ਹੜ੍ਹ ਪ੍ਰਭਾਵਿਤ ਪਿੰਡਾਂ ਦਾ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਦੌਰਾ

ਹੜ੍ਹ ਪ੍ਰਭਾਵਿਤ ਪਿੰਡਾਂ ਦਾ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਦੌਰਾ

 ਪੰਜਾਬ ਦੇ ਕਿਸਾਨਾਂ,ਮਜ਼ਦੂਰਾਂ ਦੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਵੱਲੋਂ ਚੁੱਕੇ ਜਾ ਰਹੇ ਠੋਸ ਕਦਮ- ਸੰਧੂ,ਸ਼ਵੇਤ ਮਲਿਕ 

 ਰਾਕੇਸ਼ ਨਈਅਰ ਚੋਹਲਾ ਸਾਹਿਬ/ਤਰਨਤਾਰਨ,3 ਸਤੰਬਰ 

 ਪਿਛਲੇ ਕਾਫੀ ਦਿਨਾਂ ਤੋਂ ਕੁਦਰਤੀ ਆਫਤਾਂ ਨਾਲ ਜਿੱਥੇ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਭਾਰੀ ਬਰਸਾਤ ਕਾਰਨ ਦਰਿਆਵਾਂ, ਨਹਿਰਾਂ ਵਿੱਚ ਹੜ੍ਹ ਆਉਣ ਕਾਰਨ ਪੰਜਾਬ ਦੀਆਂ ਲੱਖਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਪਰ ਇਸ ਗੰਭੀਰ ਮਸਲੇ ਵੱਲ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੋਈ ਵੀ ਧਿਆਨ ਨਹੀਂ ਹੈ।ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਤਰਨਤਾਰਨ ਤੋਂ ਉਮੀਦਵਾਰ ਅਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪਿੰਡ ਮੁੰਡਾਪਿੰਡ ਵਿਖੇ ਇਲਾਕੇ ਦੀਆਂ ਖਰਾਬ ਹੋਈਆਂ ਫਸਲਾਂ ਅਤੇ ਕਿਸਾਨਾਂ ਨਾਲ ਮਿਲਣੀ ਕਰਨ ਮੌਕੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸਾਂਝੇ ਤੌਰ 'ਤੇ ਪ੍ਰਗਟ ਕੀਤੇ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਵੇਂ ਹੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ ਪਰ ਪੰਜਾਬ ਵਿੱਚ ਦਰਿਆਵਾਂ ਅਤੇ ਨਹਿਰਾਂ ਦੀ ਖਲਾਈ ਅਤੇ ਸਫਾਈ ਦੇ ਨਾਮ 'ਤੇ ਕਰੋੜਾਂ ਰੁਪਏ ਕਾਗਜਾਂ ਵਿੱਚ ਹੀ ਲੱਗੇ ਹਨ ਜਦੋਂ ਕਿ ਪੰਜਾਬ ਸਰਕਾਰ ਦਾ ਫਰਜ ਹੈ ਕਿ ਕੁਦਰਤੀ ਆਫਤਾਂ ਆਉਣ ਤੋਂ ਪਹਿਲਾਂ ਉਨਾਂ ਨਾਲ ਨਜਿੱਠਣ ਲਈ ਢੁਕਵੇਂ ਅਤੇ ਠੋਸ ਪ੍ਰਬੰਧ ਕੀਤੇ ਜਾਣ ਤਾਂ ਜੋ ਇਨਾਂ ਆਫਤਾਂ ਦਾ ਦੁਰਪ੍ਰਭਾਵ ਘੱਟ ਹੋ ਸਕੇ ਅਤੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ।ਉਨ੍ਹਾਂ ਕਿਹਾ ਕਿ ਖਰਾਬ ਹੋਈ ਪੰਜਾਬ ਦੀ ਲੱਖਾਂ ਏਕੜ ਫਸਲ ਦੀ ਭਰਪਾਈ ਅਤੇ ਕਿਸਾਨਾਂ ਮਜ਼ਦੂਰਾਂ ਦੀ ਆਰਥਿਕ ਮਦਦ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਪੈਕਿਜ ਤਿਆਰ ਕੀਤਾ ਜਾ ਰਿਹਾ ਹੈ,ਬਹੁਤ ਜਲਦੀ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਮੁਸ਼ਕਿਲ ਦੀ ਘੜੀ ਵਿੱਚ ਕਰੋੜਾਂ ਰੁਪਏ ਰਿਲੀਜ਼ ਕੀਤਾ ਜਾ ਰਿਹਾ ਹੈ।

ਇਸ ਮੌਕੇ 'ਤੇ ਮੌਜੂਦ ਨੰਬਰਦਾਰ ਬਲਬੀਰ ਸਿੰਘ,ਸੁਰਜੀਤ ਸਿੰਘ,ਭੁਪਿੰਦਰ ਸਿੰਘ, ਰਣਬੀਰ ਸਿੰਘ,ਦਿਲਬਾਗ ਸਿੰਘ,ਜਗੀਰ ਸਿੰਘ,ਕੁਲਦੀਪ ਸਿੰਘ,ਪਾਲ ਸਿੰਘ,ਜਸਪਾਲ ਸਿੰਘ,ਬਲਦੇਵ ਸਿੰਘ ਆਦਿ ਨੇ ਆਪਣਾ ਦੁੱਖੜਾ ਰੋਂਦਿਆ ਦੱਸਿਆ ਕਿ ਦੋ ਤਿੰਨ ਸਾਲ ਬਾਅਦ ਸਾਨੂੰ ਕੁਦਰਤੀ ਆਫਤਾਂ ਦੀ ਮਾਰ ਝੱਲਣੀ ਪੈਂਦੀ ਹੈ ਅਤੇ ਖੇਤੀ ਲਈ ਹਰ ਵਸਤੂ ਮੁੱਲ ਲੈ ਕੇ ਹੋਰ ਕਰਜੇ ਦੇ ਬੋਝ ਹੇਠਾਂ ਦੱਬ ਰਹੇ ਹਾਂ ਪਰ ਸਰਕਾਰੀ ਤੌਰ ਤੇ ਸਾਨੂੰ ਕੋਈ ਵੀ ਮਾਲੀ ਸਹਾਇਤਾ ਨਹੀਂ ਦਿੱਤੀ ਜਾਂਦੀ ਜਿਸ ਕਾਰਨ ਸਾਡੇ ਖੇਤੀ ਕਿੱਤੇ ਨੂੰ ਵੱਡੀ ਢਾਹ ਲੱਗਦੀ ਹੈ ਅਤੇ ਜਮੀਨ ਵਾਹੀਯੋਗ ਨਾ ਹੋਣ ਕਾਰਨ ਅਸੀਂ ਗੁਰਬੱਤ ਭਰੀ ਜਿੰਦਗੀ ਜਿਉ ਰਹੇ ਹਾਂ ਅਤੇ ਇਸ ਵਾਰ ਬਹੁਤ ਭਾਰੀ ਹੜ ਆਉਣ ਕਾਰਨ ਉਹ ਘਰੋਂ ਬੇਘਰ ਵੀ ਹੋ ਚੁੱਕੇ ਹਨ ਕਿਉਂਕਿ ਸਾਡੇ ਘਰਾਂ ਦੇ ਉਪਰੋਂ ਦੀ ਦਰਿਆ ਦਾ ਪਾਣੀ ਫਿਰ ਚੁੱਕਾ ਹੈ।ਕਿਸਾਨਾਂ ਨੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਪਿਛਲੇ ਕਾਫੀ ਦਿਨਾਂ ਤੋਂ ਸਾਡਾ ਸਾਡੀਆਂ ਅੱਖਾਂ ਸਾਹਮਣਾ ਉਜਾੜਾ ਹੋ ਰਿਹਾ ਹੈ ਪਰ ਸਰਕਾਰ ਵੱਲੋਂ ਸਾਨੂੰ ਕੋਈ ਮਦਦ ਜਾਂ ਰਾਹਤ ਦੇਣ ਲਈ ਕੋਈ ਵੀ ਆਪ ਸਰਕਾਰ ਦਾ ਲੀਡਰ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਉਨਾਂ ਦੀ ਸਾਰ ਲੈਣ ਤੱਕ ਨਹੀਂ ਆਇਆ।ਇਸ ਮੌਕੇ ਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਕਿਸਾਨਾਂ ਮਜਦੂਰਾਂ ਦੇ ਹੱਕ ਵਿੱਚ ਅਖਬਾਰੀ ਬਿਆਨ ਦੇ ਕੇ ਪੰਜਾਬ ਦੇ ਖਜਾਨੇ ਦਾ ਕਰੋੜਾ ਰੁਪਏ ਇਸ਼ਤਿਹਾਰਬਾਜੀ ਵਿੱਚ ਖਰਚ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਇਸ ਮੁਸ਼ਕਿਲ ਨਾਲ ਨਜਿੱਠਣ ਲਈ ਆਪ ਜਮੀਨੀ ਪੱਧਰ ਤੇ ਆ ਕੇ ਨੁਕਸਾਨੀਆਂ ਗਈਆਂ ਫਸਲਾਂ ਅਤੇ ਘਰਾਂ ਦੀ ਪ੍ਰਪੋਜਲ ਤਿਆਰ ਕਰਕੇ ਤੁਰੰਤ ਰਾਹਤ ਫੰਡ ਜਾਰੀ ਕਰਕੇ ਕਿਸਾਨਾਂ ਮਜਦੂਰਾਂ ਦੀ ਸਾਰ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਜਿਲਾ ਮਹਾਂ ਮੰਤਰੀ ਹਰਪ੍ਰੀਤ ਸਿੰਘ ਸਿੰਦਬਾਦ, ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ ਕੋਠੀ,ਐਸਸੀ ਮੋਰਚਾ ਪ੍ਰਧਾਨ ਅਵਤਾਰ ਸਿੰਘ ਬੰਟੀ, ਓਬੀਸੀ ਮੋਰਚਾ ਪ੍ਰਧਾਨ ਨਿਸ਼ਾਨ ਸਿੰਘ,ਸਕੱਤਰ ਪਵਨ ਦੇਵਗਨ,ਸਰਕਲ ਪ੍ਰਧਾਨ ਖੁਸ਼ਪਿੰਦਰ ਸਿੰਘ,ਸਾਹਿਬ ਸਿੰਘ ਮੁੰਡਾਪਿੰਡ,ਮਾਸਟਰ ਬਲਦੇਵ ਸਿੰਘ ਮੰਡ,ਨਿਸ਼ਾਨ ਸਿੰਘ,ਗੁਰਪ੍ਰੀਤ ਸਿੰਘ,ਬਲਧੀਰ ਸਿੰਘ,ਮੋਰਚਾ ਜਨਰਲ ਸਕੱਤਰ ਹਰਜੀਤ ਸਿੰਘ ਕੰਗ ਅਤੇ ਹੋਰ ਆਗੂ ਸਾਹਿਬਾਨ ਮੌਜੂਦ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.