ਸ. ਤੇਜਾ ਸਿੰਘ ਸਮੁੰਦਰੀ ਜੀਵਨ ਅਤੇ ਸ਼ਖਸੀਅਤ
- ਗੁਰਬਾਣੀ-ਇਤਿਹਾਸ
- (Asia/Kolkata)
ਸ. ਤੇਜਾ ਸਿੰਘ ਸਮੁੰਦਰੀ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਸਨ। ਉਹ ਅਕਾਲੀ ਲਹਿਰ ਦੇ ਗਰਮ ਧੜੇ ਦੇ ਆਗੂ ਸਨ। ਸ. ਤੇਜਾ ਸਿੰਘ ਸਮੁੰਦਰੀ ਦਾ ਜਨਮ 20 ਫਰਵਰੀ 1881 ਨੂੰ ਪਿੰਡ ਰਾਏ ਕੇ ਬੁਰਜ ਜ਼ਿਲ੍ਹਾ ਤਰਨ ਤਾਰਨ (ਉਦੋਂ ਜ਼ਿਲ੍ਹਾ ਅੰਮ੍ਰਿਤਸਰ) ਵਿਖੇ ਪਿਤਾ ਰਿਸਾਲਦਾਰ ਮੇਜਰ ਸ. ਦੇਵਾ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਹੋਇਆ। ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਆਪਣੇ ਪਿਤਾ ਜੀ ਨਾਲ ਫੌਜ ਵਿੱਚ ਰਹਿ ਕੇ ਕੀਤੀ। ਪੰਜਵੀਂ ਜਮਾਤ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਉਹਨਾਂ ਨੂੰ ਘਰ ਵਿੱਚ ਉਸਤਾਦ ਰੱਖ ਕੇ ਦਿੱਤਾ ਗਿਆ। ਤੇਜਾ ਸਿੰਘ ਸਮੁੰਦਰੀ ਦਾ ਵਿਆਹ 10 ਸਾਲ ਦੀ ਉਮਰ ਵਿੱਚ ਪਿੰਡ ਢੋਟੀਆਂ ਦੇ ਸੂਬੇਦਾਰ ਸ. ਜੇਠਾ ਸਿੰਘ ਦੀ ਸਪੁੱਤਰੀ ਬੀਬੀ ਰਾਮ ਕੌਰ ਨਾਲ ਹੋਇਆ। ਉਹਨਾਂ ਦੇ ਘਰ 10 ਸਾਲ ਤੱਕ ਕੋਈ ਔਲਾਦ ਪੈਦਾ ਨਾ ਹੋਈ, ਫਿਰ ਉਹਨਾਂ ਦਾ ਦੂਜਾ ਵਿਆਹ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਨਵਾਂ ਚੰਦ ਦੇ ਰਹਿਣ ਵਾਲੇ ਸ. ਜੀਤਾ ਸਿੰਘ ਦੀ ਸਪੁੱਤਰੀ ਸ਼ਾਮ ਕੌਰ ਨਾਲ ਹੋਇਆ। ਉਹਨਾਂ ਦੀ ਪਹਿਲੀ ਪਤਨੀ ਦੀ ਕੁੱਖੋਂ ਪੁੱਤਰ ਸਾਹਿਬ ਸਿੰਘ ਦਾ ਜਨਮ ਹੋਇਆ ਅਤੇ ਰਾਮ ਕੌਰ ਦੀ ਕੁੱਖੋਂ ਤਿੰਨ ਹੋਰ ਪੁੱਤਰਾਂ ਅਤੇ ਇੱਕ ਧੀ ਨੇ ਜਨਮ ਲਿਆ। ਦੂਜੀ ਪਤਨੀ ਸ਼ਾਮ ਕੌਰ ਦੀ ਕੁੱਖੋਂ ਦੋ ਪੁੱਤਰ ਸ. ਹਰਚਰਨ ਸਿੰਘ ਅਤੇ ਸ. ਮਹਿੰਦਰ ਸਿੰਘ ਪੈਦਾ ਹੋਏ।
ਸ. ਤੇਜਾ ਸਿੰਘ ਸਮੁੰਦਰੀ ਨੂੰ ਉਹਨਾਂ ਦੇ ਪਿਤਾ ਜੀ ਨੇ 1899 ਈ: ਵਿੱਚ 18 ਸਾਲ ਦੀ ਉਮਰ ਵਿੱਚ ਰਿਸਾਲੇ ਨੰਬਰ 22 ਵਿੱਚ ਦਫੇਦਾਰ ਭਰਤੀ ਕਰਵਾ ਦਿੱਤਾ। ਉਹ ਆਪਣੀ ਲਿਆਕਤ ਕਰਕੇ ਛੇਤੀ ਹੀ ਰੰਗਰੂਟਾਂ ਦੇੇ ਉਸਤਾਦ ਅਤੇ ਇੰਸਪੈਕਟਰ ਬਣ ਗਏ। ਉਹਨਾਂ ਦਾ ਸੁਭਾਅ ਅਣਖੀ ਸੀ, ਜਿਸ ਕਰਕੇ ਉਹਨਾਂ ਨੂੰ ਅੰਗਰੇਜ਼ ਸਰਕਾਰ ਅਧੀਨ ਨੌਕਰੀ ਕਰਨਾ ਸਹੀ ਨਾ ਲੱਗਾ ਅਤੇ ਉਹਨਾਂ ਨੇ ਤਿੰਨ ਸਾਲ ਨੌਕਰੀ ਕਰਨ ਪਿੱਛੋਂ ਅਸਤੀਫਾ ਦੇ ਦਿੱਤਾ। ਨੌਕਰੀ ਕਰਦੇ ਸਮੇਂ ਉਹਨਾਂ ਨੇ ਗਤਕਾ, ਪੋਲੋ, ਘੋੜ ਸਵਾਰੀ ਅਤੇ ਨਿਸ਼ਾਨੇਬਾਜੀ ਵਿੱਚ ਨਿਪੁੰਨਤਾ ਹਾਸਲ ਕਰ ਲਈ। ਸ਼ੁਰੂ ਤੋਂ ਉਹਨਾਂ ਦੀ ਪੰਥਕ ਕੰਮਾਂ ਵਿੱਚ ਬਹੁਤ ਰੁਚੀ ਸੀ। ਉਹ ਸਿੰਘ ਸਭਾ ਲਹਿਰ ਵਿੱਚ ਸ਼ਾਮਿਲ ਹੋ ਗਏ, ਫਿਰ ਚੀਫ ਖਾਲਸਾ ਦੀਵਾਨ ਰਾਹੀਂ ਉਹਨਾਂ ਨੇ ਧਾਰਮਿਕ ਅਤੇ ਵਿਿਦਅਕ ਸੇਵਾ ਦੀ ਆਰੰਭਤਾ ਕੀਤੀ। ਬਾਰ ਵਿੱਚ ਉਹਨਾਂ ਖਾਲਸਾ ਦੀਵਾਨ ਸਮੁੰਦਰੀ ਦੀ ਨੀਂਹ ਰੱਖੀ ਤਾਂ ਜੋ ਗੁਰਮਤ ਦਾ ਪ੍ਰਚਾਰ ਅਤੇ ਪ੍ਰਸਾਰ ਹੋ ਸਕੇ। ਸ. ਤੇਜਾ ਸਿੰਘ ਸਮੁੰਦਰੀ ਖਾਲਸਾ ਦੀਵਾਨ ਸਮੁੰਦਰੀ ਅਤੇ ਖਾਲਸਾ ਦੀਵਾਨ ਲਾਇਲਪੁਰ ਦੇ ਮੈਂਬਰ ਵੀ ਰਹੇ। ਬਾਰ ਦੇ ਵੱਖੋ-ਵੱਖ ਦੀਵਾਨਾਂ ਨੂੰ ਮਿਲਾ ਕੇ ਉਹਨਾਂ ਵੱਲੋਂ ਖਾਲਸਾ ਦੀਵਾਨ ਬਾਰ ਸਥਾਪਿਤ ਕੀਤਾ ਗਿਆ। ਵਿੱਦਿਆ ਦੇ ਪ੍ਰਸਾਰ ਲਈ ਉਨਾਂ ਨੇ ਬਹੁਤ ਸਾਰੇ ਵਿਿਦਅਕ ਅਦਾਰੇ ਬਣਵਾਏ ਜਿਵੇਂ ਆਪਣੇ ਪਿੰਡ ਵਿੱਚ ਖਾਲਸਾ ਮਿਡਲ ਸਕੂਲ, ਖਾਲਸਾ ਹਾਈ ਸਕੂਲ ਲਾਇਲਪੁਰ ਬਾਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਹਾਈ ਸਕੂਲ ਸਰਹਾਲੀ।
1914 ਵਿੱਚ ਅੰਗਰੇਜ਼ ਹਕੂਮਤ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਉਣ ਕਰਕੇ ਸ. ਤੇਜਾ ਸਿੰਘ ਸਮੁੰਦਰੀ ਵੱਲੋਂ ਆਪਣੇ ਸਾਥੀਆਂ ਸਮੇਤ ਵਿਰੋਧ ਕੀਤਾ ਗਿਆ ਅਤੇ ਇਸ ਅੰਦੋਲਨ ਵਿੱਚ 100 ਸਿੱਖਾਂ ਦੀਆਂ ਸ਼ਹੀਦੀਆਂ ਵਾਲੀ ਲਿਸਟ ਵਿੱਚ ਉਹਨਾਂ ਨੇ ਆਪਣਾ ਨਾਮ ਦਰਜ ਕਰਵਾਇਆ। ਸਰਕਾਰ ਨੇ 1920 ਵਿੱਚ ਦਰਬਾਰ ਸਾਹਿਬ ਦੀ 36 ਮੈਂਬਰਾਂ ਦੀ ਕਮੇਟੀ ਬਣਾਈ, ਜਿਸ ਵਿੱਚ ਸ. ਤੇਜਾ ਸਿੰਘ ਸਮੁੰਦਰੀ ਦਾ ਨਾਮ ਵੀ ਦਰਜ ਸੀ ਪ੍ਰੰਤੂ ਇਹ ਕਮੇਟੀ ਕਾਗਜੀ ਹੀ ਰਹੀ। ਨਵੰਬਰ 1920 ਈ: ਨੂੰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਗਈ ਤਾਂ ਕਮੇਟੀ ਵਾਲੇ 36 ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਿਲ ਕਰ ਲਏ ਗਏ। ਸ. ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹੇ। ਆਪ ਪੰਜਾਬ ਰਾਜ ਕਾਂਗਰਸ ਕਮੇਟੀ ਅਤੇ ਆਲ ਇੰਡੀਆ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ। ਫਿਰ 1922 ਵਿੱਚ ਲਾਲਾ ਲਾਜਪਤ ਰਾਏ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਬਾਬਾ ਖੜਕ ਸਿੰਘ ਅਤੇ ਮੀਤ ਪ੍ਰਧਾਨ ਸ. ਤੇਜਾ ਸਿੰਘ ਸਮੁੰਦਰੀ ਬਣੇ। ਸ. ਤੇਜਾ ਸਿੰਘ ਸਮੁੰਦਰੀ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਵਿੱਚ ਵੱਧ ਚੜ ਕੇ ਹਿੱਸਾ ਲਿਆ। ਸਾਕਾ ਨਨਕਾਣਾ ਸਾਹਿਬ ਦੌਰਾਨ ਸ. ਤੇਜਾ ਸਿੰਘ ਸਮੁੰਦਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਵਜੋਂ ਉੱਥੇ ਪੁੱਜੇ ਅਤੇ ਨਨਕਾਣਾ ਸਾਹਿਬ ਗੁਰਦੁਆਰਾ ਅਤੇ ਉਥੋਂ ਦੀ ਜਾਇਦਾਦ ਦਾ ਪ੍ਰਬੰਧ ਉਹਨਾਂ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸੰਭਾਲਿਆ।
ਚਾਬੀਆਂ ਦੇ ਮੋਰਚੇ ਸਮੇਂ ਸ. ਤੇਜਾ ਸਿੰਘ ਸਮੁੰਦਰੀ ਨੇ ਆਪਣੇ ਸਾਥੀਆਂ ਸ. ਖੜਕ ਸਿੰਘ ਅਤੇ ਸ. ਮਹਿਤਾਬ ਸਿੰਘ ਨਾਲ ਮਿਲ ਕੇ ਜਬਰਦਸਤ ਵਿਰੋਧ ਅਤੇ ਅੰਦੋਲਨ ਕੀਤਾ, ਜਿਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚਾਬੀਆਂ ਦੇ ਮੋਰਚੇ ਦੇ ਜ਼ੋਰ ਫੜਨ ਕਰਕੇ ਸਰਕਾਰ ਨੂੰ ਝੁਕਣਾ ਪਿਆ ਅਤੇ ਸਾਰੇ ਸਿੰਘਾਂ ਨੂੰ ਰਿਹਾ ਕਰਨਾ ਪਿਆ। ਗੁਰੂ ਕੇ ਬਾਗ ਦੇ ਮੋਰਚੇ ਦੀ ਅਗਵਾਈ ਕਰਨ ਵਾਲੇ ਆਗੂਆਂ ਵਿੱਚੋਂ ਆਪ ਮੋਹਰੀ ਸਨ। ਜਿਸ ਦਿਨ ਮੋਰਚੇ ਤੇ ਜਾਣ ਲਈ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕੋਈ ਸਿੰਘ ਨਹੀਂ ਸੀ ਪਹੁੰਚਿਆ ਤਾਂ ਆਪ ਜੀ ਆਪਣੇ ਪਿੰਡ ਰਾਏ ਕਾ ਬੁਰਜ ਤੋਂ 100 ਸਿੰਘਾਂ ਦਾ ਜਥਾ ਲੈ ਕੇ ਗੁਰੂ ਕੇ ਬਾਗ ਮੋਰਚੇ ਵਿੱਚ ਪੁੱਜੇ। ਜੈਤੋ ਮੋਰਚੇ ਸਮੇਂ ਆਪ ਅਕਾਲੀ ਲੀਡਰਾਂ ਨਾਲ ਗ੍ਰਿਫਤਾਰ ਕਰ ਲਏ ਗਏ। ਪੰਜਾਬ ਕੌਂਸਲ ਵਿੱਚ 1925 ਵਿੱਚ ਗੁਰਦੁਆਰਾ ਐਕਟ ਪੇਸ਼ ਕੀਤਾ ਗਿਆ ਪ੍ਰੰਤੂ 17 ਜੁਲਾਈ 1925 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਦੀ ਮੀਟਿੰਗ ਵਿੱਚ ਮਤਾ ਪਾਸ ਕਰਕੇ ਗੁਰਦੁਆਰਾ ਕੈਦੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਐਕਟ ਸਬੰਧੀ ਸਰਕਾਰ ਦੀਆਂ ਸ਼ਰਤਾਂ ਨਾ ਮੰਨਣ। ਸ. ਮਹਿਤਾਬ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਗੁਰਦੁਆਰਾ ਐਕਟ ਦੀ ਸ਼ਰਤ ਪ੍ਰਵਾਨ ਕਰ ਲਈ ਅਤੇ ਸਰਕਾਰ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ। ਸ. ਤੇਜਾ ਸਿੰਘ ਸਮੁੰਦਰੀ, ਮਾਸਟਰ ਤਾਰਾ ਸਿੰਘ, ਸਰਮੁਖ ਸਿੰਘ ਝਬਾਲ, ਸ. ਸੇਵਾ ਸਿੰਘ ਠੀਕਰੀਵਾਲਾ ਆਦਿ ਸਿੰਘਾਂ ਨੇ ਗੁਰਦੁਆਰਾ ਐਕਟ ਦੀ ਸ਼ਰਤ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਫਰਵਰੀ 1926 ਈ: ਵਿੱਚ ਇਹਨਾਂ ਨੂੰ ਲਾਹੌਰ ਜੇਲ ਵਿੱਚ ਭੇਜ ਕੇ ਮੁਕਦਮਾ ਜਾਰੀ ਰੱਖਿਆ ਗਿਆ। ਸ. ਤੇਜਾ ਸਿੰਘ ਸਮੁੰਦਰੀ ਜੇਲ੍ਹ ਵਿੱਚ 17 ਜੁਲਾਈ 1926 ਨੂੰ ਅਕਾਲ ਚਲਾਣਾ ਕਰ ਗਏ।
ਲਾਹੌਰ ਦੀ ਸੈਂਟਰਲ ਜੇਲ ਵਿੱਚੋਂ ਉਹਨਾਂ ਦਾ ਮ੍ਰਿਤਕ ਸਰੀਰ ਅੰਮ੍ਰਿਤਸਰ ਲਿਆ ਕੇ 18 ਜੁਲਾਈ 1926 ਨੂੰ ਉਹਨਾਂ ਦਾ ਸਤਿਕਾਰ ਸਹਿਤ ਅੰਤਿਮ ਸਸਕਾਰ ਕੀਤਾ ਗਿਆ। ਫਿਰ 1937 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਫਤਰ ਲਈ ਬਣਾਈ ਗਈ ਇਮਾਰਤ ਦਾ ਨਾਮ ਸ. ਤੇਜਾ ਸਿੰਘ ਸਮੁੰਦਰੀ ਦੇ ਨਾਮ ਉੱਤੇ “ਤੇਜਾ ਸਿੰਘ ਸਮੁੰਦਰੀ ਹਾਲ” ਰੱਖਿਆ। ਉਹਨਾਂ ਦੇ ਸਪੁੱਤਰ ਸ. ਬਿਸ਼ਨ ਸਿੰਘ ਸਮੁੰਦਰੀ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪਹਿਲੇ ਵਾਈਸ ਚਾਂਸਲਰ ਬਣੇ।
-ਰਮਿੰਦਰ ਕੌਰ ਲਾਇਬ੍ਰੇਰੀਅਨ
(ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ, ਸ੍ਰੀ ਅੰਮ੍ਰਿਤਸਰ)
ਮੋ: 7527015215.
Leave a Reply