ਸੰਘਰਸ਼ੀ ਯੋਧੇ ਭਾਈ ਕੰਵਰ ਸਿੰਘ ਧਾਮੀ ਦਾ ਨਾਂ ਸਿੱਖ ਇਤਿਹਾਸ 'ਚ ਹਮੇਸ਼ਾਂ ਚਮਕਦਾ ਰਹੇਗਾ : ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ

ਸੰਘਰਸ਼ੀ ਯੋਧੇ ਭਾਈ ਕੰਵਰ ਸਿੰਘ ਧਾਮੀ ਦਾ ਨਾਂ ਸਿੱਖ ਇਤਿਹਾਸ 'ਚ ਹਮੇਸ਼ਾਂ ਚਮਕਦਾ ਰਹੇਗਾ : ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ

ਸਰੀਰਕ ਵਿਛੋੜੇ 'ਤੇ ਨਿੱਘੀ ਸ਼ਰਧਾਂਜਲੀ ਅਤੇ ਕੁਰਬਾਨੀ ਨੂੰ ਪ੍ਰਣਾਮ 
 

ਅੰਮ੍ਰਿਤਸਰ, 10 ਜਨਵਰੀ , ਰਣਜੀਤ ਸਿੰਘ ਖ਼ਾਲਸਾ 
 

ਮੌਜੂਦਾ ਸਿੱਖ ਸੰਘਰਸ਼ ਦੇ ਸਿਰੜੀ ਯੋਧੇ ਅਤੇ ਅਕਾਲ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਭਾਈ ਕੰਵਰ ਸਿੰਘ ਧਾਮੀ ਦੇ ਸਰੀਰਕ ਵਿਛੋੜੇ 'ਤੇ ਉਹਨਾਂ ਦੇ ਸੰਘਰਸ਼ੀ ਸਾਥੀ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਨੇ ਨਿੱਘੀ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਈ ਕੰਵਰ ਸਿੰਘ ਧਾਮੀ ਦਾ ਨਾਂ ਸਿੱਖ ਇਤਿਹਾਸ ਵਿੱਚ ਹਮੇਸ਼ਾਂ ਚਮਕਦਾ ਰਹੇਗਾ। ਉਹਨਾਂ ਕਿਹਾ ਕਿ ਅਸੀਂ ਇਕੱਠਿਆਂ ਨੇ ਹੀ ਦੋ ਸਾਲ ਦਾ ਸਮਾਂ ਬਿਤਾਇਆ ਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸੇਵਾਵਾਂ ਨਿਭਾਈਆਂ। ਧਰਮ ਯੁੱਧ ਮੋਰਚੇ ਵਿੱਚ ਭਾਈ ਕੰਵਰ ਸਿੰਘ ਧਾਮੀ ਦਾ ਵੱਡਾ ਯੋਗਦਾਨ ਸੀ, ਉਹ ਸੰਤ ਭਿੰਡਰਾਂਵਾਲਿਆਂ ਦੇ ਸਲਾਹਕਾਰ ਵਜੋਂ ਅਤੇ ਸਿੱਖ ਸੰਘਰਸ਼ ਨੂੰ ਸਿਧਾਂਤਕ ਸੇਧ ਦੇਣ ਲਈ ਕੰਮ ਕਰਦੇ ਰਹੇ। ਸੰਤ ਭਿੰਡਰਾਂਵਾਲਿਆਂ ਦੇ ਹੁਕਮ ਅਨੁਸਾਰ ਹੀ ਭਾਈ ਕੰਵਰ ਸਿੰਘ ਧਾਮੀ ਦੇ ਨਾਲ ਅਸੀਂ 26 ਜਨਵਰੀ 1984 ਨੂੰ ਪਹਿਲਾਂ ਗੁਰੂ ਨਾਨਕ ਨਿਵਾਸ ਦੀ ਇਮਾਰਤ ਦੇ ਉੱਪਰ ਅਤੇ ਫਿਰ ਉਸੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਅਕਾਲ ਟਾਈਮਜ਼ ਕਿਤਾਬਚਾ ਜਾਰੀ ਕੀਤਾ ਸੀ ਜਿਸ ਵਿੱਚ ਅਨੰਦਪੁਰ ਸਾਹਿਬ ਦਾ ਮਤਾ, ਖ਼ਾਲਿਸਤਾਨ ਦਾ ਸੰਵਿਧਾਨ ਅਤੇ ਸਿਰਦਾਰ ਕਪੂਰ ਸਿੰਘ ਦੀ ਤਕਰੀਰ ਵੀ ਛਪੀ ਹੋਈ ਸੀ। ਇਹ ਕਿਤਾਬਚਾ ਜਾਰੀ ਕਰਨ ਸਮੇਂ ਵੱਖਰਾ ਹੀ ਖ਼ਾਲਸਾਈ ਜਾਹੋ-ਜਲਾਲ ਸੀ, ਜਦੋਂ ਅਸੀਂ ਨਿਸ਼ਾਨ ਸਾਹਿਬ ਵੀ ਲਹਿਰਾਇਆ ਤਾਂ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੋਲੀਆਂ ਚਲਾ ਕੇ ਸਲਾਮੀ ਦਿੱਤੀ ਸੀ। ਉਹਨਾਂ ਇਹ ਵੀ ਦੱਸਿਆ ਕਿ ਭਾਈ ਕੰਵਰ ਸਿੰਘ ਧਾਮੀ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਬੱਬਰ ਖ਼ਾਲਸਾ ਦੀ ਵਿਚਕਾਰਲੀ ਕੜੀ ਸਨ ਤੇ ਦੋਹਾਂ ਪਾਸਿਆਂ ਤੋਂ ਸ਼ਾਂਤੀ ਅਤੇ ਸਾਂਝ ਬਣਾਈ ਰੱਖਣ ਲਈ ਯਤਨ ਕਰਦੇ ਅਤੇ ਬਿਆਨ ਵੀ ਦਿੰਦੇ ਸਨ। ਉਹਨਾਂ ਕਿਹਾ ਕਿ ਭਾਈ ਕੰਵਰ ਸਿੰਘ ਧਾਮੀ ਜੋ ਰੋਮ-ਰੋਮ ਕਰਕੇ ਗੁਰਬਾਣੀ, ਖ਼ਾਲਸਾਈ ਸਿਧਾਂਤਾਂ ਅਤੇ ਖ਼ਾਲਿਸਤਾਨ ਦੇ ਸੰਘਰਸ਼ ਵਿੱਚ ਰੱਤੇ ਹੋਏ ਸਨ ਤੇ ਉਹ ਨਿਸ਼ਾਨੇ ਉੱਤੇ ਪੂਰੇ ਪ੍ਰਪੱਕ ਸਨ। ਅਕਾਲ ਫੈਡਰੇਸ਼ਨ ਦੀ ਸਥਾਪਨਾ ਦਾ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਸਰਵਉੱਚਤਾ ਅਤੇ ਸ਼ਾਨ ਨੂੰ ਕਾਇਮ ਰੱਖਣਾ ਸੀ ਤੇ ਇਹ ਜਥੇਬੰਦੀ ਉਹਨਾਂ ਚਾਰ ਜੁਝਾਰੂ ਜਥੇਬੰਦੀਆਂ ਵਿੱਚੋਂ ਇੱਕ ਸੀ ਜੋ ਜੂਨ 1984 ਦੇ ਘਲੂਘਾਰੇ ਤੋਂ ਪਹਿਲਾਂ ਹੀ ਖ਼ਾਲਿਸਤਾਨ ਦੇ ਨਿਸ਼ਾਨੇ ਉੱਤੇ ਡਟੀ ਹੋਈ ਸੀ। ਉਹਨਾਂ ਦੱਸਿਆ ਕਿ ਭਾਈ ਕੰਵਰ ਸਿੰਘ ਧਾਮੀ ਦੀ ਸਾਰੀਆਂ ਹੀ ਜਥੇਬੰਦੀਆਂ ਅਤੇ ਸ਼ਖਸੀਅਤਾਂ ਦੇ ਨਾਲ ਨਿੱਘੇ ਸੰਬੰਧ ਸਨ। ਉਹਨਾਂ ਕਿਹਾ ਕਿ ਅਕਾਲ ਫੈਡਰੇਸ਼ਨ ਦੇ ਸਿੰਘਾਂ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਭਾਈ ਸੁਰਿੰਦਰ ਸਿੰਘ ਸੋਢੀ, ਜਥੇਦਾਰ ਰਾਮ ਸਿੰਘ ਚੁਲੱਧਾ, ਭਾਈ ਬਲਬੀਰ ਸਿੰਘ ਸੰਧੂ, ਭਾਈ ਮਨਵੀਰ ਸਿੰਘ ਚਹੇੜੂ ਅਤੇ ਭਾਈ ਮੋਹਕਮ ਸਿੰਘ ਵੱਲੋਂ ਸਹਿਯੋਗ ਮਿਲਦਾ ਰਿਹਾ। ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ ਦੱਸਿਆ ਕਿ ਅਕਾਲ ਫੈਡਰੇਸ਼ਨ ਦੇ ਕੁਝ ਸਿੰਘ ਜੂਨ 1984 ਦੇ ਘੱਲੂਘਾਰੇ ਵਿੱਚ ਤੇ ਕੁਝ ਬਾਅਦ ਵਿੱਚ ਜੁਝਾਰੂ ਲਹਿਰ ਵਿੱਚ ਸ਼ਹੀਦ ਹੋਏ ਜਿਨ੍ਹਾਂ ਵਿੱਚੋਂ ਭਾਈ ਗੁਰਮੀਤ ਸਿੰਘ ਖੁੱਡਾ ਅਤੇ ਭਾਈ ਸਵਰਨ ਸਿੰਘ ਨਿਹੰਗ ਸਾਡੇ ਹੀ ਪਿੰਡ ਦੇ ਵਸਨੀਕ ਅਤੇ ਮੇਰੇ ਵਿਦਿਆਰਥੀ ਸਨ ਤੇ ਉਹ ਭਾਈ ਕੰਵਰ ਸਿੰਘ ਧਾਮੀ ਦੇ ਬਹੁਤ ਨੇੜਲੇ ਸਾਥੀ ਸਨ। ਭਾਈ ਜਗਜੀਤ ਸਿੰਘ ਨਿਹੰਗ ਨੇ ਇਹ ਵੀ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਨ ਅਤੇ ਸਿੱਖ ਪਰਿਵਾਰਾਂ ਉੱਤੇ ਜੁਲਮ ਕਰਨ ਵਾਲੇ ਬੁੱਚੜ ਕੇ ਪੀ ਐਸ ਗਿੱਲ ਨੂੰ ਔਰੰਗਜ਼ੇਬ ਆਖ ਕੇ ਅਤੇ ਉਸਦੇ ਮੂੰਹ ਉੱਤੇ ਮੀਡੀਆ ਸਾਹਮਣੇ ਚਪੇੜ ਮਾਰ ਕੇ ਭਾਈ ਕੰਵਰ ਸਿੰਘ ਧਾਮੀ ਨੇ ਅਠਾਰ੍ਹਵੀਂ ਸਦੀ ਦੇ ਯੋਧੇ ਭਾਈ ਬਾਜ ਸਿੰਘ ਵਾਂਗ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ। ਭਾਈ ਧਾਮੀ ਨੇ ਅਨੇਕਾਂ ਸ਼ਹੀਦਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਵੀ ਕੀਤੀ ਤੇ ਸਰਬੱਤ ਦੇ ਭਲੇ ਦੇ ਉਪਦੇਸ਼ ਨੂੰ ਪ੍ਰਚਾਰਦਿਆਂ ਆਪਣਾ ਜੀਵਨ ਸਫਲ ਕਰ ਗਏ, ਉਹਨਾਂ ਦੀ ਕੁਰਬਾਨੀ ਨੂੰ ਪ੍ਰਣਾਮ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.