੀਆਂ ਦਸਤਾਰਾਂ, ਕੱਢੀਆਂ ਗਾਲ੍ਹਾਂ ਤੇ ਡਾਂਗਾਂ-ਤਲਵਾਰਾਂ ਨਾਲ ਕੀਤਾ ਘੋਰ ਤਸ਼ੱਦਦ

ਜਦੋਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ 328 ਸਰੂਪਾਂ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਦੇ ਪੁੱਟੇ ਕੇਸ, ਲਾਹੀਆਂ ਦਸਤਾਰਾਂ, ਕੱਢੀਆਂ ਗਾਲ੍ਹਾਂ ਤੇ ਡਾਂਗਾਂ-ਤਲਵਾਰਾਂ ਨਾਲ ਕੀਤਾ ਘੋਰ ਤਸ਼ੱਦਦ

ਜਦੋਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ 328 ਸਰੂਪਾਂ ਦਾ ਇਨਸਾਫ਼ ਮੰਗਦੇ ਗੁਰਸਿੱਖਾਂ ਦੇ ਪੁੱਟੇ ਕੇਸ, ਲਾਹੀਆਂ ਦਸਤਾਰਾਂ, ਕੱਢੀਆਂ ਗਾਲ੍ਹਾਂ ਤੇ ਡਾਂਗਾਂ-ਤਲਵਾਰਾਂ ਨਾਲ ਕੀਤਾ ਘੋਰ ਤਸ਼ੱਦਦ 
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖਾਂ ਦੀ ਸਿਰਮੌਰ ਸੰਸਥਾ ਕਹੀ ਜਾਂਦੀ ਹੈ ਪਰ ਕਿੰਨੀ ਸ਼ਰਮਨਾਕ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਿੰਟਿੰਗ ਪ੍ਰੈੱਸ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪ ਗਾਇਬ ਹੋ ਜਾਂਦੇ ਹਨ। ਆਖ਼ਰ ਉਹ ਸਰੂਪ ਕਿੱਥੇ ਗਏ, ਕੀਹਨੇ, ਕੀਹਨੂੰ ਦਿੱਤੇ, ਉਸ ਪਿੱਛੇ ਕੀ ਸਾਜਿਸ਼ ਸੀ ? ਤੇ ਹੁਣ ਉਹ ਸਰੂਪ ਕਿੱਥੇ ਨੇ ? ਕਿਹੜੇ ਹਲਾਤਾਂ ’ਚ ਨੇ ? ਉਹ ਕਿਸੇ ਸਿੱਖ ਵਿਰੋਧੀ ਡੇਰੇ ਨੂੰ ਦਿੱਤੇ ਨੇ ਜਾਂ ਕਿਤੇ ਹੋਰ ਨੇ ? ਕੀ ਸਿੱਖ ਸੰਗਤਾਂ ਸ਼੍ਰੋਮਣੀ ਕਮੇਟੀ ਨੂੰ ਇਹ ਸਵਾਲ ਵੀ ਨਹੀਂ ਕਰ ਸਕਦੀਆਂ ? ਕੀ ਇਹ ਸਵਾਲ ਕਰਨਾ ਸਿੱਖਾਂ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ ? ਇਹ ਤਾਂ ਪੁੱਛਿਆ ਜਾ ਰਿਹਾ ਹੈ ਕਿਉਂਕਿ 24 ਅਕਤੂਬਰ 2020 ਨੂੰ ਸ਼੍ਰੋਮਣੀ ਕਮੇਟੀ ਨੇ ਉਹਨਾਂ ਸਿੱਖਾਂ ’ਤੇ ਡਾਂਗਾਂ-ਤਲਵਾਰਾਂ ਵਰ੍ਹਾ ਕੇ ਬੇਤਹਾਸ਼ਾ ਜ਼ੁਲਮ ਤੇ ਵਹਿਸ਼ੀਆਨਾ ਤਸ਼ੱਦਦ ਕੀਤਾ ਜੋ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਇਨਸਾਫ਼ ਲੈਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣੀ ਰਿਪੋਰਟ ’ਚ ਦੋਸ਼ੀ ਪਾਏ ਗਏ 16 ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ’ਤੇ ਪਰਚਾ ਦਰਜ ਕਰਵਾੳੇੁਣ ਲਈ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ (ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ) ਵਿਖੇ 41 ਦਿਨਾਂ ਤੋਂ ਸ਼ਾਂਤਮਈ ਮੋਰਚੇ ’ਤੇ ਬੈਠੇ ਹੋਏ ਸਨ। ਚਾਹੀਦਾ ਤਾਂ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਇਹਨਾਂ ਪੰਥਕ ਗੁਰਸਿੱਖਾਂ ਨੂੰ ਬੜੀ ਸਹਿਜਤਾ ਤੇ ਸੁਹਿਰਦਤਾ ਨਾਲ਼ ਪਾਵਨ ਸਰੂਪਾਂ ਬਾਰੇ ਦੱਸਦੀ ਤੇ ਦੋਸ਼ੀਆਂ ’ਤੇ ਪਰਚੇ ਕਰਵਾ ਕੇ ਉਹਨਾਂ ਨੂੰ ਕਾਨੂੰਨੀ ਸਜ਼ਾਵਾਂ ਵੀ ਦਿਵਾਉਂਦੀ। ਪਰ ਸ਼੍ਰੋਮਣੀ ਕਮੇਟੀ ਨੇ ਤਾਂ ਆਪਣੇ ਆਕਾ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਹੁਕਮ ਵਜਾਉਣਾ ਸੀ ਤੇ ਉਹਨਾਂ ਦੀਆਂ ਖ਼ੁਸ਼ੀਆਂ ਲੈਣ ਲਈ ਗੁਰਸਿੱਖਾਂ ’ਤੇ ਜ਼ੁਲਮ ਢਾਹੁਣਾ ਸੀ। ਆਖ਼ਰ ਓਹੀ ਵਾਪਰਿਆ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ’ਚ ਵਾਸਾ ਕਰ ਲਿਆ ਨਰੈਣੂ ਮਹੰਤ ਦੀ ਪਾਪੀ ਰੂਹ ਨੇ, ਤੇ ਦੁਸ਼ਟਾਂ ਨੇ ਪਾਪ ਕਮਾਉਣਾ ਸ਼ੁਰੂ ਕਰ ਦਿੱਤਾ। 
41 ਦਿਨਾਂ ਤੋਂ ਸ਼ਾਂਤਮਈ ਮੋਰਚੇ ’ਚ ਬੈਠੀਆਂ ਸੰਗਤਾਂ ਨੂੰ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਬਾਰੇ ਇਨਸਾਫ਼ ਤਾਂ ਕੀ ਦੇਣਾ ਸੀ, ਉਲ਼ਟਾ ਸਿੱਖਾਂ ਦੇ ਸਰੀਰਾਂ ’ਤੇ ਡੂੰਘੇ ਜਖ਼ਮ ਜ਼ਰੂਰ ਦੇ ਦਿੱਤੇ। ਅਖੌਤੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਇਸ਼ਾਰਿਆਂ ’ਤੇ ਦੁਸ਼ਟ ਮੰਡਲੀ ਨੇ ਜ਼ਾਲਮੀ ਰੂਪ ਧਾਰ ਲਿਆ ਤੇ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਇੱਕ ਬੁੱਚੜਖਾਨਾ, ਤਸੀਹਾ ਕੇਂਦਰ ਤੇ ਸੀ.ਆਈ.ਏ. ਸਟਾਫ਼ਵਾਂਗ ਬਣ ਗਿਆ, ਫਿਰ ਕੋਹਿਆ ਜਾਣ ਲੱਗਾ ਸਿੱਖਾਂ ਨੂੰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਬੈਠੇ ਹੋਏ ਸਨ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਗੁੰਡੇ ਅਧਿਕਾਰੀਆਂ ਅਤੇ ਬਦਮਾਸ਼ ਮੁਲਾਜ਼ਮਾਂ ਨੇ ਭਾਈ ਸੁਖਜੀਤ ਸਿੰਘ ਖੋਸੇ ਨੂੰ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ। ਸ਼੍ਰੋਮਣੀ ਕਮੇਟੀ ਦੇ ਅਨੇਕਾਂ ਮੁਲਾਜ਼ਮ ਜੋ ਦੁਪਹਿਰ 1 ਕੁ ਵਜੇ ਭਾਈ ਖੋਸੇ ਨੂੰ ਖਿੱਚ ਕੇ ਆਪਣੇ ਦਫ਼ਤਰ ਅੰਦਰ ਲੈ ਗਏ ਤੇ ਉਹਨਾਂ ਉੱਤੇ ਅੰਨ੍ਹੇਵਾਹ ਡਾਂਗਾਂ ਵਰ੍ਹਾਉਂਦੇ ਰਹੇ। ਪਰ ਗੁਰੂ ਕਾ ਸਿੱਖ ‘ਸਤਿਨਾਮੁ-ਵਾਹਿਗੁਰੂ’ ਜਪਦਾ ਰਿਹਾ ਤੇ ਓਧਰ ਬਾਹਰ ਸ਼ਾਂਤਮਈ ਮੋਰਚਾ ਚਲਦਾ ਰਿਹਾ। 
ਫਿਰ ਦੂਜੇ ਨੰਬਰ ’ਤੇ ਦਾਸ ਵੀ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੇ ਅਨੇਕਾਂ ਗੁੰਡਿਆਂ ਦੇ ਜ਼ੁਲਮ-ਤਸ਼ੱਦਦ ਦਾ ਸ਼ਿਕਾਰ ਬਣਿਆ ਤੇ ਮੇਰੇ ਕੇਸਾਂ ਦੀ ਬੇਅਦਬੀ ਕੀਤੀ ਗਈ, ਦਸਤਾਰ ਪਿੱਛੋਂ ਖਿੱਚ ਕੇ ਲਾਹ ਦਿੱਤੀ, ਮੇਰੇ ਕਕਾਰ ਅਤੇ ਮੋਬਾਇਲ ਵੀ ਖੋਹ ਲਿਆ ਤੇ ਡਾਂਗਾਂ-ਤਲਵਾਰਾਂ ਨਾਲ਼ ਮੇਰਾ ਸਰੀਰ ਲਾਸ਼ਾਂ ਅਤੇ ਜਖ਼ਮਾਂ ਨਾਲ਼ ਭਰ ਦਿੱਤਾ। ਇਸ ਦਿਨ ਜ਼ਿੰਦਗੀ ’ਚ ਪਹਿਲੀ ਵਾਰ ਮੇਰੇ ਸਰੀਰ ਤੋਂ ਕਕਾਰ ਅਤੇ ਦਸਤਾਰ ਅਲੱਗ ਹੋਈ ਸੀ ਜੋ ਮੈਂ ਕਦੇ ਨਹੀਂ ਭੁੱਲ ਸਕਦਾ। ਸਿੱਖ ਸੰਘਰਸ਼ ਦੌਰਾਨ ਬੁੱਚੜ ਪੁਲਸੀਆਂ ਵੱਲੋਂ ਜੁਝਾਰੂ ਸਿੰਘਾਂ-ਸਿੰਘਣੀਆਂ ਉੱੱਤੇ ਹੁੰਦਾ ਜ਼ੁਲਮ ਜੋ ਮੈਂ ਪੜ੍ਹਿਆ-ਸੁਣਿਆ ਸੀ ਉਹ ਮੈਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਹੰਡੀਂ ਹੰਢਾਇਆ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਬਲਬੀਰ ਸਿੰਘ ਮੁੱਛਲ ਨੂੰ ਵੀ ਮੋਰਚੇ ਵਾਲ਼ੀ ਜਗ੍ਹਾ ਤੋਂ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਖਿੱਚ ਲਿਆ ਤੇ ਧੂਹ ਕੇ ਅੰਦਰ ਲਿਜਾਉਂਦਿਆਂ ਸਾਰ ਡਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਤਕਰੀਬਨ ਅੱਧਾ ਘੰਟਾ ਉਹਨਾਂ ਨੂੰ ਕੁੱਟਿਆ ਗਿਆ, ਦਸਤਾਰ ਲਾਹ ਦਿੱਤੀ ਤੇ ਕਕਾਰ ਵੀ ਖੋਹ ਲਏ। ਪਰ ਗੁਰੂ ਕਾ ਇਹ ਲਾਲ ਜੋ ‘ਧੰਨ ਗੁਰੂ ਰਾਮਦਾਸ ਜੀ’ ਹੀ ਆਖਦਾ ਰਿਹਾ। 
ਫਿਰ ਭਾਈ ਜਸ਼ਨਦੀਪ ਸਿੰਘ ਮੁਕਤਸਰ ਜੋ 15 ਕੁ ਸਾਲਾਂ ਦਾ ਭੁਝੰਗੀ ਸੀ।ਉਸ ਨੂੰ ਵੀ ਮੋਰਚੇ ਵਾਲ਼ੀ ਜਗ੍ਹਾ ਤੋਂ ਸ਼੍ਰੋਮਣੀ ਕਮੇਟੀ ਦੇ ਗੁੰਡੇ ਧੂਹ ਕੇ ਅੰਦਰ ਦਫ਼ਤਰ ਵੱਲ ਨੂੰ ਲ਼ੈ ਗਏ ਤੇ ਬੜੀ ਬੇਰਹਿਮੀ ਤੇ ਦਰਿੰਦਗੀ ਨਾਲ਼ ਡਾਂਗਾਂ ਵਰ੍ਹਾਉਂਦੇ ਰਹੇ। ਜ਼ਾਲਮਾਂ ਨੇ ਭੁਝੰਗੀ ਜਸ਼ਨਦੀਪ ਸਿੰਘ ਦੀ ਦਸਤਾਰ ਅਤੇ ਕੇਸਕੀ ਵੀ ਉਤਾਰ ਦਿੱਤੀ, ਉਸ ਦਾ ਕੰਘਾ ਤੇ ਕਿਰਪਾਨ ਵੀ ਡਿੱਗ ਪਈ। ਉਸ ਦੇ ਕੇਸ ਇਸ ਤਰ੍ਹਾਂ ਖਿੱਚੇ ਜਿਵੇਂ ਮੁਗਲਾਂ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਹੋਵੇ, ਉਸ ਦੇ ਕੇਸ ਗੁੱਛੇ ਵਾਂਗ ਉੱਤਰ ਗਏ ਤੇ ਉਹ ਚੀਕਾਂ ਮਾਰ ਉੱਠਿਆ ਪਰ ਉਸ ’ਤੇ ਪੰਦਰਾਂ ਮਿੰਟ ਤਕ ਜ਼ੁਲਮ ਜਾਰੀ ਰਿਹਾ। ਭਾਈ ਮਨਜੀਤ ਸਿੰਘ ਝਬਾਲ ਦੀ ਭਾਵੇਂ ਕੁਝ ਦਿਨ ਪਹਿਲਾਂ ਬੇਟੀ ਚੜ੍ਹਾਈ ਕਰ ਗਈ ਸੀ ਪਰ ਫਿਰ ਵੀ ਉਹ ਉਸ ਦਰਦ ਨੂੰ ਪਿੱਛੇ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਮੋਰਚੇ ’ਤੇ ਡਟੇ ਹੋਏ ਸਨ ਤੇ ਉਸ ਦਿਨ ਭਾਈ ਮਨਜੀਤ ਸਿੰਘ ਝਬਾਲ ਉੱਤੇ ਵੀ ਸ਼੍ਰੋਮਣੀ ਕਮੇਟੀ ਦੇ ਗੁੰਡਿਆਂ ਨੇ ਬੜਾ ਤਸ਼ੱਦਦ ਕੀਤਾ ਤੇ ਉਸ ਸਿੱਖ ਦੀ ਦਸਤਾਰ ਰੋਲ ਦਿੱਤੀ। 
ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਜੋ ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਸੇਵਾਦਾਰ ਅਤੇ ਮੋਰਚੇ ਦੀ ਸੱਤ ਮੈਂਬਰੀ ਕਮੇਟੀ ਦੇ ਮੈਂਬਰਾਂ ’ਚੋਂ ਇੱਕ ਸਨ। ਉਹਨਾਂ ਦੇ ਪਿਤਾ ਬਾਪੂ ਪਿਆਰਾ ਸਿੰਘ ਸੁਲਤਾਨਵਿੰਡ ਅਤੇ ਪਰਿਵਾਰ ਦੇ ਹੋਰ ਛੇ ਮੈਂਬਰ ਸ਼ਹੀਦ ਹੋਏ ਸਨ। ਜਦ ਸ਼੍ਰੋਮਣੀ ਕਮੇਟੀ ਦੇ ਗੁੰਡੇ ਮੁਲਾਜ਼ਮ ਅੰਦਰ ਭਾਈ ਬਲਬੀਰ ਸਿੰਘ ਮੁੱਛਲ, ਭਾਈ ਸੁਖਜੀਤ ਸਿੰਘ ਖੋਸੇ ਅਤੇ ਦਾਸ ਤੇ ਹੋਰ ਸਿੰਘਾਂ ’ਤੇ ਜ਼ੁਲਮ ਕਰ ਰਹੇ ਸਨ ਤਾਂ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਆਪਣੇ ਦੋ ਸਾਥੀਆਂ ਭਾਈ ਗੁਰਸ਼ਰਨਜੀਤ ਸਿੰਘ ਛੰਨਾ ਅਤੇ ਭਾਈ ਕੁਲਦੀਪ ਸਿੰਘ ਬਿੱਟੂ ਸਮੇਤ ਆਪਣੀਆਂ ਤਿੰਨ ਫੁੱਟੀ ਕਿਰਪਾਨਾਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਸੈਂਕੜੇ ਗੁੰਡੇ-ਬਦਮਾਸ਼ਾਂ ਦੇ ਜ਼ੁਲਮ ਖ਼ਿਲਾਫ਼ ਜੂਝਦੇ ਰਹੇ ਸਨ। ਪਰ ਜਦੋਂ ਇਹ ਤਿੰਨੋਂ ਸਿੰਘ ਫਿਰ ਜ਼ਾਲਮਾਂ ਦੇ ਹੱਥ ਆਏ ਤਾਂ ਉਹਨਾਂ ਨੇ ਜ਼ੁਲਮ ਦੀ ਹੱਦ ਹੀ ਕਰ ਦਿੱਤੀ। ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਗੁਰਸ਼ਰਨਜੀਤ ਸਿੰਘ ਅਤੇ ਭਾਈ ਕੁਲਦੀਪ ਸਿੰਘ ਬਿੱਟੂ ਨੂੰ ਕੇਸਾਂ ਤੋਂ ਫੜ-ਫੜ ਕੇ ਧੂਹਿਆ ਤੇ ਉਹਨਾਂ ਦੀਆਂ ਦਸਤਾਰਾਂ ਤੇ ਕਕਾਰਾਂ ਦੀ ਘੋਰ ਬੇਅਦਬੀ ਕੀਤੀ ਤੇ ਅੱਧਾ ਘੰਟਾ ਉਹਨਾਂ ਨੂੰ ਡਾਂਗਾਂ ਨਾਲ਼ ਕੁੱਟਿਆ। 
ਸਤਿਕਾਰ ਕਮੇਟੀ ਦੇ ਆਗੂ ਭਾਈ ਤਰਲੋਚਨ ਸਿੰਘ ਸੋਹਲ ਦਾ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲੱਕ ਤੋੜ ਦਿੱਤਾ ਤੇ ਉਹ ਚੱਲਣ-ਫਿਰਨ ਤੋਂ ਅਸਮਰਥ ਹੋ ਗਏ ਤੇ ਕਈ ਦਿਨ ਹਸਪਤਾਲ ’ਚ ਦਾਖਲ ਰਹੇ। ਇਸੇ ਤਰ੍ਹਾਂ ਭਾਈ ਸਰੂਪ ਸਿੰਘ ਨਾਲ਼ ਵੀ ਵਾਪਰੀ, ਉਹ ਪਾਠੀ ਸਿੰਘ ਸੀ ਤੇ ਸਤਿਕਾਰ ਕਮੇਟੀ ਨਾਲ਼ ਰਲ਼ ਕੇ ਸੇਵਾਵਾਂ ਨਿਭਾਉਂਦਾ ਸੀ। ਸ਼੍ਰੋਮਣੀ ਕਮੇਟੀ ਦੇ ਗੁੰਡਿਆ ਨੇ ਉਸ ਦੀ ਬਾਂਹ ਤੋੜ ਦਿੱਤੀ ਤੇ ਬਾਅਦ ਵਿੱਚ ਉਸ ਸਿੰਘ ਦਾ ਅਪ੍ਰੇਸ਼ਨ ਹੋਇਆ। ਬਾਬਾ ਰਾਜਾ ਰਾਜ ਸਿੰਘ ਨਿਹੰਗ (ਅਰਬਾਂ ਖ਼ਰਬਾਂ) ਵਾਲ਼ੇ ਜੋ ਸਿੰਘਾਂ ਉੱਤੇ ਹੋਏ ਤਸ਼ੱਦਦ ਦੀ ਮੀਡੀਆ ’ਚ ਓਥੇ ਮੌਕੇ ’ਤੇ ਪਹੁੰਚ ਕੇ ਨਿਖੇਧੀ ਕਰ ਰਹੇ ਸਨ ਓਦੋਂ ਹੀ ਸ਼੍ਰੋਮਣੀ ਕਮੇਟੀ ਦੇ ਗੁੰਡੇ ਮੁਲਾਜ਼ਮਾਂ ਨੇ ਬਾਬਾ ਜੀ ਨੂੰ ਵੀ ਦਫ਼ਤਰ ਅੰਦਰ ਖਿੱਚ ਲਿਆ ਤੇ ਉਹਨਾਂ ਉੱਤੇ ਵੀ ਜ਼ੁਲਮ ਕੀਤਾ ਗਿਆ। 
ਭਾਈ ਲਖਬੀਰ ਸਿੰਘ ਮਹਾਲਮ ਦੀ ਵੀ ਜ਼ਾਲਮਾਂ ਨੇ ਬਾਂਹ ਤੋੜ ਦਿੱਤੀ ਤੇ ਫਿਰ ਉਹਨਾਂ ਦਾ ਵੀ ਅਪ੍ਰੇਸ਼ਨ ਹੋਇਆ ਸੀ। ਬਾਬਾ ਮਹਾਕਾਂਲ ਸਿੰਘ ਫਰਲੇ ਵਾਲ਼ੇ ਨਿਹੰਗ ਸਿੰਘ ਉੱਤੇ ਸ਼੍ਰੋਮਣੀ ਕਮੇਟੀ ਨੇ 15 ਸਤੰਬਰ 2020 ਨੂੰ ਬੜਾ ਜ਼ੁਲਮ ਕੀਤਾ ਸੀ ਜਦ ਮੋਰਚੇ ਦਾ ਦੂਜਾ ਦਿਨ ਸੀ ਓਦੋਂ ਵੀ ਉਹਨਾਂ ਦਾ ਦੁਮਾਲਾ ਉਤਾਰ ਦਿੱਤਾ ਸੀ ਤੇ ਫਿਰ 24 ਅਕਤੂਬਰ 2020 ਨੂੰ ਵੀ ਬਾਬਾ ਜੀ ਦੇ ਉੱਤੇ ਮੁਲਾਜ਼ਮਾਂ ਨੇ ਬਹੁਤ ਜ਼ੁਲਮ ਕੀਤਾ। ਬਾਬਾ ਜੀ ਦੇ ਦੁਮਾਲੇ ਅਤੇ ਕੇਸਾਂ ਦੀ ਵੀ ਬੇਅਦਬੀ ਕੀਤੀ, ਡਾਂਗਾਂ ਨਾਲ਼ ਉਹਨਾਂ ਦਾ ਸਰੀਰ ਛਲ਼ਨੀ-ਛਲ਼ਨੀ ਕਰ ਦਿੱਤਾ ਤੇ ਉਹਨਾਂ ਦੀਆਂ ਉਂਗਲਾਂ ਵੱਢ ਦਿੱਤੀਆਂ ਤੇ ਫਿਰ ਉਹਨਾਂ ਦੇ ਹੱਥ ਦਾ ਵੀ ਅਪ੍ਰੇਸ਼ਨ ਹੋਇਆ। ਇਹ ਹੈ ਸ਼੍ਰੋਮਣੀ ਕਮੇਟੀ ਦੀ ਗੁਰੂ ਘਰ ਵਿੱਚ ਗੁੰਡਾਗਰਦੀ ਉਹ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨੂੰ ਵੀ ਨਹੀਂ ਬਖ਼ਸ਼ਦੀ ਤੇ ਕੇਸਾਂ ਤੋਂ ਫੜ-ਫੜ ਕੇ ਧੂੰਹਦੀ ਹੈ। 
ਭਾਈ ਬਾਜ਼ ਸਿੰਘ ਖ਼ਾਲਿਸਤਾਨੀ ਦੇ ਸਿਰ ਅਤੇ ਮੱਥੇ ’ਚ ਕਿਰਪਾਨ ਮਾਰ ਕੇ ਸ਼੍ਰੋਮਣੀ ਕਮੇਟੀ ਦੇ ਗੁੰਡੇ ਉਹਨਾਂ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਦੇ ਹਨ ਤੇ ਉਹਨਾਂ ਦਾ ਸਰੀਰ ਖ਼ੂਨ ਨਾਲ਼ ਲੱਥ-ਪੱਥ ਹੋ ਜਾਂਦਾ ਹੈ। ਬੀਬੀ ਮਨਿੰਦਰ ਕੌਰ ਖ਼ਾਲਸਾ, ਬੀਬੀ ਲਖਵਿੰਦਰ ਕੌਰ ਖ਼ਾਲਸਾ ਅਤੇ ਬੀਬੀ ਰਾਜਵਿੰਦਰ ਕੌਰ ਜੋ ਭਾਈ ਸੁਖਜੀਤ ਸਿੰਘ ਖੋਸੇ ਦੀ ਸਿੰਘਣੀ ਸੀ। ਇਹਨਾਂ ਤਿੰਨਾਂ ਸਿੰਘਣੀਆਂ ਉੱਤੇ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਬੜਾ ਜ਼ੁਲਮ ਕੀਤਾ। ਡਾਂਗਾਂ ਨਾਲ਼ ਇਹਨਾਂ ਨੂੰ ਕੁੱਟਿਆ, ਗਾਲ੍ਹਾਂ ਕੱਢੀਆਂ ਜੋ ਲਿਖੀਆ ਨਹੀਂ ਜਾ ਸਕਦੀਆਂ ਤੇ ਇਹਨਾਂ ਬੀਬੀਆਂ ਦੇ ਕੱਪੜੇ ਪਾੜੇ ਤੇ ਨਲ਼ਾਂ ’ਚ ਲੱਤਾਂ ਮਾਰੀਆਂ। 
ਭਾਈ ਰਮਨਦੀਪ ਸਿੰਘ ਦੇ ਸਿਰ ਵਿੱਚ ਵੀ ਡਾਂਗਾਂ-ਕਿਰਪਾਨਾਂ ਮਾਰ ਕੇ ਉਸ ਦਾ ਮੱਥਾ ਸੁਜਾ ਦਿੱਤਾ ਜਾਂਦਾ ਹੈ ਤੇ ਸਰੀਰ ’ਤੇ ਵੀ ਬੜਾ ਬੇਤਹਾਸ਼ਾ ਤਸ਼ੱਦਦ ਹੁੰਦਾ ਹੈ ਅਤੇ ਹੋਰ ਵੀ ਕਈ ਸਿੱਖ ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਤਸ਼ੱਦਦ ਦਾ ਸ਼ਿਕਾਰ ਬਣਦੇ ਹਨ। ਜਗਬਾਣੀ ਦੇ ਪੱਤਰਕਾਰ ਭਾਈ ਇੰਦਰ ਮੋਹਨ ਸਿੰਘ ਅਨਜਾਣ ਜੋ ਅਖੰਡ ਕੀਰਤਨੀ ਜਥੇ ਦੇ ਵੀ ਗੁਰਸਿੱਖ ਹਨ। ਉਸ ਬਜੁਰਗ ਸਿੱਖ ਦੇ ਕੇਸ ਅਤੇ ਦਾੜ੍ਹੀ ਪੁੱਟੀ ਜਾਂਦੀ ਹੈ ਤੇ ਉਹਨਾਂ ਦਾ ਮੋਬਾਇਲ ਵੀ ਖੋਹ ਲਿਆ ਜਾਂਦਾ ਹੈ। ਸੰਗਤ ਟੀ.ਵੀ. ਦੇ ਪੱਤਰਕਾਰ ਭਾਈ ਜਤਿੰਦਰ ਸਿੰਘ ਦੀ ਵੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਪੱਗ ਲਾਹ ਦਿੰਦੇ ਹਨ ਤੇ ਉਸ ਉੱਤੇ ਬੜਾ ਬੇਤਹਾਸ਼ਾ ਜ਼ੁਲਮ ਕਰਦੇ ਹਨ। ਇਸੇ ਤਰ੍ਹਾਂ ਬੀ.ਬੀ.ਸੀ. ਟੀ.ਵੀ. ਪੰਜਾਬ ਦੇ ਪੱਤਰਕਾਰ ਲਖਵਿੰਦਰ ਸਿੰਘ ਅਤੇ ਕੈਮਰਾਮੈਨ ਸੰਦੀਪ ਸਿੰਘ ਨਾਲ਼ ਹੁੰਦਾ ਹੈ। ਇਹਨਾਂ ਗੁਰਸਿੱਖਾਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਗੁੰਡੇ ਧੁੂਹ ਕੇ ਅੰਦਰ ਲੈ ਜਾਂਦੇ ਹਨ ਤੇ ਡਾਂਗਾਂ ਨਾਲ਼ ਬੜੀ ਬੁਰੀ ਤਰ੍ਹਾਂ ਕੁੱਟਦੇ ਹਨ ਤੇ ਇਹਨਾਂ ਦੇ ਕੇਸਾਂ ਅਤੇ ਦਸਤਾਰਾਂ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਫੋਨ ਵੀ ਖੋਹ ਲਏ ਜਾਂਦੇ ਹਨ ਜੋ ਮੋੜੇ ਨਹੀਂ ਗਏ। ਭਾਈ ਤਰੁਨਦੀਪ ਸਿੰਘ ਦੇ ਵੀ ਸ਼੍ਰੋਮਣੀ ਕਮੇਟੀ ਨੇ ਡਾਂਗਾਂ ਵਰ੍ਹਾਈਆਂ ਤੇ ਉਸ ਦੀ ਦਸਤਾਰ ਲਾ ਕੇ ਸਿਰ ਵਿੱਚ ਜੁੱਤੀਆਂ ਮਾਰੀਆਂ। 
ਇਹਨਾਂ ਸਭ ਸਿੰਘਾਂ ਨੂੰ ਦੁਪਹਿਰ ਤੋਂ ਦੇਰ ਸ਼ਾਮ ਤਕ ਸ਼੍ਰੋਮਣੀ ਕਮੇਟੀ ਨੇ ਬੰਦੀ ਬਣਾਈ ਰੱਖਿਆ, ਇਹਨਾਂ ’ਤੇ ਘੋਰ ਜ਼ੁਲਮ ਅਤੇ ਵਹਿਸ਼ੀਆਨਾ ਤਸ਼ੱਦਦ ਕੀਤਾ, ਬੇਹੱਦ ਗਾਲ਼੍ਹਾ ਕੱਢੀਆਂ, ਦਸਤਾਰਾਂ ਅਤੇ ਕੇਸਾਂ ਦੀ ਬੇਅਦਬੀ ਕੀਤੀ ਤੇ ਫਿਰ ਪੁਲੀਸ ਦੇ ਹਵਾਲੇ ਕਰ ਦਿੱਤੇ ਤੇ ਉਲਟਾ ਇਹਨਾਂ ਸਿੰਘਾਂ ਉੱਤੇ ਧਾਰਾ 307 ਜਿਹੇ ਪਰਚੇ ਕਰਵਾ ਦਿੱਤੇ। ਇਸ ਹੱਦ ਤਕ ਗਿਰ ਚੁੱਕੀ ਹੈ ਸ਼੍ਰੋਮਣੀ ਕਮੇਟੀ, ਹੁਣ ਇਨਸਾਫ਼ ਅਤੇ ਫ਼ੈਸਲਾ ਸੰਗਤ ਕਰੇ ਕਿ ਇਹਨਾਂ ਨਰੈਣੂ ਮਹੰਤ ਦੇ ਵਾਰਸਾਂ ਸ਼੍ਰੋਮਣੀ ਕਮੇਟੀ ਬਾਦਲਕਿਆਂ ਦਾ ਕੀ ਕਰਨਾ ਹੈ। ਸਾਕਾ ਨਨਕਾਣਾ ਸਾਹਿਬ ਵਾਂਗ ਹੀ ਉਸ ਦਿਨ ਦੁਸ਼ਟ ਮੰਡਲੀ ਬਾਦਲਕਿਆਂ ਨੇ ਇੱਕ ਸਾਕਾ ਹੋਰ ਵਰਤਾ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੀ ਇਸ ਹਰਕਤ ਖ਼ਿਲਾਫ਼ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਾਦਲਕਿਆਂ ਨੂੰ ਵੰਗਾਰਿਆ ਤੇ ਕੁਝ ਦਿਨਾਂ ਬਾਅਦ ਹੀ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਗੇਟ ਅੱਗੇ ਵੱਡਾ ਇਕੱਠ ਕੀਤਾ। ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਤੇ ਭਾਈ ਬਲਦੇਵ ਸਿੰਘ ਵਡਾਲਾ ਨੇ 4 ਨਵੰਬਰ 2020 ਤੋਂ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਮੋਰਚਾ ਲਗਾ ਕੇ ਪੰਜ ਸਾਲ ਲੰਬਾ ਸੰਘਰਸ਼ ਕੀਤਾ ਜਿਸ ਦੀ ਬਦੌਲਤ 7 ਦਸੰਬਰ 2025 ਨੂੰ 328 ਪਾਵਨ ਸਰੂਪ ਲਾਪਤਾ ਕਰਨ ਵਾਲ਼ੇ 16 ਦੋਸ਼ੀਆਂ ਉੱਤੇ ਪਰਚਾ ਦਰਜ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਇਨਸਾਫ਼ ਲਈ ਸੰਘਰਸ਼ ਅਜੇ ਜਾਰੀ ਹੈ ਤੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਨੇ ਦੋਸ਼ੀਆਂ ਨੂੰ ਬਚਾਉਣ ਲਈ ਪਤਾ ਨਹੀਂ ਅਜੇ ਹੋਰ ਕੀ-ਕੀ ਕਹਿਰ ਵਰਤਾਉਣਾ ਹੈ। ਬਾਦਲ ਪਰਿਵਾਰ ਅਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਧਿਕਾਰੀ ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦੋਖੀ ਅਤੇ ਦੁਸ਼ਮਣ ਬਣ ਚੁੱਕੇ ਹਨ। ਪਰ ਦੁਸ਼ਟ ਬਾਦਲਕੇ ਇਹ ਯਾਦ ਰੱਖਣ ਕਿ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਵਾਰਸ ਅਜੇ ਜਿਉਂਦੇ ਨੇ ਤੇ ਤੁਹਾਡੀ ਅੱਤ ਦਾ ਅੰਤ ਜ਼ਰੂਰ ਕਰਨਗੇ। 
 

 ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.