ਐਸਐਚਓ ਚੋਹਲਾ ਸਾਹਿਬ ਵਲੋਂ ਵਿਸ਼ੇਸ਼ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ
- ਕਨੂੰਨ
- 27 Apr,2025

ਸਮਾਜ ਵਿਰੋਧੀ ਅਨਸਰਾਂ ਨੂੰ ਕੀਤੀ ਸਖ਼ਤ ਤਾੜਨਾ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹੈ ਕੰਮ-ਥਾਣਾ ਮੁਖੀ ਰਾਜ ਕੁਮਾਰ
ਨਈਅਰ
ਚੋਹਲਾ ਸਾਹਿਬ/ਤਰਨਤਾਰਨ,27 ਅਪ੍ਰੈਲ
ਪੁਲਿਸ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਸਬ-ਇੰਸਪੈਕਟਰ ਰਾਜ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਵੱਖ-ਵੱਖ ਜਗ੍ਹਾ 'ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਜਿਥੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ,ਉਥੇ ਹੀ ਰਾਹਗੀਰਾਂ ਨੂੰ ਅਪੀਲ ਕੀਤੀ ਗਈ ਕਿ ਡਰਾਈਵਿੰਗ ਦੌਰਾਨ ਵਾਹਨਾਂ ਦੇ ਪੂਰੇ ਕਾਗਜ਼ਾਤ ਅਤੇ ਡਰਾਈਵਿੰਗ ਲਾਇਸੈਂਸ ਆਪਣੇ ਕੋਲ ਰੱਖਣ ਤਾਂ ਜ਼ੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਦੌਰਾਨ ਕਈ ਅਧੂਰੇ ਕਾਗਜ਼ਾਤ ਵਾਲੇ ਵਾਹਨਾਂ ਦੇ ਚਲਾਨ ਵੀ ਕੱਟੇ ਗਏ ਅਤੇ ਕਈਆਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਅਭਿਮੰਨਿਊ ਰਾਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀਐਸਪੀ ਸਬ ਡਵੀਜ਼ਨ ਸ਼੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਅਗਵਾਈ ਹੇਠ ਇਲਾਕੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਪਾਰਟੀ ਵਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਇਲਾਕੇ 'ਚੋਂ ਨਸ਼ਾ ਖਤਮ ਕਰਨ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ।ਉਨ੍ਹਾਂ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਆਪਣਾ ਇਹ ਕਾਲਾ ਧੰਦਾ ਤੁਰੰਤ ਬੰਦ ਕਰ ਦੇਣ ਜਾਂ ਸਲਾਖਾਂ ਪਿੱਛੇ ਜਾਣ ਲਈ ਤਿਆਰ ਰਹਿਣ।ਐਸਐਚਓ ਰਾਜ ਕੁਮਾਰ ਨੇ ਕਿਹਾ ਕਿ ਜੇਕਰ ਇਲਾਕਾ ਨਿਵਾਸੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰਨਗੇ ਤਾਂ ਇਲਾਕੇ ਅੰਦਰ ਸ਼ਾਂਤਮਈ ਮਾਹੌਲ ਬਰਕਰਾਰ ਰੱਖਿਆ ਜਾ ਸਕਦਾ ਹੈ।ਇਸ ਮੌਕੇ ਏਐਸਆਈ ਗੁਰਵਿੰਦਰ ਸਿੰਘ,ਹੌਲਦਾਰ ਇੰਦਰਜੀਤ ਸਿੰਘ,ਹੌਲਦਾਰ ਪ੍ਰਭਜੀਤ ਸਿੰਘ,ਨਿਰਮਲ ਸਿੰਘ ਆਦਿ ਹਾਜ਼ਰ ਸਨ।
Posted By:

Leave a Reply