ਸਿੱਖ ਗੁਰੂਆਂ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੀ ਭਾਜਪਾ ਬੇਅਦਬੀਆਂ ਦੇ ਦੋਸ਼ੀਆਂ ਤੇ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ : ਫੈਡਰੇਸ਼ਨ ਭਿੰਡਰਾਂਵਾਲਾ

ਸਿੱਖ ਗੁਰੂਆਂ ਦੇ ਸਤਿਕਾਰ ਦਾ ਦਾਅਵਾ ਕਰਨ ਵਾਲੀ ਭਾਜਪਾ  ਬੇਅਦਬੀਆਂ ਦੇ ਦੋਸ਼ੀਆਂ ਤੇ ਬਲਾਤਕਾਰੀਆਂ ਨੂੰ ਸ਼ਹਿ ਦੇ ਰਹੀ ਹੈ  : ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 10 ਅਪ੍ਰੈਲ ( ਨਜ਼ਰਾਨਾ ਟਾਈਮਜ ਬਿਊਰੋ )

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹ ਬਿਆਨ ਦੇ ਰਹੇ ਹਨ ਕਿ ਉਹ ਸਿੱਖ ਗੁਰੂਆਂ ਦਾ ਬਹੁਤ ਸਤਿਕਾਰ ਕਰਦੇ ਹਨ ਅਤੇ ਸਿੱਖਾਂ ਦੇ ਹਮਾਇਤੀ ਹਨ। ਪਰ ਭਾਜਪਾ ਸਰਕਾਰ ਤਾਂ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਦੇ ਮੁੱਖ ਦੋਸ਼ੀ, ਕਲਗੀਧਰ ਪਾਤਸ਼ਾਹ ਦਾ ਸਵਾਂਗ ਰਚਣ ਵਾਲੇ, ਅਨੇਕਾਂ ਸਿੰਘਾਂ ਨੂੰ ਸ਼ਹੀਦ ਕਰਨ ਵਾਲੇ, ਪੰਥ ਦੋਖੀ, ਬਲਾਤਕਾਰੀ ਤੇ ਕਾਤਲ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੀ ਹੈ, ਇਹ ਸਿੱਖਾਂ ਨੂੰ ਪੀੜ ਤੇ ਸੰਤਾਪ ਦੇਣ ਵਾਲੀ ਗੱਲ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਮਿਤ ਸ਼ਾਹ ਆਖਦੇ ਹਨ ਕਿ ਭਿੰਡਰਾਂਵਾਲੇ ਬਣਨ ਵਾਲੇ ਅਸਾਮ ਦੀਆਂ ਜੇਲ੍ਹਾਂ 'ਚ ਪਾਠ ਕਰ ਰਹੇ ਹਨ ਤੇ ਉਹ ਕਿਸੇ ਨੂੰ ਭਿੰਡਰਾਂਵਾਲਾ ਨਹੀਂ ਬਣਨ ਦੇਣਗੇ। ਜਿਸ ਦਾ ਸਿੱਧਾ ਮਤਲਬ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵਾਰਸਾਂ ਨੂੰ ਤਾਂ ਭਾਜਪਾ ਜੇਲ੍ਹਾਂ ਵਿੱਚ ਡੱਕ ਰਹੀ ਹੈ ਪਰ ਸੰਤ ਭਿੰਡਰਾਂਵਾਲੇ ਆਖਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕਿਸੇ ਵੀ ਧੀ ਭੈਣ ਦਾ ਬਲਾਤਕਾਰ ਨਹੀਂ ਹੋਣ ਦਿਆਂਗੇ, ਨਸ਼ਾ ਨਹੀਂ ਵਿਕਣ ਦਿਆਂਗੇ ਅਤੇ ਹੱਕ ਤੇ ਅਜ਼ਾਦੀ ਲੈ ਕੇ ਰਹਾਂਗੇ। ਸੰਤ ਭਿੰਡਰਾਂਵਾਲਿਆਂ ਦੇ ਉਲਟ ਜਾ ਕੇ ਭਾਜਪਾ ਸਰਕਾਰ ਤਾਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਬਾਹਰ ਕੱਢ ਕੇ ਬੇਅਦਬੀਆਂ ਅਤੇ ਬਲਾਤਕਾਰਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਨਸ਼ਿਆਂ ਦੇ ਦਰਿਆ ਵਗਾ ਕੇ ਲੋਕਾਂ ਦੇ ਹੱਕ ਅਤੇ ਅਜ਼ਾਦੀ ਖੋਹ ਰਹੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ, ਡੇਰਾ ਸਿਰਸਾ ਮੁਖੀ ਦੀ ਹਮਾਇਤ ਲੈ ਕੇ ਪਹਿਲਾਂ ਬਾਦਲਕੇ ਗਰਕ ਹੋਏ ਤੇ ਹੁਣ ਭਾਜਪਾ ਦੀ ਵਾਰੀ ਹੈ। ਡੇਰਾ ਸਿਰਸਾ ਮੁਖੀ ਪ੍ਰਤੀ ਪਿਆਰ ਵਿਖਾ ਕੇ ਭਾਜਪਾ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਦੇ ਮਨਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਕੁਲ ਵੀ ਸਤਿਕਾਰ ਨਹੀਂ ਹੈ। ਭਾਜਪਾ ਵੀ ਕਾਂਗਰਸ ਅਤੇ ਬਾਦਲਕਿਆਂ ਵਾਂਗ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਦੋਸ਼ੀ ਹੈ। ਇੱਕ ਪਾਸੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਭਾਜਪਾ 'ਚ ਗਏ ਸਿੱਖ ਆਗੂ ਜੋ ਬੰਦੀ ਸਿੰਘਾਂ ਨੂੰ ਤਾਂ ਰਿਹਾਅ ਨਹੀਂ ਕਰਵਾ ਸਕੇ, ਸਿੱਖ ਮਸਲੇ ਹੱਲ ਨਹੀਂ ਕਰਵਾ ਸਕੇ, ਉਲਟਾ ਸਿੱਖ ਕੌਮ ਨੂੰ ਹਿੰਦੂਤਵ ਦੇ ਡੂੰਘੇ ਸਮੁੰਦਰ 'ਚ ਸੁੱਟ ਰਹੇ ਹਨ। ਉਹਨਾਂ ਕਿਹਾ ਕਿ ਸਿਰਸੇ ਵਾਲੇ ਪਖੰਡੀ ਨੂੰ ਭਾਜਪਾ ਸਰਕਾਰ ਵੋਟ ਬੈਂਕ ਵਜੋਂ ਵਰਤ ਰਹੀ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਸਮਰਥਨ ਦੇਣ ਵਾਲੇ ਸਿਆਸੀ ਸਿੱਖ ਆਗੂ ਅਤੇ ਸੰਪਰਦਾਵਾਂ ਦੇ ਮੁਖੀ ਤਾਂ ਪੰਥ ਦੋਖੀ ਡੇਰਾ ਸਿਰਸਾ ਦੇ ਮੁਖੀ ਦੀ ਭਾਜਪਾ ਸਰਕਾਰ ਕੋਲੋਂ ਪੈਰੋਲ ਵੀ ਨਹੀਂ ਰੁਕਵਾ ਸਕੇ, ਤੇ ਉਲਟਾ ਇਸ ਮਾਮਲੇ 'ਤੇ ਚੁੱਪੀ ਧਾਰਨ ਕਰਕੇ ਬੈਠੇ ਹਨ। ਉਹਨਾਂ ਨੇ ਬੰਦੀ ਸਿੰਘਾਂ ਨੂੰ ਤਾਂ ਕੀ ਰਿਹਾਅ ਕਰਵਾਉਣਾ ਸੀ, ਸਗੋਂ ਅਣਖੀਲੀ ਸਿੱਖ ਕੌਮ ਨੂੰ ਭਾਜਪਾ ਕੋਲ ਵੇਚ ਰਹੇ ਹਨ।