ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਅਤੇ ਹੋਰ ਅਧਿਕਾਰੀ ਅਸਤੀਫ਼ੇ ਦੇਣ ਤੇ ਮਾਨ ਦਲ ਵੱਲੋਂ ਭੇਂਟ ਕੀਤੀਆਂ ਚੂੜੀਆਂ ਪਾ ਲੈਣ : ਫੈਡਰੇਸ਼ਨ ਭਿੰਡਰਾਂਵਾਲਾ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਅਤੇ ਹੋਰ ਅਧਿਕਾਰੀ ਅਸਤੀਫ਼ੇ ਦੇਣ ਤੇ ਮਾਨ ਦਲ ਵੱਲੋਂ ਭੇਂਟ ਕੀਤੀਆਂ ਚੂੜੀਆਂ ਪਾ ਲੈਣ : ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 9 ਜਨਵਰੀ , ਜੁਗਰਾਜ ਸਿੰਘ ਸਰਹਾਲੀ 

ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਅਧਿਕਾਰੀਆਂ ਨੂੰ ਉਹਨਾਂ ਦੇ ਮੁੱਖ ਦਫ਼ਤਰ ਦੇ ਬਾਹਰ ਚੂੜੀਆਂ ਭੇਟ ਕਰਕੇ ਲਾਹਣਤਾਂ ਪਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ. ਇਮਾਨ ਸਿੰਘ ਮਾਨ, ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ, ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਤੇ ਹੋਰ ਸੰਗਤਾਂ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਥੇਬੰਧਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ ਨੇ ਖ਼ੂਬ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਮਾਨ ਦਲ ਨੇ ਸੰਕੇਤਕ ਤੌਰ ਉੱਤੇ ਇਹ ਅਨੋਖਾ ਪ੍ਰਦਰਸ਼ਨ ਕਰਕੇ ਸ਼੍ਰੋਮਣੀ ਕਮੇਟੀ ਬਾਦਲਕਿਆਂ ਦੀ ਜ਼ਮੀਰ ਨੂੰ ਹਲੂਣਾ ਤੇ ਝੰਜੋੜਨ ਦਾ ਯਤਨ ਕੀਤਾ ਹੈ ਕਿ ਉਹ ਪਾਵਨ ਸਰੂਪਾਂ ਨੂੰ ਗੁੰਮ ਕਰਨ ਵਾਲੇ ਦੋਸ਼ੀਆਂ ਦਾ ਸਾਥ ਦੇਣ ਤੋਂ ਬਾਜ ਆਉਣ ਤੇ ਕਾਨੂੰਨੀ ਕਾਰਵਾਈ ਵਿੱਚ ਸਹਿਯੋਗ ਦੇ ਕੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਲੱਭਣ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਅਧੀਨ ਹੋ ਕੇ ਸ਼੍ਰੋਮਣੀ ਕਮੇਟੀ ਆਪਣੇ ਪੰਥਕ ਫਰਜਾਂ ਤੋਂ ਭਗੌੜੀ ਹੋ ਚੁੱਕੀ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤ੍ਰਿਸਕਾਰ ਕਰ ਰਹੀ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਤੇ ਇਨ੍ਹਾਂ ਅਜੋਕੇ ਮਸੰਦਾਂ ਨੂੰ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਲਾਂਭੇ ਕਰਨ ਦੀ ਬੇਹੱਦ ਲੋੜ ਹੈ। ਉਹਨਾਂ ਕਿਹਾ ਕਿ ਪ੍ਰਧਾਨ ਧਾਮੀ ਤੇ ਸਮੁੱਚਾ ਬਾਦਲ ਦਲ ਪੰਥ ਨਾਲ ਖੜ੍ਹਨ ਦੀ ਬਜਾਏ ਦੋਸ਼ੀਆਂ ਨਾਲ ਖੜ੍ਹ ਕੇ ਆਪਣੇ ਮੂੰਹ ਕਾਲ਼ੇ ਕਰਵਾ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਧਾਮੀ ਅਤੇ ਸ਼੍ਰੋਮਣੀ ਕਮੇਟੀ ਦੇ ਹੋਰ ਅਧਿਕਾਰੀ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਬਹਾਲ ਨਹੀਂ ਰੱਖ ਸਕਦੇ ਤਾਂ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਤੇ ਮਾਨ ਦਲ ਵੱਲੋਂ ਭੇਂਟ ਕੀਤੀਆਂ ਚੂੜੀਆਂ ਪਾ ਕੇ ਸੁਖਬੀਰ ਸਿੰਘ ਬਾਦਲ ਦੇ ਬੈੱਡ ਦਾ ਸ਼ਿੰਗਾਰ ਬਣ ਜਾਣ ਤੇ ਉਸ ਦੇ ਹੁਕਮ ਅਨੁਸਾਰ ਹੀ ਚਾਹੇ ਨੱਚਣ-ਗਾਉਣ ਤੇ ਚਾਹੇ ਬਾਦਲਾਂ ਦੇ ਘਰ ਦੇ ਭਾਂਡੇ ਸਾਫ਼ ਕਰਨ, ਤੁਹਾਡੀ ਔਕਾਤ ਦੇ ਹਿਸਾਬ ਨਾਲ ਇਹੋ ਕੁਝ ਤੁਹਾਨੂੰ ਸ਼ੋਭਾ ਦੇਵੇਗਾ। ਫੈਡਰੇਸ਼ਨ ਆਗੂਆਂ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਦੇ ਚਹੇਤੇ ਸਤਿੰਦਰ ਕੋਹਲੀ ਵਰਗੇ ਦੋਸ਼ੀਆਂ ਨੂੰ ਬਚਾਉਂਦੇ-ਬਚਾਉਂਦੇ ਸ਼੍ਰੋਮਣੀ ਕਮੇਟੀ ਦੇ ਬਾਕੀ ਅਧਿਕਾਰੀ ਖ਼ੁਦ ਵੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਦੋਸ਼ੀਆਂ ਤੇ ਗ਼ਦਾਰਾਂ ਵਿੱਚ ਗਿਣੇ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.