ਅੰਮ੍ਰਿਤਸਰ ਵਿਖੇ ਗੱਤਕਾ ਉਸਤਾਦਾਂ ਦੀ ਯਾਦ 'ਚ ਕਰਵਾਈ ਜਾਏਗੀ ਗੱਤਕਾ ਪ੍ਰਦਰਸ਼ਨੀ : ਉਸਤਾਦ ਹਰੀ ਸਿੰਘ/ਭਾਈ ਰਣਜੀਤ ਸਿੰਘ
- ਧਾਰਮਿਕ/ਰਾਜਨੀਤੀ
- 27 Sep,2025

ਅੰਮ੍ਰਿਤਸਰ, 27 ਸਤੰਬਰ ( ਨਜ਼ਰਾਨਾ ਟਾਈਮਜ ਬਿਊਰੋ )
ਸ਼੍ਰੋਮਣੀ ਗੱਤਕਾ ਅਖਾੜਾ ਰਾਮਸਰ ਦੇ ਮੌਜੂਦਾ ਉਸਤਾਦ ਭਾਈ ਹਰੀ ਸਿੰਘ ਖ਼ਾਲਸਾ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਸਤਾਦ ਸਵ. ਭਾਈ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਸਵ. ਭਾਈ ਹਰਬੰਸ ਸਿੰਘ ਅਰੋੜਾ ਦੀ ਯਾਦ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਗੱਤਕਾ ਪ੍ਰਦਰਸ਼ਨੀ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਈ ਜਾਏਗੀ। ਜਾਣਕਾਰੀ ਦਿੰਦਿਆਂ ਦੋਵਾਂ ਆਗੂਆਂ ਨੇ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਉਤਮ ਐਵਨਿਊ 'ਚ ਪਾਥੀ ਗਰਾਊਂਡ ਵਿਖੇ 28 ਸਤੰਬਰ ਦੀ ਸ਼ਾਮ ਨੂੰ ਗਤਕਾ ਪ੍ਰਦਰਸ਼ਨ ਹੋਵੇਗੀ। ਜਿਸ ਵਿੱਚ ਗਤਕੇ ਦੀਆਂ ਵੱਖ-ਵੱਖ ਟੀਮਾਂ ਭਾਗ ਲੈਣਗੀਆਂ ਅਤੇ ਖ਼ਾਲਸਾਈ ਜੌਹਰ ਵਿਖਾਉਣਗੀਆਂ। ਉਸਤਾਦ ਹਰੀ ਸਿੰਘ ਖਾਲਸਾ ਨੇ ਦੱਸਿਆ ਕਿ ਉਸਤਾਦ ਪ੍ਰੇਮ ਸਿੰਘ ਭਾਟੀਆ ਅਤੇ ਉਸਤਾਦ ਹਰਬੰਸ ਸਿੰਘ ਅਰੋੜਾ ਨੇ ਅਨੇਕਾਂ ਸਿੰਘਾਂ ਸਿੰਘਣੀਆਂ ਨੂੰ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਸੀ ਤੇ ਇਹਨਾਂ ਦੋਵਾਂ ਉਸਤਾਦਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ ਹੈ। ਉਹਨਾਂ ਸਮੂਹ ਪੰਥਕ ਆਗੂਆਂ, ਗੱਤਕਾ ਉਸਤਾਦਾਂ ਤੇ ਹੋਰ ਧਾਰਮਿਕ ਸ਼ਖਸੀਅਤਾਂ ਨੂੰ ਅਪੀਲ ਕੀਤੀ ਕਿ ਉਹ ਗੱਤਕਾ ਪ੍ਰਦਰਸ਼ਨੀ ਵਿੱਚ ਪਹੁੰਚਣ ਅਤੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਉਸਤਾਦ ਹਰੀ ਸਿੰਘ ਖਾਲਸਾ ਵੱਲੋਂ ਲੰਬੇ ਸਮੇਂ ਤੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਵਿਖੇ ਅਨੇਕਾਂ ਸਿੰਘਾਂ ਅਤੇ ਸਿੰਘਣੀਆਂ ਨੂੰ ਨਿਸ਼ਕਾਮ ਤੌਰ 'ਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਹਰੇਕ ਸਿੱਖ ਨੂੰ ਗੁਰੂ ਸਾਹਿਬ ਦੇ ਹੁਕਮ 'ਤੇ ਪਹਿਰਾ ਦਿੰਦਿਆਂ ਅੰਮ੍ਰਿਤਧਾਰੀ, ਕੇਸਾਧਾਰੀ ਅਤੇ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਇਸ ਮੌਕੇ ਭਾਈ ਇੰਦਰ ਸਿੰਘ ਖਲੀਫਾ, ਜਥੇਦਾਰ ਮਹਿੰਦਰ ਸਿੰਘ, ਮਨਪ੍ਰੀਤ ਸਿੰਘ ਸੋਨੂੰ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਚਮਕੌਰ ਸਿੰਘ ਅਤੇ ਗਗਨਦੀਪ ਸਿੰਘ ਸੁਲਤਾਨਵਿੰਡ ਆਦਿ ਹਾਜ਼ਰ ਸਨ।
Posted By:

Leave a Reply