1836 ਵਿਚ ਹਰੀ ਸਿੰਘ ਨਲੂਏ ਨੇ ਦਰਰਾ ਖੈਬਰ ਦਾ ਰਸਤਾ ਰੋਕਣ ਲਈ ਜਮਰੌਦ ਕਿਲੇ ਦੀ ਉਸਾਰੀ ਕੀਤੀ
- ਗੁਰਬਾਣੀ-ਇਤਿਹਾਸ
- 28 Apr,2025

1836 ਵਿਚ ਹਰੀ ਸਿੰਘ ਨਲੂਏ ਨੇ ਦਰਰਾ ਖੈਬਰ ਦਾ ਰਸਤਾ ਰੋਕਣ ਲਈ ਜਮਰੌਦ ਕਿਲੇ ਦੀ ਉਸਾਰੀ ਕੀਤੀ
ਸ. ਹਰੀ ਸਿੰਘ ਨਲੂਏ ਦਾ ਜਨਮ ਸ. ਗੁਰਦਿਆਲ ਸਿੰਘ ਗੁਜਰਾਂਵਾਲੇ ਸ਼ੁਕਰਚਕੀਆ ਮਿਸਲ ਦੇ ਕੁਮੇਦਾਨ ਦੇ ਘਰ 1791 ਈਸਵੀ ਨੂੰ ਹੋਇਆ । ਸ. ਗੁਰਦਿਆਲ ਸਿੰਘ ਨੇ ਯੋਗ ਸਮੇਂ ਆਪਣੇ ਪੁੱਤਰ ਦੀ ਵਿਦਿਆ ਲਈ ਇਕ ਵਿਦਵਾਨ ਸਿੰਘ ਅਤੇ ਇਕ ਚੰਗਾ ਫ਼ਾਜ਼ਲ ਮੌਲਵੀ ਘਰ ਵਿਚ ਹੀ ਪੜਾਉਣ ਲਈ ਰਖ ਦਿੱਤਾ । ਸਿੰਘ ਜੀ ਬਾਲਕ ਹਰੀ ਸਿੰਘ ਨੂੰ ਗੁਰਮੁਖੀ ਵਿਚ ਧਾਰਮਿਕ ਵਿਦਿਆ ਦਿੰਦੇ ਅਤੇ ਮੌਲਾਨਾ ਜੀ ਫ਼ਾਰਸੀ ਪੜਾਉਂਦੇ ਸਨ । ਹਰੀ ਸਿੰਘ ਅਜੇ ਸੱਤ ਸਾਲ ਦੇ ਹੀ ਹੋਏ ਸਨ ਕਿ ਪਿਤਾ ਸ. ਗੁਰਦਿਆਲ ਸਿੰਘ ਜੀ ਦਾ ਸਾਯਾ ਸਿਰ ਤੋਂ ਉੱਠ ਗਿਆ । ਸ. ਹਰੀ ਸਿੰਘ ਨੇ ਆਪਣੇ ਮਾਮਿਆਂ ਦੇ ਘਰ ਪਰਵਰਿਸ਼ ਪਾਈ ਸ. ਹਰੀ ਸਿੰਘ ਨੂੰ ਨਿੱਕੇ ਹੁੰਦਿਆਂ ਤੋਂ ਹੀ ਕੁਦਰਤ ਨੇ ਬੜੀ ਵਚਿੱਤਰ ਬੁੱਧੀ ਅਤੇ ਰੋਸ਼ਨ ਦਿਮਾਗ ਦਿੱਤਾ ਸੀ । 14, 15 ਸਾਲ ਦੀ ਉਮਰ ਵਿਚ ਹੀ ਉਸ ਨੇ ਲਗ ਪਗ ਸਾਰੇ ਜੰਗੀ ਕਰਤਵਾਂ ਵਿਚ ਪੂਰੀ ਪੂਰੀ ਨਿਪੁੰਨਤਾ ਪ੍ਰਾਪਤ ਕਰ ਲਈ ਸੀ । ਜੰਗੀ ਹੁਨਰਾਂ ਦੇ ਨਾਲ ਨਾਲ ਕਰਤਾਰ ਨੇ ਆਪ ਨੂੰ ਐਸਾ ਮਨ-ਮੋਹਣਾਂ ਸਰੂਪ ਅਤੇ ਸਡੌਲ, ਬਲਵਾਨ ਤੇ ਫੁਰਤੀਲਾ ਸਰੀਰ ਬਖਸ਼ਿਆ ਸੀ ਕਿ ਦੇਖਣ ਵਾਲਾ ਇੱਕ ਨਿਗਾਹ ਵਿਚ ਹੀ ਆਪ ਤੇ ਮੋਹਿਤ ਹੋ ਜਾਂਦਾ ਸੀ । ਜੰਗੀ ਕਰਤਵਾਂ ਦੇ ਨਾਲ ਨਾਲ ਆਪ ਗੁਰਮੁਖੀ ਦੁਆਰਾ ਧਾਰਮਿਕ ਵਿਦਿਆ ਅਤੇ ਫ਼ਾਰਸੀ ਦੀ ਜੁਬਾਨਦਾਨੀ ਅਤੇ ਖੁਸ਼ਖੱਤ ਲਿਖਤ ਲਈ ਵੀ ਆਪ ਆਪਣੇ ਸਮੇਂ ਦੇ ਵਡੇ ਸੁੰਦਰ ਲਿਖਾਰੀ ਤੇ ਫਾਜ਼ਿਲ ਵਿਦਵਾਨ ਸਨ । ਪਸ਼ਤੋ (ਅਫ਼ਗ਼ਾਨ) ਵਿਚ ਆਪ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕਿ ਸੁਨਣ ਵਾਲੇ ਅਚੰਭਾ ਹੋ ਜਾਂਦੇ ਸਨ । ਸੰਨ 1805 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਬਸੰਤੀ ਦਰਬਾਰ ਦੇ ਇਕੱਠ ਵਿਚ ਹਰੀ ਸਿੰਘ ਨੇ ਆਪਣੇ ਜੰਗੀ ਕਰਤਵਾਂ ਦਾ ਕਮਾਲ ਦਿਖਾਲਿਆ ਤਾਂ ਮਹਾਰਾਜ ਸਾਹਿਬ ਨੇ ਆਪ ਨੂੰ ਫੌਜੇ ਖਾਸ ਵਿਚ ਲੈ ਲਿਆ ਤੇ ਕੁਛ ਦਿਨਾਂ ਉਪਰੰਤ ਆਪ ਦੇ ਸ਼ੇਰ ਨਾਲ ਲੜਾਈ ਤੇ ਦਲੇਰੀ ਦੇਖ ਕੇ ਆਪ ਨੂੰ ਸ਼ੇਰ ਦਿਲ ਨਾਮੀ ਰਜਮੈਂਟ ਵਿਚ ਸਰਦਾਰੀ ਦੇ ਦਿੱਤੀ । 1813 ਵਾਲੀ ਹਜ਼ਾਰੇ ਦੀ ਲੜਾਈ ਦੇ ਸਮੇਂ ਜਦਕਿ ਅਫ਼ਗ਼ਾਨਾਂ ਪਰ ਪੂਰੀ ਫ਼ਤਹਿ ਪਾ ਕੇ ਇਹਨਾਂ ਨੂੰ ਸਦਾ ਲਈ ਪੰਜਾਬ ਤੋਂ ਕਢਿਆ ਗਿਆ ਅਤੇ ਫਿਰ ਕਸ਼ਮੀਰ ਨੂੰ ਜਿੱਤ ਕੇ ਖਾਲਸਾ ਰਾਜ ਨਾਲ ਮਿਲਾਉਣ ਸਮੇਂ ਆਪ ਜੀ ਨੇ ਵੱਡੇ ਕਾਰਨਾਮੇ ਕੀਤੇ । ਕਸ਼ਮੀਰ ਫ਼ਤਹਿ ਕਰ ਕੇ ਉਸ ਵਿਚ ਬਿਗੜੇ ਮੁਲਕੀ ਪ੍ਰਬੰਧ ਨੂੰ ਸੁਧਾਰਨ ਲਈ ਸ. ਹਰੀ ਸਿੰਘ ਨਲੂਏ ਨੂੰ ਇਥੇ ਦਾ ਗਵਰਨਰ ਨਿਯੁਕਤ ਕੀਤਾ ਗਿਆ, ਆਪ ਦੇ ਪ੍ਰਬੰਧ ਤੋਂ ਸ਼ੇਰ -ਏ -ਪੰਜਾਬ ਏਨੇ ਪ੍ਰਸੰਨ ਹੋਏ ਕੇ ਆਪ ਜੀ ਨੂੰ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਅਧਿਕਾਰ ਬਖਸ਼ਿਆ । ਇਹ ਮਾਣ ਖਾਲਸਾ ਰਾਜ ਵਿਚ ਕੇਵਲ ਸ. ਹਰੀ ਸਿੰਘ ਜੀ ਨੂੰ ਹੀ ਬਖਸ਼ਿਆ ਗਿਆ ਸੀ । ਖਾਲਸੇ ਨਾਲੋਂ 20 ਗੁਣਾਂ ਤੋਂ ਵੱਧ ਬਹਾਦਰ ਪਠਾਣੀ ਲਸ਼ਕਰ ਤੇ ਸੰਪੂਰਣ ਵਿਜੈ ਪਾਈ , ਖਾਲਸੇ ਦੀਆਂ ਇਹਨਾਂ ਫ਼ਤਹਿਬਾਜ਼ੀਆਂ ਨੂੰ ਦੇਖ ਕੇ ਸਰ ਅਲੇਗਸੈਂਡਰ ਬਰਨਸ ਅਤੇ ਮੌਲਵੀ ਸ਼ਾਹਮਤ ਅਲੀ ਲਿਖਦੇ ਹਨ ਕੇ ਖਾਲਸੇ ਦੀਆਂ ਸਫਲਤਾਈਆਂ ਐਸੇ ਅਸਾਧਾਰਨ ਕਾਰਨਾਮੇ ਸਨ ਜਿਨ੍ਹਾਂ ਨੇ ਵੱਡੀਆਂ ਤਾਕਤਾਂ ਨੂੰ ਚਿੰਤਾ ਵਿਚ ਪਾ ਦਿੱਤਾ ਸੀ । ਇਹਨਾਂ ਸਾਰੀਆਂ ਜਿੱਤਾਂ ਵਿਚ ਹਰੀ ਸਿੰਘ ਨਲੂਆ ਦਾ ਜੰਗੀ ਹੁਨਰ ਅਤੇ ਨਿਡਰਤਾ ਮਿਲਵੀ ਵਰਤੀ ਗਈ । ਸ਼ੇਰੇ ਪੰਜਾਬ ਅਤੇ ਪਿਸ਼ਾਵਰ ਨੂੰ ਪੰਜਾਬ ਤੋਂ ਵੱਖ ਕਰਕੇ ਦੂਜਿਆਂ ਦੇ ਹੱਥਾਂ ਵਿਚ ਚਲੇ ਜਾਣ ਨਾਲ ਕਿਹੜਾ ਜ਼ੁਲਮ ਸੀ ਜੋ ਪੰਜਾਬੀਆਂ ਤੇ ਨਾ ਕੀਤਾ ਗਿਆ ਹੋਵੇ । ਇਹ ਅਨਿਆਏ ਅਤੇ ਵਧੀਕੀਆਂ ਲਗਾਤਾਰ 700 ਸਾਲਾਂ ਤਕ ਹਿੰਦੀਆਂ ਨੂੰ ਸਹਾਰਨੀਆਂ ਪਈਆਂ, ਇਹਨਾਂ ਜ਼ੁਲਮੀ ਤੂਫ਼ਾਨਾਂ ਤੋਂ ਸਦਾ ਲਈ ਪੰਜਾਬੀਆਂ ਨੂੰ ਸੁਰੱਖਿਅਤ ਕਰਨ ਲਈ ਸੰਨ 1834 ਵਿਚ ਸ਼ੇਰ-ਏ-ਪੰਜਾਬ ਤੇ ਸ. ਹਰੀ ਸਿੰਘ ਨਲੂਏ ਨੇ ਇਹ ਫੈਸਲਾ ਕੀਤਾ ਕੇ ਜਦ ਤਕ ਪਿਸ਼ਾਵਰ ਤੇ ਸਰਹੱਦੀ ਸੂਬੇ ਨੂੰ ਪੂਰੀ ਤਰ੍ਹਾਂ ਖਾਲਸਾ ਰਾਜ ਨਾਲ ਨਾ ਮਿਲਾ ਲਿਆ ਜਾਵੇ ਤਦ ਤੱਕ ਪੰਜਾਬ ਅਤੇ ਹਿੰਦੁਸਤਾਨ ਨੂੰ ਬਿਦੇਸ਼ੀਆਂ ਦੇ ਧਾਵਇਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਦਿੱਤਾ ਜਾ ਸਕਦਾ ਅਰਥਾਤ ਸੂਬਾ ਪਿਸ਼ਾਵਰ ਨੂੰ ਅਫ਼ਗ਼ਾਨਿਸਤਾਨ ਤੋਂ ਕੱਟ ਕੇ ਪੰਜਾਬ ਨਾਲ ਮਿਲਾ ਲਿਆ ਜਾਏ। 27 ਅਪ੍ਰੈਲ 1834 ਨੂੰ ਸ. ਹਰੀ ਸਿੰਘ ਨਲੂਆ ਅਤੇ ਕੰਵਰ ਨੌਂਨਿਹਾਲ ਸਿੰਘ ਨੇ ਪਿਸ਼ਾਵਰ ਦੇ ਬਾਰਕ -ਜਈ ਹਾਕਮਾਂ ਤੇ ਚੜਾਈ ਕਰਕੇ ਫ਼ਤਹਿ ਹਾਸਲ ਕੀਤੀ ਅਫ਼ਗ਼ਾਨ ਦਲੇਰ ਪੂਰੀ ਬਹਾਦਰੀ ਨਾਲ ਲੜੇ ਪਰ ਖਾਲਸੇ ਦੇ ਅਗਾਧ ਜੋਸ਼ ਅਗੇ ਵਧੇਰੇ ਚਿਰ ਨਾ ਠਹਿਰ ਸਕੇ । 3 ਮਈ 1834 ਨੂੰ ਪਿਸ਼ਾਵਰ ਤੇ ਫ਼ਤਹਿ ਹੋਣ ਨਾਲ ਸਾਰਾ ਸਰਹੱਦੀ ਇਲਾਕਾ ਖਾਲਸੇ ਦੇ ਅਧੀਨ ਹੋ ਗਿਆ ਇਸ ਤਰ੍ਹਾਂ ਇਹ ਸੱਤ ਸਦੀਆਂ ਤੋਂ ਪੰਜਾਬ ਦਾ ਕੱਟ ਚੁਕਾ ਅੰਗ ਮੁੜ ਪੰਜਾਬ ਨਾਲ ਜੋੜ ਦਿੱਤਾ ਗਿਆ । ਹਰੀ ਸਿੰਘ ਨਲੂਏ ਦੇ ਇਸ ਮਹਾਨ ਕਰਤਵ ਨੂੰ ਕਈ ਇਤਿਹਾਸਕਾਰਾਂ ਨੇ ਕਰਾਮਾਤ ਦਾ ਨਾਮ ਦਿੱਤਾ ਹੈ । ਪਿਸ਼ਾਵਰ ਦੇ ਹਿੰਦੂਆਂ ਅਤੇ ਮੁਸਲਮਾਨਾਂ ਨੇ ਬਾਰਕਜਾਇਆਂ ਦੇ ਹੱਥੋਂ ਛੁਟਕਾਰਾ ਪਾਉਣ ਅਤੇ ਖਾਲਸੇ ਦੀ ਫ਼ਤਹਿ ਦੀ ਖੁਸ਼ੀ ਵਿਚ ਉਸ ਰਾਤ ਨੂੰ ਸਾਰੇ ਸ਼ਹਿਰ ਵਿਚ ਦੀਪ ਮਾਲਾ ਕੀਤੀ । ਇਸ ਸੂਬੇ ਦੇ ਹਿੰਦੂਆਂ ਉਤੇ ਸੰਨ 1658 ਈਸਵੀ ਵਿਚ ਔਰੰਗਜ਼ੇਬ ਨੇ ਜੋ ਜਜ਼ੀਆ ਇੱਕ ਦੀਨਾਰ ਫੀ ਸਿਰ ਲਾਇਆ ਹੋਇਆ ਸੀ , ਸ. ਹਰੀ ਸਿੰਘ ਨੇ ਸ਼ਹਿਰ ਪਰ ਕਬਜ਼ਾ ਕਰਨ ਦੇ ਥੋੜੇ ਦਿਨਾਂ ਬਾਅਦ ਹੀ ਉਹ ਹਿੰਦੂਆਂ ਦੇ ਸਿਰਾਂ ਤੋਂ ਹਟਾ ਦਿੱਤਾ ।
੧੮੩੬ ਵਿਚ ਹਰੀ ਸਿੰਘ ਨਲੂਏ ਨੇ ਜਮਰੌਦ ਵਿੱਖੇ ਇੱਕ ਬਹੁਤ ਅਧੁਨਿਕ ਤਕਨੀਕ ਦਾ ਕਿਲਾ ਉਸਾਰਿਆ ।
ਹਰੀ ਸਿੰਘ ਨਲੂਆ ਸਿੱਖ ਰਾਜ ਸਮੇਂ ਲਾਹੌਰ ਦਰਬਾਰ ਦਾ ਸਭ ਤੋਂ ਵੱਧ ਜੋਗ ਪ੍ਰਸ਼ਾਸ਼ਕ ਸੀ । ਮੁਗ਼ਲ ਸਾਸ਼ਨ ਨੂੰ ਕਸੂਰ , ਮੁਲਤਾਨ, ਕਸ਼ਮੀਰ ਪੇਸ਼ਾਵਰ ਵਿਚੋਂ ਖੱਤਮ ਕਰਨ ਦਾ ਸਿਹਰਾ ਵੀ ਹਰੀ ਸਿੰਘ ਨਲੂਏ ਵਲੋਂ ਛੇੜੀਆਂ ਗਈਆਂ ਮੁਹਿੰਮਾਂ ਨੂੰ ਜਾਂਦਾ ਹੈ । ਹਰੀ ਸਿੰਘ ਨਲੂਏ ਦਾ ਅਫ਼ਗ਼ਾਨਾਂ ਨੂੰ ਇਨ੍ਹਾਂ ਭੈ ਸੀ ਕਿ ਉਹ ਆਪਣੇ ਬੱਚਿਆਂ ਨੂੰ ਡਾਂਟਣ ਲਗਿਆਂ ਇਥੋਂ ਤੱਕ ਕਹਿੰਦੇ ਸਨ ਕਿ 'ਚੁੱਪ ਸ਼ਾ -ਹਰੀਆ ਰਾਂਗਲੇ ', ਭਾਵ ਹੈ ਕਿ ਚੁੱਪ ਹੋ ਜਾ ਨਹੀਂ ਤਾਂ ਹਰੀਆ (ਹਰੀ ਸਿੰਘ) ਆ ਜਾਵੇਗਾ । ਬੱਚੇ ਚੁੱਪ ਕਰਵਾਉਣ ਲਈ ਅਫ਼ਗ਼ਾਨਿਸਤਾਨ ਵਿਚ ਇਹ ਇੱਕ ਕਹਾਵਤ ਬਣ ਗਈ ਸੀ । ਹਰੀ ਸਿੰਘ ਨਲੂਏ ਦੀਆਂ ਪ੍ਰਾਪਤੀਆਂ ਨੇ ਇਸ ਨੂੰ ਦੁਨੀਆ ਦੀ ਪਹਿਲੀ ਕਤਾਰ ਦੇ ਜਨਰਲਾਂ ਵਿਚ ਸ਼ੁਮਾਰ ਕੀਤਾ ਹੈ । ਇੰਗਲੈਂਡ ਦੀ ੧੯ਵੀ ਸਦੀ ਦੀ ਇੱਕ ਅਖਬਾਰ 'ਟਿਟ-ਬਿਟਸ' ਨੇ ਦੁਨੀਆ ਦੇ ਪਹਿਲੀ ਕਤਾਰ ਦੇ ਜਨਰਲਾਂ ਦਾ ਮੁਲਾਂਕਣ ਇਸ ਤਰ੍ਹਾਂ ਕੀਤਾ ਹੈ ਕਿ 'ਕਈ ਲੋਕ ਨਪੋਲੀਅਨ, ਕੁਛ ਲੋਕ ਮਾਰਸ਼ਲ ਹੈਨ ਜੈਨਬਰਗ ਅਤੇ ਕੁਛ ਅਨੁਸਾਰ ਲਾਰਡ ਕਿਚਨਰ ਜਾਂ ਜਨਰਲ ਕੈਰੋਬਜੀ ਜਾਂ ਹਲਾਕੂ ਖਾਂ, ਚੰਗੇਜ਼ ਖਾਂ, ਰਿਚਰਡ ਜਾਂ ਅਲਾਉਦੀਨ ਨੂੰ ਹੁਣ ਤੱਕ ਦੇ ਸ਼ਕਤੀਸ਼ਾਲੀ ਜਨਰਲ ਮੰਨਦੇ ਹਨ । ਪਰ ਭਾਰਤ ਦੇ ਉਤਰੀ ਹਿੱਸੇ ਵਿਚ ਹਰੀ ਸਿੰਘ ਨਲੂਏ ਦੇ ਨਾਮ ਦਾ ਇੱਕ ਅਜਿਹਾ ਜਨਰਲ ਹੋਇਆ ਹੈ ਜੇ ਉਹ ਕੁਛ ਸਾਲ ਹੋਰ ਜਿੰਦਾ ਰਹਿ ਜਾਂਦਾ ਤੇ ਉਸ ਕੋਲ ਬ੍ਰਿਟਿਸ਼ ਹਕੂਮਤ ਦਾ ਤੋਪਖਾਨਾ ਹੁੰਦਾ ਤਾਂ ਉਸ ਨੇ ਏਸ਼ੀਆ ਅਤੇ ਯੂਰਪ ਦੇ ਬਹੁਤੇ ਹਿੱਸੇ ਉਤੇ ਕਬਜ਼ਾ ਕਰ ਲੈਣਾ ਸੀ । ਸਿੱਖਾਂ ਵਲੋਂ ੧੮੧੯ ਵਿਚ ਕਸ਼ਮੀਰ ਅਤੇ ੧੮੩੪ ਵਿਚ ਪੇਸ਼ਾਵਰ ਫ਼ਤਹਿ ਕਰਨਾ ਇਹ ਸਿੱਖਾਂ ਦੇ ਇਤਿਹਾਸ ਦੀਆਂ ਦੋ ਮਹਾਨ ਪ੍ਰਾਪਤੀਆਂ ਹਨ ।
ਆਸਟ੍ਰੇਲੀਆ ਦੇ ਇੱਕ ਮੈਗਜ਼ੀਨ ਵਿਚ ਹਰੀ ਸਿੰਘ ਨਲੂਏ ਨੂੰ ਦੁਨੀਆ ਦੇ ਦਸ ਉਘੇ ਜਰਨੈਲਾਂ ਦੀ ਕਤਾਰ ਵਿਚ ਖੜ੍ਹਾ ਕੀਤਾ ਹੈ
ਸ. ਹਰੀ ਸਿੰਘ ਨਲੂਏ ਨੇ 30 ਅਪ੍ਰੈਲ 1837 ਨੂੰ ਜਮਰੌਦ ਤੇ ਕਬਜਾ ਕਰਨ ਆਏ ਪਠਾਣਾ ਨੂੰ ਇਸ ਤਰ੍ਹਾਂ ਅਗੇ ਧਰ ਲਿਆ ਜਿਵੇਂ ਹੜ੍ਹ ਅਗੇ ਕੱਖ ਕਾਨੇ ਰੁੜੇ ਜਾਂਦੇ ਹਨ । ਅਫ਼ਗ਼ਾਨ ਹਾਰ ਖਾ ਕੇ ਭੱਜ ਤੁਰੇ ਇਸ ਸਮੇਂ ਸ. ਨਿਧਾਨ ਸਿੰਘ ਪੰਜ ਹੱਥਾਂ ਫਤਿਹਯਾਬੀ ਦੇ ਜੋਸ਼ ਵਿਚ ਵੈਰੀਆਂ ਨੂੰ ਦਬਾਉਂਦਾ ਹੋਇਆ , ਦੂਰ ਤੱਕ ਦਰੇ ਦੇ ਅੰਦਰ ਚਲਾ ਗਿਆ । ਸ. ਹਰੀ ਸਿੰਘ ਨਲੂਆ ਆਪਣੇ ਦਸਤੇ ਨੂੰ ਨਾਲ ਲੈ ਕੇ ਸ. ਨਿਧਾਨ ਸਿੰਘ ਨੂੰ ਵਾਪਿਸ ਲਿਆਉਣ ਲਈ ਆਪ ਵੀ ਦਰੇ ਦੇ ਅੰਦਰ ਚਲੇ ਗਏ ਸ. ਹਰੀ ਸਿੰਘ ਇਸ ਸਮੇਂ ਦਰੇ ਦੇ ਉਸ ਹਿੱਸੇ ਵਿਚ ਸੀ ਜਿਸ ਨੂੰ "ਸੂਰਕਮਰ" ਕਹਿੰਦੇ ਹਨ । ਇਸ ਚਟਾਨ ਵਿਚ ਇੱਕ ਗੁਫ਼ਾ ਸੀ, ਜਿਸ ਵਿਚ ਮੈਦਾਨ ਤੋਂ ਨਸੇ ਹੋਏ ਗਾਜ਼ੀ ਲੁਕੇ ਬੈਠੇ ਸਨ, ਲੁਕੇ ਹੋਏ ਪਠਾਣਾਂ ਨੇ ਹਰੀ ਸਿੰਘ ਨਲੂਏ ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ ਜਿਨ੍ਹਾਂ ਵਿਚੋਂ ਦੋ ਨਲੂਏ ਸਰਦਾਰ ਨੂੰ ਲੱਗੀਆਂ । ਸ. ਹਰੀ ਸਿੰਘ ਦੇ ਨਾਲ ਦੇ ਸਰਦਾਰਾਂ ਨੇ ਗੁਫ਼ਾ ਨੂੰ ਘੇਰ ਲਿਆ ਅਤੇ ਲੁਕੇ ਹੋਏ ਪਠਾਣਾਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਦੇ ਡੱਕਰੇ ਕਰ ਕੇ ਉਡਾ ਦਿੱਤੇ। ਪਰ ਜਿਹੜਾ ਭਾਣਾ ਵਰਤਣਾ ਸੀ ਉਹ ਵਰਤ ਚੁੱਕਾ।
ਉਸ ਸਮੇਂ ਦੇ ਸੀਨ ਨੂੰ ਕਾਦਰਯਾਰ ਨੇ ਇਉਂ ਕਲਮਬੰਦ ਕੀਤਾ ਹੈ :-
ਨੂਨ ਨਿਕਲ ਚਲ ਘੋੜਿਆ ਕਿਲੇ ਦੀ ਵਲ,
ਅਸਾਂ ਪਾਵਣਾਂ ਨਹੀਂ ਦੂਜੀ ਵਾਰ ਫੇਰਾ।
ਗੋਲੀ ਲਗੀ ਏ ਕਹਿਰ ਕਲੋਰ ਵਾਲੀ,
ਘਾਇਲ ਹੋਇਆ ਏ ਅਜ ਅਸਵਾਰ ਤੇਰਾ ।
ਵਾ ਵਗਿਆ ਹਵਾ ਦੇ ਵਾਂਗ ਘੋੜਾ,
ਜਿਵੇਂ ਨਿਕਲਦਾ ਤੀਰ ਕਮਾਨ ਵਿਚੋਂ ।
ਕਾਦਰਯਾਰ ਹੱਠ ਨਾਲ ਸਰਦਾਰ ਬੈਠਾ,
ਐਪਰ ਨਿਕਲਦੀ ਪਈ ਸੀ ਜਾਨ ਵਿਚੋਂ ।
ਸ. ਹਰੀ ਸਿੰਘ ਨੇ ਜਖਮੀ ਹੁੰਦਿਆਂ ਹੀ ਬੜੇ ਹੌਸਲੇ ਨਾਲ ਆਪਣੇ ਘੋੜੇ ਦੀਆਂ ਵਾਗਾਂ ਕਿਲਾ ਜਮਰੌਦ ਵਲ ਪਰਤ ਲਈਆਂ ਅਤੇ ਕਿਲੇ ਦੇ ਅੰਦਰ ਪਹੁੰਚ ਕੇ ਸ. ਮਹਾ ਸਿੰਘ ਤੇ ਸਾਥੀਆਂ ਨੂੰ ਇਹ ਹਦਾਇਤ ਕਰ ਕੇ ਕਿ ਸ਼ੇਰੇ ਪੰਜਾਬ ਦੇ ਆਉਣ ਤੱਕ ਕਿਲ੍ਹੇ ਨੂੰ ਛੱਡਣਾ ਨਹੀਂ ਅਤੇ ਮੇਰੀ ਮੌਤ ਦੀ ਖਬਰ ਦੁਸ਼ਮਣ ਨੂੰ ਨਹੀਂ ਹੋਣ ਦੇਣੀ । ਆਖ ਕੇ ਸਾਰੇ ਫੌਜੀ ਸਰਦਾਰਾਂ ਨੂੰ 30 ਅਪ੍ਰੈਲ 1837 ਦੀ ਰਾਤ ਨੂੰ ਆਖਰੀ ਫਤਿਹ ਬੁਲਾ ਦਿੱਤੀ । (ਹਵਾਲਾ ਪੁਸਤਕ ਜੀਵਨ ਇਤਿਹਾਸ ਹਰੀ ਸਿੰਘ ਨਲੂਆ ਲੇਖਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ)
ਕਵੀ ਆਲਮ ਨੇ ਸ. ਹਰੀ ਸਿੰਘ ਨਲੂਏ ਦੇ ਅੰਤਿਮ ਬਚਨਾਂ ਨੂੰ ਹੇਠ ਲਿਖੇ ਅਨੁਸਾਰ ਕਲਮ ਬੰਦ ਕੀਤਾ ਹੈ:
" ਹਰੀ ਸਿੰਘ ਸੂਰੇ ਨੇ ਸਦ ਲਿਆ ਸਰਦਾਰਾਂ ਨੂੰ, ਪੇਟੀ ਖੋਲੀ ਅੰਤਿਮ ਖ਼ਿਆਲਾਂ ਦੇ ਨਜ਼ੀਰ ਦੀ ।
ਪਹਿਲਾਂ ਜੰਗ ਤਾਂ ਜਿੱਤਣ ਦੀ ਓਨ ਦੇ ਲਈ ਵਧਾਈ ਸਭਨਾ ਨੂੰ , ਫਿਰ ਤਰੀਫ ਕੀਤੀ ਸਿੱਖਾਂ ਦੀ ਸ਼ਮਸ਼ੀਰ ਦੀ ।
ਤੁਸੀਂ ਬਹਾਦਰ ਹੋ ਸਿੱਖ ਕੌਮ ਵਫ਼ਾਦਾਰ ਸਿੱਖ ਰਾਜ ਦੇ, ਤੁਹਾਡੇ ਨਾਲ ਵਡਿਆਈ ਹੋ ਗਈ ਹੈ ਤਕਸੀਰ ਦੀ ।
ਸ਼ੇਰੇ ਪੰਜਾਬ ਦੇ ਆਉਂਦੇ ਤੱਕ ਕਿਲੇ ਨੂੰ ਛੱਡਿਉ ਨਾ, ਰੱਖਣੀ ਕਾਇਮ ਰਾਸ ਇਹ ਸਿੱਖ ਰਾਜ ਬਲਬੀਰ ਦੀ ।
ਮੇਰੀ ਮੌਤ ਦੀ ਨਾ ਖਬਰ ਹੋਣ ਦਿਓ ਦੁਸ਼ਮਣ ਨੂੰ , ਚਿੰਤਾ ਕਰਿਉ ਨਾ ਵਰਤੀ ਇਸ ਤਕਦੀਰ ਦੀ ।
ਮੁਆਫ ਕਰ ਦਿਉ ਮੇਰੀਆਂ ਭੁਲਾਂ ਤੇ ਤਕਸੀਰਾਂ ਨੂੰ, ਏਨੀ ਆਖ ਸਭ ਨੂੰ ਫਤਿਹ ਬੁਲਾਈ ਅਖੀਰ ਦੀ ।
ਕਹਿ ਕਵੀ ਆਲਮ ਛੱਡਕੇ ਤੁਰ ਗਿਆ ਭੌਰ ਵਜੂਦ ਨੂੰ, ਜੱਗ ਵਿਚ ਰਹਿ ਗਈ ਕਿਰਤੀ ਜੋਧੇ ਦੇ ਸਰੀਰ ਦੀ ।
ਜਥੇਦਾਰ ਮਹਿੰਦਰ ਸਿੰਘ ਯੂ.ਕੇ.
Author:

Posted By:

Leave a Reply