ਭਾਰਤ ਸਰਕਾਰ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਤਿੰਨ ਯੂਟਿਊਬ ਖਾਤੇ ਕੀਤੇ ਬੰਦ

ਭਾਰਤ ਸਰਕਾਰ ਨੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਤਿੰਨ ਯੂਟਿਊਬ ਖਾਤੇ ਕੀਤੇ ਬੰਦ

ਅੰਮ੍ਰਿਤਸਰ, 20 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ 
 

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦੇ ਤਿੰਨ ਯੂਟਿਊਬ ਖਾਤੇ ਭਾਰਤ ਸਰਕਾਰ ਵੱਲੋਂ ਬੰਦ ਕਰਵਾ ਦਿੱਤੇ ਗਏ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸਰਕਾਰ ਨੇ ਇੱਕ ਮਹੀਨੇ ਵਿੱਚ ਹੀ ਉਹਨਾਂ ਦੇ ਨਾਮ ਵਾਲੇ ਤਿੰਨ ਯੂਟਿਊਬ ਖਾਤੇ ਪੱਕੇ ਤੌਰ ਉਤੇ ਬੰਦ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਦੋ ਖਾਤੇ ਪਹਿਲਾਂ ਭਾਰਤ ਵਿੱਚ ਹੀ ਬੈਨ ਕੀਤੇ ਸਨ ਤੇ ਹੁਣ ਤੀਜੇ ਖਾਤੇ ਸਮੇਤ ਇਹ ਸਾਰੇ ਯੂਟਿਊਬ ਅਕਾਊਂਟ ਜੋ ਯੂਟੀਊਬ ਵਾਲਿਆਂ ਨੇ ਪੱਕੇ ਤੌਰ ਉੱਤੇ ਬੰਦ ਕਰ ਦਿੱਤੇ ਹਨ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਯੂਟੀਊਬ ਖਾਤੇ ਉੱਤੇ ਖਾਲਸਾ ਪੰਥ ਅਤੇ ਦੇਸ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੇ ਸੰਬੰਧ ਵਿੱਚ ਅਤੇ ਧਾਰਮਿਕ ਸਮਾਗਮਾਂ ਦੀਆਂ ਅਨੇਕਾਂ ਵੀਡੀਓ ਅਪਲੋਡ ਕੀਤੀਆਂ ਹੋਈਆਂ ਸਨ। ਇਸ ਤੋਂ ਇਲਾਵਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜੁਝਾਰੂ ਸਿੰਘਾਂ, ਪੰਥਕ ਸਰਗਰਮੀਆਂ, ਸ਼ਹੀਦੀ ਸਮਾਗਮਾਂ, ਪੰਥ ਅਤੇ ਪੰਜਾਬ ਦੇ ਮੁੱਦਿਆਂ ਬਾਬਤ ਅਤੇ ਗੁਰਮਤ ਕੈਂਪਾਂ ਤੇ ਗਤਕੇ ਦੀਆਂ ਵੀਡੀਓਜ ਸਨ ਜੋ ਸਰਕਾਰ ਨੇ ਸਾਰੀਆਂ ਹਟਾ ਦਿੱਤੀਆਂ ਹਨ ਤੇ ਤਿੰਨੇ ਚੈਨਲ ਪੱਕੇ ਤੌਰ ਉਤੇ ਬੰਦ ਕਰ ਦਿੱਤੇ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਈ ਵਾਰ ਭਾਰਤ ਸਰਕਾਰ ਉਹਨਾਂ ਦੇ ਫੇਸਬੁੱਕ, ਇੰਸਟਾਗਰਾਮ, ਯੂਟੀਊਬ ਅਤੇ ਟਵਿੱਟਰ ਖਾਤੇ ਵੀ ਬੰਦ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਭਾਰਤ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕਤੰਤਰ, ਧਰਮ ਨਿਰਪੱਖ ਅਤੇ ਮਨੁੱਖੀ ਹੱਕਾਂ ਦਾ ਅਲੰਬਰਦਾਰ ਅਖਵਾਉਂਦਾ ਹੈ ਪਰ ਭਾਰਤ ਵਿੱਚ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨਾਲ ਵਿਤਕਰਾ ਤੇ ਜ਼ੁਲਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਸ਼ਹੀਦ ਸਿੰਘਾਂ ਬਾਬਤ ਕਿਤਾਬਾਂ ਲਿਖਣ ਕਾਰਨ ਵੀ ਉਹਨਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ ਸੀ ਤੇ ਮਨੁੱਖੀ ਹੱਕਾਂ ਤੇ ਧਾਰਮਿਕ ਆਜ਼ਾਦੀ ਲਈ ਆਵਾਜ਼ ਬੁਲੰਦ ਕੀਤੀ ਸੀ ਪਰ ਅੱਜ ਹਿੰਦੂ ਹਾਕਮ ਜੋ ਔਰੰਗਜ਼ੇਬ ਦੇ ਰਾਹਾਂ ਉੱਤੇ ਚੱਲ ਕੇ ਅਣਖੀ ਸਿੱਖਾਂ ਦਾ ਗਲਾ ਘੁੱਟ ਰਹੇ ਹਨ ਪਰ ਇਸ ਜੁਲਮ ਨੂੰ ਖ਼ਾਲਸਾ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਕੌਮੀ ਆਜ਼ਾਦੀ ਲਈ ਜੂਝਦਾ ਰਹੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.