ਇਲੈਕਟ੍ਰਾਨਿਕ ਸਿਗਰਟ ਦੀ ਚਪੇਟ ਵਿੱਚ ਆ ਰਹੇ ਹਨ ਸਰਹੱਦੀ ਏਰੀਏ ਦੇ ਨਬਾਲਗ - ਮਨਾਵਾਂ
- ਜੀਵਨ ਸ਼ੈਲੀ
- 21 Feb,2025

ਗੁਰਮੀਤ ਸਿੰਘ, ਨਜ਼ਰਾਨਾ ਟਾਈਮਜ਼ ਵਲਟੋਹਾ
ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਗਾਉਣ ਲਈ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਸੂਬੇ ਅੰਦਰ ਵੱਖ-ਵੱਖ ਤਰ੍ਹਾਂ ਦੇ ਨਸ਼ੇ ਮੁੱਹਈਆ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਕਰਦੇ ਹੋਏ ਐਂਟੀ ਡਰੱਗ ਐਸੋਸੀਏਸ਼ਨ ਪੰਜਾਬ ਦੇ ਮੁਖੀ ਮਾਸਟਰ ਸਤਨਾਮ ਸਿੰਘ ਮਨਾਵਾਂ ਨੇ ਦੱਸਿਆ ਕਿ ਮਾਰਕੀਟ ਵਿਚ ਇੱਕ ਨਵੀਂ ਕਿਸਮ ਦਾ ਨਸ਼ਾ ਦਾਖਿਲ ਹੋ ਚੁੱਕਾ ਹੈ। ਇਸ ਨਸ਼ੇ ਦਾ ਨਾਮ ਇਲੈਕਟ੍ਰਾਨਿਕ ਸਿਗਰਟ ਜਾਂ ਇਸਨੂੰ ਵੇਪ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਛੋਟੀ ਉਮਰ ਦੇ ਨਬਾਲਿਗ ਬੱਚੇ ਅਤੇ ਨੌਜਵਾਨ ਪੀੜੀ ਲਗਾਤਾਰ ਇਸ ਨਸ਼ੇ ਦੀ ਚਪੇਟ ਵਿੱਚ ਆਉਂਦੀ ਹੋਈ ਦਿਖਾਈ ਦੇ ਰਹੀ ਹੈ। ਚਾਰਜ ਹੋ ਕੇ ਪੀਤੀ ਜਾਣ ਵਾਲੀ ਇਹ ਸਿਗਰੇਟ ਆਮ ਤੌਰ ਤੇ ਖੁੱਲੇਆਮ ਵਿਕ ਰਹੀ ਹੈ। ਭਾਵੇਂ ਕਿ ਇਸ ਦੀ ਕੀਮਤ ਤਿੰਨ ਤੋਂ ਚਾਰ ਹਜਾਰ ਰੁਪਏ ਹੈ, ਪਰ ਫਿਰ ਵੀ ਅੱਜ ਹਰੇਕ ਨੌਜਵਾਨ ਦੀ ਜੇਬ ਵਿੱਚ ਇਹ ਦਿਖਾਈ ਦਿੰਦੀ ਹੈ। ਮਨਾਵਾਂ ਨੇ ਕਿਹਾ ਕਿ ਬੱਚਿਆਂ ਦੇ ਮਾਪਿਆਂ ਨੂੰ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਬੱਚੇ ਇਸ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਨਹੀਂ ਪਤਾ ਕਿ ਇਹ ਚੀਜ਼ ਕੀ ਹੈ? ਨਾ ਹੀ ਬੱਚੇ ਆਪਣੇ ਮਾਤਾ ਪਿਤਾ ਨੂੰ ਦੱਸਦੇ ਹਨ ਕਿ ਇਹ ਇੱਕ ਕਿਸਮ ਦੀ ਸਿਗਰਟ ਹੈ। ਸਤਨਾਮ ਸਿੰਘ ਮਨਾਵਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਰ ਵਰਗ ਨੂੰ ਇੱਕਜੁੱਟ ਹੋ ਕੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨ ਦੀ ਜਰੂਰਤ ਹੈ ਕਿਉਂਕਿ ਜੇਕਰ ਅਸੀਂ ਨਸ਼ੇ ਦੇ ਖਾਤਮੇ ਲਈ ਇੱਕਜੁੱਟ ਨਾ ਹੋਏ ਤਾਂ ਹੌਲੀ ਹੌਲੀ ਪੰਜਾਬ ਦਾ ਖਾਤਮਾ ਜਰੂਰ ਹੋ ਜਾਵੇਗਾ।
Posted By:

Leave a Reply