ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਸਮਾਗਮ
- ਅੰਤਰਰਾਸ਼ਟਰੀ
- 21 Dec, 2025 02:55 PM (Asia/Kolkata)
ਸਰੀ/ਕੈਨੇਡਾ, 21 ਦਸੰਬਰ , ਰਣਜੀਤ ਸਿੰਘ ਖ਼ਾਲਸਾ
ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ, ਸਰੀ (ਡੈਲਟਾ) ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ, ਸ਼ਹੀਦ ਭਾਈ ਬਲਵਿੰਦਰ ਸਿੰਘ ਗੱਗੋਬੂਹਾ, ਸ਼ਹੀਦ ਮਾਤਾ ਗੁਰਮੇਜ ਕੌਰ ਗੱਗੋਬੂਹਾ, ਸ਼ਹੀਦ ਭਾਈ ਰੋਸ਼ਨ ਲਾਲ ਬੈਰਾਗੀ, ਸ਼ਹੀਦ ਬੀਬੀ ਸੁਰਿੰਦਰ ਕੌਰ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ, ਕਥਾਵਾਚਕਾਂ, ਪ੍ਰਚਾਰਕਾਂ ਤੇ ਢਾਡੀ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਜੋੜਿਆ। ਇਹਨਾਂ ਸਮਾਗਮਾਂ ਵਿੱਚ ਵੱਖ-ਵੱਖ ਪੰਥਕ ਬੁਲਾਰਿਆਂ ਅਤੇ ਜਾਗਰੂਕ ਸਿੱਖ ਨੌਜਵਾਨਾਂ ਵੱਲੋਂ ਸਿੱਖ ਸੰਘਰਸ਼ ਅਤੇ ਪੰਥ ਤੇ ਪੰਜਾਬ ਦੇ ਮੌਜੂਦਾ ਹਾਲਾਤਾਂ ਸੰਬੰਧੀ ਵਿਚਾਰ ਵੀ ਸਾਂਝੇ ਕੀਤੇ ਗਏ। ਸਮੂਹ ਆਗੂਆਂ ਤੇ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਨਿਸ਼ਾਨੇ ਉੱਤੇ ਚੱਲਣ ਦਾ ਅਹਿਦ ਕੀਤਾ। ਉਹਨਾਂ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹਨ, ਉਹਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣਗੀਆਂ। ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਪੰਥਕ ਫ਼ਰਜ਼ ਹੈ। ਸਾਡੇ ਜੁਝਾਰੂ ਸਿੰਘ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਗੁਰਧਾਮਾਂ ਦੀ ਪਵਿੱਤਰਤਾ ਦੀ ਰਾਖੀ ਤੇ ਕੌਮ ਦੀ ਆਜ਼ਾਦੀ ਲਈ ਆਪਾ ਵਾਰ ਗਏ ਸਨ। ਇਸ ਮੌਕੇ ਆਗੂਆਂ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਅਤੇ ਕੇਸਾਧਾਰੀ, ਅੰਮ੍ਰਿਤਧਾਰੀ ਤੇ ਸ਼ਸਤਰਧਾਰੀ ਹੋਣ ਦੀ ਅਪੀਲ ਵੀ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਗੁਰੂ ਘਰ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਅਕਸਰ ਹੀ ਸਮਾਗਮ ਚੱਲਦੇ ਰਹਿੰਦੇ ਹਨ।
Leave a Reply