ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨਨ ਨੂੰ ਆਪਣੇ ਮਿਸ਼ਨ ਤੋਂ ਕੋਈ ਵੀ ਥਿੜਕਾ ਨਹੀਂ ਸਕਦਾ- ਡਾ. ਸਵੈਮਾਨ ਸਿੰਘ ਪੱਖੋਕੇ
- ਧਾਰਮਿਕ/ਰਾਜਨੀਤੀ
- 10 Jun, 2025 08:26 PM (Asia/Kolkata)
ਪੰਜਾਬ ਦੇ ਹੱਕਾਂ ਤੇ ਹਿੱਤਾਂ ਲਈ ਆਖਰੀ ਦਮ ਤੱਕ ਰਹਾਂਗੇ ਲੜਦੇ-ਡਾ.ਸਵੈਮਾਨ ਸਿੰਘ
ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ,10 ਮਈ
ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਦੇ ਮੁੱਖ ਸੰਚਾਲਕ ਤੇ ਅਮਰੀਕਾ ਦੇ ਮੰਨੇ ਪ੍ਰਮੰਨੇ ਹਾਰਟ ਦੇ ਡਾਕਟਰ ਸਵੈਮਾਨ ਸਿੰਘ ਪੱਖੋਕੇ ਦਾ ਬੀਤੇ ਦਿਨੀਂ ਅਮਰੀਕਾ ਦੇ ਇੱਕ ਗੁਰਦੁਆਰਾ ਸਾਹਿਬ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਸਟੇਜ ਤੋਂ ਬੋਲਣ ਸਮੇਂ ਉਥੋਂ ਦੇ ਖਾਲਿਸਤਾਨ ਪੱਖੀ ਸਿੱਖਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਡਾਕਟਰ ਸਵੈਮਾਨ ਸਿੰਘ ਪੱਖੋਕੇ ਕਿਸਾਨੀ ਅੰਦੋਲਨ ਤੋਂ ਬਾਅਦ ਮੁੜ ਇੱਕ ਵਾਰ ਫਿਰ ਚਰਚਾਵਾਂ ਵਿੱਚ ਚੱਲ ਰਹੇ ਹਨ।ਇਸ ਸਬੰਧੀ ਡਾਕਟਰ ਸਵੈਮਾਨ ਸਿੰਘ ਪੱਖੋਕੇ ਨਾਲ ਫੋਨ 'ਤੇ ਗੱਲਬਾਤ ਦੌਰਾਨ ਉਹਨਾਂ ਨੇ ਪ੍ਰੈਸ ਨੂੰ ਦੱਸਿਆ ਕਿ ਮਨੁੱਖੀ ਸੇਵਾ ਨੂੰ ਮੁੱਖ ਰੱਖਦਿਆਂ ਗਠਿਤ ਕੀਤੀ ਗਈ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਦੀ ਟੀਮ ਵੱਲੋਂ ਦਿੱਲੀ ਦੇ ਬਾਰਡਰਾਂ ਤੇ 16 ਮਹੀਨੇ ਦੇ ਕਰੀਬ ਚੱਲੇ ਕਿਸਾਨੀ ਅੰਦੋਲਨ ਵਿੱਚ ਪੂਰੀ ਜੀਅ ਜਾਨ ਲਾ ਕੇ ਉਥੇ ਸੰਘਰਸ਼ ਕਰਨ ਵਾਲੇ ਕਿਸਾਨਾਂ,ਮਜ਼ਦੂਰਾ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ ਸੀ।ਜਿਸ ਤੋਂ ਬਾਅਦ ਫਾਈਵ ਰਿਵਰਜ਼ ਦੀ ਟੀਮ ਵੱਲੋਂ ਜੀਰਾ ਵਿਖੇ ਫੈਕਟਰੀ ਨਾਲ ਗੰਦੇ ਪਾਣੀ ਦੀ ਲੜੀ ਜੰਗ ਵਿੱਚ ਇੱਕ ਸਾਲ ਦੇ ਕਰੀਬ ਉੱਥੇ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ,ਜਿਸ ਤੋਂ ਬਾਅਦ ਖਨੋਰੀ ਬਾਰਡਰ ਵਿਖੇ ਵੀ ਇੱਕ ਸਾਲ ਦੇ ਕਰੀਬ ਕਿਸਾਨਾਂ,ਮਜ਼ਦੂਰਾਂ ਨੂੰ ਮੈਡੀਕਲ ਸਹੂਲਤਾਂ ਪ੍ਰਦਾਨ ਕਰਕੇ ਆਪਣੀ ਵਿੱਢੀ ਮਨੁੱਖਤਾ ਦੀ ਸੇਵਾ ਨੂੰ ਜਾਰੀ ਰੱਖਿਆ ਗਿਆ ਹੈ।ਉਹਨਾਂ ਕਿਹਾ ਕਿ ਕਿਸਾਨੀ ਅੰਦੋਲਨ ਤੋਂ ਲੈ ਕੇ ਹੁਣ ਤੱਕ ਉਹਨਾਂ ਵੱਲੋਂ ਹਿੰਦੁਸਤਾਨ ਜਾਂ ਕਿਸੇ ਹੋਰ ਦੇਸ਼ ਪ੍ਰਤੀ ਕੋਈ ਵੀ ਵਿਵਾਦ ਪੂਰਨ ਟਿੱਪਣੀ ਨਹੀਂ ਕੀਤੀ,ਜਿਸ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ।ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨੀਂ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਨਿਊਯਾਰਕ (ਯੂਐਸਏ) ਦੇ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਕਮੇਟੀ ਦੇ ਸੱਦੇ 'ਤੇ ਜਦ ਉਹ 25 ਹਜ਼ਾਰ ਦੇ ਕਰੀਬ ਜੁੜੀ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਜਾਂਦੇ ਹਨ ਤਾਂ ਉਥੇ ਏਜੰਸੀਆਂ ਦੀ ਗਿਣੀ ਮਿਥੀ ਸਾਜਿਸ਼ ਤਹਿਤ ਕੁਝ ਖਾਲਿਸਤਾਨੀ ਪੱਖੀ ਸਿੰਘਾਂ ਵੱਲੋਂ ਉਹਨਾਂ ਦੇ ਬੋਲਣ 'ਤੇ ਇਤਰਾਜ਼ ਜਤਾਇਆ ਜਾਂਦਾ ਹੈ।ਜਦਕਿ ਉਨ੍ਹਾਂ ਨੂੰ ਉਥੇ ਬੁਲਾਉਣ ਵਾਲੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਇਤਰਾਜ ਜਤਾਉਣ ਵਾਲੇ ਉਹਨਾਂ ਸਿੱਖ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਫਿਰ ਵੀ ਮੈਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਮੌਕਾ ਦਿੱਤਾ ਗਿਆ।ਜਿਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ।ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਉਥੇ ਜੁੜੀ ਸੰਗਤ ਵੱਲੋਂ ਵੀ ਇਤਰਾਜ਼ ਜਤਾਉਣ ਵਾਲੇ ਸਿੱਖ ਆਗੂਆਂ ਨੂੰ ਭੋਰਾ ਵੀ ਹੁੰਗਾਰਾ ਨਹੀਂ ਦਿੱਤਾ,ਬਲਕਿ ਇਸ ਘਟਨਾ ਨੂੰ ਲੈ ਕੇ ਸਿੱਖ ਸੰਗਤ ਵਿੱਚ ਰੋਸ ਵੀ ਪੈਦਾ ਹੋਇਆ ਹੈ।ਡਾਕਟਰ ਸਵੈਮਾਨ ਨੇ ਕਿਹਾ ਕਿ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਜੋਰ ਦੇ ਕੇ ਕਿਹਾ ਕਿ ਉਹ ਹਿੰਦੁਸਤਾਨ ਦਾ ਪਹਿਲਾਂ ਵੀ ਸਤਿਕਾਰ ਕਰਦੇ ਸਨ ਤੇ ਅੱਜ ਵੀ ਉਹਨਾਂ ਦੇ ਦਿਲ ਵਿੱਚ ਹਿੰਦੁਸਤਾਨ ਪ੍ਰਤੀ ਪੂਰਾ ਸਤਿਕਾਰ ਹੈ।ਜਦਕਿ ਉਹ ਪੰਜਾਬ ਨਾਲ ਪਰਿਵਾਰਕ ਤੌਰ 'ਤੇ ਜੁੜੇ ਹੋਣ ਕਰਕੇ ਪੰਜਾਬ ਦੀ ਤਰੱਕੀ ਤੇ ਇਥੋਂ ਦੇ ਕਿਸਾਨਾਂ ਤੇ ਹੋਰ ਵਰਗਾਂ ਦੇ ਸੰਘਰਸ਼ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਆਪਣਾ ਨੈਤਿਕ ਫਰਜ਼ ਸਮਝਦੇ ਹਨ।ਉਹਨਾਂ ਕਿਹਾ ਕਿ ਸਾਡੀ ਟੀਮ ਵੱਲੋਂ ਵਿੱਢੀ ਗਈ ਲੋਕ ਸੇਵਾ ਕਈ ਲੋਕਾਂ ਨੂੰ ਹਜਮ ਨਹੀਂ ਹੋ ਰਹੀ ਤੇ ਉਹ ਗਿਣੀ ਮਿਥੀ ਸਾਜ਼ਿਸ਼ ਤਹਿਤ ਬੇਬੁਨਿਆਦ ਮੁੱਦੇ ਬਣਾ ਕੇ ਇਸ ਸੰਸਥਾ ਦਾ ਮਨੋਬਲ ਡੇਗਣਾ ਚਾਹੁੰਦੇ ਹਨ,ਜਦਕਿ ਇਹ ਉਹਨਾਂ ਲੋਕਾਂ ਦੀ ਗਲਤ ਫਹਿਮੀ ਹੋਵੇਗੀ।ਉਹਨਾਂ ਕਿਹਾ ਕਿ ਇਹ ਸੰਸਥਾ ਉਸ ਕਿਸਾਨੀ ਅੰਦੋਲਨ ਵਿੱਚ ਜਵਾਨ ਹੋਈ ਹੈ,ਜਿਸ ਵਿੱਚ ਸੇਵਾ ਕਰਦਿਆਂ ਸਮੇਂ ਦੀ ਸਰਕਾਰ ਵੱਲੋਂ ਇਸ ਸੰਸਥਾ ਦੇ ਪੈਰ-ਪੈਰ 'ਤੇ ਕੰਡੇ ਖਿਲਾਰੇ ਜਾਂਦੇ ਰਹੇ ਸਨ।ਜਿਨਾਂ 'ਤੇ ਤੁਰ ਕੇ ਇਸ ਸੰਸਥਾ ਨੇ ਕਿਸਾਨੀ ਅੰਦੋਲਨ ਦਾ ਹਿੱਸਾ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਦੀ ਟੀਮ ਪੰਜਾਬ ਵਿੱਚ ਪੂਰੀ ਸਰਗਰਮੀ ਨਾਲ ਸੇਵਾਵਾਂ ਨਿਭਾ ਰਹੀ ਹੈ ਅਤੇ ਇਸ ਟੀਮ ਵੱਲੋਂ ਜਿੱਥੇ ਸਮਾਜ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਜਾਗਰੂਕ ਕਰਨ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਈ ਜਾ ਰਹੀ ਹੈ,ਉੱਥੇ ਸਾਡੀ ਨੌਜਵਾਨੀ ਤੇ ਆਉਣ ਵਾਲੀ ਨਵੀਂ ਪੀੜੀ ਨੂੰ ਵਿੱਦਿਆ ਨਾਲ ਜੋੜਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਵਿੱਚ ਪਿਛਲੇ ਸਾਲ 23 ਅਤੇ ਇਸ ਸਾਲ 43 ਬੱਚੇ ਪੰਜਾਬ ਵਿੱਚੋਂ ਅਮਰੀਕਾ ਵਿਖੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਭੇਜਣ ਵਿੱਚ ਫਾਈਵ ਰਿਵਰਜ਼ ਐਸੋਸੀਏਸ਼ਨ ਨੇ ਅਹਿਮ ਭੂਮਿਕਾ ਨਿਭਾਈ ਹੈ।ਉਹਨਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਪੰਜਾਬ ਦੀ ਬੇਹਤਰੀ ਲਈ ਨਿਭਾਈਆਂ ਜਾ ਰਹੀਆਂ ਇਹ ਸੇਵਾਵਾਂ ਜਿਨਾਂ ਲੋਕਾਂ ਨੂੰ ਹਜਮ ਨਹੀਂ ਹੋ ਰਹੀਆਂ ਉਹ ਬੇਤੁਕੇ ਮੁੱਦੇ ਘੜ ਕੇ ਇਸ ਸੰਸਥਾ ਨੂੰ ਵਿਢੇ ਮਿਸ਼ਨ ਦੀ ਲੀਹ ਤੋਂ ਲਾਹੁਣਾ ਚਾਹੁੰਦੇ ਹਨ। ਜਦ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਮਿਲ ਰਹੀ ਮੁਹੱਬਤ ਇਸ ਸੰਸਥਾ ਦੇ ਵਿੱਢੇ ਮਿਸ਼ਨ ਨੂੰ ਕਦੇ ਵੀ ਡੋਲਣ ਨਹੀਂ ਦੇਵੇਗੀ।ਉਹਨਾਂ ਕਿਹਾ ਕਿ ਪੰਜਾਬ ਦੀ ਬੇਹਤਰੀ ਅਤੇ ਤਰੱਕੀ ਦੇ ਨਾਲ ਨਾਲ ਇਸ ਨੂੰ ਚਿੰਬੜੀਆਂ ਗਲਤ ਅਲਾਮਤਾਂ ਦੇ ਖਾਤਮੇ ਲਈ ਫਾਈਵ ਰਿਵਰਜ਼ ਹਾਰਟ ਐਸੋਸੀਏਸ਼ਨ ਪਹਿਲਾਂ ਵੀ ਕਈ ਅੜਿਚਣਾ ਨੂੰ ਪਾਰ ਕਰਕੇ ਆਪਣੇ ਵਿਢੇ ਮਿਸ਼ਨ ਵੱਲ ਵੱਧਦੀ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹੀਆਂ ਅੜਿਚਣਾ ਦੀ ਪਰਵਾਹ ਕੀਤੇ ਬਿਨਾਂ ਆਪਣੀ ਵਿੱਡੀ ਲੋਕ ਸੇਵਾ ਜਾਰੀਰੱਖੇਗੀ।
Leave a Reply