ਤਰਸਿੱਕਾ ਬਲਾਕ ਬਚਾਓ ਮੋਰਚਾ ਤਿੱਖਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਈਟੀਓ ਦਾ ਫੂਕਿਆ ਪੁਤਲਾ, ਸਰਕਾਰ ਵਿਰੁਧ ਸ਼ੰਘਰਸ਼ ਹੋਰ ਤੇਜ ਹੋਵੇਗਾ
- ਰਾਜਨੀਤੀ
- 29 Sep,2025

ਟਾਂਗਰਾ - ਸੁਰਜੀਤ ਸਿੰਘ ਖਾਲਸਾ
ਬਲਾਕ ਤਰਸਿੱਕਾ ਨੂੰ ਰੱਦ ਕਰਕੇ ਜੰਡਿਆਲਾ ਗੁਰੂ ਨਾਲ ਜੋੜਨ ਦੇ ਫੈਸਲੇ ਖਿਲਾਫ ਚੱਲ ਰਹੇ 'ਬਲਾਕ ਤਰਸਿੱਕਾ ਬਚਾਓ ਮੋਰਚੇ' ਦੇ ਹੱਕ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਤਰਸਿੱਕਾ ਇਕਾਈ ਨੇ ਅੱਜ ਵੱਡਾ ਐਕਸ਼ਨ ਲੈਂਦੇ ਹੋਏ ਕੈਬਨਿਟ ਮੰਤਰੀ ਅਤੇ ਜੰਡਿਆਲਾ ਗੁਰੂ ਤੋਂ ਵਿਧਾਇਕ ਹਰਭਜਨ ਸਿੰਘ ਈਟੀਓ ਦਾ ਬਲਾਕ ਤਰਸਿੱਕਾ ਦੇ ਦਫ਼ਤਰ ਸਾਹਮਣੇ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ।
ਕਿਸਾਨ ਮਜਦੂਰ ਸ਼ੰਘਰਰਸ਼ ਕਮੇਟੀ ਤਰਸਿੱਕਾ ਦੇ ਪ੍ਰਧਾਨ ਬਲਜੀਤ ਸਿੰਘ ਲਾਲੀ ਨੇ ਸਰਕਾਰ ਨੂੰ ਸਖ਼ਤ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ ਕਿ ਸਰਕਾਰ ਤੁਰੰਤ ਸਾਡੇ ਬਜੁਰਗਾਂ ਦੀ ਵਿਰਾਸਤ ਤਰਸਿੱਕਾ ਬਲਾਕ ਨੂੰ ਬਹਾਲ ਕਰੇ। ਲਾਲੀ ਨੇ ਸਾਫ਼ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਈ.ਟੀ. ਓ ਦਾ ਤਰਸਿੱਕੇ ਆਉਣ ਤੇ ਵੱਡੇ ਪੱਧਰ ਤੇ 'ਬਲਾਕ ਤਰਸਿੱਕਾ ਬਚਾਓ ਮੋਰਚੇ' ਨਾਲ ਰਲ ਕੇ ਆਮ ਲੋਕਾਂ ਵੱਲੋਂ ਭਾਰੀ ਵਿਰੋਧ ਕੀਤਾ ਜਾਵੇਗਾ।
ਮੋਰਚੇ ਦੇ ਆਗੂਆਂ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਈ.ਟੀ.ਓ ਇਸ ਮਸਲੇ ਨੂੰ ਵਿਧਾਨ ਸਭਾ ਵਿੱਚ ਚੁੱਕਣ ਜਾਂ ਫਿਰ ਜਨਤਾ ਦੇ ਸਾਹਮਣੇ ਪੇਸ਼ ਹੋ ਕੇ ਇਸ ਵੱਡੀ ਕੁਤਾਈ ਬਾਰੇ ਆਪਣਾ ਪੱਖ ਪੇਸ਼ ਕਰਨ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਸਾਫ਼ ਹੈ ਕਿ ਹਰਭਜਨ ਸਿੰਘ ਈਟੀਓ ਨੇ ਜਾਣ ਬੁੱਝ ਕੇ ਇਹ ਫੈਸਲਾ ਲਿਆ ਹੈ ਤਾਂ ਜੋ ਤਰਸਿੱਕਾ ਬਲਾਕ ਨੂੰ ਰੱਦ ਕਰਕੇ ਇਸ ਇਲਾਕੇ ਨੂੰ ਪਿੱਛੇ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ 'ਬਲਾਕ ਤਰਸਿੱਕਾ ਬਚਾਓ ਮੋਰਚਾ' ਦੀ ਸ਼ੁਰੂਆਤ 8 ਅਗਸਤ ਨੂੰ ਜਾਰੀ ਹੋਏ ਨੋਟੀਫਿਕੇਸ਼ਨ ਤੋਂ ਬਾਅਦ ਹੋਈ ਸੀ, ਜਿਸ ਰਾਹੀਂ ਤਰਸਿੱਕਾ ਬਲਾਕ ਨੂੰ ਰੱਦ ਕਰਕੇ ਜੰਡਿਆਲਾ ਗੁਰੂ ਨਾਲ ਜੋੜ ਦਿੱਤਾ ਗਿਆ ਸੀ। ਇਸ ਫੈਸਲੇ ਦੇ ਵਿਰੋਧ ਵਿੱਚ ਸਾਰੇ ਹੀ ਰਾਜਨੀਤਿਕ ਦਲਾਂ, KMSC ਅਤੇ ਹੋਰ ਜਥੇਬੰਦੀਆਂ ਨੇ ਮੋਰਚੇ ਦਾ ਭਰਵਾਂ ਸਮਰਥਨ ਕੀਤਾ ਹੈ ਅਤੇ ਆਮ ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਇਆ ਹੈ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਈਟੀਓ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਆਉਂਦਾ ਤਾਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਕੇ ਵੱਡੇ ਪੱਧਰ ਤੱਕ ਲਿਜਾਇਆ ਜਾਵੇਗਾ। ਇਸ ਸਮੇਂ ਹਲਕੇ ਵਿੱਚ ਸਰਕਾਰ ਬਿਲਕੁਲ ਬੈਕਫੁੱਟ 'ਤੇ ਨਜ਼ਰ ਆ ਰਹੀ ਹੈ ਅਤੇ ਹਰ ਜਗ੍ਹਾ ਉਸ ਦਾ ਭਾਰੀ ਵਿਰੋਧ ਹੋ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤ ਸਿੰਘ , ਅਜਮੇਰ ਸਿੰਘ ਨੰਬਰਦਾਰ, ਹਰਜੀਤ ਸਿੰਘ ਗੋਲੂ ,ਨਿਸ਼ਾਨ ਸਿੰਘ ਜੰਡ , ਤਰਲੋਕ ਸਿੰਘ ਸੈਕਟਰੀ , ਤਰਸੇਮ ਸਿੰਘ ਸੈਕਟਰੀ , ਕੈਪਟਨ ਜਗਦੇਵ ਸਿੰਘ , ਮਨਜੀਤ ਸਿੰਘ ਪੰਚਾਇਤ ਮੈਂਬਰ , ਕਾਬਲ ਸਿੰਘ ਤਰਸਿੱਕਾ , ਸਾਹਬ ਸਿੰਘ , ਮੁਖਤਿਆਰ ਸਿੰਘ ਸਾਬਕਾ ਪੰਚ , ਜਸਬੀਰ ਸਿੰਘ , ਮਲਕੀਤ ਸਿੰਘ ਰਸੂਲਪੁਰ , ਬੀਬੀ ਹਰਪ੍ਰੀਤ ਕੌਰ , ਬੀਬੀ ਕੁਲਵਿੰਦਰ ਕੌਰ ਮੌਜੂਦ ਸਨ ।
Posted By:

Leave a Reply