ਸਿੱਖ ਨੌਜਵਾਨ ਮਨੁੱਖੀ ਅਧਿਕਾਰ ਕਮਿਸ਼ਨ ਬਣਾਉਣ ਲਈ ਅੱਗੇ ਆਉਣ ..
- ਧਾਰਮਿਕ/ਰਾਜਨੀਤੀ
- 20 Mar, 2025 12:41 AM (Asia/Kolkata)
ਸਿੱਖ ਨੌਜਵਾਨ ਮਨੁੱਖੀ ਅਧਿਕਾਰ ਕਮਿਸ਼ਨ ਬਣਾਉਣ ਲਈ ਅੱਗੇ ਆਉਣ ..
ਪੰਜਾਬ ਵਿੱਚ ਪੁਲੀਸ ਵਲੋਂ ਪਿਛਲੀ ਸਦੀ ਦੇ 1984-95 ਦੌਰ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲਾ ਸਿਲਸਿਲਾ ਫੇਰ ਸੁਰੂ ਕਰ ਦਿੱਤਾ ਹੈ। ਜੇਕਰ ਕੋਈ ਚਿੱਟੇ ਦਾ ਸਮਗਲਰ ਹੈ ਤਾਂ ਇਸ ਨਾਲ ਪੁਲਿਸ ਨੂੰ ਕੋਈ ਅਧਿਕਾਰ ਨਹੀਂ ਮਿਲ ਜਾਂਦਾ ਕਿ ਉਹ ਬੁਲਡੋਜਰ ਨਾਲ ਉਸਦਾ ਘਰ ਢਾਹ ਦੇਵੇ ਜਾਂ ਉਸਨੂੰ ਝੂਠੇ ਪੁਲਿਸ ਮੁਕਾਬਲਾ ਦਿਖਾਕੇ ਮਾਰ ਦੇਵੇ। ਅੱਜ ਹੁਣੇ ਖਬਰ ਸੁਣੀ ਹੈ ਕਿ ਮਾਝੇ ਦੇ ਕਿਸੇ ਨੌਜਵਾਨ ਕੋਲੋ ਅੱਠ ਕਿਲੋ ਹੈਰੋਇਨ ਫੜੀ ਸੀ ਤੇ ਉਸ ਵਾਰੇ ਦੱਸਿਆ ਗਿਆ ਹੈ ਕਿ ਉਹ ਸਰਹੱਦ ਪਾਰ ਤੋਂ ਡਰੋਨ ਰਾਹੀਂ ਹੀਰੋਇਨ ਮੰਗਾਉਦਾ ਹੁੰਦਾ ਸੀ। ਪੁਲੀਸ ਉਸਨੂੰ ਲਿਜਾ ਰਹੀ ਸੀ ਕਿ ਉਸਨੇ ਪੁਲਿਸ ਵਾਲੇ ਦੀ ਰਾਈਫਲ ਖੋਹ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਮੁਕਾਬਲੇ ਵਿੱਚ ਮਾਰਿਆ ਗਿਆ। ਅਜਿਹੇ ਹੀ ਡਰਾਮੇ ਖਾੜਕੂਵਾਦ ਵੇਲੇ ਝੂਠੇ ਮੁਕਾਬਲੇ ਦਿਖਾਉਣ ਵੇਲੇ ਕੀਤੇ ਜਾਂਦੇ ਰਹੇ ਸਨ। ਹੁਣ ਨਾਲ ਕਿਸੇ ਇੱਕ ਜਾਂ ਦੋ ਪੁਲੀਸ ਮੁਲਾਜ਼ਮ ਨੂੰ ਆਪ ਹੀ ਛੋਟੀ ਮੋਟੀ ਝਰੀਟ ਮਾਰਕੇ ਉਸਨੂੰ ਮੁਕਾਬਲੇ ਵਿੱਚ ਜਖਮੀ ਹੋਇਆ ਦਿਖਾ ਦਿੱਤਾ ਜਾਂਦਾ ਹੈ। ਅੱਜ ਇਹ ਬੁਲਡੋਜਰ ਨਾਲ ਘਰ ਢਾਹੁਣ ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਨ ਦਾ ਸਿਲਸਿਲਾ ਕਥਿਤ ਸਮਗਲਰਾਂ ਤੇ ਲਾਗੂ ਕੀਤਾ ਗਿਆ ਹੈ ਤੇ ਜਲਦੀ ਹੀ ਇਸਨੂੰ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਲਈ ਸੁਰੂ ਕੀਤਾ ਜਾਣ ਵਾਲਾ ਹੈ। ਸਿੱਖ ਕੌਮ ਤੇ ਨੌਜਵਾਨਾਂ ਨੂੰ ਇਸਦੇ ਮੁਕਾਬਲੇ ਹੁਣੇ ਤੋਂ ਆਪਣੀ ਰਣਨੀਤੀ ਬਣਾਉਣੀ ਚਾਹੀਦੀ ਹੈ। ਸਭ ਤੋਂ ਜਰੂਰੀ ਹੈ ਕਿ ਫੀਲਡ ਵਿੱਚ ਕੰਮ ਕਰਦੇ ਨੌਜਵਾਨਾਂ ਤੇ ਅਧਾਰਿਤ ਇੱਕ ਮਨੁੱਖੀ ਅਧਿਕਾਰ ਸੰਗਠਨ ਬਣਾਇਆ ਜਾਵੇ ਜੋ ਪੁਲੀਸ ਦੇ ਜੁਲਮਾਂ ਨੂੰ ਨੰਗਾ ਕਰੇ ਤੇ ਲੋਕਾਂ ਨੂੰ ਜਥੇਬੰਦ ਕਰਕੇ ਅਜਿਹੇ ਜੁਲਮ ਨੂੰ ਰੋਕਣ ਲਈ ਰਣਨੀਤੀ ਤਿਆਰ ਕਰੇ।
ਅੱਜ 10 ਕੁ ਨੌਜਵਾਨਾਂ ਤੇ ਅਧਾਰਿਤ ਇਕ ਅਜਿਹਾ ਮਨੁੱਖੀ ਅਧਿਕਾਰ ਕਮਿਸ਼ਨ ਬਣਾਉਣ ਦੀ ਬੇਹੱਦ ਲੋੜ ਹੈ ਜਿਸਦਾ ਚੇਅਰਮੈਨ ਕੋਈ ਸੀਨੀਅਰ ਰਿਟਾਇਰਡ ਜੱਜ ਜਾਂ ਸਾਬਕਾ ਉਚਕੋਟੀ ਵਕੀਲ ਹੋਵੇ ਜੋ ਪੁਲੀਸ ਵੱਲੋਂ ਕੀਤੇ ਜਾ ਰਹੇ ਹਰੇਕ ਕਥਿਤ ਮੁਕਾਬਲੇ ਦੀ ਪੜਤਾਲ ਕਰੇ ਤੇ ਪੜਤਾਲ ਕਰਕੇ ਉਸਦੀ ਰਿਪੋਰਟ ਜਨਤਕ ਕਰਨ ਦੇ ਨਾਲ ਹੀ ਮੇਨ ਮੀਡੀਆ ਵਿੱਚ ਛਪਵਾਵੇ। ਵੈਸੇ ਤਾਂ ਇਹ ਕਮਿਸ਼ਨ ਬਰਗਾੜੀ ਕਾਂਡ ਜਾਂ ਕਿਸਾਨ ਮੋਰਚੇ ਦੇ ਸਮੇਂ ਹੀ ਬਣ ਜਾਣਾ ਚਾਹੀਦਾ ਸੀ। ਜੇਕਰ ਇਹ ਕਮਿਸ਼ਨ ਬਣਿਆ ਹੁੰਦਾ ਤਾਂ ਉਸ ਸਮੇ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਕਤਲਾਂ ਦੀ ਡੂੰਘਾਈ ਨਾਲ ਜਾਂਚ ਹੋ ਜਾਂਦੀ ਤੇ ਹੁਣ ਤੱਕ ਕੇਦਰ ਸਰਕਾਰ ਤੇ ਉਸ ਦੀਆਂ ਏਜੰਸੀਆਂ ਦਾ ਖੂਨੀ ਚਿਹਰਾ ਨੰਗਾ ਹੋ ਚੁੱਕਿਆ ਹੋਣਾ ਸੀ। ਮਨੁੱਖੀ ਅਧਿਕਾਰ ਕਮਿਸ਼ਨ ਨੂੰ ਉਸ ਟਰਾਲਾ ਡਰਾਈਵਰ ਤੱਕ ਪਹੁੰਚ ਕਰਕੇ ਕਿਸੇ ਤਰੀਕੇ ਉਸਦਾ ਅੰਦਰ ਢਟੋਲਣਾ ਹੋਣਾ ਸੀ ਜੋ ਦੀਪ ਸਿੱਧੂ ਦੀ ਕਾਰ ਦੇ ਅੱਗੇ ਚੱਲ ਰਿਹਾ ਸੀ। ਉਸਨੇ ਇੰਨੇ ਸਖਤ ਬਰੇਕ ਕਿਉ ਲਾਏ ਜਿਸ ਕਾਰਨ ਟਾਇਰ ਕਈ ਮੀਟਰ ਦੂਰ ਤੱਕ ਘੱਸਦੇ ਗਏ ਤੇ ਪਿੱਛੋ ਆ ਰਹੀ ਦੀਪ ਸਿੱਧੂ ਦੀ ਗੱਡੀ ਉਸ ਨਾਲ ਟਕਰਾ ਗਈ। ਉਸ ਕਮਿਸ਼ਨ ਨੇ ਟੋਲ ਟੈਕਸ ਵਗੈਰਾ ਦੇ ਸੀਸੀਟੀਵੀ ਕੈਮਰੇ ਚੈਕ ਕਰਕੇ ਸਚਾਈ ਤੱਕ ਪਹੁੰਚ ਜਾਣਾ ਸੀ। ਅਜਿਹੇ ਕੰਮਾਂ ਵਿੱਚ ਸਹੀ ਪੜਤਾਲ ਹਾਸਲ ਕਰਨ ਲਈ ਕਈ ਵਾਰ ਪੈਸੇ ਵਗੈਰਾ ਵੀ ਖਰਚਣੇ ਪੈਂਦੇ ਹਨ। ਖਾੜਕੂਵਾਦ ਵੇਲੇ ਵੀ ਜਸਟਿਸ ਅਜੀਤ ਸਿੰਘ ਬੈਂਸ, ਡੀ ਐਸ ਗਿੱਲ, ਮਾਲਵਿੰਦਰ ਸਿੰਘ ਮਾਲੀ 'ਤੇ ਕਈ ਹੋਰ ਨਾਮਵਰ ਸਿੱਖਾਂ ਨੇ ਮਿਲਕੇ ਕਮਿਸ਼ਨ ਬਣਾਕੇ ਪੁਲਿਸ ਤਸੱਦਦ ਦੇ ਰੌਕਟੇ ਖੜੇ ਕਰਨ ਵਾਲੇ ਬਹੁਤ ਕੇਸ ਸਾਹਮਣੇ ਲਿਆਂਦੇ ਸਨ ਤੇ ਕਈ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਵਰਗਿਆਂ ਦੇ ਸਟੇਟ ਵੱਲੋਂ ਕੀਤੇ ਗਏ ਕਤਲਾਂ ਨੂੰ ਨੰਗੇ ਵੀ ਕੀਤਾ ਸੀ।
ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਹੁਣ ਦੋ ਸਾਲ ਤੋਂ ਵੀ ਘੱਟ ਸਮਾਂ ਬਚਿਆ ਹੈ ਤੇ ਕੇਜਰੀਵਾਲ ਤੇ ਭਾਜਪਾ ਵਿੱਚ ਹਿੰਦੂ ਵੋਟਾਂ ਨੂੰ ਖੁਸ਼ ਕਰਨ ਦੀ ਦੌੜ ਲੱਗੀ ਹੋਈ ਹੈ। ਹਿੰਦੂ ਵੋਟਾਂ ਹਾਸਲ ਕਰਨ ਲਈ ਦੋਵੇਂ ਪਾਰਟੀਆਂ ਸਿੱਖਾਂ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਲਈ ਤਿਆਰੀਆਂ ਕਰ ਰਹੀਆਂ ਹਨ। ਕੇਜਰੀਵਾਲ ਦੀ ਪਿਛਲੇ ਦਿਨੀਂ ਕੱਟੜ ਹਿੰਦੂਵਾਦੀ ਤੇ ਸਿੱਖ ਦੁਸ਼ਮਣ ਨੇਤਾ ਲਕਸ਼ਮੀ ਕਾਂਤਾ ਚਾਵਲਾ ਨਾਲ ਲੰਮੀ ਮੁਲਾਕਾਤ ਨੂੰ ਇਸੇ ਸੰਦਰਭ ਵਿੱਚ ਦੇਖਣਾ ਚਾਹੀਦਾ ਹੈ। ਲਕਸ਼ਮੀ ਕਾਂਤਾ ਚਾਵਲਾ ਨੇ ਇਸ ਲਾਲੇ ਨੂੰ ਸਿੱਖਾਂ ਦੀ ਢਿੰਬਰੀ ਪੂਰੀ ਟਾਈਟ ਕਰਨ ਦੇ ਹੀ ਗੁਰ ਸਮਝਾਏ ਹਨ ਤੇ ਕੇਜਰੀਵਾਲ ਨੇ ਪੱਕੇ ਤੌਰ ਤੇ ਪੰਜਾਬ ਵਿਚ ਡੇਰੇ ਲਾਕੇ ਸਮੁੱਚੀ ਪੁਲੀਸ ਦੀ ਕਮਾਂਡ ਆਪਣੇ ਹੱਥ ਵਿੱਚ ਲੈ ਲਈ ਹੈ। ਉਧਰੋਂ ਅਮਿਤ ਸ਼ਾਹ ਭਗਵੰਤ ਮਾਨ ਰਾਹੀ ਆਪਣੇ ਪੱਤੇ ਖੇਡ ਰਿਹਾ ਹੈ। ਦੋਵਾਂ ਪਾਰਟੀਆਂ ਦੀ ਹਿੰਦੂ ਵੋਟਾਂ ਨੂੰ ਖੁਸ਼ ਕਰਨ ਦੀ ਨੀਤੀ ਵਿੱਚ ਸਿੱਖਾਂ ਨੂੰ ਪੀੜਨ ਦੀ ਤਿਆਰੀ ਹੈ, ਕਾਂਗਰਸ ਪਾਰਟੀ ਆਪਣੀ ਕਾਟੋ ਕਲੇਸ਼ ਵਿਚ ਫਸੀ ਹੋਈ ਹੈ ਤੇ ਅਕਾਲੀ ਦਲ ਦੀ ਹਾਲਤ "ਨਾਂ ਤਿੰਨ ਵਿੱਚ ਨਾ ਤੇਰਾਂ ਵਿੱਚ" ਵਾਲੀ ਹੋਈ ਪਈ ਹੈ। ਫੀਲਡ ਵਿੱਚ ਕੰਮ ਕਰ ਰਹੇ ਰਣਜੀਤ ਸਿੰਘ ਦਮਦਮੀ ਟਕਸਾਲ ਵਰਗੇ 'ਤੇ ਹੋਰ ਨੌਜਵਾਨਾਂ ਨੂੰ ਅੱਗੇ ਆਕੇ ਮਨੁੱਖੀ ਅਧਿਕਾਰ ਸੰਗਠਨ ਜਥੇਬੰਦੀ ਦਾ ਗਠਨ ਕਰਕੇ ਮਨੁੱਖੀ ਅਧਿਕਾਰਾਂ ਦੇ ਫੀਲਡ ਵਿੱਚ ਕੰਮ ਲਈ ਜਲਦੀ ਤੋਂ ਜਲਦੀ ਉਤਰਨਾ ਚਾਹੀਦਾ ਹੈ ਤਾਂ ਹੀ ਅਸੀਂ ਭਵਿੱਖ ਵਿੱਚ ਸਾਡੇ ਨੌਜਵਾਨਾਂ ਨੂੰ ਬਚਾ ਸਕਾਂਗੇ, ਨਹੀ ਤਾਂ ਕੇਜਰੀਵਾਲ ਤੇ ਅਮਿਤ ਸ਼ਾਹ ਤਾਂ ਡੀਪ ਸਟੇਟ ਰਾਹੀ ਸਿੱਖ ਨੌਜਵਾਨੀ ਨੂੰ ਖਤਮ ਕਰਨ ਦੇ ਰਾਹ ਉਪਰ ਤੇਜੀ ਨਾਲ ਅੱਗੇ ਵਧ ਰਹੇ ਹਨ। ਸਿੱਖੋ ਆਪਣੇ ਤੇ ਆਪਣੀ ਕੌਮ ਦੇ ਭਵਿੱਖ ਨੂੰ ਬਚਾਉਣ ਲਈ ਅੱਗੇ ਆਓ।
ਵਾਹਿਗੁਰੂ ਜੀ ਕਾ ਖਾਲਸਾ।।ਵਾਹਿਗੁਰੂ ਜੀ ਕੀ ਫਤਹਿ।।

ਰਘਵੀਰ ਸਿੰਘ ਬਰਨਾਲਾ।
Leave a Reply