ਬ੍ਰਹਮਪੁਰਾ ਵੱਲੋਂ ਪਹਿਲਗਾਮ ਹਮਲੇ ਦੀ ਨਿੰਦਾ,ਪੰਜਾਬ 'ਚ ਐਨਆਈਏ ਦੀਆਂ ਛਾਪੇਮਾਰੀਆਂ 'ਤੇ ਸਵਾਲ
- ਰਾਜਨੀਤੀ
- 26 Apr,2025

ਕੇਂਦਰ ਸਰਕਾਰ ਪੰਜਾਬ ਵਿੱਚ ਡਰ ਦਾ ਮਾਹੌਲ ਸਿਰਜਣਾ ਬੰਦ ਕਰੇ-ਬ੍ਰਹਮਪੁਰਾ
ਰਾਕੇਸ਼ ਨਈਅਰ ਚੋਹਲਾ
ਅੰਮ੍ਰਿਤਸਰ,26 ਅਪ੍ਰੈਲ
ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਰਦਨਾਕ ਅੱਤਵਾਦੀ ਹਮਲੇ ਦੀ ਪੁਰਜ਼ੋਰ ਨਿੰਦਾ ਕੀਤੀ ਹੈ।ਇਸਦੇ ਨਾਲ ਹੀ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਇਸ ਹਮਲੇ ਦੀ ਆੜ ਹੇਠ ਪੰਜਾਬ,ਖ਼ਾਸ ਤੌਰ 'ਤੇ ਅੰਮ੍ਰਿਤਸਰ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ) ਦੀਆਂ ਟੀਮਾਂ ਭੇਜ ਕੇ ਹੋਟਲਾਂ 'ਤੇ ਛਾਪੇਮਾਰੀ ਕਰਨ ਅਤੇ ਇਸ ਨੂੰ ਪੰਜਾਬ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਬੇਹੱਦ ਨਿੰਦਣਯੋਗ ਅਤੇ ਮੰਦਭਾਗਾ ਕਰਾਰ ਦਿੱਤਾ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਪਹਿਲਗਾਮ ਵਿਖੇ ਵਾਪਰੀ ਘਟਨਾ ਅਤਿਅੰਤ ਦੁਖਦਾਈ ਹੈ,ਪਰ ਇਸ ਨੂੰ ਪੰਜਾਬ ਜਾਂ ਅੰਮ੍ਰਿਤਸਰ ਨਾਲ ਜੋੜ ਕੇ ਇੱਥੋਂ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਐਨ.ਆਈ.ਏ. ਵੱਲੋਂ ਬੀਤੇ ਦਿਨੀਂ ਅੰਮ੍ਰਿਤਸਰ ਦੇ ਹੋਟਲਾਂ ਵਿੱਚ ਕੀਤੀ ਗਈ ਛਾਪੇਮਾਰੀ ਨੇ ਸਥਾਨਕ ਕਾਰੋਬਾਰੀਆਂ,ਹੋਟਲ ਮਾਲਕਾਂ ਅਤੇ ਇੱਥੇ ਆਉਣ ਵਾਲੇ ਸੈਲਾਨੀਆਂ ਤੇ ਸ਼ਰਧਾਲੂਆਂ ਵਿੱਚ ਬੇਲੋੜਾ ਡਰ ਅਤੇ ਸਹਿਮ ਪੈਦਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਅਤੇ ਛਾਪੇਮਾਰੀ ਤੋਂ ਬਾਅਦ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਆਮਦ ਵਿੱਚ ਭਾਰੀ ਗਿਰਾਵਟ ਆਈ ਹੈ, ਹੋਟਲਾਂ ਦੀਆਂ 50% ਤੋਂ ਵੱਧ ਬੁਕਿੰਗਾਂ ਰੱਦ ਹੋ ਗਈਆਂ ਹਨ ਅਤੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸੰਗਤਾਂ ਦੀ ਗਿਣਤੀ ਘਟੀ ਹੈ,ਜੋ ਕਿ ਸਿੱਧੇ ਤੌਰ 'ਤੇ ਇਸ ਪੈਦਾ ਕੀਤੇ ਗਏ ਡਰ ਦੇ ਮਾਹੌਲ ਦਾ ਸਿੱਟਾ ਹੈ।ਸ.ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਅਤੇ ਕਸ਼ਮੀਰ ਵਿਚਾਲੇ ਵਪਾਰਕ ਅਤੇ ਸੈਰ-ਸਪਾਟੇ ਦੇ ਗੂੜ੍ਹੇ ਸਬੰਧ ਹਨ।ਦੋਵੇਂ ਸੂਬੇ ਆਪਣੀ ਆਰਥਿਕਤਾ ਲਈ ਵੱਡੇ ਪੱਧਰ 'ਤੇ ਸੈਰ-ਸਪਾਟੇ 'ਤੇ ਨਿਰਭਰ ਹਨ। ਭਾਜਪਾ ਸਰਕਾਰ ਵੱਲੋਂ ਅਜਿਹਾ ਡਰ ਦਾ ਮਾਹੌਲ ਸਿਰਜਣਾ ਨਾ ਸਿਰਫ਼ ਨਿੰਦਣਯੋਗ ਹੈ,ਸਗੋਂ ਇਹ ਦੋਵਾਂ ਸੂਬਿਆਂ ਦੇ ਲੋਕਾਂ ਦੇ ਆਰਥਿਕ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ।ਪਾਕਿਸਤਾਨ ਨਾਲ ਵਪਾਰ ਬਾਰੇ ਬੋਲਦਿਆਂ ਬ੍ਰਹਮਪੁਰਾ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ,"ਅਸੀਂ ਪਾਕਿਸਤਾਨ ਵੱਲੋਂ ਪਨਪਨਾਏ ਜਾ ਰਹੇ ਅੱਤਵਾਦ ਦੇ ਸਖ਼ਤ ਖਿਲਾਫ਼ ਹਾਂ ਅਤੇ ਮੰਨਦੇ ਹਾਂ ਕਿ ਜਦੋਂ ਤੱਕ ਉਹ ਆਪਣੀਆਂ ਅੱਤਵਾਦੀ ਗਤੀਵਿਧੀਆਂ ਬੰਦ ਨਹੀਂ ਕਰਦਾ,ਉਸ ਨਾਲ ਕੋਈ ਵਪਾਰਕ ਸਬੰਧ ਨਹੀਂ ਹੋਣੇ ਚਾਹੀਦੇ।ਪਰ ਕੇਂਦਰ ਸਰਕਾਰ ਇਹ ਸਪੱਸ਼ਟ ਕਰੇ ਕਿ ਜੇਕਰ ਪਾਕਿਸਤਾਨ ਕਾਰਨ ਅਟਾਰੀ-ਵਾਹਗਾ ਸਰਹੱਦ ਰਾਹੀਂ ਵਪਾਰ ਬੰਦ ਹੈ,ਤਾਂ ਫ਼ਿਰ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ ਦੀਆਂ ਬੰਦਰਗਾਹਾਂ ਰਾਹੀਂ ਪਾਕਿਸਤਾਨ ਨਾਲ ਅਰਬਾਂ ਰੁਪਏ ਦਾ ਵਪਾਰ ਕਿਉਂ ਜਾਰੀ ਹੈ? ਇਹ ਪੰਜਾਬ ਨਾਲ ਵਿਤਕਰਾ ਕਿਉਂ? ਜੇਕਰ ਵਪਾਰ ਬੰਦ ਕਰਨਾ ਹੈ ਤਾਂ ਸਭ ਲਈ ਬਰਾਬਰ ਨੀਤੀ ਅਪਣਾਈ ਜਾਵੇ।ਉਨ੍ਹਾਂ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਕਿ ਪਾਕਿਸਤਾਨ ਵਿੱਚ ਬੈਠੇ ਗੈਂਗਸਟਰਾਂ ਅਤੇ ਅੱਤਵਾਦੀ ਸੰਗਠਨਾਂ, ਜੋ ਪੰਜਾਬ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕਰ ਰਹੇ ਹਨ,ਦਾ ਸਫ਼ਾਇਆ ਕਰਨ ਲਈ ਠੋਸ ਕਦਮ ਚੁੱਕੇ ਜਾਣ।ਸ.ਬ੍ਰਹਮਪੁਰਾ ਨੇ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਅਤੇ ਸੈਲਾਨੀਆਂ ਨੂੰ ਅਪੀਲ ਕੀਤੀ ਕਿ ਗੁਰੂ ਰਾਮ ਦਾਸ ਜੀ ਦੀ ਨਗਰੀ ਅੰਮ੍ਰਿਤਸਰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸ਼ਾਂਤ ਹੈ।ਇੱਥੇ ਆਉਣ ਵਿੱਚ ਕਿਸੇ ਕਿਸਮ ਦਾ ਕੋਈ ਖ਼ਤਰਾ ਜਾਂ ਦਿੱਕਤ ਨਹੀਂ ਹੈ।ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲੇ ਕਾਰਨ ਅੰਮ੍ਰਿਤਸਰ ਦੇ ਹੋਟਲ ਕਾਰੋਬਾਰੀਆਂ ਜਾਂ ਆਮ ਯਾਤਰੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਸ਼ਹਿਰ ਦੀ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਕਾਰਵਾਈਆਂ ਤੋਂ ਗੁਰੇਜ਼ ਕੀਤਾ ਜਾਵੇ।
Posted By:

Leave a Reply