ਆਪਣੇ ਸਿਰ ਦਾ ਤਾਜ (ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਤੁਗਲਵਾਲਾ) ਦੀ ਸ਼ਹਾਦਤ ਨੂੰ ਸਮਰਪਿਤ
- ਗੁਰਬਾਣੀ-ਇਤਿਹਾਸ
- 09 Apr, 2025 03:35 PM (Asia/Kolkata)
ਆਪਣੇ ਸਿਰ ਦਾ ਤਾਜ (ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਉਰਫ ਬਾਬਾ ਨੰਦ ਤੁਗਲਵਾਲਾ) ਦੀ ਸ਼ਹਾਦਤ ਨੂੰ ਸਮਰਪਿਤ :-
18 ਅਪ੍ਰੈਲ 1958, ਕਿੰਨਾ ਸੁਭਾਗਾ ਦਿਨ ਹੋਵੇਗਾ ਜਦੋਂ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਬਹੁਤ ਹੀ ਮਸ਼ਹੂਰ ਪਿੰਡ ਤੁਗਲਵਾਲਾ ਦੀ ਪਵਿੱਤਰ ਧਰਤੀ 'ਤੇ ਮਾਤਾ ਸੁਰਿੰਦਰ ਕੌਰ ਦੀ ਸੁਭਾਗੀ ਕੁੱਖੋਂ, ਪਿਤਾ ਸ੍ਰ. ਜਸਵੰਤ ਸਿੰਘ ਦੇ ਘਰ ਇਸ ਕੋਹਿਨੂਰ ਹੀਰੇ ਦਾ ਜਨਮ ਹੋਇਆ l ਉਦੋਂ ਤਾਂ ਕਿਸੇ ਦੇ ਚਿੱਤ - ਚੇਤੇ ਵੀ ਨਹੀਂ ਹੋਣਾ ਕਿ ਏਹੀ ਬੱਚਾ ਕਿਸੇ ਰੋਜ਼ ਨੂੰ ਆਪਣੀ ਐਸ਼-ਆਰਾਮ ਦੀ ਜਿੰਦਗੀ ਛੱਡ ਕੇ, ਆਪਣੀ ਸਰਕਾਰੀ ਤੇ ਸ਼ਾਹੀ ਨੌਕਰੀ ਨੂੰ ਠੁੱਡ ਮਾਰ ਕੇ, 20ਵੀੰ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਪਣੇ ਕੌਮੀ ਘਰ ਖਾਲਿਸਤਾਨ ਦੀ ਉਸਾਰੀ ਦੇ ਲਈ ਜੋ ਹਥਿਆਰਬੰਦ ਸੰਘਰਸ਼ ਵਿੱਢਿਆ ਗਿਆ ਸੀ, ਉਸ ਵਿਚ ਬੜੀ ਬਹਾਦਰੀ, ਹਿੰਮਤ ਤੇ ਦਲੇਰੀ ਦੇ ਨਾਲ ਜੂਝਦਾ ਹੋਇਆ, ਪੰਥ ਨਿੰਦਕਾਂ ਨੂੰ ਸੋਧੇ ਲਾਉਂਦਾ ਹੋਇਆ, ਅੰਤ ਸ਼ਹਾਦਤ ਦਾ ਪਿਰਮ ਪਿਆਲਾ ਪੀ ਕੇ ਆਪਣਾ ਤੇ ਪਿੰਡ ਦਾ ਨਾਂ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੇ ਸੁਨਿਹਰੀ ਪੰਨਿਆਂ 'ਤੇ ਲਿਖਵਾ ਕੇ, ਦੁਨੀਆਂ ਦੇ ਕੋਨੇ-ਕੋਨੇ ਵਿੱਚ ਰੁਸ਼ਨਾ ਕੇ ਹਮੇਸ਼ਾ ਲਈ ਅਮਰ ਹੋ ਜਾਵੇਗਾ l
ਪਰਮਜੀਤ ਜੀ, ਅੱਜ ਤੁਹਾਡਾ 34ਵਾਂ ਸ਼ਹੀਦੀ ਦਿਹਾੜਾ ਆਪਣੇ ਕੌਮੀ ਘਰ ਖਾਲਿਸਤਾਨ ਦੀ ਉਸਾਰੀ ਦੇ ਲਈ ਸੰਘਰਸਸ਼ੀਲ ਪੰਥ ਦੀਆਂ ਸਿਰਮੌਰ ਜਥੇਬੰਦੀਆਂ, ਕਵੀਸ਼ਰੀ ਜੱਥਿਆਂ ਤੇ ਪੰਥਕ ਬੁਲਾਰਿਆਂ ਵੱਲੋਂ ਤੁਹਾਡੀ ਸੋਚ, ਕੌਮ ਲਈ ਮਰ ਮਿਟਣ ਵਾਲੇ ਤੁਹਾਡੇ ਪੰਥਕ ਜਜ਼ਬੇ ਤੇ ਜੁਝਾਰੂ ਗਤੀਵਿਧੀਆਂ ਨੂੰ ਤਾਜ਼ਾ ਕੀਤਾ ਜਾ ਰਿਹਾ ਹੈ l
ਪਰਮਜੀਤ, ਮੈਂ ਮੰਨਦੀ ਹਾਂ ਕਿ ਮੌਤ ਇੱਕ ਅਟੱਲ ਸੱਚਾਈ ਹੈ l ਜਿਵੇਂ ਕਿ ਗੁਰਬਾਣੀ ਫੁਰਮਾਨ ਹੈ :-
" ਜੋ ਉਪਜਿੳ ਸੋ ਬਿਨਸ ਹੈ
ਪਰਉ ਆਜ ਕੇ ਕਾਲ l "
ਭਾਵ ਜੋ ਵੀ ਜੀਵ ਇਸ ਧਰਤੀ 'ਤੇ ਜਨਮ ਲੈਂਦਾ ਹੈ, ਜਨਮ ਦੇ ਨਾਲ ਹੀ ਉਸਦਾ ਕਾਲ ਭਾਵ ਮੌਤ ਵੀ ਨਿਸ਼ਚਿਤ ਹੈ l ਮੈਂਨੂੰ ਅੱਜ ਵੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਕੁਝ ਸਿੰਘਾਂ ਨੇ ਤੁਹਾਨੂੰ ਤੇ ਮੈਂਨੂੰ, ਦੋਵਾਂ ਨੂੰ ਹੀ ਪੰਜਾਬ ਛੱਡ ਕੇ ਬਾਹਰ ਵਿਦੇਸ਼ ਵਿਚ ਜਾ ਕੇ ਰਹਿਣ ਦੀ ਸਲਾਹ ਦਿੱਤੀ ਸੀ, ਤਾਂ ਆਪਣੇ ਉਹਨਾਂ ਸ਼ੁੱਭਚਿੰਤਕਾਂ ਨੂੰ ਜੋ ਤੁਸੀਂ ਜੁਆਬ ਵਿਚ ਕਿਹਾ ਸੀ, ਸੱਚਮੁੱਚ ਉਹਨਾਂ ਸ਼ਬਦਾਂ ਨੇ ਤਾਂ ਜਿਵੇਂ ਮੈਂਨੂੰ ਕੀਲ ਹੀ ਲਿਆ ਸੀ, ਬਹੁਤ ਮਾਣ ਮਹਿਸੂਸ ਹੋਇਆ ਸੀ ਤੁਹਾਡਾ ਜੁਆਬ ਸੁਣ ਕੇ l ਤੁਸੀਂ ਕਿਹਾ ਸੀ, " ਨਹੀਂ, ਕੁੱਝ ਵੀ ਹੋ ਜਾਵੇ, ਮੈਂ ਮੌਤ ਤੋਂ ਡਰ ਕੇ, ਆਪਣਾ ਪੰਜਾਬ ਛੱਡ ਕੇ ਕਿੱਧਰੇ ਨਹੀਂ ਜਾਵਾਂਗਾ l ਕਿਉਂਕਿ ਮੇਰੇ ਜਨਮ ਦੇ ਨਾਲ ਹੀ ਉਸ ਅਕਲਪੁਰਖ ਨੇ ਇਹ ਵੀ ਤਹਿ ਕੀਤਾ ਹੋਇਆ ਹੈ ਕਿ ਮੇਰੀ ਮੌਤ ਕਦੋਂ, ਕਿੱਥੇ ਤੇ ਕਿਵੇਂ ਹੋਣੀ ਹੈ l ਜਦੋਂ ਸਾਡਾ ਜਨਮ- ਮਰਨ ਹੈ ਹੀ ਉਸ ਵਾਹਿਗੁਰੂ ਦੇ ਹੱਥ ਹੈ ,ਤਾਂ ਫੇਰ ਮੌਤ ਤੋਂ ਡਰ ਕੇ ਏਧਰ ਓਧਰ ਕਿਉ ਭੱਜਣਾ ? " ਤੇ ਉਸ ਸਮੇਂ ਤੁਹਾਡੇ ਕਹੇ ਹੋਏ ਇਹ ਬੋਲ ਹੈ ਵੀ ਬਿਲਕੁਲ ਸੱਚੇ ਸਨ l
ਜਦੋਂ ਸਾਨੂੰ ਪਤਾ ਹੀ ਹੈ ਕਿ ਮੌਤ ਇੱਕ ਅਟੱਲ ਸੱਚਾਈ ਹੈ l ਕੋਈ ਬੀਮਾਰੀ ਨਾਲ, ਕੋਈ ਐਕਸੀਡੈਂਟ ਨਾਲ, ਕੋਈ ਆਪਸੀ ਦੁਸ਼ਮਣੀ ਦਾ ਸ਼ਿਕਾਰ ਹੋ ਕੇ ਕਤਲ ਹੋ ਕੇ ਮਰਦਾ ਹੈ, ਤਾਂ ਫੇਰ ਕਿਉ ਨਾ ਆਪਣੀ ਇਸ ਨਿਮਾਣੀ ਜਿਹੀ ਜ਼ਿੰਦ ਨੂੰ ਕੌਮ ਦੇ ਲੇਖੇ ਲਾ ਕੇ, ਸ਼ਹਾਦਤ ਦਾ ਜਾਮ ਪੀ ਕੇ ਦਸਮੇਸ਼ ਪਿਤਾ ਜੀ ਦੀ ਨਿੱਘੀ ਗੋਦ ਦਾ ਨਿੱਘ ਮਾਣਿਆ ਜਾਵੇ l ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਡਾ ਇਹ ਪੰਥਕ ਸੋਚ ਵਾਲਾ ਜੁਝਾਰੂ ਜਜ਼ਬਾ ਹੀ ਤੁਹਾਨੂੰ ਆਪਣੇ ਕੌਮੀ ਘਰ ਖਾਲਿਸਤਾਨ ਦੀ ਉਸਾਰੀ ਦੇ ਲਈ ਵਿੱਢੇ ਹਥਿਆਰਬੰਦ ਸੰਘਰਸ਼ ਵਿਚ ਕੁੱਦ ਕੇ ਸ਼ਹੀਦੀ ਪਾਉਣ ਵੱਲ ਮੋੜ ਲਿਆਇਆ। ਤੇ ਇਹ ਸ਼ਹਾਦਤ ਦਾ ਜਾਮ ਪੀਣ ਦਾ ਮੌਕਾ ਵੀ ਤਾਂ ਕਿਸੇ ਵਿਰਲੇ ਤੇ ਭਾਗਾਂ ਵਾਲੇ ਨੂੰ ਹੀ ਨਸੀਬ ਹੁੰਦਾ ਹੈ l
ਪਰਮ ,ਤੁਸੀਂ ਸਿੱਖ ਪੰਥ ਦੀ ਆਨ, ਬਾਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਸ਼ਹਾਦਤ ਦਾ ਜਾਮ ਪੀਤਾ, ਮੈਂਨੂੰ ਕੋਈ ਅਫਸੋਸ ਨਹੀਂ l ਸਗੋਂ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਇਸ ਸੁਨਿਹਰੀ ਮੌਕੇ ਤੁਸੀਂ ਮੈਂਨੂੰ ਆਪਣਾ ਭਾਗੀਦਾਰ ਕਿਉਂ ਨਹੀਂ ਬਣਾਇਆ? ਜਦੋਂ ਕਿ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਇਕੱਠੇ ਜਿਉਣ - ਮਰਨ ਦਾ l ਪਰ ਤੁਸੀਂ ਵਾਅਦਾ ਨਹੀਂ ਨਿਭਾਇਆ l ਪਰ ਇਸ ਦੇ ਲਈ ਤੁਸੀਂ ਆਪਣੇ ਆਪ ਨੂੰ ਦੋਸ਼ੀ ਨਾ ਸਮਝਿਉ l ਹੋ ਸਕਦਾ ਮੇਰੀ ਹੀ ਭਗਤੀ ਵਿਚ ਕੋਈ ਕਮੀ ਰਹਿ ਗਈ ਹੋਵੇ, ਜੋ ਉਸ ਸਮੇਂ ਤੁਹਾਡੇ ਨਾਲ ਹੁੰਦੇ ਹੋਏ ਵੀ ਮੈਂ ਇਸ ਅਣਮੁੱਲੀ ਦਾਤ ਤੋਂ ਵਾਂਝੀ ਰਹਿ ਗਈ l ਇਹ ਵੀ ਹੋ ਸਕਦਾ ਕਿ ਵਾਹਿਗੁਰੂ ਜੀ ਨੇ ਮੇਰੇ ਤੋਂ ਅਜੇ ਹੋਰ ਸੇਵਾ ਲੈਣੀ ਹੋਵੇ ਤਾਂ ਕੀ ਤੁਹਾਡੇ ਅਧੂਰੇ ਰਹਿ ਗਏ ਕਾਰਜਾਂ ਵਿਚ ਮੈਂ ਵੀ ਕੋਈ ਯੋਗਦਾਨ ਪਾ ਸਕਾਂ l ਖੈਰ ਕੋਈ ਗੱਲ ਨਹੀਂ ਪਰਮਜੀਤ, ਤੁਸੀਂ ਜੋ ਮੈਂਨੂੰ ਇੱਕ ਪਵਿੱਤਰ ਤੇ ਅਨੋਖਾ ਰੁਤਬਾ ਦਿੱਤਾ, " ਇੱਕ ਕੌਮੀ ਸ਼ਹੀਦ ਦੀ ਸਿੰਘਣੀ ਅਖਵਾਉਣ ਦਾ, ਮੇਰੇ ਲਈ ਇਹੀ ਬਹੁਤ ਮਾਣ ਵਾਲੀ ਗੱਲ ਹੈ l
ਪਰਮ , ਮੈਂਨੂੰ ਏਸ ਗੱਲ ਦਾ ਵੀ ਕੋਈ ਅਫਸੋਸ ਨਹੀਂ ਕਿ ਆਪਣੀ ਸਵਾ ਕੁ ਪੰਜ ਸਾਲ ਦੀ ਵਿਆਹੁਤਾ ਜ਼ਿੰਦਗੀ ਇੱਕ ਪਤੀ ਪਤਨੀ ਦੀ ਤਰ੍ਹਾਂ ਕੇਵਲ ਚੰਦ ਕੁ ਦਿਨ ਹੀ ਰਿਹਾ ਕਿਉਂਕਿ ਵਿਆਹ ਤੋਂ ਬਾਅਦ ਜਿੱਥੇ ਤੁਹਾਡੀ ਸਾਰੀ ਜ਼ਿੰਦਗੀ ਜੇਲ੍ਹਾਂ ਵਿਚ ਜਾਂ ਭਗੌੜੇ ਰਹਿ ਕੇ ਲੰਘੀ, ਓਥੇ ਮੈਂਨੂੰ ਵੀ ਜਿਆਦਾ ਸਮਾ ਏਧਰ ਓਧਰ ਰਹਿ ਕੇ ਹੀ ਲੰਘਾਉਣਾ ਪਿਆ, ਕਿਉਂਕਿ ਵਿਆਹ ਤੋਂ ਪਹਿਲਾਂ ਜੋ ਮੇਰੇ ਪਠਾਨਕੋਟ ਵਾਲੇ ਕੇਸ ਸਨ, ਮੇਰਾ ਪਿੱਛਾ ਨਹੀਂ ਸੀ ਛੱਡ ਰਹੇ l ਪਰ ਇਸਦੇ ਬਾਵਜੂਦ ਮੇਰੇ ਲਈ ਤਾਂ ਇਹਨਾਂ ਸਵਾ ਪੰਜ ਸਾਲਾਂ 'ਚ ਬਿਤਾਇਆ ਇੱਕ ਇੱਕ ਪਲ ਯਾਦਗਾਰੀ ਪਲ ਰਿਹਾ ਹੈ l ਮੈਂਨੂੰ ਤਾਂ ਅੱਜ ਵੀ ਨਹੀਂ ਲੱਗਦਾ ਕਿ ਮੈਂ ਇਕੱਲੀ ਹਾਂ l ਇੰਝ ਲੱਗਦਾ ਜਿਵੇਂ ਕਿ ਤੁਸੀਂ ਹਰ ਵਕਤ ਮੇਰੇ ਨਾਲ ਹੋਵੋ, ਤੇ ਮੇਰੀਆਂ ਗਤੀਵਿਧੀਆਂ ਨੂੰ ਲੈ ਕੇ ਮਨ ਹੀ ਮਨ ਵਿਚ ਖੁਸ਼ ਹੋ ਰਹੇ ਹੋਵੋ l
ਤੁਹਾਡੀ ਸੋਚ ਨੂੰ ਜ਼ਿੰਦਾ ਰੱਖਣ ਦੇ ਲਈ, ਤੁਹਾਡੀ ਸ਼ਹਾਦਤ ਤੋਂ ਬਾਅਦ ਵੀ ਮੇਰੀ ਜ਼ਿੰਦਗੀ ਦਾ ਇੱਕ ਇੱਕ ਪਲ, ਇੱਕ ਇੱਕ ਸਾਹ ਤੁਹਾਡੀ ਸੋਚ ਨੂੰ ਸਮੱਰਪਿਤ ਰਿਹਾ ਹੈ l ਤੁਸੀਂ ਹਮੇਸ਼ਾਂ ਕਹਿੰਦੇ ਹੁੰਦੇ ਸੀ, " ਕੁਲਵਿੰਦਰ, ਕੋਈ ਅਜਿਹਾ ਕੰਮ ਨਹੀਂ ਕਰਨਾ ਜਿਸ ਨਾਲ ਪੰਥ ਦੀ ਮਾਣ ਮਰਿਆਦਾ ਨੂੰ ਸੱਟ ਵਜੇ, ਤੇਰੇ ਪਰਮ ਦੇ ਨਾਂ ਨੂੰ ਕੋਈ ਧੱਬਾ ਲੱਗੇ l ਤੁਹਾਡੇ ਬੋਲ ਮੈਨੂੰ ਯਾਦ ਹਨ, ਤੁਹਾਡੀ ਬੱਚੀ ਮੇਰੇ ਕੋਲ ਤੁਹਾਡੀ ਵੱਡੀ ਨਿਸ਼ਾਨੀ ਹੈ, ਸੁਭਾਗੀ ਗੱਲ ਇਹ ਵੀ ਹੈ ਕਿ ਪੰਥਕ ਸਫ਼ਾਂ ਵਿੱਚ ਵਿਚਰਦਿਆਂ ਮੇਰਾ ਇੱਕ ਐਸੇ ਗੁਰਸਿੱਖ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਨਾਲ ਵੀ ਗੂੜ੍ਹੀ ਸਾਂਝ ਪੈ ਗਈ ਜੋ ਮੇਰੇ ਪੁੱਤਰ ਸਮਾਨ ਹੈ ਤੇ ਉਹ ਵੀ ਮੈਨੂੰ ਆਪਣੀ ਮਾਂ ਵਾਂਗ ਸਮਝ ਕੇ ਮੇਰਾ ਸਾਥ ਦਿੰਦਾ ਹੈ।
ਸੱਚਮੁੱਚ ਸਰਦਾਰ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਦੀ ਮਿਹਰ ਸਦਕਾ ਮੈਂ ਤੁਹਾਡੀ ਸੋਚ 'ਤੇ ਪਹਿਰਾ ਦਿੰਦਿਆਂ ਹੋਇਆਂ, ਤੇਰੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਜ ਤੱਕ ਸੰਘਰਸ਼ੀ ਜੀਵਨ ਹੀ ਜੀ ਰਹੀ ਹਾਂ ਅਤੇ ਤੁਹਾਡੇ ਨਾਲ ਕੀਤੇ ਵਾਅਦੇ ਅਨੁਸਾਰ ਮੇਰੀ ਜ਼ਿੰਦਗੀ ਦਾ ਆਖਰੀ ਸਾਹ ਵੀ ਆਪਣੇ ਕੌਮੀ ਘਰ ਖਾਲਿਸਤਾਨ ਨੂੰ ਹੀ ਸਮਰਪਿਤ ਹੋਵੇਗਾ l
" ਪਰਮਜੀਤ ਤੇਰੀ ਮੈਂ ਯਾਦ ਅੰਦਰ,
ਹੰਝੂ ਅੱਖ 'ਚੋਂ ਇੱਕ ਨਹੀਂ ਵਹਿਣ ਦੇਣਾ l
ਸੁਪਨੇ ਤੇਰੇ ਅਧੂਰੇ ਜੋ ਰਹਿ ਗਏ ਨੇ,
ਅਧੂਰਾ ਇੱਕ ਵੀ ਸੁਪਨਾ ਨਹੀਂ ਰਹਿਣ ਦੇਣਾ l
ਹੱਥ ਫੜਾਂਗੀ ਤੇਰੀ ਬੰਦੂਕ ਨੂੰ ਮੈਂ,
ਜ਼ੁਲਮ ਕੌਮ ਨੂੰ ਹੋਰ ਨਹੀਂ ਸਹਿਣ ਦੇਣਾ l
ਜਦੋਂ ਤੱਕ ਸਰੀਰ ਵਿਚ ਦਮ ਹੈ ਏ ,
ਟਿੱਕ ਕੇ ਵੈਰੀ ਨੂੰ ਜਰਾ ਨਹੀਂ ਬਹਿਣ ਦੇਣਾ l
- ਕੁਲਵਿੰਦਰ ਕੌਰ ਖਾਲਸਾ
(ਸੁਪਤਨੀ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ)
Leave a Reply