ਜ਼ਾਲਮ ਥਾਣੇਦਾਰ ਸੂਬਾ ਸਰਹੰਦ ਦੇ ਭੋਗ 'ਤੇ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ ਦੀ ਜਥੇਦਾਰ ਹਵਾਰਾ ਕਮੇਟੀ ਵੱਲੋਂ ਸ਼ਲਾਘਾ
- ਧਾਰਮਿਕ/ਰਾਜਨੀਤੀ
- 28 Sep,2025

ਅੰਮ੍ਰਿਤਸਰ, 28 ਸਤੰਬਰ , ਨਜ਼ਰਾਨਾ ਟਾਈਮਜ ਬਿਊਰੋ
1980-90 ਦੇ ਦਹਾਕੇ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਵਾਲੇ ਜ਼ਾਲਮ ਥਾਣੇਦਾਰ ਸੂਬਾ ਸਿੰਘ ਉਰਫ਼ ਸੂਬਾ ਸਰਹੰਦ ਦੇ ਭੋਗ ਮੌਕੇ ਖ਼ਾਲਸਾਈ ਜਜ਼ਬੇ ਨਾਲ ਵਿਰੋਧ ਕਰਨ ਵਾਲੇ ਪੰਥਕ ਜਥੇਬੰਦੀਆਂ ਦੇ ਸਿੰਘਾਂ ਦੀ ਦਲੇਰੀ ਦੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਭਰਪੂਰ ਸ਼ਲਾਘਾ ਕੀਤੀ ਹੈ। ਸਰਬੱਤ ਖ਼ਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦੇ ਧਰਮੀ ਪਿਤਾ ਬਾਪੂ ਗੁਰਚਰਨ ਸਿੰਘ ਪਟਿਆਲਾ ਅਤੇ ਹਵਾਰਾ ਕਮੇਟੀ ਦੇ ਮੁਖੀ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਪ੍ਰੈੱਸ ਨੋਟ ਵਿੱਚ ਆਖਿਆ ਕਿ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੀ ਅਗਵਾਈ ਵਿੱਚ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਪਰਮਜੀਤ ਸਿੰਘ ਅਕਾਲੀ, ਹਰਜੋਤ ਸਿੰਘ ਤੇ ਰਾਜਬੀਰ ਸਿੰਘ ਨੇ ਅੰਮ੍ਰਿਤਸਰ ਦੇ ਪਿੰਡ ਵੱਲਾ ਦੇ ਸੰਧੂ ਫਾਰਮ ਵਿਖੇ ਸੂਬਾ ਸਰਹੰਦ ਦੇ ਭੋਗ ਉੱਤੇ ਜੋ ਵਿਰੋਧ ਦਰਜ ਕਰਵਾਇਆ ਹੈ, ਉਸ ਨਾਲ ਸਿੱਖ ਕੌਮ ਵਿੱਚ ਚੜ੍ਹਦੀ ਕਲਾ ਦਾ ਸੁਨੇਹਾ ਗਿਆ ਹੈ ਤੇ ਪੰਥ ਦੋਖੀਆਂ ਦੇ ਕਾਲਜੇ ਦੇ ਕੰਬੇ ਹਨ ਅਤੇ ਥਾਣੇਦਾਰ ਸੂਬਾ ਸਿਹੁੰ ਨੂੰ ਮਰਨ ਤੋਂ ਬਾਅਦ ਵੀ ਉਸ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪੁਲਿਸ ਪ੍ਰਸ਼ਾਸਨ ਸਾਹਮਣੇ ਲਾਹਣਤਾਂ ਪਈਆਂ ਹਨ। ਹਵਾਰਾ ਕਮੇਟੀ ਦੇ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਿਹੁੰ ਅਦਾਲਤ ਵੱਲੋਂ ਵੀ ਦੋਸ਼ੀ ਠਹਿਰਾਇਆ ਜਾ ਚੁੱਕਾ ਸੀ ਤੇ ਉਸ ਦੀਆਂ ਅੰਤਿਮ ਰਸਮਾਂ ਸਿੱਖ ਮਰਯਾਦਾ ਅਨੁਸਾਰ ਨਹੀਂ ਸੀ ਹੋਣੀਆਂ ਚਾਹੀਦੀਆਂ, ਇਸ ਲਈ ਪੰਥਕ ਜਜ਼ਬੇ ਵਾਲੇ ਸਿੰਘਾਂ ਵੱਲੋਂ ਕੀਤਾ ਡਟਵਾਂ ਵਿਰੋਧ ਬਿਲਕੁਲ ਜਾਇਜ਼ ਹੈ। ਹਵਾਰਾ ਕਮੇਟੀ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਭਾਈ ਰਣਜੀਤ ਸਿੰਘ, ਭੁਪਿੰਦਰ ਸਿੰਘ ਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਤੇ ਵਿਰੋਧ ਦੌਰਾਨ ਉਹਨਾਂ ਨਾਲ ਬਦਸਲੂਕੀ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪ੍ਰੋਫੈਸਰ ਬਲਜਿੰਦਰ ਸਿੰਘ ਨੇ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਸੰਨ 2013 ਬੁੱਚੜ ਐਸ ਐਸ ਪੀ ਸਵਰਨ ਘੋਟਨੇ ਦੀ ਮੌਤ ਹੋਈ ਸੀ ਤਾਂ ਉਸ ਸਮੇਂ ਵੀ ਫੈਡਰੇਸ਼ਨ ਭਿੰਡਰਾਂਵਾਲਾ ਦੇ ਤਤਕਾਲੀ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਨੇ ਜਲੰਧਰ ਵਿੱਚ ਉਸ ਦੇ ਭੋਗ ਉੱਤੇ ਵਿਰੋਧ ਕੀਤਾ ਸੀ। ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਬੁੱਚੜ ਥਾਣੇਦਾਰ ਸੂਬਾ ਸਰਹੰਦ ਨੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਅਤੇ ਭਾਈ ਪਰਮਜੀਤ ਸਿੰਘ ਪੰਮਾ ਪੰਜਵੜ ਦੇ ਮਾਤਾ ਜੀ ਨੂੰ ਸ਼ਹੀਦ ਕੀਤਾ ਸੀ ਅਤੇ ਹੋਰ ਵੀ ਅਨੇਕਾਂ ਨਿਰਦੋਸ਼ੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਗਏ ਤੇ ਸ਼ਹੀਦਾਂ ਦੇ ਭੋਗ ਵੀ ਨਹੀਂ ਸੀ ਪੈਣ ਦਿੰਦਾ। ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਇਸ ਥਾਣੇਦਾਰ ਨੇ ਪਟਿਆਲਾ ਜੇਲ੍ਹ ਵਿੱਚ ਭਾਈ ਸੰਦੀਪ ਸਿੰਘ ਸੰਨੀ ਨਾਲ ਝਗੜ ਕੇ ਆਪਣਾ ਹਸ਼ਰ ਭੁਗਤਿਆ ਹੈ।
Posted By:

Leave a Reply