ਸੁਖਬੀਰ ਨੂੰ ਪ੍ਰਧਾਨ ਬਣਾ ਕੇ ਬਾਦਲਕਿਆਂ ਨੇ ਅਕਾਲੀ ਦਲ ਦਾ ਪਾਇਆ ਭੋਗ : ਫੈਡਰੇਸ਼ਨ ਭਿੰਡਰਾਂਵਾਲਾ
- ਧਾਰਮਿਕ/ਰਾਜਨੀਤੀ
- 12 Apr, 2025 10:15 PM (Asia/Kolkata)
ਸੁਖਬੀਰ ਬਾਦਲ ਹਰੀ ਸਿੰਘ ਨਲੂਆ ਨਹੀਂ ਬਲਕਿ ਅਬਦਾਲੀ, ਮੱਸਾ ਰੰਘੜ ਅਤੇ ਮੀਰ ਮੰਨੂ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਲੇ ਰਾਹਾਂ 'ਤੇ ਚੱਲ ਪਏ ਗਿਆਨੀ ਕੁਲਦੀਪ ਸਿੰਘ ਗੜਗੱਜ
ਸਿੱਖ ਸਥਾਨਾਂ ਅਤੇ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਨੇ ਬਾਦਲਕੇ
ਅੰਮ੍ਰਿਤਸਰ 12 ਅਪ੍ਰੈਲ , ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜੇ ਬਾਦਲ ਦਲ ਨੇ ਅੱਜ ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ 'ਚ ਹੁਣ ਅਕਾਲੀ ਦਲ ਦਾ ਵੱਕਾਰ ਹੋਰ ਰੁਲੇਗਾ, ਸ਼੍ਰੋਮਣੀ ਕਮੇਟੀ ਦੀ ਵੀ ਸਾਖ ਨਹੀਂ ਬਚੇਗੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦਾ ਵੀ ਹੋਰ ਰੱਜ ਕੇ ਘਾਣ ਹੋਵੇਗਾ। ਉਹਨਾਂ ਕਿਹਾ ਕਿ ਬਾਦਲ ਦਲ ਨੇ 2 ਦਸੰਬਰ ਵਾਲੇ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ ਹਨ, ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾ ਕੇ ਅਪਮਾਨ ਕੀਤਾ, ਸੱਤ ਮੈਂਬਰੀ ਕਮੇਟੀ ਨੂੰ ਨਾ ਮੰਨਿਆ, ਅਕਾਲੀ ਦਲ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਸੁਖਬੀਰ ਬਾਦਲ ਮੁੜ ਪ੍ਰਧਾਨਗੀ 'ਤੇ ਕਾਬਜ ਹੋ ਗਿਆ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੁੱਲ੍ਹਮ-ਖੁੱਲੀ ਚੁਣੌਤੀ ਹੈ ਕਿਉਂਕਿ ਜਥੇਦਾਰ ਸਾਹਿਬਾਨ ਜੋ ਸੁਖਬੀਰ ਬਾਦਲ ਤੇ ਉਸਦੀ ਅਗਵਾਈ ਵਾਲੀ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਚੁੱਕੇ ਸਨ ਤੇ ਇਹਨਾਂ ਨੂੰ ਅਕਾਲੀ ਦਲ ਦੀ ਅਗਵਾਈ ਕਰਨ ਦਾ ਕੋਈ ਹੱਕ ਨਹੀਂ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੁਰਬਾਨੀਆਂ ਤੇ ਸ਼ਹਾਦਤਾਂ ਤੋਂ ਬਾਅਦ ਹੋਂਦ ਵਿੱਚ ਆਇਆ ਅਕਾਲੀ ਦਲ ਹੁਣ ਫਿਰ ਨਰੈਣੂ ਮਹੰਤ ਦੇ ਵਾਰਸਾਂ ਦੇ ਹੱਥਾਂ 'ਚ ਹੈ ਤੇ ਉਹ ਇਸ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਭਾਈ ਰਣਜੀਤ ਸਿੰਘ ਨੇ ਕਿਹਾ ਬਦ-ਇਖਲਾਕੀ ਸੁੱਚਾ ਲੰਗਾਹ ਜੋ ਸੁਖਬੀਰ ਬਾਦਲ ਨੂੰ ਹਰੀ ਸਿੰਘ ਨਲੂਆ ਕਹਿ ਰਿਹਾ ਹੈ ਜਦ ਕਿ ਸੁਖਬੀਰ ਬਾਦਲ ਤਾਂ ਅਬਦਾਲੀ, ਮੀਰ ਮੰਨੂ, ਮੱਸਾ ਰੰਘੜ, ਜ਼ਕਰੀਆਂ ਖਾਂ, ਜਨਰਲ ਡਾਇਰ, ਇੰਦਰਾ ਗਾਂਧੀ, ਫਰੁੱਖਸੀਅਰ ਤੇ ਬੁੱਚੜ ਬੇਅੰਤ ਸਿਹੁੰ ਦਾ ਹੀ ਰੂਪ ਹੈ ਤੇ ਸਿੱਖੀ ਅਤੇ ਸਿੱਖਾਂ ਨੂੰ ਖਤਮ ਕਰਨ 'ਤੇ ਤੁਲਿਆ ਹੋਇਆ ਹੈ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਦਲ ਦਾ ਆਗੂ ਦਲਜੀਤ ਚੀਮਾ ਜੋ ਕਹਿੰਦਾ ਸੀ ਕਿ ਜੇ ਅਕਾਲੀ ਦਲ ਦਾ ਧਰਮ ਨਾਲ ਕੋਈ ਵਾਸਤਾ ਨਿਕਲ ਆਇਆ ਤਾਂ ਪਾਰਟੀ ਦੀ ਮਾਨਤਾ ਰੱਦ ਹੋ ਜਾਵੇਗੀ ਤੇ ਹੁਣ ਓਹੀ ਬਾਦਲਕੇ ਆਪਣੇ ਸਿਆਸੀ ਕੰਮਾਂ ਲਈ ਸਿੱਖ ਸਥਾਨਾਂ ਅਤੇ ਸਿੱਖ ਸੰਸਥਾਵਾਂ ਨੂੰ ਵਰਤ ਰਹੇ ਹਨ, ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਇਕੱਠ ਕਰਨਾ ਬਾਦਲਾਂ ਦੀ ਦੋਹਰੀ ਨੀਤੀ ਨੂੰ ਨੰਗਾ ਕਰਦਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਦੇਣਾ ਜ਼ਾਹਰ ਕਰਦਾ ਹੈ ਕਿ ਗਿਆਨੀ ਗੜਗੱਜ ਵੀ ਹੁਣ ਸਾਬਕਾ ਜਥੇਦਾਰ ਗੁਰਬਚਨ ਸਿੰਘ ਵਾਲੇ ਰਾਹਾਂ ਉੱਤੇ ਚੱਲਣਗੇ ਪਰ ਉਹਨਾਂ ਨੂੰ ਵੀ ਖ਼ਾਲਸਾ ਪੰਥ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
Leave a Reply