ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਗਿਆ ਭਾਈ ਲਾਲੋ ਜੀ ਦਾ ਜਨਮ ਦਿਹਾੜਾ
- ਧਾਰਮਿਕ/ਰਾਜਨੀਤੀ
- 24 Sep, 2025 09:44 PM (Asia/Kolkata)
ਅੰਮ੍ਰਿਤਸਰ, 24 ਸਤੰਬਰ ਜੁਗਰਾਜ ਸਿੰਘ ਸੰਧੂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਰਨੈਲ ਸਿੰਘ ਕੋਹਾੜਕਾ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਸੰਗਤ ਨੂੰ ਪਾਵਨ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਪਲਵਿੰਦਰਪਾਲ ਸਿੰਘ ਨੇ ਸਰਵਣ ਕਰਵਾਇਆ।
ਗਿਆਨੀ ਪਲਵਿੰਦਰਪਾਲ ਸਿੰਘ ਨੇ ਭਾਈ ਲਾਲੋ ਜੀ ਦੇ ਜੀਵਨ ਸਬੰਧੀ ਵਿਚਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਜੀਵਨ ਸਮਾਜ ਲਈ ਇਕ ਸੁਚੱਜਾ ਮਾਰਗ ਦਰਸ਼ਨ ਹੈ, ਜਿਸ ਤੋਂ ਅਗਵਾਈ ਲੈ ਕੇ ਧਰਮ ਦੀ ਕਿਰਤ ਕਰਦਿਆਂ ਕਰਤਾ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਜੀ ਨੂੰ ਬੇਹੱਦ ਸਨਮਾਨ ਦੇ ਕੇ ਮਨੁੱਖਤਾ ਨੂੰ ਸੱਚੀ ਕਿਰਤ ਕਰਨ ਦਾ ਉਪਦੇਸ਼ ਕੀਤਾ ਹੈ। ਉਨ੍ਹਾਂ ਸੰਗਤ ਨੂੰ ਭਾਈ ਲਾਲੋ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਕੀਤੀ।
ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਜਨਲਰ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਸ. ਬਿਕਰਮਜੀਤ ਸਿੰਘ ਝੰਗੀ, ਪ੍ਰਚਾਰਕ ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ, ਰਾਮਗੜ੍ਹੀਆ ਅਕਾਲ ਜਥੇਬੰਦੀ ਪੰਜਾਬ ਤੋਂ ਸ. ਹਰਜੀਤ ਸਿੰਘ ਰਾਮਗੜ੍ਹੀਆ, ਸ. ਬਲਵਿੰਦਰ ਸਿੰਘ ਕਲਸੀ, ਸ. ਜਗਜੀਤ ਸਿੰਘ ਸੱਗੂ, ਸ. ਰਾਮ ਸਿੰਘ ਧੀਮਾਨ, ਸ. ਕੰਵਰਬੀਰ ਸਿੰਘ ਮੰਜ਼ਲ ਸਮੇਤ ਸੰਗਤਾਂ ਹਾਜ਼ਰ ਸਨ।
Leave a Reply