ਧਰਮ ਯੁੱਧ ਮੋਰਚੇ ਸਮੇਂ ਕੁੱਝ ਰਾਜਨੀਤਕ ਆਗੂਆਂ ਦੇ ਬਿਆਨ, ਫ਼ਿਰਕਾਪ੍ਰਸਤ ਆਪ ਖ਼ਾਲਿਸਤਾਨ ਬਣਾ ਕੇ ਸਿੱਖਾਂ ਨੂੰ ਦੇਣਗੇ

ਧਰਮ ਯੁੱਧ ਮੋਰਚੇ ਸਮੇਂ ਕੁੱਝ ਰਾਜਨੀਤਕ ਆਗੂਆਂ ਦੇ ਬਿਆਨ, ਫ਼ਿਰਕਾਪ੍ਰਸਤ ਆਪ ਖ਼ਾਲਿਸਤਾਨ ਬਣਾ ਕੇ ਸਿੱਖਾਂ ਨੂੰ ਦੇਣਗੇ

ਧਰਮ ਯੁੱਧ ਮੋਰਚੇ ਸਮੇਂ ਕੁੱਝ ਰਾਜਨੀਤਕ ਆਗੂਆਂ ਦੇ ਬਿਆਨ, ਫ਼ਿਰਕਾਪ੍ਰਸਤ ਆਪ ਖ਼ਾਲਿਸਤਾਨ ਬਣਾ ਕੇ ਸਿੱਖਾਂ ਨੂੰ ਦੇਣਗੇ


ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ 19 ਜੁਲਾਈ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਮੋਰਚਾ ਅਰੰਭ ਦਿੱਤਾ ਤੇ ਇਸ ਮੋਰਚੇ ਨੂੰ 4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਪਣਾ ਲਿਆ। ਇਸ ਸਾਂਝੇ ਮੋਰਚੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਜੋੜਿਆ ਗਿਆ। ਮੋਰਚੇ ਵਿੱਚ ਲੱਖਾਂ ਸਿੱਖਾਂ ਨੇ ਸ਼ਾਂਤਮਈ ਗ੍ਰਿਫ਼ਤਾਰੀਆਂ ਦਿੱਤੀਆਂ‌, ਪਰ ਭਾਰਤ ਸਰਕਾਰ ਨੇ ਸਿੱਖਾਂ ਦੀ ਇੱਕ ਗੱਲ ਨਾ ਮੰਨੀ ਤੇ ਉਲ਼ਟਾ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਦਿੱਤਾ। ਧਰਮ ਯੁੱਧ ਮੋਰਚੇ ਦੌਰਾਨ ਕੁਝ ਰਾਜਨੀਤਕ ਆਗੂਆਂ ਨੇ ਜੋ ਬਿਆਨ ਦਿੱਤੇ ਉਹ ਹੇਠਾਂ ਸਾਂਝੇ ਕਰ ਰਹੇ ਹਾਂ।

ਰਾਮ ਜੇਠਮਲਾਨੀ ਦਾ ਬਿਆਨ : "ਅਕਾਲੀ ਦਲ ਦੀਆਂ ਮੰਗਾਂ ਜਾਇਜ਼ ਹਨ। ਸਿੱਖ ਭਾਰਤ ਤੋਂ ਵੱਖ ਹੋਣਾ ਨਹੀਂ ਚਾਹੁੰਦੇ। ਜੇ ਸੰਤ ਭਿੰਡਰਾਂਵਾਲੇ ਅੱਤਵਾਦੀ ਹਨ ਤਾਂ ਮੈਂ ਆਪ ਅੱਤਵਾਦੀ ਹਾਂ। ਸਿੱਖਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਕੋਈ ਮੰਗ ਦੇਸ਼ ਵਿਰੋਧੀ ਜਾਂ ਫ਼ਿਰਕਾਪ੍ਰਸਤੀ ਪੈਦਾ ਕਰਨ ਵਾਲੀ ਨਹੀਂ ਹੈ।”

ਇੰਦਰ ਕੁਮਾਰ ਗੁਜਰਾਲ ਦਾ ਬਿਆਨ : "ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਖ਼ਾਲਿਸਤਾਨ ਦੀ ਮੰਗ ਨਹੀਂ ਕਰਦਾ। ਅਕਾਲੀ ਦਲ ਦੀਆਂ ਮੁੱਖ ਤੌਰ 'ਤੇ ਚਾਰ ਧਾਰਮਿਕ ਮੰਗਾਂ ਹਨ। ਅੰਮ੍ਰਿਤਸਰ ਨੂੰ ਪਵਿੱਤਰ ਕਰਾਰ ਦੇਣਾ, ਆਕਾਸ਼ਵਾਣੀ ਤੋਂ ਗੁਰਬਾਣੀ ਦਾ ਪ੍ਰਸਾਰਨ ਕੀਤਾ ਜਾਵੇ, ਹਵਾਈ ਜਹਾਜ਼ ਦੇ ਸਫ਼ਰ ਸਮੇਂ ਕ੍ਰਿਪਾਨ 'ਤੇ ਲਗਾਈ ਪਾਬੰਦੀ ਹਟਾਈ ਜਾਵੇ, ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ ਅਤੇ ਰਾਜਨੀਤਕ ਮੁੱਖ ਮੰਗਾਂ ਹਨ ਕਿ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪਾਣੀ ਦਾ ਫ਼ੈਸਲਾ ਸਰਵਉੱਚ ਅਦਾਲਤ ਦੁਆਰਾ ਕਰਾਇਆ ਜਾਵੇ।"

ਫਾਰੂਖ਼ ਅਬਦੁੱਲਾ ਦਾ ਬਿਆਨ : "ਅਕਾਲੀ ਦਲ ਦੀਆਂ ਮੰਗਾਂ ਜਾਇਜ਼ ਹਨ। ਇਸ ਵਿਚ ਕੋਈ ਫ਼ਿਰਕੂ ਮੰਗ ਨਹੀਂ। ਰਾਜ ਵੱਧ ਮਾਲੀ ਅਧਿਕਾਰਾਂ ਬਿਨਾਂ ਤਰੱਕੀ ਨਹੀਂ ਕਰ ਸਕਦੇ।"

ਮੁਹੰਮਦ ਅਬਦੁੱਲਾ ਬੁਖ਼ਾਰੀ ਦਾ ਬਿਆਨ : "ਸਰਕਾਰ ਘੱਟ ਗਿਣਤੀ ਲੋਕਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਅਕਾਲੀ ਦਲ ਦੀਆਂ ਮੰਗਾਂ ਜਾਇਜ਼ ਹਨ ਤੇ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਲੋੜ ਹੈ।"

ਜਨਵਾਦੀ ਪਾਰਟੀ ਦੇ ਪ੍ਰਧਾਨ ਚੰਦਰਜੀਤ ਯਾਦਵ ਦਾ ਬਿਆਨ : "ਕੇਂਦਰ ਜਾਣ-ਬੁੱਝ ਕੇ ਪੰਜਾਬ ਦਾ ਮਸਲਾ ਲਟਕਾ ਰਿਹਾ ਹੈ।"

ਡੀ.ਐਮ.ਕੇ ਦੇ ਸੀ.ਟੀ. ਚੰਡਪਾਨੀ ਦਾ ਬਿਆਨ : "ਬਿਨਾਂ ਕਿਸੇ ਦੇਰੀ ਦੇ ਰਾਜਾਂ ਨੂੰ ਵੱਧ ਅਧਿਕਾਰ ਦਿੱਤੇ ਜਾਣ । ਗੁਰਦੁਆਰਿਆਂ ਦੀ ਦੇਖ-ਭਾਲ ਲਈ ਆਲ ਇੰਡੀਆ ਗੁਰਦੁਆਰਾ ਐਕਟ ਜ਼ਰੂਰੀ ਹੈ। ਚੰਡੀਗੜ੍ਹ, ਅਬੋਹਰ, ਫ਼ਾਜ਼ਿਲਕਾ 'ਤੇ ਪੰਜਾਬ ਦਾ ਹੱਕ ਹੈ।"

ਚੰਦਰ ਸ਼ੇਖਰ ਦਾ ਬਿਆਨ : "ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦੇ ਕੇ ਪਾਣੀ ਦਾ ਕੇਸ ਸੁਪਰੀਮ ਕੋਰਟ ਦੇ ਹਵਾਲੇ ਕਰਨਾ ਚਾਹੀਦਾ ਹੈ।”

ਐਨ.ਟੀ. ਰਾਮਾਰਾਓ ਦਾ ਬਿਆਨ : "ਵੱਧ ਅਧਿਕਾਰਾਂ ਬਿਨਾਂ ਰਾਜ ਤਰੱਕੀ ਨਹੀਂ ਕਰ ਸਕਦੇ।"

ਬਹੁਗੁਣਾ ਦਾ ਬਿਆਨ : "ਅਕਾਲੀ ਦਲ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੀਆਂ ਜਾਣ।"

ਜਯੋਤੀ ਬਾਸੂ ਦਾ ਬਿਆਨ : "ਰਾਜਾਂ ਦੇ ਪ੍ਰਫੁੱਲਤ ਹੋਣ ਲਈ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਬਹੁਤ ਲੋੜ ਹੈ।"

ਸੇਠ ਰਾਮ ਨਾਥ ਜੈਤੋ ਦਾ ਬਿਆਨ : "ਅਕਾਲੀ ਦਲ ਦੀਆਂ ਧਾਰਮਿਕ ਮੰਗਾਂ ਮੰਨੀਆਂ ਜਾਣ। ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕੇ ਤੁਰੰਤ ਪੰਜਾਬ ਨੂੰ ਦੇ ਕੇ ਪਾਣੀ ਦੇ ਮਸਲੇ ਦਾ ਹੱਲ ਲੱਭਿਆ ਜਾਵੇ।"

ਮਧੂ ਦੰਡਵਤੇ ਦਾ ਬਿਆਨ : "ਸਰਕਾਰ ਨੇ 4 ਅਪ੍ਰੈਲ ਨੂੰ ਨਿਹੱਥੇ ਲੋਕਾਂ 'ਤੇ ਗੋਲੀ ਚਲਾ ਕੇ ਮਨੁੱਖਤਾ ਦਾ ਘਾਣ ਕੀਤਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਦੀਆਂ ਯੋਗ ਮੰਗਾਂ ਮੰਨ ਕੇ ਪੰਜਾਬ ਦੇ ਵਾਤਾਵਰਨ ਨੂੰ ਸ਼ਾਂਤ ਕਰੇ।"

ਅਟਲ ਬਿਹਾਰੀ ਵਾਜਪ ਦਾ ਬਿਆਨ : "ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਅਕਾਲੀ ਦਲ ਦੀਆਂ ਮੰਗਾਂ ਮੰਨਣ ਤੋਂ ਪਹਿਲਾਂ ਪੰਜਾਬ ਵਿਚਲੀਆਂ ਵਿਰੋਧੀ ਪਾਰਟੀਆਂ ਨੂੰ ਨਾਲ ਲਵੇ।"

ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਅਡਵਾਨੀ ਦਾ ਬਿਆਨ : "ਪੰਜਾਬ ਵਿਚਲੀ ਹਾਲਤ ਲਈ ਕਾਂਗਰਸ ਜ਼ਿੰਮੇਵਾਰ ਹੈ, ਹਿੰਸਾ ਉੱਤੇ ਸਖ਼ਤ ਹੱਥੀਂ ਕਾਬੂ ਪਾਇਆ ਜਾਣਾ ਚਾਹੀਦਾ ਹੈ ਅਤੇ ਤਿੰਨ-ਧਿਰੀ ਵਾਰਤਾਲਾਪ ਮੁੜ ਸ਼ੁਰੂ ਕਰਨੀ ਚਾਹੀਦੀ ਹੈ।"

ਕੁਲਦੀਪ ਨਈਅਰ ਦਾ ਬਿਆਨ : "ਪੰਜਾਬ ਦਾ ਮਾਹੌਲ ਸ਼ਾਂਤ ਕਰਨ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਕਾਲੀ ਦਲ ਦੀਆਂ ਮੰਗਾਂ ਮੰਨਣ ਦਾ ਐਲਾਨ ਕਰੇ।"

ਯੂਥ ਕਾਂਗਰਸ ਨੇਤਾ ਗੁਰਦਰਸ਼ਨ ਸ਼ਰਮਾ ਦਾ ਬਿਆਨ : "ਪੰਜਾਬ ਵਿਚ ਆਰ.ਐਸ.ਐਸ. 'ਤੇ ਪਾਬੰਦੀ ਲਗਾਓ। ਆਰ.ਐਸ.ਐਸ. ਆਪਣੇ ਵਰਕਰਾਂ ਨੂੰ ਹਥਿਆਰਬੰਦ ਟ੍ਰੇਨਿੰਗ ਦੇ ਰਿਹਾ ਹੈ। ਪੰਜਾਬ ਵਿੱਚ ਆਰ.ਐਸ.ਐਸ. ਹਿੰਦੂ ਤੇ ਸਿੱਖਾਂ ਵਿੱਚ ਫੁੱਟ ਪਾ ਰਹੀ ਹੈ।”

ਰਾਜ ਸਭਾ ਦੇ ਮੈਂਬਰ ਖ਼ੁਸ਼ਵੰਤ ਸਿੰਘ ਦਾ ਬਿਆਨ : "ਅਨੰਦਪੁਰ ਸਾਹਿਬ ਦੇ ਮਤੇ ਦੇ ਕਈ ਰੂਪ ਸਾਹਮਣੇ ਆਏ ਹਨ। ਇਸ ਦਾ ਠੀਕ ਰੂਪ ਲੈਣਾ ਚਾਹੀਦਾ ਹੈ ਪਰ ਅਕਾਲੀਆਂ ਦੀਆਂ ਹੋਰ ਕਈ ਮੰਗਾਂ ਤਾਂ ਸਹਿਜੇ ਹੀ ਮੰਨੀਆਂ ਜਾ ਸਕਦੀਆਂ ਹਨ। ਫ਼ਲਾਇੰਗ ਮੇਲ ਦਾ ਨਾਂ ਹਰਿਮੰਦਰ ਐਕਸਪ੍ਰੈਸ, ਹਰਿਮੰਦਰ ਸਾਹਿਬ ਤੋਂ ਕੀਰਤਨ ਦਾ ਪ੍ਰਸਾਰਨ, ਹਵਾਈ ਯਾਤਰਾ ਸਮੇਂ ਕ੍ਰਿਪਾਨ ਦੀ ਆਗਿਆ, ਆਲ ਇੰਡੀਆ ਗੁਰਦੁਆਰਾ ਐਕਟ, ਇਸ ਤੋਂ ਬਿਨਾਂ ਵੀ ਪੰਜਾਬ ਨੂੰ ਵੱਡੇ ਕਾਰਖ਼ਾਨੇ ਦਿਉ ਤਾਂ ਕਿ ਉਥੋਂ ਦੀ ਆਰਥਿਕਤਾ ਉੱਜੜੇ ਨਾ। ਮੈਂ ਇਹ ਗੱਲਾਂ ਇੱਕ ਸਿੱਖ, ਪੰਜਾਬੀ ਤੇ ਭਾਰਤੀ ਦੇ ਤੌਰ 'ਤੇ ਉਠਾਉਣੀਆਂ ਜ਼ਰੂਰੀ ਸਮਝਦਾ ਹਾਂ। ਪੰਜਾਬ ਦੀ ਸਮੱਸਿਆ ਨੂੰ ਜੇਕਰ ਹੱਲ ਨਾ ਕੀਤਾ ਗਿਆ ਤਾਂ ਇਕ ਹੋਰ ਆਸਾਮ ਬਣ ਜਾਵੇਗਾ। ਸਿੱਖ ਖ਼ਾਲਿਸਤਾਨ ਦੀ ਮੰਗ ਨਹੀਂ ਕਰਦੇ, ਭਜਨ ਲਾਲ ਵਰਗੇ ਫ਼ਿਰਕਾਪ੍ਰਸਤ ਆਪ ਖ਼ਾਲਿਸਤਾਨ ਬਣਾ ਕੇ ਸਿੱਖਾਂ ਨੂੰ ਦੇਣਗੇ ਠੀਕ ਸਾਬਤ ਹੁੰਦਾ ਜਾ ਰਿਹਾ ਹੈ।"

ਤੁਸੀਂ ਉੱਪਰਲੇ ਬਿਆਨ ਪੜ੍ਹ ਲਏ ਹਨ ਪਰ ਪੰਥ ਅਤੇ ਪੰਜਾਬ ਦੇ ਹੱਕੀ ਮੰਗਾਂ ਵਾਲੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਮੰਨਣ ਦੀ ਬਜਾਏ ਕੇਂਦਰ ਦੀ ਕਾਂਗਰਸ ਸਰਕਾਰ, ਭਾਜਪਾਈਆਂ, ਕਾਮਰੇਡਾਂ ਅਤੇ ਫ਼ਿਰਕੂ ਹਿੰਦੂਤਵੀਆਂ ਨੇ ਇਸ ਮਤੇ ਅਤੇ ਮੋਰਚੇ ਨੂੰ ਖ਼ਾਲਿਸਤਾਨ, ਅੱਤਵਾਦ, ਵੱਖਵਾਦ ਨਾਲ ਜੋੜ ਦਿੱਤਾ ਅਤੇ ਕਈ ਹੋਰ ਦੋਸ਼ ਲਾ ਕੇ ਸਿੱਖ ਕੌਮ ਉੱਤੇ ਤੀਜਾ ਘੱਲੂਘਾਰਾ ਵਰਤਾ ਦਿੱਤਾ।

ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨਾਲ ਭਾਰਤ ਅਤੇ ਸਿੱਖਾਂ ਵਿਚਾਲੇ ਲਕੀਰ ਖਿੱਚੀ ਗਈ ਤੇ ਖ਼ਾਲਿਸਤਾਨ ਦੀ ਨੀਂਹ ਰੱਖੀ ਗਈ, ਜੁਝਾਰੂ ਸਿੰਘਾਂ ਨੇ ਦਸ ਸਾਲ ਹਥਿਆਰਬੰਦ ਹੋ ਕੇ ਲੜਾਈ ਲੜੀ ਤੇ ਰਾਜਨੀਤਕ, ਜ਼ਮਹੂਰੀਅਤ ਅਤੇ ਸ਼ਾਂਤਮਈ ਢੰਗ ਨਾਲ ਇਹ ਸੰਘਰਸ਼ ਅੱਜ ਵੀ ਜਾਰੀ ਹੈ, ਗ਼ੁਲਾਮ ਸਿੱਖ ਅਜ਼ਾਦੀ ਲਈ ਯਤਨਸ਼ੀਲ ਹਨ। ਸਿੱਖ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਹਨ ਜਿੱਥੇ ਸਾਡਾ ਇਸ਼ਟ, ਧਰਮ, ਬੋਲੀ, ਸੱਭਿਆਚਾਰ, ਪਹਿਰਾਵਾ, ਹੋਂਦ-ਹਸਤੀ, ਸਿਧਾਂਤ, ਕਕਾਰ ਅਤੇ ਕੁਦਰਤੀ ਸ੍ਰੋਤ ਪਾਣੀ ਆਦਿਕ ਸੁਰੱਖਿਅਤ ਰਹਿਣ ਤੇ ਅਸੀਂ ਸਰਬੱਤ ਦੇ ਭਲੇ ਦੇ ਉਦੇਸ਼ ਨੂੰ ਪੂਰੀ ਦੁਨੀਆਂ ’ਚ ਫੈਲਾ ਸਕੀਏ ਅਤੇ ਨਿਮਾਣਿਆਂ, ਨਿਤਾਣਿਆਂ ਤੇ ਲਤਾੜੇ ਲੋਕਾਂ ਦਾ ਸਹਾਰਾ ਬਣ ਸਕੀਏ।


- ਰਣਜੀਤ ਸਿੰਘ ਦਮਦਮੀ ਟਕਸਾਲ

(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)

ਮੋ : 88722-93883.

......

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.