ਬਲਾਕ ਪੱਟੀ ਦੇ ਕਾਂਗਰਸ ਪ੍ਰਧਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ
- ਅਪਰਾਧ
- 04 Sep,2025

ਤਰਨ ਤਾਰਨ ਗੁਰਮੀਤ ਸਿੰਘ ਵਲਟੋਹਾ
ਦੇਰ ਸ਼ਾਮ ਬਿਆਸ ਦਰਿਆ ਨਾ ਲੱਗਦੇ ਬਨ੍ਹ ’ਤੇ ਸੇਵਾ ਕਰਨ ਤੋਂ ਬਾਅਦ ਘਰ ਪਰਤ ਰਹੇ ਬਲਾਕ ਪੱਟੀ ਦੇ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਦਾ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ 6 ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬਲਾਕ ਪੱਟੀ ਤੋਂ ਪ੍ਰਧਾਨ ਅਤੇ ਪਿੰਡ ਤੂਤ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ (60) ਜਦੋਂ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਕੋਟ ਬੁੱਢਾ ਵਿਖੇ ਬੰਨ ਨੂੰ ਪੱਕਾ ਕਰਨ ਲਈ ਪਿੰਡ ਵਾਸੀਆਂ ਨਾਲ ਸੇਵਾ ਕਰਨ ਉਪਰੰਤ ਜਦੋਂ ਘਰ ਵਾਪਸ ਖੁਦ ਟਰੈਕਟਰ ਚਲਾ ਕੇ ਪਰਤ ਰਹੇ ਸਨ ਤਾਂ ਉਨ੍ਹਾਂ ’ਤੇ ਰਸਤੇ ’ਚ ਇਕ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਰੀਬ 10 ਰੌਂਦ ਫਾਇਰ ਕੀਤੇ ਗਏ। ਇਸ ਫਾਇਰਿੰਗ ਦੌਰਾਨ ਗੁਰਮੇਲ ਸਿੰਘ ਨੂੰ 6 ਗੋਲੀਆਂ ਲੱਗੀਆਂ ਤੇ ਉਹ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਪੱਟੀ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਗੁਰਮੇਲ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਹੱਤਿਆ ਦੇ ਪਿੱਛੇ ਗੈਂਗਸਟਰ ਅਫਰੀਦੀ ਦਾ ਨਾਮ ਲਿਆ ਜਾ ਰਿਹਾ ਹੈ। ਪ੍ਰੰਤੂ ਜ਼ਿਲੇ ਦੇ ਐੱਸ. ਐੱਸ. ਪੀ. ਦੀਪਕ ਪਾਰੀਕ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਦੇਰ ਰਾਤ 10 ਵਜੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਤਰਨਤਾਰਨ ਦੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਸਣੇ ਹੋਰ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜ ਗਏ। ਜਿਨ੍ਹਾਂ ਵੱਲੋਂ ਪੰਜਾਬ ’ਚ ਵਿਗੜ ਚੁੱਕੇ ਹਲਾਤਾਂ ਨੂੰ ਜੰਗਲ ਰਾਜ ਦੱਸਿਆ ਗਿਆ।
ਵਿਦੇਸ਼ੀ ਗੈਂਗਸਟਰ ਪ੍ਰਭ ਦਾਸੂਵਾਲ, ਟੋਨੀ ਬੱਲ, ਅਫਰੀਦੀ ਤੂਤ ਅਤੇ ਕੌਸ਼ਲ ਚੌਧਰੀ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਸਾਬਕਾ ਸਰਪੰਚ ਗੁਰਮੇਲ ਸਿੰਘ ਦੇ ਕਤਲ ਦੀ ਜਿੰਮੇਵਾਰੀ ਚੱਕੀ ਹੈ
Posted By:

Leave a Reply