ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਨੂੰ ਫਰੈਂਕਫੋਰਟ ਵਿਖੇ ਕੀਤਾ ਗਿਆ ਸਨਮਾਨਿਤ

ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਨੂੰ ਫਰੈਂਕਫੋਰਟ ਵਿਖੇ ਕੀਤਾ ਗਿਆ ਸਨਮਾਨਿਤ

ਜਰਮਨੀ 23 ਅਪ੍ਰੈਲ ,ਗੁਰਨਿਸ਼ਾਨ ਸਿੰਘ ਪੁਰਤਗਾਲ

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਜਰਮਨੀ ਵਿਖੇ ਸਿੱਖਾਂ ਦੀ ਅੱਡਰੀ ਹੋਂਦ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਦੂਸਰੇ ਪਾਤਸਾਹ ਗੁਰੂ ਅੰਗਦ ਦੇਵ ਜੀ ਅਤੇ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸੱਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਗਰ ਇੰਚਾਰਜ ਭਾਈ ਸਤਨਾਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਰਖਵਾਏ ਗਏ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰੂ ਘਰ ਦੇ ਗ੍ਰੰਥੀ ਸਿੰਘਾਂ ਭਾਈ ਚਮਕੌਰ ਸਿੰਘ, ਭਾਈ ਲਖਵੀਰ ਸਿੰਘ ਅਤੇ ਭਾਈ ਗੁਰਨਿਸ਼ਾਨ ਸਿੰਘ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਉਪਰੰਤ ਪ੍ਰਸਿੱਧ ਕਥਾ ਵਾਚਕ ਭਾਈ ਜਸਬੀਰ ਸਿੰਘ ਵੇਰਕਾ ਨੇ ਸੰਗਤਾਂ ਨੂੰ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦਰਸ਼ਨ ਕਰਵਾਉਂਦੇ ਪ੍ਰੇਣਾਤਮਕ ਗੁਰਮਤਿ ਵਿਚਾਰ ਸਾਂਝੇ ਕੀਤੇ। ਸਮਾਪਤੀ ਤੇ ਰਾਗੀ ਭਾਈ ਇੰਦਰਜੀਤ ਸਿੰਘ ਸਿਰਸਾ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਨਾਲ ਨਿਹਾਲ ਕੀਤਾ। ਸਟੇਜ ਦੀ ਸੇਵਾ ਸੈਕਟਰੀ ਹੀਰਾ ਸਿੰਘ ਮੱਤੇਵਾਲ ਨੇ ਨਿਭਾਈ ਅਤੇ ਸਾਰਾ ਸਮਾਗਮ ਬਹੁਤ ਸੁਚੱਜੇ ਢੰਗ ਨਾਲ ਅੱਗੇ ਵਧਾਇਆ। ਇਸ ਦੌਰਾਨ ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਰਮੇਸ਼ ਸਿੰਘ ਜੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਸਮਾਗਮ ਦੀ ਸਮਾਪਤੀ ਤੇ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਰਮੇਸ਼ ਸਿੰਘ ਜੀ ਅਤੇ ਕਥਾਵਾਚਕ ਭਾਈ ਜਸਬੀਰ ਸਿੰਘ ਵੇਰਕਾ ਦਾ ਸਨਮਾਨ ਕੀਤਾ ਗਿਆ। ਇਸ ਸਮੇਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।


Posted By: TAJEEMNOOR KAUR