ਐਸੇ ਸਿੱਖਾਂ ਦੀ ਤਾਂ ਗੁਰੂ ਨੂੰ ਬਿਲਕੁਲ ਲੋੜ ਨਹੀਂ…
- ਗੁਰਬਾਣੀ-ਇਤਿਹਾਸ
- 22 Mar, 2025 12:28 PM (Asia/Kolkata)
ਐਸੇ ਸਿੱਖਾਂ ਦੀ ਤਾਂ ਗੁਰੂ ਨੂੰ ਬਿਲਕੁਲ ਲੋੜ ਨਹੀਂ…
ਮੈਂ ਇਕ ਦਿਨ ਪਹਿਲਾਂ ਵੀ ਲਿਖਿਆ ਸੀ ਕਿ ਸਾਡਾ ਅਜੋਕਾ ਧਰਮ ਪ੍ਰਚਾਰ ਦਾ ਤਰੀਕਾ ਅੰਗਰੇਜ਼ ਮਿਸ਼ਨਰੀਆਂ ਦੀ ਨਕਲ ਕੀਤਾ ਹੋਇਆ ਕਾਰਪੋਰੇਟ ਪ੍ਰੋਡਕਟਸ ਦੀ ਮਸ਼ਹੂਰੀ ਕਰਨ ਵਰਗਾ ਹੈ ਤਾਂ ਹੀ ਅਜੋਕਾ ਪ੍ਰਚਾਰ ਗੁਰਸਿੱਖੀ ਦੀ ਅਸਲ ਖੁਸ਼ਬੂ ਫੈਲਾਉਣ ਵਿਚ ਕਾਮਯਾਬ ਨਹੀਂ ਹੋ ਰਿਹਾ ਅਤੇ ਇਹ ਮਸਨੂਈ ਤੇ ਰੁੱਖਾ ਜਿਹਾ ਹੈ। ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਤਾਂ ਆਪਣੇ ਜੀਵਨ ਨੂੰ ਕਮਾਉਣ ਤੋਂ ਸ਼ੁਰੂ ਹੁੰਦਾ ਹੈ ਨਾ ਕਿ ਗੱਲੀਬਾਤੀਂ ਲੋਕਾਂ ਨੂੰ ਰਿਝਾਉਣ ਦੇ ਨਾਲ।
ਅੱਜਕੱਲ੍ਹ ਇਕ ਖਬਰ ਸਿੱਖ ਮਨਾਂ ਨੂੰ ਬੜਾ ਪ੍ਰੇਸ਼ਾਨ ਕਰ ਰਹੀ ਹੈ ਕਿ ਇਕ ਗ੍ਰੰਥੀ ਸਿੰਘ ਆਪਣੀਆਂ ਪਦਾਰਥਕ ਲੋੜਾਂ ਦੀ ਤ੍ਰਿਪਤੀ ਨਾ ਹੋਣ ਕਾਰਨ ਕਕਾਰ ਲਾਹੁਣ ਦੀ ਇਕ ਵੀਡੀਓ ਬਣਾ ਕੇ ਸਿੱਖੀ ਨੂੰ ਬੇਦਾਵਾ ਦੇ ਰਿਹਾ ਹੈ। ਅਸਲੋਂ ਇਹ ਖ਼ਬਰ ਬਿਲਕੁਲ ਪ੍ਰੇਸ਼ਾਨ ਕਰਨ ਵਾਲੀ ਨਹੀਂ ਹੈ ਅਤੇ ਨਾ ਹੀ ਇਹ ਘਟਨਾ ਸਿੱਖੀ ਨੂੰ ਭੋਰਾ ਵੀ ਨੁਕਸਾਨ ਪਹੁੰਚਾਉਣ ਵਾਲੀ। ਪ੍ਰੇਸ਼ਾਨ ਉਹ ਹੋ ਰਹੇ ਹਨ, ਜਿਨ੍ਹਾਂ ਦੀ ਆਪਣੀ ਨੀਂਹ ਕੱਚੀ ਹੈ ਅਤੇ ਜਿਨ੍ਹਾਂ ਨੂੰ ਗੁਰੂ ਉੱਤੇ ਭਰੋਸਾ ਨਹੀਂ ਹੈ। ਕਿਉਂਕਿ, “ਗੁਰਸਿਖੀ ਬਾਰੀਕ ਹੈ ਖੰਡੇਧਾਰ ਗਲੀ ਅਤਿ ਭੀੜੀ॥ ਓਥੈ ਟਿਕੈ ਨ ਭੁਣਹਣਾ ਚਲਿ ਨ ਸਕੈ ਉਪਰ ਕੀੜੀ॥” ਗੁਰਸਿੱਖੀ ਦਾ ਮਾਰਗ ਪਦਾਰਥਕ ਭੋਗ-ਵਿਲਾਸਾਂ ਦੀ ਮੰਜ਼ਿਲ ਤਾਂ ਨਹੀਂ ਹੈ। ਸਗੋਂ ਇਹ ਤਾਂ ਸਭ ਕੁਝ ਗਵਾ ਕੇ ਆਪਣੇ ਗੁਰੂ ਅੱਗੇ ਰੂਹ ਦੇ ਸਮਰਪਣ ਦਾ ਨਾਂਅ ਹੈ। ਜੇ ਸਿੱਖੀ ਸਿਰਫ ਪਦਾਰਥਕ ਸੁੱਖਾਂ ਤੱਕ ਹੀ ਸੀਮਤ ਹੁੰਦੀ ਤਾਂ ਸਖੀ ਸਰਵਰ ਦੀ ਸੇਵਕੀ ਛੱਡ ਕੇ ਗੁਰਸਿੱਖੀ ਵਿਚ ਆਏ ਭਾਈ ਮੰਝ ਨੂੰ ਆਪਣੇ ਜੀਵਨ ਦੇ ਸਭ ਪਦਾਰਥਕ ਸੁੱਖ ਨਾ ਗਵਾਉਣੇ ਪੈਂਦੇ। ਬਲਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਸਿੱਖੀ ਵਿਚ ਪ੍ਰਵੇਸ਼ ਤੋਂ ਪਹਿਲਾਂ ਹੀ ਭਾਈ ਮੰਝ ਅੱਗੇ ਇਹ ਸ਼ਰਤ ਰੱਖ ਦਿੱਤੀ ਸੀ ਕਿ ਕਿਸੇ ਹੋਰ ਦੀ ਸਿੱਖੀ ਉੱਤੇ ਗੁਰੂ ਕੀ ਸਿੱਖੀ ਨਹੀਂ ਟਿਕ ਸਕਦੀ ਅਤੇ ਸਿੱਖੀ ਹਾਸਲ ਕਰਨ ਲਈ ਹੋਰ ਦੀ ਸਿੱਖੀ ਮਨੋਂ ਕੱਢ ਕੇ ਆਉਣਾ ਪਵੇਗਾ ਅਤੇ ਸਖਤ ਇਮਤਿਹਾਨ ਵਿਚੋਂ ਲੰਘਣਾ ਪਵੇਗਾ।
ਜੇਕਰ ਗੁਰੂ ਨੇ ਏਨੀ ਔਖੀ ਕਸਵੱਟੀ ਲਾ ਕੇ ਭਾਈ ਮੰਝ ਵਰਗੇ ਗੁਰਸਿੱਖ ਤਿਆਰ ਕੀਤੇ ਸਨ ਤਾਂਹੀਓਂ ਅਠ੍ਹਾਰਵੀਂ ਸਦੀ ਵਿਚ ਮੁਗਲਾਂ ਦੇ ਅਸਹਿ ਤੇ ਅਕਹਿ ਜ਼ੁਲਮ ਝੱਲਣ ਦੇ ਬਾਵਜੂਦ ਕਿਸੇ ਇਕ ਵੀ ਸਿੱਖ ਨੇ ਜ਼ਿੰਦਗੀ ਦੀ ਭੀਖ ਮੰਗਦਿਆਂ ਸਿੱਖੀ ਨਹੀਂ ਛੱਡੀ।
1746 ਈਸਵੀ ਵਿਚ ਛੋਟਾ ਘੱਲੂਘਾਰਾ ਵਾਪਰਿਆ ਤਾਂ ਇਸ ਤੋਂ ਪਹਿਲਾਂ ਲਾਹੌਰ ਦੇ ਦੀਵਾਨ ਲੱਖਪੱਤ ਰਾਏ ਨੇ ਕਾਹਨੂੰਵਾਨ ਦੇ ਛੰਭ ਵਿਚ ਇਕੱਠੇ ਸਿੱਖਾਂ ਨੂੰ ਚੁਫੇਰਿਓਂ ਘੇਰਾ ਪਾ ਕੇ ਐਲਾਨ ਕੀਤਾ ਸੀ ਕਿ ਕੇਸ ਮੁਨਾ ਕੇ ਜੰਗਲ ਵਿਚੋਂ ਬਾਹਰ ਆਉਣ ਵਾਲੇ ਸਿੱਖ ਨੂੰ ਕੁਝ ਨਹੀਂ ਕਿਹਾ ਜਾਵੇਗਾ, ਪਰ ਮਿਸਾਲ ਹੈ ਕਿ ਕਿਸੇ ਇਕ ਵੀ ਸਿੱਖ ਨੇ ਐਸਾ ਨਾ ਕੀਤਾ ਤੇ ਲੱਖਪੱਤ ਰਾਏ ਨੇ ਸਾਰੇ ਜੰਗਲ ਨੂੰ ਅੱਗ ਲਵਾ ਦਿੱਤੀ ਅਤੇ ਜ਼ੁਲਮ ਦੇ ਖ਼ਿਲਾਫ ਆਪਣੇ ਸਿੱਖੀ ਸਿੱਦਕ ਖਾਤਰ ਲੜਦੇ ਹਜ਼ਾਰਾਂ ਸਿੰਘ, ਸਿੰਘਣੀਆਂ, ਬੱਚੇ ਤੇ ਬਜ਼ੁਰਗ ਸ਼ਹੀਦ ਹੋ ਗਏ।
ਅੱਜਕੱਲ੍ਹ ਜਿਹੜਾ ਇਹ ਬਿਰਤਾਂਤ ਚੱਲਿਆ ਹੈ ਕਿ ਬਹੁਤ ਸਾਰੇ ਲੋਕ ਗਰੀਬੀ ਕਾਰਨ ਸਿੱਖੀ ਤੋਂ ਟੁੱਟ ਕੇ ਇਸਾਈਅਤ ਨਾਲ ਜੁੜ ਰਹੇ ਹਨ, ਇਹ ਬਿਰਤਾਂਤ ਗੁਰਸਿੱਖੀ ਦੀ ਪ੍ਰੀਤ ਲੇਸ ਤੋਂ ਉੱਕੇ ਹੀ ਸੱਖਣੇ ਲੋਕਾਂ ਦਾ ਘੜਿਆ ਹੋਇਆ ਅਤੇ ਗੁਰਸਿੱਖੀ ਨੂੰ ਨਾ ਜਾਨਣ ਵਾਲੇ ਲੋਕ ਇਸ ਦਾ ਪ੍ਰਚਾਰ ਕਰਕੇ ਸਿੱਖਾਂ ਨੂੰ ਵੀ ਲਾਲਚ ਦੇ ਕੇ ਸਿੱਖੀ ਦਾ ਪ੍ਰਸਾਰ ਕਰਨ ਦੀਆਂ ਸਲਾਹਾਂ ਦੇ ਰਹੇ ਹਨ। ਇਹ ਤਾਂ ਸਿਆਸੀ ਵੋਟਰਾਂ ਵਰਗੀ ਗੱਲ ਹੋ ਗਈ ਕਿ ਇਕ ਸਿਆਸੀ ਪਾਰਟੀ ਜੇਕਰ ਇਕ ਹਜ਼ਾਰ ਰੁਪਏ ਵਿਚ ਵੋਟ ਖਰੀਦਦੀ ਹੈ ਤਾਂ ਦੂਜੀ ਧਿਰ ਦੋ ਹਜ਼ਾਰ ਵਿਚ ਖਰੀਦ ਲੈਂਦੀ ਹੈ। ਧਰਾਤਲ ਦੀ ਸਚਾਈ ਇਹ ਹੈ ਕਿ ਇਸ ਤਰ੍ਹਾਂ ਦੀਆਂ ਮੁੱਲ ਦੀਆਂ ਵੋਟਾਂ ਬਹੁਤ ਘੱਟ ਪ੍ਰਤੀਸ਼ਤਤਾ ਵਿਚ ਭੁਗਤਦੀਆਂ ਹੁੰਦੀਆਂ।
ਮੰਨ ਲਵੋ, ਜੇ ਕਿਸੇ ਨੂੰ ਲਾਲਚ ਦੇ ਕੇ ਸਿੱਖ ਬਣਾ ਲਵੋਗੇ ਤਾਂ ਕੀ ਭਰੋਸਾ ਕਿ ਕੱਲ੍ਹ ਨੂੰ ਕਿਸੇ ਹੋਰ ਦੇ ਵੱਡੇ ਲਾਲਚ ਵਿਚ ਆ ਕੇ ਉਹ ਸਿੱਖੀ ਨਹੀਂ ਛੱਡੇਗਾ। ਨਾਲੇ ਗੁਰੂ ਨੇ ਤਾਂ ਲਾਲਚੀ ਸਿੱਖ ਨਹੀਂ, ਸਿੱਦਕੀ ਸਿੱਖ ਬਣਾਏ ਸਨ। ਸਿੱਖ ਤਾਂ ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸ਼ਾਹਬਾਜ ਸਿੰਘ, ਭਾਈ ਸੁਬੇਗ ਸਿੰਘ ਵਰਗਾ ਹੁੰਦਾ ਹੈ, ਜਿਸ ਦੇ ਅੱਗੇ ਦੋ ਰਾਹ ਹੁੰਦੇ ਹਨ, ਮੌਤ ਵੱਟੇ ਸਿੱਖੀ ਜਾਂ ਦੀਨ ਕਬੂਲ ਕਰਕੇ ਪਦਾਰਥਕ ਸੁੱਖ। ਪਰ ਹਰ ਸਿੱਖ ਨੇ ਮੌਤ ਵੱਟੇ ਆਖਰੀ ਸੁਆਸਾਂ ਨਾਲ ਸਿੱਖੀ ਕਮਾਉਣ ਨੂੰ ਚੁਣਿਆ ਨਾ ਕਿ ਦੀਨ ਕਬੂਲ ਕਰਕੇ ਪਦਾਰਥਕ ਸੁੱਖ ਚੁਣੇ। ਜਿਹੜੇ ਲੋਕ ਪਦਾਰਥਾਂ ਪਿੱਛੇ ਸਿੱਖੀ ਛੱਡਣ ਦਾ ਫੈਸਲਾ ਕਰਦੇ ਹਨ, ਉਹ ਤਾਂ ਕਿਸੇ ਭੁਲੇਖੇ ਵਿਚ ਸਿੱਖ ਬਣੇ ਸਨ, ਉਹ ਸਿੱਖ ਤਾਂ ਹੈ ਹੀ ਨਹੀਂ ਸਨ। ਨਾ ਹੀ ਗੁਰੂ ਨੂੰ ਐਸੇ ਸਿੱਖਾਂ ਦੀ ਲੋੜ ਹੈ। ਇਸ ਕਰਕੇ ਜੋ ਲੋਕ ਪਦਾਰਥਾਂ ਪਿੱਛੇ ਸਿੱਖੀ ਛੱਡ ਰਹੇ ਹਨ, ਉਨ੍ਹਾਂ ਵੱਲ ਉੱਕਾ ਹੀ ਧਿਆਨ ਦੇਣ ਦੀ ਲੋੜ ਨਹੀਂ ਹੈ ਬਲਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਜੀਵਨ ਮੰਤਰਾਂ ਨੂੰ ਆਪਣੇ ਅਮਲ ਦਾ ਅਟੁੱਟ ਹਿੱਸਾ ਬਣਾਉਣ ਦੀ ਲੋੜ ਹੈ ਤਾਂ ਜੋ ਗੁਰਸਿੱਖੀ ਦਾ ਐਸਾ ਅਸਲ ਪ੍ਰਚਾਰ ਹੋ ਸਕੇ, ਜਿਸ ਸਦਕਾ ਪਾਰਸ ਦੀ ਛੋਹ ਨਾਲ ਲੋਹੇ ਦੇ ਪਾਰਸ ਬਣਨ ਵਾਂਗ ਸੱਚੇ ਗੁਰਸਿੱਖ ਦੀ ਸੰਗਤ ਵਿਚ ਆਉਣ ਵਾਲਾ ਹਰ ਕੋਈ ਸੱਚਾ ਤੇ ਸਿਦਕੀ ਸਿੱਖ ਬਣ ਸਕੇ।
 ਜਿਵੇਂ ਗੁਰ ਫਰਮਾਨ ਹੈ-
ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ॥
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ॥...॥੧॥
(ਸਲੋਕੁ ਮ: ੩, ਅੰਗ: ੬੪੯)
-ਤਲਵਿੰਦਰ ਸਿੰਘ ਬੁੱਟਰ
Leave a Reply