ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਸੇਵਾਦਾਰ ਅਸਮਾਨੀ ਬਿਜਲੀ ਨਾਲ ਹੋਇਆ ਜ਼ਖ਼ਮੀ
- ਧਾਰਮਿਕ/ਰਾਜਨੀਤੀ
- 07 May, 2025 06:43 PM (Asia/Kolkata)
ਅਨੰਦਪੁਰ ਸਾਹਿਬ, 6 ਮਈ , ਨਜ਼ਰਾਨਾ ਟਾਈਮਜ ਬਿਊਰੋ
ਇਥੋਂ ਦੇ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਨਾਲ ਸੰਬੰਧਿਤ ਸੇਵਾਦਾਰ ਨਿਰਮਲ ਸਿੰਘ (52) ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਮਲਟੀ ਸਪੈਸ਼ਲਿਟੀ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਸੇਵਾਦਾਰ ਜਥੇਦਾਰ ਹੀਰਾ ਸਿੰਘ ਨੇ ਦੱਸਿਆ ਕਿ ਉਹ 35- 40 ਦੇ ਕਰੀਬ ਸੇਵਾਦਾਰਾਂ ਨਾਲ ਤਿੰਨ ਮਈ ਨੂੰ ਸ਼ਾਮੀ ਨਵਾਂਸ਼ਹਿਰ ਦੇ ਡੇਰਾ ਬਾਬਾ ਚੜ੍ਹਤ ਸਿੰਘ ਲਾਗੇ ਕੰਨਟੇਨਰ ਵਿਚ ਤੂੜੀ ਭਰ ਰਹੇ ਸੀ ਕਿ ਅਚਾਨਕ ਮੌਸਮ ਖ਼ਰਾਬ ਹੋ ਗਿਆ ਤੇ ਬਿਜਲੀ ਲਿਸ਼ਕਣ ਲੱਗ ਪਈ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਪਿੰਡ ਦਰਗਾਹਪੁਰ ਨਾਲ ਸੰਬੰਧਿਤ ਸੇਵਾਦਾਰ ਨਿਰਮਲ ਸਿੰਘ ਵਲੋਂ ਖੱਬੇ ਕੰਨ ਨੂੰ ਹੈੱਡ ਫੋਨ ਲਗਾਇਆ ਹੋਇਆ ਸੀ ਤੇ ਮੋਬਾਈਲ ਇਸ ਦੀ ਪੈਂਟ ਦੀ ਜੇਬ ਵਿਚ ਸੀ। ਅਚਾਨਕ ਅਸਮਾਨੀ ਬਿਜਲੀ ਇਸ 'ਤੇ ਪਈ ਜਿਸ ਨਾਲ ਕੰਨ 'ਤੇ ਲੱਗਿਆ ਇਸ ਦਾ ਹੈੱਡ ਫੋਨ, ਤਾਰ ਤੇ ਜੇਬ 'ਚ ਪਿਆ ਫੋਨ ਸੜ ਕੇ ਸੁਆਹ ਹੋ ਗਿਆ ਅਤੇ ਇਸ ਦੇ ਸਾਰੇ ਕੱਪੜਿਆਂ ਨੂੰ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅਸਮਾਨੀ ਬਿਜਲੀ ਐਨੀ ਜ਼ੋਰ ਨਾਲ ਡਿੱਗੀ ਕਿ ਪੱਟਾਂ 'ਚੋਂ ਖੂਨ ਦਾ ਫੁਹਾਰਾ ਲਗਪਗ 35 ਫੁੱਟ ਤੱਕ ਉੱਡਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਇਹ ਅੱਗ ਕੰਨਟੇਨਰ ਦੇ ਟਾਇਰਾਂ ਨੂੰ ਪੈ ਗਈ ਪਰ ਸੇਵਾਦਾਰਾਂ ਦੀ ਗਿਣਤੀ ਵੱਧ ਹੋਣ ਕਾਰਨ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਅਤੇ ਇਸ ਜ਼ਖਮੀ ਨੌਜਵਾਨ ਨੂੰ ਪਹਿਲਾਂ ਢਾਹਾ ਕਲੇਰਾ ਲੈ ਗਏ ਉਸ ਤੋਂ ਬਾਅਦ ਇਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਲਾਜ ਅਧੀਨ ਹਨ। ਇਸ ਸੰਬੰਧੀ ਹਸਪਤਾਲ ਦੇ ਐਮ. ਡੀ. ਡਾ. ਪਲਵਿੰਦਰਜੀਤ ਸਿੰਘ ਕੰਗ ਨੇ ਕਿਹਾ ਕਿ ਇਹ ਵਿਅਕਤੀ 40 ਫੀਸਦੀ ਸੜ ਗਿਆ ਸੀ ਤੇ ਇਸ ਦਾ ਕੰਨ ਦਾ ਪਰਦਾ ਫੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਨ ਖ਼ਤਰੇ ਤੋਂ ਬਾਹਰ ਅਤੇ ਇਹ ਲਗਪਗ ਦੋ ਹਫ਼ਤੇ 'ਚ ਬਿਲਕੁਲ ਤੰਦਰੁਸਤ ਹੋ ਜਾਵੇਗਾ।
Leave a Reply