ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਰਾਮਬਾਗ਼ ਵਿਖੇ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਰਾਮਬਾਗ਼ ਵਿਖੇ ਕਰਵਾਇਆ ਗਿਆ ਵਿਸ਼ੇਸ਼ ਗੁਰਮਤਿ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਤੋ ਹੋਰ ਸਿੱਖ ਵਿਰਾਸਤ ਨੂੰ ਸੰਭਾਲਣਾ ਅਤਿ ਜ਼ਰੂਰੀ- ਜਥੇਦਾਰ ਗੜਗੱਜ

ਅੰਮ੍ਰਿਤਸਰ, 27 ਜੂਨ-ਨਜ਼ਰਾਨਾ ਟਾਈਮਜ ਬਿਊਰੋ 

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਅੱਜ ਮਹਾਰਾਜਾ ਦੇ ਅੰਮ੍ਰਿਤਸਰ ਦੇ ਪ੍ਰਸਿੱਧ ਰਾਮਬਾਗ਼ ਦੇ ਅੰਦਰ ਸਥਿਤ ਹਵਾ ਮਹਿਲ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾ ਕੇ ਉਨ੍ਹਾਂ ਨੂੰ ਸਤਿਕਾਰ ਭੇਟ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ, ਉਪਰੰਤ ਭਾਈ ਸੁਖਜੀਤ ਸਿੰਘ ਬਾਬਾ ਬਕਾਲਾ ਦੇ ਰਾਗੀ ਜਥੇ, ਭਾਈ ਗੁਰਭੇਜ ਸਿੰਘ ਚਵਿੰਡਾ ਦੇ ਢਾਡੀ ਜਥੇ, ਭਾਈ ਸੁੱਚਾ ਸਿੰਘ ਡੇਰਾ ਪਠਾਣਾਂ ਦੇ ਕਵੀਸ਼ਰ ਜਥੇ ਨੇ ਹਾਜ਼ਰ ਸੰਗਤ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਨਾਲ ਜੋੜਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਵੱਲੋਂ ਪੁੱਜੀ ਮੰਗ ਅਤੇ ਇਸ ਸਾਲ ਮਹਾਰਾਜਾ ਦੀ ਬਰਸੀ ਮੌਕੇ ਭਾਰਤ ਤੋਂ ਪਾਕਿਸਤਾਨ ਸਿੱਖ ਜਥੇ ਨਾ ਜਾਣ ਦੇ ਮੱਦੇਨਜ਼ਰ ਰਾਮਬਾਗ਼ ਸਥਿਤ ਹਵਾ ਮਹਿਲ ਵਿਖੇ ਵਿਸ਼ੇਸ਼ ਸਮਾਗਮ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਆਖਿਆ ਸੀ। ਜਥੇਦਾਰ ਗੜਗੱਜ ਨੇ ਇਹ ਸਮਾਗਮ ਕਰਵਾਉਣ ਵਿੱਚ ਪੂਰਨ ਸਹਿਯੋਗ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਪ੍ਰਬੰਧ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਸਿੱਖ ਵਿਰਾਸਤੀ ਸਥਾਨ ਰਾਮਬਾਗ਼ ਵਿਖੇ ਲੰਮੇ ਸਮੇਂ ਤੋਂ ਬਾਅਦ ਕਰਵਾਏ ਗਏ ਗੁਰਮਤਿ ਸਮਾਗਮ ਪ੍ਰਤੀ ਸੰਗਤ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੰਜਾਬ ਤੇ ਸ਼ਹਿਰ ਦੀਆਂ ਸੰਗਤਾਂ, ਸਮਾਜਿਕ ਤੇ ਸਿੱਖ ਸੰਸਥਾਵਾਂ ਦੇ ਨੁਮਾਇੰਦੇ, ਵਿਦਿਆਰਥੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲਹਿੰਦੇ ਦੇ ਨਾਲ-ਨਾਲ ਚੜ੍ਹਦੇ ਪੰਜਾਬ ਅੰਦਰ ਵੀ ਸਿੱਖ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇ ਤਾਂ ਜੋ ਅਗਲੀਆਂ ਪੀੜ੍ਹੀਆਂ ਦੇ ਲਈ ਇਹ ਇਤਿਹਾਸ ਸੰਭਾਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ ਕਰਨਗੇ ਕਿ ਭਵਿੱਖ ਵਿੱਚ ਹਰ ਸਾਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਰਾਹੀਂ ਰਾਮਬਾਗ਼ ਹਵਾ ਮਹਿਲ ਵਿਖੇ ਮਹਾਰਾਜਾ ਸਾਹਿਬ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਣ।

ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਖ਼ਾਲਸਾ ਪੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਸੋਨਾ ਭੇਟ ਕੀਤਾ ਉੱਥੇ ਹੀ ਉਨ੍ਹਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਤੇ ਸੁਨਹਿਰੀ ਮਸੀਤ ਨੂੰ ਵੀ ਸੋਨੇ ਦੀ ਸੇਵਾ ਕੀਤੀ ਤੇ ਸ੍ਰੀ ਅੰਮ੍ਰਿਤਸਰ ਵਿੱਚ ਆਪਣਾ ਮਹਿਲ ਬਣਾਉਣ ਤੋਂ ਬਾਅਦ ਇੱਥੇ ਸਥਿਤ ਬਾਗ਼ ਦਾ ਨਾਮ ਸ੍ਰੀ ਗੁਰੂ ਰਾਮਦਾਸ ਜੀ ਦੇ ਨਾਮ ਪੁਰ ਰਾਮਬਾਗ਼ ਰੱਖਿਆ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਬਾਅਦ ਰਾਮਬਾਗ਼ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇੱਥੇ ਮਹਾਰਾਜਾ ਸਾਹਿਬ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ ਗਿਆ ਜੋ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਦਕਾ ਹੈ। ਇੱਥੇ ਸਥਿਤ ਨਿਸ਼ਾਨ ਸਾਹਿਬ ਦੀ ਪੋਸ਼ਾਕ ਦੀ ਸੇਵਾ ਵੀ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਣੀ ਕੈਬਨਿਟ ਵਿੱਚ ਥਾਂ ਦੇ ਕੇ ਪੰਜਾਬ ਦਾ ਰਾਜ ਚਲਾਇਆ ਤੇ ਲੋਕ ਬਹੁਤ ਹੀ ਸੁਖੀ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਜਿਹਾ ਰਾਜ ਪੰਜਾਬ ਦੇ ਵਿੱਚ ਫਿਰ ਹੋਵੇ ਜਿੱਥੇ ਸਾਰੇ ਭਾਈਚਾਰਿਆਂ ਦੇ ਲੋਕ ਆਪਸੀ ਪ੍ਰੇਮ ਕੇ ਇਤਫ਼ਾਕ ਦੇ ਨਾਲ ਰਹਿਣ। ਉਨ੍ਹਾਂ ਕਿਹਾ ਕਿ ਹਰ ਸਾਲ ਮਹਾਰਾਜਾ ਦਾ ਜਨਮ ਦਿਹਾੜਾ ਤੇ ਬਰਸੀ ਸਮਾਗਮ ਰਾਮਬਾਗ਼ ਵਿਖੇ ਮਨਾਏ ਜਾਣੇ ਚਾਹੀਦੇ ਹਨ।

ਚੀਫ਼ ਖ਼ਾਲਸਾ ਦੀਵਾਨ ਦੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਸਿੱਖਾਂ ਦੀ ਬਹੁਤ ਹੀ ਸ਼ਾਨਦਾਰ ਸੰਸਥਾ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਪਹਿਲਾਂ ਹੋਂਦ ਵਿੱਚ ਆ ਗਈ ਸੀ। ਇਹ ਪੂਰੀ ਤਰ੍ਹਾਂ ਗੁਰਮਤਿ ਨੂੰ ਪਰਣਾਈ ਹੋਈ ਸੰਸਥਾ ਹੈ, ਜਿਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਤਿਆਰ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਨਸ਼ਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਖ਼ਾਲਸਈ ਸੋਚ ਉੱਤੇ ਚੱਲਦਿਆਂ ਕਾਰਜ ਕਰੇ। ਉਨ੍ਹਾਂ ਕਿਹਾ ਕਿ ਇਹ ਪੰਥ ਦੀਆਂ ਸੰਸਥਾਵਾਂ ਹਨ ਤੇ ਪੰਥ ਨੂੰ ਹੀ ਜਵਾਬਦੇਹ ਹਨ, ਇਸ ਲਈ ਕਿਸੇ ਨੂੰ ਵੀ ਆਪਹੁਦਰੀ ਕਾਰਵਾਈ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਚੀਫ਼ ਖ਼ਾਲਸਾ ਦੀਵਾਨ ਦੇ ਕੁਝ ਮੈਂਬਰਾਂ ਵੱਲੋਂ ਮੌਜੂਦਾ ਪ੍ਰਬੰਧ ਨੂੰ ਲੈ ਕੇ ਸ਼ਿਕਾਇਤਾਂ ਕੀਤੀਆਂ ਗਈਆਂ ਹਨ ਜਿਸ ਸਬੰਧੀ ਕਾਰਵਾਈ ਅੱਗੇ ਵਧਾਈ ਗਈ ਹੈ।

ਇਸ ਮੌਕੇ ਡਾ. ਕੁਲਵਿੰਦਰ ਸਿੰਘ ਸਾਬਕਾ ਮੁਖੀ ਇਤਿਹਾਸ ਵਿਭਾਗ ਪੰਜਾਬੀ ਯੂਨੀਵਰਸਿਟੀ, ਸ. ਬਲਦੀਪ ਸਿੰਘ ਰਾਮੂੰਵਾਲੀਆ, ਸ. ਸਰਬਜੀਤ ਸਿੰਘ ਘੁਮਾਣ, ਸ. ਰਜਿੰਦਰ ਸਿੰਘ ਮਰਵਾਹਾ ਚੀਫ਼ ਖ਼ਾਲਸਾ ਦੀਵਾਨ ਨੇ ਵੀ ਸੰਗਤ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਸਮਾਗਮ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਨਰਿੰਦਰ ਸਿੰਘ, ਸ. ਰਾਜਿੰਦਰ ਸਿੰਘ ਰੂਬੀ, ਮੀਤ ਮੈਨੇਜਰ ਸ. ਲਾਲ ਸਿੰਘ, ਮੁੱਖ ਪ੍ਰਚਾਰਕ ਸ. ਸਰਬਜੀਤ ਸਿੰਘ ਢੋਟੀਆਂ ਮੈਨੇਜਰ, ਮੀਤ ਮੈਨੇਜਰ ਬਲਵਿੰਦਰ ਸਿੰਘ, ਅੰਮ੍ਰਿਤਸਰ ਵਿਕਾਸ ਮੰਚ ਅਹੁਦੇਦਾਰ ਪ੍ਰਿੰ. ਕੁਲਵੰਤ ਸਿੰਘ ਅਣਖੀ, ਸ. ਹਰਪਾਲ ਸਿੰਘ ਜੱਸਾ ਸਿੰਘ ਆਲੂਵਾਲੀਆ ਫੈਡਰੇਸ਼ਨ, ਸ. ਜੁਗਰਾਜ ਸਿੰਘ ਯੁਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ, ਸ. ਸੁਰਿੰਦਰਜੀਤ ਸਿੰਘ, ਸ. ਕੁਲਦੀਪ ਸਿੰਘ, ਸ. ਰਾਜਵਿੰਦਰ ਸਿੰਘ, ਸ. ਜਸਪਾਲ ਸਿੰਘ, ਸ. ਕਵਲਜੀਤ ਸਿੰਘ ਭਾਟੀਆ, ਸ. ਜਤਿੰਦਰ ਪਾਲ ਸਿੰਘ, ਪੁਰਾਤਤਵ ਵਿਭਾਗ ਭਾਰਤ ਸਰਕਾਰ ਰਾਮਬਾਗ਼ ਤੋਂ ਸ. ਹੀਰਾ ਸਿੰਘ, ਇੰਚਾਰਜ ਸ. ਹਰਜੀਤ ਸਿੰਘ ਗੁਰਦਾਸ ਹਾਲ, ਇੰਚਾਰਜ ਸ. ਰਣਜੀਤ ਸਿੰਘ, ਸ. ਮਨਦੀਪ ਸਿੰਘ ਕੌਂਸਲਰ, ਸ. ਅਰਵਿੰਦਰ ਸਿੰਘ ਭੱਟੀ, ਪ੍ਰਿੰ. ਸਵਰਨ ਸਿੰਘ, ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲ, ਐਡਵੋਕੇਟ ਕੁਲਜੀਤ ਸਿੰਘ ਮਾਲਾਂਵਾਲੀ ਮਹਾਰਾਜਾ ਰਣਜੀਤ ਸਿੰਘ ਵਿਰਾਸਤ ਮੰਚ ਵੱਲੋਂ ਅਤੇ ਆਲਮੀ ਪੰਜਾਬੀ ਸੰਗਤ ਤੋਂ ਗੰਗਵੀਰ ਰਠੌਰ ਆਦਿ ਹਾਜ਼ਰ ਸਨ।