ਡੇਰਿਆਂ ’ਤੇ ਜਾਣ ਵਾਲੇ ਪ੍ਰਚਾਰਕਾਂ ਦੀ ਜਵਾਬਦੇਹੀ ’ਤੇ ਸਵਾਲ
- ਅੰਤਰਰਾਸ਼ਟਰੀ
- 26 Jan, 2026 02:02 PM (Asia/Kolkata)
ਲੁਧਿਆਣਾ, ਕੰਵਰ ਪ੍ਰਤਾਪ ਸਿੰਘ
ਸਿੱਖ ਮਿਸ਼ਨਰੀ ਫੈਡਰੇਸ਼ਨ ਇੰਟਰਨੈਸ਼ਨਲ ਦੇ ਆਗੂਆਂ ਨੇ ਡੇਰਿਆਂ ਅਤੇ ਮਨਮਤੀ ਅਸਥਾਨਾਂ ’ਤੇ ਜਾਣ ਵਾਲੇ ਕੁਝ ਪ੍ਰਚਾਰਕਾਂ, ਢਾਡੀਆਂ ਅਤੇ ਰਾਗੀਆਂ ਦੀ ਭੂਮਿਕਾ ’ਤੇ ਗੰਭੀਰ ਸਵਾਲ ਖੜੇ ਕੀਤੇ ਹਨ। ਆਗੂਆਂ ਦਾ ਕਹਿਣਾ ਹੈ ਕਿ ਇਹ ਪ੍ਰਚਾਰਕ ਅਕਸਰ ਅਜਿਹੇ ਡੇਰਿਆਂ ’ਤੇ ਹਾਜ਼ਰੀ ਲਗਾਉਂਦੇ ਹਨ, ਜਿੱਥੇ ਗੁਰਮਤਿ ਦੇ ਉਲਟ ਰਸਮਾਂ ਅਤੇ ਕਰਮਕਾਂਡ ਹੋ ਰਹੇ ਹੁੰਦੇ ਹਨ, ਪਰ ਉਨ੍ਹਾਂ ਵੱਲੋਂ ਉੱਥੇ ਹੋ ਰਹੀ ਮਨਮੱਤ ’ਤੇ ਕੋਈ ਆਵਾਜ਼ ਨਹੀਂ ਉਠਾਈ ਜਾਂਦੀ।
ਬਿਆਨ ਵਿੱਚ ਕਿਹਾ ਗਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਢਾਡੀ ਪਰੰਪਰਾ ਕੌਮ ਵਿੱਚ ਜੋਸ਼ ਅਤੇ ਸ਼ਹੀਦੀ ਚੇਤਨਾ ਪੈਦਾ ਕਰਨ ਲਈ ਸਥਾਪਿਤ ਕੀਤੀ ਸੀ, ਪਰ ਅੱਜ ਕੁਝ ਢਾਡੀ ਅਤੇ ਰਾਗੀ ਸਿਰਫ਼ ਮਾਲੀ ਲਾਭ ਲਈ ਗੁਰਮਤਿ ਦੇ ਉਲਟ ਮੰਚਾਂ ’ਤੇ ਪ੍ਰਸਤੁਤੀਆਂ ਦੇ ਰਹੇ ਹਨ। ਡੇਰਿਆਂ ’ਚ ਟੱਲ ਵੱਜਣੇ, ਸਮਾਧਾਂ ’ਤੇ ਗੁਰੂ ਸਾਹਿਬ ਦੇ ਰੁਮਾਲੇ ਚੜ੍ਹਾਉਣੇ, ਮਨਮੱਤੀ ਨਾਅਰੇ ਲਗਾਉਣੇ ਅਤੇ ਗੁਰੂ ਸਾਹਿਬ ਦੀ ਬੇਅਦਬੀ ਵਰਗੇ ਮਾਮਲਿਆਂ ’ਤੇ ਚੁੱਪੀ ਨੂੰ ਆਗੂਆਂ ਨੇ ਚਿੰਤਾਜਨਕ ਕਰਾਰ ਦਿੱਤਾ।

ਆਗੂਆਂ ਨੇ ਇਹ ਵੀ ਦੱਸਿਆ ਕਿ ਵਿਦੇਸ਼ਾਂ, ਖ਼ਾਸ ਕਰਕੇ ਯੂਰਪ ਵਿੱਚ, ਕਈ ਅਜਿਹੀਆਂ ਬਰਸੀਆਂ ਅਤੇ ਸਮਾਗਮ ਕਰਵਾਏ ਜਾ ਰਹੇ ਹਨ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਖੌਤੀ ਬਾਬਿਆਂ ਨੂੰ ਉੱਚੇ ਰੁਤਬੇ ਦੇ ਕੇ ਗੁਰਮਤਿ ਦੀ ਉਲੰਘਣਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਰੁਝਾਨਾਂ ਨਾਲ ਕੌਮ ਵਿੱਚ ਭਟਕਾਵਾ ਪੈਦਾ ਹੋ ਰਿਹਾ ਹੈ।
ਸਿੱਖ ਮਿਸ਼ਨਰੀ ਫੈਡਰੇਸ਼ਨ ਨੇ ਕੌਮ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਪ੍ਰਚਾਰਕਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਤਾਂ ਜੋ ਗੁਰਮਤਿ ਦੀ ਮਰਯਾਦਾ ਅਤੇ ਸਿਧਾਂਤਾਂ ਦੀ ਰੱਖਿਆ ਹੋ ਸਕੇ।
Leave a Reply