ਚੜਦੀ ਕਲਾ ਦਾ ਪਰਤੀਕ ਹੈ ਲਹੂ ਲਿਬੜੀ ਸ਼ਮਸ਼ੀਰ ਚੋ ਜਨਮੀ ਕੌਂਮ ਦਾ ਪਵਿੱਤਰ ਜਨਮ ਦਿਹਾੜਾ ਵਿਸਾਖੀ
- ਗੁਰਬਾਣੀ-ਇਤਿਹਾਸ
- 15 Apr,2025

ਚੜਦੀ ਕਲਾ ਦਾ ਪਰਤੀਕ ਹੈ ਲਹੂ ਲਿਬੜੀ ਸ਼ਮਸ਼ੀਰ ਚੋ ਜਨਮੀ ਕੌਂਮ ਦਾ ਪਵਿੱਤਰ ਜਨਮ ਦਿਹਾੜਾ ਵਿਸਾਖੀ
ਜਦੋ ਆਏ ਸਾਲ ਵਿਸਾਖੀ ਦਾ ਦਿਹਾੜਾ ਆਉਂਦਾ ਹੈ, ਤਾਂ ਸੁਤੇ ਸਿਧ ਸੁਰਤੀ 1699 ਦੇ ਓਸ ਦਿਹਾੜੇ ਦੀ ਕਲਪਨਾ ਵਿੱਚ ਗੁਆਚ ਜਾਂਦੀ ਹੈ, ਜਦੋਂ ਇੱਕ ਅਣਖੀਲਾ ਨੌਜੁਆਨ ਗੁਰੂ, ਨਿਆਰੇ ਬਾਣੇ ਵਿੱਚ ਸਜਿਆ ਪੰਡਾਲ ਵਿੱਚ ਵੱਡੀ ਗਿਣਤੀ ਵਿੱਚ ਬੈਠੇ ਅਨੋਖੇ ਕੌਤਕ ਦੀ ਬੇਸਬਰੀ ਨਾਲ ਉਡੀਕ ਕਰਦੇ ਲੋਕਾਂ ਨੂੰ ਉੱਚੀ ਤੇ ਗਰਜ਼ਵੀਂ ਅਵਾਜ਼ ਵਿੱਚ ਸੰਬੋਧਨ ਹੋਇਆ ਹੋਵੇਗਾ।ਉਦੋਂ ਤਾਂ ਹੋਰ ਵੀ ਸੰਨਾਟਾ ਪਸਰ ਗਿਆ ਹੋਵੇਗਾ ਜਦੋਂ ਉਸ ਸੁੰਦਰ ਤੇ ਵਿਲੱਖਣ ਲਿਵਾਸ ਵਿੱਚ ਸਜੇ ਕੌਤਕੀ ਗੁਰੂ ਨੇ ਹਵਾ ਵਿੱਚ ਤਲਵਾਰ ਲਹਿਰਾ ਕੇ ਇੱਕ ਸਿਰ ਦੀ ਮੰਗ ਕੀਤੀ ਹੋਵੇਗੀ। ਪਰੰਤੂ ਜਦੋਂ ਇਤਿਹਾਸ ਮੁਤਾਬਿਕ 80,000 ਦੇ ਇਕੱਠ ਚੋ ਕੋਈ ਦਿਆ ਦੀ ਮੂਰਤ ਗੁਰੂ ਨੂੰ ਸਿਰ ਪੇਸ ਕਰਨ ਲਈ ਉਠੀ ਹੋਵੇਗੀ ਤਾਂ ਅਕਾਲ ਪੁਰਖ ਨੇ ਵੀ ਇੱਕ ਵਾਰੀ ਇਸ ਪ੍ਰੇਮ ਨੂੰ ਸਿਜ਼ਦਾ ਕੀਤਾ ਹੋਵੇਗਾ। ਜਦੋ ਦੂਜੀ ਅਵਾਜ ਤੇ ਲਹੂ ਲਿਬੜੀ ਤਲਵਾਰ ਨੂੰ ਦੇਖ ਕੇ ਚੌਅ ਵਿੱਚ ਖੀਵੇ ਹੋਏ ਵਿਅਕਤੀ ਨੇ ਮਰਨ ਦੀ ਤਾਂਘ ਦਿਖਾਈ ਹੋਵੇਗੀ ਤਾਂ ਉਸ ਅਕਾਲ ਨੇ ਇਸ ਅਨੋਖੇ ਧਰਮ ਦੀਆਂ ਜੜਾਂ ਨੂੰ ਪਤਾਲ ਵਿੱਚ ਐਨਾ ਗਹਿਰਾ ਉਤਾਰ ਦਿੱਤਾ ਹੋਵੇਗਾ ਤਾਂ ਕਿ ਕਦੇ ਵੱਡੀ ਤੋਂ ਵੱਡੀ ਬਿਪਤਾ ਅਤੇ ਕਾਲ ਦੇ ਸਮੇ ਵੀ ਇਹ ਸਿੱਖੀ ਦਾ ਬੂਟਾ ਹਰਿਆ ਭਰਿਆ ਰਹਿ ਸਕੇ। ਅਗਲੇ ਤਿਨ ਸਿਰਾਂ ਤੋਂ ਸੱਖਣੇ ਗੁਰੂ ਦੇ ਪਿਆਰਿਆਂ ਨੇ ਗੁਰੂ ਦੀ ਉਸ ਧਰਤੀ ਨੂੰ ਹੋਰ ਜਰਖੇਜ਼ ਬਣਾ ਦਿੱਤਾ ਜਿੱਥੇ ਇਸ ਬੂਟੇ ਨੂੰ ਖੂੰਨ ਨਾਲ ਸਿੰਜਿਆ ਜਾ ਰਿਹਾ ਸੀ। ਇਹੋ ਕਾਰਨ ਹੈ ਕਿ ਐਨੀਆਂ ਦੁੱਖ ਤਕਲੀਫਾਂ ਚੋ ਨਿਕਲਿਆ ਖਾਲਸਾ ਹਮੇਸਾਂ ਚੜਦੀ ਕਲਾ ਵਿੱਚ ਰਹਿੰਦਾ ਹੈ।ਦੁਨੀਆਂ ਦੇ ਇਤਿਹਾਸ ਵਿੱਚ ਜੇਕਰ ਐਨੀ ਵੱਡੀ ਕਰਾਂਤੀ ਕਿਸੇ ਯੁੱਗ ਪੁਰਸ ਨੇ ਲੈਕੇ ਆਉਣ ਦੀ ਹਿੰਮਤ ਕੀਤੀ ਹੈ, ਉਹ ਬਿਨਾਂ ਸ਼ੱਕ ਸਿੱਖਾਂ ਦੇ ਪਹਿਲੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਨ, ਜਿੰਨਾਂ ਨੇ ਵਗਦੇ ਵਹਿਣ ਦੇ ਉਲਟ ਚੱਲਕੇ ਆਤਮਿਕ ਤੌਰ ਤੇ ਨਿਰਬਲ ਹੋ ਚੁੱਕੀ ਸਮੁੱਚੀ ਲੋਕਾਈ ਨੂੰ ਧਾਰਮਿਕ ਅਤੇ ਰਾਜਨੀਤਕ ਗੁਲਾਮੀ ਤੋਂ ਮੁਕਤ ਕਰਵਾਉਣ ਦਾ ਨਵਾਂ ਰਾਹ ਅਖਤਿਆਰ ਕੀਤਾ। ਗੁਰੂ ਨਾਨਕ ਸਾਹਿਬ ਦੇ ਇਸ ਸਿੱਖੀ ਦੇ ਵਿਖੜੇ ਰਸਤੇ ਤੇ ਚੱਲਣ ਵਾਲਿਆਂ ਨੂੰ ਹਕੂਮਤਾਂ ਦੇ ਜਬਰ ਜੁਲਮ ਕਦੇ ਵੀ ਨਿਰਾਸ ਨਾ ਕਰ ਸਕੇ, ਬਲਕਿ ਸਿੱਖ ਕੌਂਮ ਹੋਰ ਦ੍ਰਿੜਤਾ ਨਾਲ ਅਪਣੀ ਸੰਪੂਰਨਤਾ ਵੱਲ ਵਧਦੀ ਗਈ।ਇਹ ਗੁਰੂ ਨਾਨਕ ਸਾਹਿਬ ਜੀ ਦੇ ਨਿਆਰੇ ਪੰਥ ਦੇ ਹਿੱਸੇ ਹੀ ਆਇਆ ਕਿ ਉਹਨਾਂ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਦੱਬੇ ਕੁਚਲੇ ਲੋਕਾਂ ਦੀ ਸਕਤੀ ਨੂੰ ਇੱਕੱਤਰ ਕਰਕੇ ਦੁਨੀਆਂ ਦਾ ਵੱਡਾ ਤੇ ਪਹਿਲਾ ਰਾਜਸੀ ਤੇ ਧਾਰਮਿਕ ਇਨਕਲਾਬ ਲਿਅ ਕੇ ਦੁਨੀਆਂ ਨੂੰ ਨਵੀਂ ਸੇਧ ਦਿੱਤੀ। ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜਿਹੜੀ ਲਹੂ ਲਿਬੜੀ ਤਲਵਾਰ ਚੋਂ ਪੈਦਾ ਹੋਣ ਦੇ ਬਾਵਜੂਦ ਵੀ ਸਰਬਤ ਦੇ ਭਲੇ ਦੇ ਮਹਾਂਨ ਸਿਧਾਂਤ ਤੇ ਪਹਿਰਾ ਦਿੰਦੀ ਹੈ।ਨਿੱਤ ਨਵੇਂ ਸੂਰਜ ਦੇ ਨਾਲ ਕੀਤੀ ਜਾਂਦੀ ਅਰਦਾਸ ਵਿੱਚ ਸਰਬਤ ਦੇ ਭਲੇ ਦੀ ਕਾਮਨਾ ਕਰਦੀ ਹੈ।ਵਿਸਾਖੀ ਦਾ ਦਿਨ ਸਿੱਖ ਕਰਾਂਤੀਕਾਰੀ ਲਹਿਰ ਦੇ ਓਸ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਜਿਸ ਦਿਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨ ਲੋਕਤੰਤਰ ਪ੍ਰਨਾਲੀ ਦੀ ਨੀਂਹ ਰੱਖ ਕੇ ਵੱਡੇ ਵੱਡੇ ਦੁਨਿਆਵੀ ਤਖਤਾਂ ਨੂੰ ਡਾਵਾਂਡੋਲ ਕਰ ਦਿੱਤਾ ਸੀ। ਆਪਣੇ ਸਿੱਖਾਂ ਨੂੰ ਵੱਖਰਾ ਲਿਵਾਸ ਦੇਕੇ ਪੂਰੀ ਦੁਨੀਆਂ ਤੋਂ ਨਿਆਰਾ ਕੀਤਾ ਸੀ।।ਵੱਖਰੀ ਪਛਾਣ ਵਾਲੀ ਇੱਕ ਅਜਿਹੀ ਨਵੀਂ ਕੌਂਮ ਦੀ ਸਿਰਜਣਾ ਕੀਤੀ ਜਿਸ ਦੀ ਰਹਿਣੀ ਬਹਿਣੀ,ਧਾਰਮਿਕ ਗ੍ਰੰਥ,ਧਾਰਮਿਕ ਰਹਿਤ ਮਰਯਾਦਾ ਅਤੇ ਇਤਿਹਾਸ ਪੂਰੀ ਦੁਨੀਆਂ ਤੋਂ ਵੱਖਰਾ ਹੈ। ਇਸ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਨੂੰ ਸੰਪੂਰਨ ਤੇ ਇੱਕ ਵੱਖਰੀ ਕੌਂਮ ਹੋਣ ਦਾ ਮਾਣ ਮਿਲਿਆ ਸੀ।ਸਿੱਖੀ ਦੇ ਇਤਿਹਾਸ ਵਿੱਚ ਕੁੱਝ ਵੀ ਮਨਘੜਤ ਨਹੀ,ਕੁੱਝ ਵੀ ਮਿਥਿਹਾਸਿਕ ਨਹੀ,ਜੋ ਵੀ ਹੈ ਉਹ ਸੱਚ ਦੀ ਕਸਵੱਟੀ ਤੇ ਪਰਖਿਆ ਖਾਲਸ ਭਾਵ ਸ਼ੁੱਧ ਹੈ ਇਸ ਲਈ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕੌਂਮ ਦੀ ਸੰਪੂਰਨਤਾ ਤੋਂ ਵਾਅਦ ਅਮ੍ਰਿਤਧਾਰੀ ਸਿੰਘ ਨੂੰ ਖਾਲਸੇ ਦਾ ਰੁਤਬਾ ਪ੍ਰਦਾਨ ਕੀਤਾ।ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਦੇ ਖੁੱਲੇ ਮੈਦਾਨ ਅੰਦਰ ਵੱਡਾ ਇਕੱਠ ਕਰਕੇ ਜਦੋਂ ਇਹ ਖੇਡ ਵਰਤਾਈ ਉਸ ਸਮੇ ਜਿਸ ਤਰਾਂ ਗੁਰੂ ਸਹਿਬ ਨੇ ਪਹਿਲਾਂ ਪੰਜ ਸਿਰਾਂ ਦੀ ਮੰਗ ਕੀਤੀ ਤੇ ਫਿਰ ਇਕੱਲੇ ਇਕੱਲੇ ਸਿੱਖ ਨੂੰ ਤੰਬੂ ਵਿੱਚ ਲਿਜਾਕੇ ਜੋ ਕੌਤਕ ਵਰਤਾਇਆ ਉਹ ਵੀ ਦੁਨੀਆ ਦੇ ਇਤਿਹਾਸ ਵਿੱਚ ਕਿਤੇ ਮੇਲ ਨਹੀ ਖਾਂਦਾ।ਦੁਨੀਆਂ ਦੇ ਇਤਿਹਾਸ ਵਿੱਚ ਇਹ ਵੀ ਕਿਧਰੇ ਦੇਖਣ ਨੂੰ ਨਹੀ ਮਿਲਦਾ ਕਿ ਗੁਰੂ ਦੇ ਕਹਿਣ ਤੇ ਚੇਲਾ ਆਪਣਾ ਸੀਸ ਕਟਵਾਉਂਣ ਲਈ ਉਤਾਵਲਾ ਹੋ ਜਾਵੇ।ਸਿੱਖ ਕੌਂਮ ਵਿੱਚ ਤਾਂ ਇੱਕ ਨਹੀ ਪੰਜ ਪੰਜ ਚੇਲੇ ਅਜਿਹੇ ਨਿਤਰੇ ਜਿਹੜੇ ਤੰਬੂ ਵਿੱਚੋਂ ਵਗਦੇ ਖੂਨ ਨੂੰ ਦੇਖਕੇ ਡਰੇ ਘਵਰਾਏ ਜਾਂ ਡੋਲੇ ਨਹੀ ਬਲਕਿ ਖੁਸ਼ੀ ਖੁਸ਼ੀ ਗੁਰੂ ਨੂੰ ਸੀਸ ਭੇਂਟ ਕਰਕੇ ਗੁਰੂ ਦੇ ਪਿਆਰੇ ਬਣ ਗਏ। ਉਸ ਤੰਬੂ ਅੰਦਰ ਪੰਜ ਸਿੱਖਾਂ ਦੇ ਗਲ ਵੱਢੇ ਗਏ ਜਾਂ ਕੁੱਝ ਹੋਰ ਇਹ ਗੱਲ ਤੇ ਬਗੈਰ ਮਤਲਬ ਦੀ ਦੁਵਿਧਾ ਵਿੱਚ ਪੈਣ ਦੀ ਜਰੂਰਤ ਨਹੀ, ਜਰੂਰਤ ਤਾਂ ਇਸ ਗੱਲ ਦੀ ਹੈ ਕਿ ਗੁਰੂ ਸਾਹਿਬ ਨੇ ਇਹ ਡਰਾਉਣਾ ਕੌਤਕ ਕਿਉਂ ਵਰਤਾਇਆ। ਇਹ ਸਮਝਣ ਦੀ ਜਰੂਰਤ ਹੈ ਕਿ ਪਹਿਲੇ ਸਿੱਖ ਦੇ ਸੀਸ ਭੇਂਟ ਕਰਨ ਮਗਰੋਂ ਅਤਿ ਭਿਆਨਕ ਵਾਪਰੇ ਹੌਲਨਾਕ ਦ੍ਰਿਸ਼ ਤੋਂ ਬਾਅਦ ਵੀ ਗੁਰੂ ਦੇ ਸੀਸ ਮੰਗਣ ਤੇ ਸਿੱਖ ਉੱਠਦੇ ਗਏ ਤੇ ਸੀਸ ਭੇਂਟ ਕਰਦੇ ਰਹੇ।ਇਸ ਤਰਾਂ ਵਾਰੋ ਵਾਰੀ ਪੰਜ ਸਿੱਖਾਂ ਨੇ ਗੁਰੂ ਸਹਿਬ ਨੂੰ ਆਪਣੇ ਸੀਸ ਅਰਪਣ ਕੀਤੇ।ਇਥੇ ਸਮਝਣ ਵਾਲੀ ਹੈ ਗੁਰੂ ਜੀ ਦੀ ਫਿਲੌਸਫੀ, ਕਿਉਂਕਿ ਸਿੱਖ ਪੰਥ ਦੇ ਬਾਨੀ ਗੁਰੂ ਨਾਨਕ ਸਹਿਬ ਜੀ ਦੀ ਵਰੋਸਾਈ ਕੌਂਮ ਨੂੰ ਸੰਪੂਰਨਤਾ ਬਖਸ਼ਣ ਤੋਂ ਪਹਿਲਾਂ ਇਹ ਇਮਤਿਹਾਨ ਲੈਣਾ ਇਸ ਕਰਕੇ ਜਰੂਰੀ ਸਮਝਿਆ ਗਿਆ ਤਾਂ ਕਿ ਦਸ ਗੁਰੂ ਸਹਿਬਾਨਾਂ ਦੀ ਘਾਲੀ ਹੋਈ ਘਾਲਣਾ ਰੰਚਕ ਮਾਤਰ ਵੀ ਸ਼ੱਕੀ ਨਾ ਹੋਵੇ। ਜਿਸ ਕੌਂਮ ਦੇ ਗੁਰੂ ਖੁਦ ਆਪਣੀ ਕੌਂਮ ਲਈ ਹੱਸ ਹੱਸ ਕੇ ਤੱਤੀਆਂ ਤਵੀਆਂ,ਤੱਤਾ ਰੇਤਾ ਅਤੇ ਉਬਲਦੀਆਂ ਦੇਗਾਂ ਦੀ ਤਪਸ ਨੂੰ ਜਰਦੇ ਸ਼ਹਾਦਤਾਂ ਦਾ ਅਮ੍ਰਿਤ ਪੀ ਗਏ ਹੋਣ ਸੀਸ ਕਟਾ ਗਏ ਹੋਣ, ਉਹਨਾਂ ਦੇ ਸਿੱਖ ਵੀ ਤੂੰਬਾ ਤੂੰਬਾ ਕਰਕੇ ਉੱਡ ਗਏ ਹੋਣ, ਫਿਰ ਉਹਨਾਂ ਦੀ ਕੌਂਮ ਬੁਝਦਿਲਾਂ ਦੀ ਕਿਵੇਂ ਹੋ ਸਕਦੀ ਹੈ।ਖਾਲਸਾ ਸਾਜਨਾ ਦੀ ਮਰਯਾਦਾ ਵਿੱਚ ਵੀ ਓਸ ਮਹਾਂਨ ਯੋਧੇ ਅਤੇ ਦਾਰਸ਼ਨਿਕ ਗੁਰੂ ਗੋਬਿੰਦ ਸਿੰਘ ਦੀ ਡੂੰਘੀ ਫਿਲੌਸਫੀ ਛੁਪੀ ਹੋਈ ਹੈ।ਅਮ੍ਰਿਤ ਦੀ ਮਰਯਾਦਾ ਹੈ ਕਿ ਜਿੰਨੀ ਦੇਰ ਕੋਈ ਵੀ ਵਿਅਕਤੀ ਛੂਤ ਛਾਤ ਅਤੇ ਭਿੰਨ ਭੇਦ ਦਾ ਵਹਿਮ ਦੂਰ ਨਹੀ ਕਰਦਾ ਓਨੀ ਦੇਰ ਸੰਗਤ ਅਤੇ ਪੰਗਤ ਵਿੱਚ ਬੈਠਕੇ ਅਮ੍ਰਿਤ ਪਾਨ ਨਹੀ ਕਰ ਸਕਦਾ।ਕਿਉਂਕਿ ਅਮ੍ਰਿਤ ਛਕਣ ਵਾਲੇ ਸਿੱਖਾਂ ਨੂੰ ਇੱਕੋ ਵਾਟੇ ਵਿੱਚੋ ਇੱਕ ਦੂਜੇ ਦਾ ਜੂਠਾ ਘੁੱਟ ਭਰਕੇ ਖਾਲਸਾ ਪਰਿਵਾਰ ਵਿੱਚ ਸਾਮਿਲ ਹੋਣਾ ਪੈਂਦਾ ਹੈ।ਅਮ੍ਰਿਤ ਛਕਣ ਵਾਲੇ ਸਿੰਘ ਨੂੰ ਇਹ ਪ੍ਰਣ ਵੀ ਸ੍ਰੀ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਵਿੱਚ ਕਰਨਾ ਪੈਂਦਾ ਹੈ ਕਿ ਅੱਜ ਤੋਂ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ,ਮਾਤਾ ਸਹਿਬ ਕੌਰ ,ਜਨਮ ਅਸਥਾਨ ਸ੍ਰੀ ਅਨਦਪੁਰ ਸਹਿਬ ਹੈ।ਸੋ ਇਸ ਤਰਾਂ ਸਿੰਘ ਸਜਣ ਤੋਂ ਵਾਅਦ ਸਿੱਖ ਦੀ ਪਿਛਲੀ ਕੋਈ ਜਾਤ ਨਹੀ ਰਹਿੰਦੀ,ਭਾਵ ਸਰੇ ਭਿੰਨ ਭੇਦ ਤਿਆਗ ਕੇ ਇੱਕੋ ਜਾਤ ਖਾਲਸਾ ਪੰਥ ਦਾ ਮੈਂਬਰ ਬਣ ਜਾਂਦਾ ਹੈ ਤੇ "ਏਕ ਪਿਤਾ ਏਕਸ ਕੇ ਹਮ ਬਾਰਿਕ" ਦਾ ਧਾਰਨੀ ਬਣ ਜਾਂਦਾ ਹੈ।ਗੁਰੂ ਸਹਿਬ ਨੇ ਪੰਜ ਪਿਆਰੇ ਸਾਜਣ ਉਪਰੰਤ ਉਹਨਾਂ ਤੋਂ ਅਮ੍ਰਿਤ ਦੀ ਦਾਤਿ ਪਰਾਪਤ ਕਰਕੇ ਆਪਣੇ ਖਾਲਸੇ ਨੂੰ ਗੂਰੂ ਖਾਲਸਾ ਹੋਣ ਦਾ ਮਾਣ ਬਖਸਿਆ।ਇਹ ਵੀ ਪਰਪੱਕ ਕਰਵਾਇਆ ਕਿ ਜਿੱਥੇ ਪੰਜ ਅਮ੍ਰਿਤਧਾਰੀ ਸਿੰਘ ਇਕੱਤਰ ਹੋਣਗੇ ਉਹਨਾਂ ਨੂੰ ਪੂਰਨ ਖਾਲਸਾ ਪੰਥ ਦਾ ਦਰਜਾ ਪਰਾਪਤ ਹੋਵੇਗਾ।ਇਸ ਤਰਾਂ ਕਰਕੇ ਲੋਕਤੰਤਰ ਦੀ ਨੀਹ ਹੀ ਨਹੀ ਰੱਖੀ ਬਲਕਿ ਲੋਕਤੰਤਰ ਨੂੰ ਸਥਾਪਤੀ ਬਖਸ਼ੀ।ਜੇਕਰ ਹੁਣ ਗੱਲ ਅੱਜ ਦੇ ਸੰਦਰਭ ਵਿੱਚ ਕੀਤੀ ਜਾਵੇ ਤਾਂ ਗੌਹ ਨਾਲ ਵਾਚਿਆ ਇਹ ਗੱਲ ਰੜਕਦੀ ਹੈ ਕਿ ਗੁਰੂ ਗੋਬਿੰਦ ਸਿੰਘ ਵੱਲੋਂ ਸਾਰਾ ਪਰਿਵਾਰ ਜਿਸ ਕੌਮ ਦੇ ਲੇਖੇ ਲਾਇਆ ਗਿਆ ਹੋਵੇ ਤੇ ਆਪਣੇ ਪੁੱਤਰ ਵਾਰ ਕੇ ਖਾਲਸਾ ਪੰਥ ਦੀ ਨੌਜਵਾਨ ਪੀੜ੍ਹੀ ਚੋਂ ਆਪਣੇ ਪੁਤਰਾਂ ਨੂੰ ਪਾਉਂਣ ਦੀ ਇਛਾ ਰੱਖੀ ਹੋਵੇ ਅੱਜ ਉਸ ਕੌਂਮ ਦੇ ਵਾਰਸਾਂ ਨੇ ਆਪਣੇ ਪਿਉ ਤੋਂ ਮੁੱਖ ਮੋੜ ਲਿਆ ਲੱਗਦਾ ਹੈ।ਸਿੱਖ ਨੌਜਵਾਨੀ ਨੇ ਆਪਣੀ ਪਛਾਣ ਖੋ ਲਈ, ਆਪਣੀ ਅਣਖ ਨਸ਼ਿਆ ਬਦਲੇ ਗਿਰਵੀ ਰੱਖ ਦਿੱਤੀ, ਕਿਸੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਖਾਲਸਾਹੀ ਪਰਚਮ ਲਹਿਰਾ ਜਾਣ ਵਾਲੇ ਅਤੇ ਕਾਬਲ ਕੰਧਾਰ ਤੱਕ ਤੇ ਰਾਜ ਕਰਨ ਵਾਲੇ, ਖਾਲਸਾ ਪੰਥ ਦੇ ਵਾਰਸ ਅੱਜ ਪੂਰੀ ਦੁਨੀਆਂ ਵਿੱਚ ਨਸ਼ਈਆਂ ਵਜੋਂ ਬਦਨਾਮ ਹੋ ਕੇ ਗੁਲਾਮਾਂ ਵਾਲਾ ਜੀਵਨ ਵਸਰ ਕਰ ਰਹੇ ਹਨ।ਲੱਗਦਾ ਹੈ ਕਿ ਸਿੱਖ ਕੌਂਮ ਵਿਸਾਖੀ ਸਿਰਫ ਮੇਲੇ ਦੇ ਰੂਪ ਵਿੱਚ ਹੀ ਮਨਾਉਂਦੀ ਹੈ ਤੇ ਸਿੱਖ ਿਵਰੋਧੀ ਸਕਤੀਆਂ ਇਸ ਪਵਿੱਤਰ ਇਤਿਹਾਸਿਕ ਦਿਹਾੜੇ ਨੂੰ ਸਿੱਖ ਕੌਮ ਦੇ ਸੰਪੂਰਨਤਾ ਭਾਵ ਸਾਜਨਾ ਦਿਵਸ਼ ਵੱਲੋਂ ਮੋੜਕੇ ਮਹਿਜ਼ ਬਦਲਦੀ ਰੁੱਤ ਦੇ ਤਿਉਹਾਰ ਵਜੋਂ ਮਨਾਉਂਣ ਲਈ ਮਕਬੂਲ ਕਰਨ ਵਿੱਚ ਕਾਮਯਾਬ ਹੋ ਗਈਆਂ ਹਨ।ਸਕੂਲੀ ਪਾਠ ਪੁਸਤਿਕਾਂ ਵਿੱਚ ਕਣਕਾਂ ਪੱਕਣ ਤੇ ਕਿਸਾਨ ਦੀ ਖੁਸੀ ਨੂੰ ਦਰਸਾਉਂਦੀਆਂ ਵਿਸਾਖੀ ਮੇਲੇ ਦੀਆਂ ਕਵਿਤਾਵਾਂ ਜਾਂ ਵਾਰਤਿਕ ਰੂਪ ਵਿੱਚ ਰਚਨਾਵਾਂ ਤਾਂ ਮਿਲਦੀਆਂ ਹਨ ਪਰ ਗੁਰੂ ਗੋਬਿੰਦ ਸਿੰਘ ਵੱਲੋਂ ਵੱਖਰੀ ਕੌਮ ਦੀ ਸਥਾਪਤੀ ਲਈ ਸਾਜੇ ਖਾਲਸਾ ਪੰਥ ਦੇ ਜਿਕਰ ਤੱਕ ਕਰਨ ਤੋਂ ਵੀ ਕਿਨਾਰਾ ਕੀਤਾ ਜਾਂਦਾ ਹੈ।ਸਿੱਖ ਕੌਂਮ ਲਈ ਇਸ ਦਿਨ ਦੀ ਮਹੱਤਤਾ ਨੂੰ ਜਾਣ ਬੁੱਝ ਕੇ ਅੱਖੋਂ ਪਰੋਖੇ ਕਰ ਦਿੱਤਾ ਗਿਆ ਹੈ।ਇਹੋ ਕਾਰਨ ਹੈ ਕਿ ਸਿੱਖ ਕੌਮ ਜਿੱਥੇ ਜਾਤ ਪਾਤ,ਊਚ ਨੀਚ ਅਤੇ ਭਿੰਨ ਭੇਦ ਦੀ ਦਲਦਲ ਵਿੱਚ ਧਸ ਚੁੱਕੀ ਹੈ ਉਥੇ ਨੌਜਵਾਨ ਪੀੜ੍ਹੀ ਸਿੱਖ ਕੌਂਮ ਦੀ ਸਿਰਮੌਰ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਲੋਕਾਂ ਵਲੋਂ ਸਿੱਖ ਇਤਿਹਾਸ ਦੀ ਸਹੀ ਜਾਨਕਾਰੀ ਮੁਹੱਈਆ ਨਾ ਕਰਵਾਉਣ ਅਤੇ ਪਰਚਾਰ ਦੀ ਘਾਟ ਕਾਰਨ ਸਿੱਖੀ ਤੋਂ ਬੇਮੁੱਖ ਹੋ ਕੇ ਡੇਰਿਆਂ ਅਤੇ ਨਸਿਆਂ ਦੀ ਲਪੇਟ ਵਿੱਚ ਆ ਚੁੱਕੀ ਹੈ। ਚੰਗਾ ਹੁੰਦਾ ਜੇ ਕਰ ਸਾਡੀਆਂ ਪੰਥਕ ਧਿਰਾਂ ਸਿਆਸੀ ਕਾਨਫਰੰਸਾਂ ਵਿੱਚ ਇੱਕ ਦੂਜੇ ਤੇ ਚਿੱਕੜ ਸੁੱਟਣ ਦੀ ਬਜਾਏ ਸਿੱਖੀ ਨੂੰ ਬਚਾਉਣ ਲਈ ਸਾਂਝੇ ਰੂਪ ਵਿੱਚ ਕੋਈ ਉਦਮ ਕਰਨ ਦਾ ਯਤਨ ਅਰੰਭ ਕਰਨ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਸਰਦਾਰੀ ਨੂੰ ਬਚਾਉਣ ਲਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਗਿਣੀ ਮਿਥੀ ਸਾਜਿਸ਼ ਤਹਿਤ ਪੰਜਾਬ ਅੰਦਰ ਫੈਲਾਏ ਡੇਰਾਵਾਦ ਨੂੰ ਠੱਲ ਪਾਉਣ ਵਾਲੇ ਸਾਂਝੇ ਪਰੋਗਰਾਮ ਉਲੀਕਦੀਆਂ ਤਾਂ ਕਿ ਭੋਲੇ ਭਾਲੇ ਲੋਕਾਂ ਦਾ ਆਰਥਿਕ,ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋਣ ਤੋਂ ਰੋਕਿਆ ਜਾ ਸਕੇ ਅਤੇ ਸਿੱਖੀ ਤੋਂ ਦੂਰ ਜਾ ਰਹੀ ਸਾਡੀ ਨੌਜਵਾਨੀ ਨੂੰ ਮੁੜ ਸਿੱਖੀ ਨਾਲ ਜੋੜਕੇ ਦੇਹਧਾਰੀ ਗੁਰੂਡੰਮ ਅਤੇ ਨਸ਼ਿਆਂ ਦੇ ਕੋਹੜ ਤੋਂ ਬਚਾਇਆ ਜਾ ਸਕਦਾ।ਲੋੜ ਹੈ ਅੱਜ ਸਮੁੱਚੀਆਂ ਪੰਥਕ ਧਿਰਾਂ ਸਿੱਖ ਧਾਰਮਿਕ ਜਥੇਵੰਦੀਆਂ ਅਤੇ ਸਮੂਹ ਪ੍ਰਚਾਰਕ ਸਹਿਬਾਨ ਇਸ ਮਹਾਨ ਦਿਹਾੜੇ ਤੇ ਆਪਣੀ ਹਾਉਮੈ ਦਾ ਤਿਆਗ ਕਰਕੇ ਇੱਕ ਕੇਸਰੀ ਨਿਸ਼ਾਨ ਸਹਿਬ ਥੱਲੇ ਇਕੱਤਰ ਹੋਣ ਦਾ ਪ੍ਰਣ ਲੈਣ ਤਾਂ ਕਿ ਲੋਕਤੰਤਰ ਪ੍ਰਨਾਲੀ ਨੂੰ ਹਲੀਮੀ ਰਾਜ ਵਾਲੀਆਂ ਸਹੀ ਲੀਹਾਂ ਤੇ ਤੋਰਿਆ ਜਾ ਸਕੇ।
ਬਘੇਲ ਸਿੰਘ ਧਾਲੀਵਾਲ
99142-58142
Author:

dhalwalbaghelsingh@ymail .com
99142-58142
Posted By:

Leave a Reply