ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਨੇ ਬਕਾਏ ਦੀ ਇਕਸਾਰ ਅਦਾਇਗੀ ਦੀ ਮੰਗ ਕੀਤੀ
- ਰਾਜਨੀਤੀ
- 06 May, 2025 10:03 PM (Asia/Kolkata)
ਪਾਵਰਕੌਮ ਦੇ 1100 ਕਰੋੜ ਦੇ ਮੁਨਾਫੇ ਦੇ ਬਾਵਜੂਦ ਮੁਲਾਜ਼ਮਾਂ ਨੂੰ ਬਕਾਇਆ ਕਿਸ਼ਤਾਂ ਵਿੱਚ ਕਿਉਂ?
ਅੰਮ੍ਰਿਤਸਰ 6 ਮਈ, ਸੁਰਜੀਤ ਸਿੰਘ ਖਾਲਸਾ
ਅੰਮ੍ਰਿਤਸਰ ਦੇ ਦਿਹਾਤੀ ਸਰਕਲ ਵਿੱਚ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਦੀ ਮਹੀਨਾਵਾਰ ਮੀਟਿੰਗ ਰਣਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾਈ ਪ੍ਰਧਾਨ ਬਾਬਾ ਅਮਰਜੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਲੰਮੇ ਸਮੇਂ ਤੋਂ ਲਟਕ ਰਹੇ ਮਸਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਪਹਿਲਗਾਮ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਬੋਲਦਿਆਂ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਪਾਵਰਕੌਮ ਦੇ 1100 ਕਰੋੜ ਰੁਪਏ ਦੇ ਮੁਨਾਫੇ ਵਿੱਚ ਹੋਣ ਦੇ ਦਾਅਵੇ 'ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਜੇਕਰ ਪਾਵਰਕੌਮ ਮੁਨਾਫੇ ਵਿੱਚ ਹੈ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਣਦੇ ਬਕਾਏ ਕਿਸ਼ਤਾਂ ਵਿੱਚ ਕਿਉਂ ਦਿੱਤੇ ਜਾ ਰਹੇ ਹਨ ਅਤੇ ਲਗਾਤਾਰ ਟਾਲਮਟੋਲ ਦੀ ਨੀਤੀ ਕਿਉਂ ਅਪਣਾਈ ਜਾ ਰਹੀ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਪੰਜਾਬ ਦੇ ਬਿਜਲੀ ਵਿਭਾਗ ਵਿੱਚ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਕਿਉਂ ਦਿੱਤੀਆਂ ਜਾ ਰਹੀਆਂ ਹਨ।
ਜਥੇਬੰਦੀ ਨੇ ਪਾਵਰਕੌਮ/ਟਰਾਂਸਕੋ ਵੱਲੋਂ ਪੈਨਸ਼ਨਾਂ ਕਮਿਊਟ ਕਰਕੇ ਵਿਆਜ ਵਸੂਲਣ ਦੀ ਨੀਤੀ ਦਾ ਵੀ ਵਿਰੋਧ ਕੀਤਾ ਅਤੇ ਮੰਗ ਕੀਤੀ ਕਿ ਇਸੇ ਤਰ੍ਹਾਂ ਬਣਦੇ ਬਕਾਏ ਦਾ ਵਿਆਜ ਵੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤਾ ਜਾਵੇ। ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਸਰਕਾਰ ਨੂੰ ਇਸ ਧੱਕੇਸ਼ਾਹੀ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਇਸ ਮੀਟਿੰਗ ਵਿੱਚ ਪ੍ਰਮੁੱਖ ਆਗੂ ਇੰਜੀ. ਇਕਬਾਲ ਸਿੰਘ, ਪਵਿੱਤਰ ਸਿੰਘ, ਕਮਲ ਸਿੰਘ, ਸੁਰਿੰਦਰਪਾਲ ਸਿੰਘ, ਗੁਰਸ਼ਰਨ ਸਿੰਘ, ਕੇਵਲ ਕ੍ਰਿਸ਼ਨ, ਸਤਪਾਲ ਸਿੰਘ, ਰਘਬੀਰ ਸਿੰਘ ਸਮੇਤ ਕਈ ਹੋਰ ਇੰਜੀਨੀਅਰ ਅਤੇ ਅਧਿਕਾਰੀ ਹਾਜ਼ਰ ਸਨ।
Leave a Reply