ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰੋ ਪੰਜਾਬੀਓ...

ਨਸ਼ਿਆਂ ਵਿਰੁੱਧ ਸੰਘਰਸ਼ ਨੂੰ ਤਿੱਖਾ ਕਰੋ ਪੰਜਾਬੀਓ...

ਭਾਈ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਸਮੁੱਚੇ ਪੰਜਾਬ ਨੂੰ ਇਕਜੁੱਟਤਾ ਦਾ ਪ੍ਰਗਟਾਵਾ ਲਗਾਤਾਰ ਵਿਖਾਉਣ ਦੀ ਲੋੜ ਹੈ। ਗੁਰੂਆਂ, ਸੂਰਬੀਰਾਂ, ਸ਼ਹੀਦਾਂ ਅਤੇ ਯੋਧਿਆਂ ਦੀ ਧਰਤੀ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਲੇ ਸੰਘਰਸ਼ ਵਿੱਚ ਹਰ ਸਿੱਖ ਅਤੇ ਪੰਜਾਬੀ ਆਪਣਾ ਯੋਗਦਾਨ ਪਾਵੇ। ਸਰਬੱਤ ਖ਼ਾਲਸਾ ਦੁਆਰਾ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਮੰਡੋਲੀ ਜੇਲ੍ਹ, ਦਿੱਲੀ) ਨੇ ਭਾਈ ਪਰਵਿੰਦਰ ਸਿੰਘ ਝੋਟੇ ਨੂੰ ਸ਼ਹੀਦ ਐਲਾਨਦਿਆਂ ਹੋਇਆਂ ਕਿਹਾ ਹੈ ਕਿ ਭਾਈ ਪਰਵਿੰਦਰ ਸਿੰਘ ਝੋਟੇ ਵੱਲੋਂ ਨਸ਼ਿਆਂ ਵਿਰੁੱਧ ਅਰੰਭੀ ਮੁਹਿੰਮ ਨੂੰ ਮੰਜ਼ਿਲ ਤਕ ਪਹੁੰਚਾਇਆ ਜਾਵੇ ਤੇ ਪੰਜਾਬ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ। ਇਹ ਲੜਾਈ ਪੰਜਾਬ ਦੀ ਨਸ਼ਿਆਂ ਰਾਹੀਂ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਦੀ ਹੈ। ਪਰਵਿੰਦਰ ਸਿੰਘ ਝੋਟੇ ਦਾ ਕਤਲ ਪੰਜਾਬ ਅੱਗੇ ਇੱਕ ਸਿੱਧਾ ਸਵਾਲ ਖੜ੍ਹਾ ਕਰ ਗਿਆ ਹੈ ਕਿ ਜਿਹੜਾ ਬੰਦਾ ਨਸ਼ਿਆਂ ਤੋਂ ਜਵਾਨੀ ਬਚਾਉਣ ਲਈ ਆਵਾਜ਼ ਚੁੱਕੇ, ਜੇ ਓਹਦੀ ਆਪਣੀ ਜਾਨ ਹੀ ਸੁਰੱਖਿਅਤ ਨਹੀਂ, ਤਾਂ ਸਰਕਾਰ ਕਿਸ ਗੱਲ ਦੀ ਹੈ ? ਝੋਟੇ ਦੀ ਮੌਤ ਨੇ ਸਰਕਾਰੀ ਨਾਅਰਿਆਂ ਅਤੇ ਲੋਕਾਂ ਦੀ ਅਸਲ ਜ਼ਿੰਦਗੀ ਵਿਚਲਾ ਪਾੜਾ ਖੋਲ੍ਹ ਕੇ ਰੱਖ ਦਿੱਤਾ ਹੈ। 
ਕਿਸੇ ਮਾਂ ਦਾ ਪੁੱਤ ਨਸ਼ੇ ਨਾਲ ਮਰੇ ਜਾਂ ਨਸ਼ਿਆਂ ਵਿਰੁੱਧ ਲੜਦਾ ਮਾਰਿਆ ਜਾਵੇ, ਸੱਥਰ ਤਾਂ ਪੰਜਾਬ ਦੇ ਘਰ ਹੀ ਵਿਛਦਾ ਹੈ। ਇੱਕ ਪਾਸੇ ਨਸ਼ਾ ਜਵਾਨੀ ਨੂੰ ਖਾ ਰਿਹਾ ਹੈ, ਦੂਜੇ ਪਾਸੇ ਇਸ ਦੇ ਵਿਰੁੱਧ ਖੜ੍ਹਨ ਵਾਲਿਆਂ ਨੂੰ ਆਪਣੀ ਜਾਨ ਦਾ ਡਰ ਹੈ। ਅਜਿਹੇ ਹਾਲਾਤ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਵਾਲੇ ਇਸ਼ਤਿਹਾਰ ਲੋਕਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਦੇ ਹਨ। ਲੋਕਾਂ ਨੂੰ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਨਹੀਂ, ਆਪਣੇ ਬੱਚਿਆਂ ਲਈ ਸੁਰੱਖਿਅਤ ਭਵਿੱਖ ਚਾਹੀਦਾ ਹੈ। ਸਰਕਾਰ, ਪੁਲਿਸ ਅਤੇ ਮਾਫ਼ੀਆ ਦਾ ਗੱਠਜੋੜ ਕਿਸੇ ਤੋਂ ਲੁਕਿਆ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੇ ਅਸਤੀਫ਼ਿਆਂ ਦੀ ਮੰਗ ਕਰਨ ਲਈ ਲੋਕ ਮਜਬੂਰ ਹੋ ਉੱਠੇ ਹਨ। ਵੱਡੇ ਅਹੁਦਿਆਂ ਨਾਲ ਵੱਡੀ ਜ਼ਿੰਮੇਵਾਰੀ ਵੀ ਆਉਂਦੀ ਹੈ, ਹਰ ਦੁਖਾਂਤ ਮਗਰੋਂ ਬਿਆਨ ਦੇ ਕੇ ਅਤੇ ਮਾਮੂਲੀ ਕਾਰਵਾਈ ਕਰਕੇ ਗੱਲ ਮੁਕਾ ਦੇਣਾ ਜਵਾਬਦੇਹੀ ਨਹੀਂ। 
ਪੰਜਾਬ ਦੇ ਪੁੱਤ ਮਰਦੇ ਰਹਿਣ ਅਤੇ ਹੁਕਮਰਾਨ ਆਪਣੀ ਵਡਿਆਈ ਦੇ ਢੋਲ ਵਜਾਉਂਦੇ ਰਹਿਣ ਇਹ ਹੁਣ ਨਹੀਂ ਚੱਲਣਾ ਚਾਹੀਦਾ। ਪੰਜਾਬ ਨੂੰ ਆਪਣੇ ਜਿਊਂਦੇ ਪੁੱਤ ਚਾਹੀਦੇ ਹਨ, ਉਨ੍ਹਾਂ ਦੀਆਂ ਤਸਵੀਰਾਂ ਉੱਤੇ ਪਏ ਹਾਰ ਨਹੀਂ! ਨਸ਼ਾ ਵੇਚਣ ਵਾਲੇ ਬੇਖ਼ੌਫ਼ ਫਿਰਨ ਤੇ ਨਸ਼ੇ ਰੋਕਣ ਵਾਲਿਆਂ ਦੇ ਸ਼ਰੇਆਮ ਕਤਲ ਹੋਣ, ਪੰਜਾਬ ਵਿੱਚ ਇਹ ਕਿਹੋ ਜਿਹਾ ਰਾਜ ਹੈ ? ਸਰਕਾਰ ਆਪਣੀ ਮੁਹਿੰਮ ਨੂੰ ‘ਨਸ਼ਿਆਂ ਵਿਰੁੱਧ ਜੰਗ’ ਆਖਦੀ ਹੈ, ਪਰ ਹਾਲਾਤ ਵੇਖ ਕੇ ਲੱਗਦਾ ਹੈ ਕਿ ਜੰਗ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਖ਼ਿਲਾਫ਼ ਵਿੱਢੀ ਹੋਈ ਹੈ। ਪਿਛਲੀਆਂ ਕਈ ਸਰਕਾਰਾਂ ਨਸ਼ਾ ਮੁਕਾਉਣ ਦੇ ਵਾਅਦੇ ਕਰਕੇ ਸੱਤਾ ਵਿੱਚ ਆਈਆਂ, ਪਰ ਨਸ਼ੇ ਦਾ ਜਾਲ ਹੋਰ ਫੈਲਦਾ ਗਿਆ। ਕੁਰਸੀਆਂ ਬਦਲੀਆਂ, ਪੰਜਾਬ ਦੇ ਘਰਾਂ ਵਿੱਚ ਵਿਛਦੇ ਸੱਥਰ ਨਹੀਂ ਰੁਕੇ। ਨਸ਼ਾ ਵੇਚ ਕੇ ਕਮਾਈ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਸਿਆਸੀ ਤੇ ਅਫ਼ਸਰਸ਼ਾਹੀ ਸਰਪ੍ਰਸਤਾਂ ਦੀ ਪੜਤਾਲ ਕਿਉਂ ਨਹੀਂ ਹੁੰਦੀ ? 
ਪੰਜਾਬ ਦੀ ਜਵਾਨੀ ਨੂੰ ਖਾਂਦਾ ਨਸ਼ਾ ਮੁਨਾਫ਼ੇ ਦਾ ਧੰਦਾ ਵੀ ਹੈ ਅਤੇ ਉਸ ਦਾ ਭਵਿੱਖ ਤਬਾਹ ਕਰਨ ਵਾਲਾ ਹਥਿਆਰ ਵੀ। ਇਸੇ ਤਬਾਹੀ ਕਾਰਨ ਇਸ ਨੂੰ 1984 ਤੋਂ ਸਿੱਖਾਂ ਉੱਤੇ ਹੋਏ ਹਮਲਿਆਂ ਦੀ ਲਗਾਤਾਰਤਾ ਵਜੋਂ ਵੇਖਣ ਦਾ ਸਵਾਲ ਉੱਠਦਾ ਹੈ। ਨਸ਼ਾ ਰੋਕਣਾ ਹੈ ਤਾਂ ਸਪਲਾਈ ਦੀ ਜੜ੍ਹ ਵੱਢਣੀ ਪਵੇਗੀ। ਪਰਵਿੰਦਰ ਸਿੰਘ ਝੋਟਾ ਸਪਲਾਇਰਾਂ ਨੂੰ ਬੇਨਕਾਬ ਕਰਕੇ ਇਸੇ ਜੜ੍ਹ ਨੂੰ ਹੱਥ ਪਾ ਰਿਹਾ ਸੀ। ਉਸ ਦੇ ਕਤਲ ਪਿੱਛੇ ਤਸਕਰਾਂ ਅਤੇ ਸਰਪ੍ਰਸਤਾਂ ਦੀ ਭੂਮਿਕਾ ਦੀ ਨਿਰਪੱਖ ਜਾਂਚ ਹੋਵੇ। ਭਾਈ ਪਰਵਿੰਦਰ ਸਿੰਘ ਝੋਟੇ ਨੂੰ ਅਸਲ ਸ਼ਰਧਾਂਜਲੀ ਪੰਜਾਬ ਨੂੰ ਨਸ਼ਾ ਮੁਕਤ ਕਰਨ ਅਤੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਹੈ ਜਿਸ ਲਈ ਹਰ ਸਿੱਖ ਤੇ ਪੰਜਾਬੀ ਕਮਰਕੱਸੇ ਕਰ ਲਵੇ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.