ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੱਡੇ ਅੰਦੋਲਨਾਂ ਦਾ ਐਲਾਨ, 13 ਜਨਵਰੀ ਤੋਂ ਲੈ ਕੇ ਫਰਵਰੀ ਤੱਕ ਸੰਘਰਸ਼ੀ ਪ੍ਰੋਗਰਾਮ ਤੈਅ

ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੱਡੇ ਅੰਦੋਲਨਾਂ ਦਾ ਐਲਾਨ, 13 ਜਨਵਰੀ ਤੋਂ ਲੈ ਕੇ ਫਰਵਰੀ ਤੱਕ ਸੰਘਰਸ਼ੀ ਪ੍ਰੋਗਰਾਮ ਤੈਅ

ਚੰਡੀਗੜ੍ਹ, 9 ਜਨਵਰੀ 2026, ਸੁਰਜੀਤ ਸਿੰਘ ਖ਼ਾਲਸਾ 

ਕਿਸਾਨ ਮਜ਼ਦੂਰ ਮੋਰਚਾ (KMM) ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਅਤੇ ਦੇਸ਼ ਭਰ ਵਿੱਚ ਕਿਸਾਨ–ਮਜ਼ਦੂਰ ਵਿਰੋਧੀ ਕਾਨੂੰਨਾਂ ਅਤੇ ਸਰਕਾਰੀ ਨੀਤੀਆਂ ਖ਼ਿਲਾਫ਼ ਆਉਣ ਵਾਲੇ ਵੱਡੇ ਅੰਦੋਲਨਾਂ ਦਾ ਐਲਾਨ ਕੀਤਾ ਗਿਆ।
KMM ਚੈਪਟਰ ਪੰਜਾਬ ਦੀ ਮੀਟਿੰਗ ਪੰਜਾਬ ਭਵਨ, ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਨਾਲ ਬੇਨਤੀਜਾ ਰਹਿਣ ਤੋਂ ਬਾਅਦ ਗੁਰਦੁਆਰਾ ਅੰਬ ਸਾਹਿਬ, ਮੋਹਾਲੀ ਵਿਖੇ ਮਨਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਆਉਣ ਵਾਲੇ ਸਮੇਂ ਲਈ ਸੰਘਰਸ਼ੀ ਰਣਨੀਤੀ ਤੈਅ ਕੀਤੀ ਗਈ।
 

ਆਉਣ ਵਾਲੇ ਅੰਦੋਲਨ
 

ਪ੍ਰੈਸ ਕਾਨਫਰੰਸ ਵਿੱਚ ਐਲਾਨ ਕੀਤਾ ਗਿਆ ਕਿ:
•13 ਜਨਵਰੀ 2026 ਨੂੰ ਬਿਜਲੀ ਸੋਧ ਬਿਲ 2025, ਬੀਜ ਕਾਨੂੰਨ 2025 ਅਤੇ VB ਗ੍ਰਾਮ ਯੋਜਨਾ ਦੇ ਸੋਧ ਕਾਨੂੰਨਾਂ ਦੀਆਂ ਕਾਪੀਆਂ ਪੰਜਾਬ ਦੇ ਪਿੰਡ ਪੱਧਰ ’ਤੇ ਲੋਹੜੀ ਦੇ ਭੁੱਗਿਆਂ ਵਿੱਚ ਸਾੜੀਆਂ ਜਾਣਗੀਆਂ।
•21 ਅਤੇ 22 ਜਨਵਰੀ 2026 ਨੂੰ ਸਮਾਰਟ ਮੀਟਰ ਉਤਾਰ ਕੇ ਨੇੜਲੇ ਬਿਜਲੀ ਦਫ਼ਤਰਾਂ ਵਿੱਚ ਦੂਜੇ ਦੌਰ ਹੇਠ ਜਮ੍ਹਾ ਕਰਵਾਏ ਜਾਣਗੇ।
•18 ਜਨਵਰੀ 2026 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮਜੀਠਾ (ਅੰਮ੍ਰਿਤਸਰ) ਦੌਰੇ ਦੌਰਾਨ ਸ਼ੰਬੂ–ਖਨੌਰੀ ਮੋਰਚਾ ਉਜਾੜਨ, ਟਰਾਲੀਆਂ ਦੀ ਚੋਰੀ ਅਤੇ ਹੋਰ ਮੰਗਾਂ ਸਬੰਧੀ ਸਵਾਲ ਉਠਾਏ ਜਾਣਗੇ।
•5 ਫਰਵਰੀ 2026 ਨੂੰ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦਿੱਤੇ ਜਾਣਗੇ।
•24–25 ਜਨਵਰੀ 2026 ਨੂੰ ਰਾਜਸਥਾਨ ਵਿੱਚ KMM ਚੈਪਟਰ ਭਾਰਤ ਦੀ ਮੀਟਿੰਗ ਹੋਵੇਗੀ।
 

ਸਰਕਾਰ ਦੀ ਨਾਕਾਮੀ ’ਤੇ ਤਿੱਖੀ ਨਿੰਦਾ
 

KMM ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਮੀਟਿੰਗ ਦਾ ਸੱਦਾ ਦੇ ਕੇ ਭੁੱਲ ਗਈ, ਜਿਸ ਦੀ ਮੋਰਚਾ ਸਖ਼ਤ ਨਿੰਦਾ ਕਰਦਾ ਹੈ। ਸ਼ੰਬੂ–ਖਨੌਰੀ ਮੋਰਚਿਆਂ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ, ਜਦਕਿ ਕਈ ਮੰਗਾਂ ’ਤੇ ਪਹਿਲਾਂ ਹੀ ਸਹਿਮਤੀ ਬਣ ਚੁੱਕੀ ਸੀ।
ਮੋਰਚੇ ਵੱਲੋਂ ਮੰਗ ਕੀਤੀ ਗਈ ਕਿ ਅੰਦੋਲਨਾਂ ਦੌਰਾਨ ਸ਼ਹੀਦ ਹੋਏ ਕਿਸਾਨਾਂ–ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਦਿੱਲੀ ਅੰਦੋਲਨ-2 ਦੌਰਾਨ ਜਖ਼ਮੀ ਹੋਏ ਕਿਸਾਨਾਂ ਨੂੰ ਮੁਆਵਜ਼ਾ ਮਿਲੇ, ਪਰਾਲੀ ਸਾੜਨ ਅਤੇ ਅੰਦੋਲਨਾਂ ਨਾਲ ਸਬੰਧਤ ਸਾਰੇ ਪੁਲਿਸ ਤੇ ਰੇਲਵੇ ਪੁਲਿਸ ਕੇਸ ਵਾਪਸ ਲਏ ਜਾਣ ਅਤੇ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਬਕਾਇਆ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।
 

ਬਿਜਲੀ ਸੋਧ ਬਿਲ ਤੇ ਹੋਰ ਮਸਲੇ
 

KMM ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਿਜਲੀ ਸੋਧ ਬਿਲ ਦਾ ਸਿਰਫ਼ ਬਿਆਨੀ ਵਿਰੋਧ ਕਾਫ਼ੀ ਨਹੀਂ। ਮੋਰਚੇ ਦੀ ਮੰਗ ਹੈ ਕਿ ਇਸ ਬਿਲ ਖ਼ਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਜਾਵੇ। ਨਾਲ ਹੀ ਬੀਜ ਬਿਲ, ਭਾਰਤ–ਅਮਰੀਕਾ ਸਮਝੌਤੇ ਅਤੇ VB ਗ੍ਰਾਮ ਯੋਜਨਾ ’ਤੇ ਪੰਜਾਬ ਸਰਕਾਰ ਆਪਣਾ ਸਪਸ਼ਟ ਰੁੱਖ ਜਨਤਕ ਕਰੇ।
 

ਮੀਟਿੰਗ ਵਿੱਚ ਪਾਸ ਕੀਤੇ ਗਏ ਮੁੱਖ ਮਤੇ

ਮੀਟਿੰਗ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੀ ਬੇਰੋਕਟੋਕ ਵਿਕਰੀ ’ਤੇ ਡੂੰਘੀ ਚਿੰਤਾ ਜਤਾਈ ਗਈ ਅਤੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਨਸ਼ਾ ਮਾਫੀਆ ਅਤੇ ਪੁਲਿਸ ਦੇ ਗਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਇਸ ਤੋਂ ਇਲਾਵਾ ਕਾਨੂੰਨ ਵਿਵਸਥਾ ਦੀ ਖ਼ਰਾਬੀ, ਪ੍ਰੈਸ ਦੀ ਆਵਾਜ਼ ਦਬਾਉਣ ਦੀਆਂ ਕੋਸ਼ਿਸ਼ਾਂ ਦੀ ਨਿੰਦਾ ਅਤੇ ਹਵਾ–ਪਾਣੀ ਪ੍ਰਦੂਸ਼ਣ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
 

ਆਖ਼ਰੀ ਅਪੀਲ
 

ਕਿਸਾਨ ਮਜ਼ਦੂਰ ਮੋਰਚੇ ਨੇ ਕਿਹਾ ਕਿ ਦੇਸ਼ ਅਤੇ ਪੰਜਾਬ ਵਿੱਚ ਖੇਤੀ ਸੰਕਟ ਗੰਭੀਰ ਹੋ ਚੁੱਕਾ ਹੈ। ਕਰਜ਼ੇ ਹੇਠ ਦਬੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਆਮ ਲੋਕਾਂ ਦਾ ਰੁਜ਼ਗਾਰ ਖੋਹ ਰਹੀਆਂ ਹਨ। KMM ਨੇ ਪੰਜਾਬ ਦੇ ਸਾਰੇ ਲੋਕਾਂ ਨੂੰ ਆਉਣ ਵਾਲੇ ਅੰਦੋਲਨਾਂ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਪ੍ਰੈਸ ਕਾਨਫਰੰਸ ਵਿੱਚ ਸਰਵਣ ਸਿੰਘ ਪੰਦੇਰ, ਮਨਜੀਤ ਸਿੰਘ ਰਾਏ, ਜਸਵਿੰਦਰ ਸਿੰਘ ਲੌਂਗੋਵਾਲ, ਬਲਦੇਵ ਸਿੰਘ ਜੀਰਾ, ਜੰਗ ਸਿੰਘ ਭਨੇੜੀ, ਬਲਕਾਰ ਸਿੰਘ ਬੈਂਸ, ਬਲਵੰਤ ਸਿੰਘ ਬਹਿਰਾਮ ਕੇ, ਅਮਰਜੀਤ ਮੋਹੜੀ ਸਮੇਤ ਵੱਖ-ਵੱਖ ਕਿਸਾਨ–ਮਜ਼ਦੂਰ ਜਥੇਬੰਦੀਆਂ ਦੇ ਆਗੂ ਹਾਜ਼ਰ ਰਹੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.