ਸਿੱਖ ਨੌਜਵਾਨ ਸੇਵਾ ਸੁਸਾਇਟੀ ਦਾ ਕੀਤਾ ਆਗਾਜ਼, ਭਾਈ ਗੁਰਦੀਪ ਸਿੰਘ ਲੋਹਾਰਾ ਬਣੇ ਪ੍ਰਧਾਨ
- ਧਾਰਮਿਕ/ਰਾਜਨੀਤੀ
- 19 Nov,2025
ਸਿੱਖ ਸੰਘਰਸ਼ ਦੇ ਸ਼ਹੀਦਾਂ ਦੀਆਂ ਤਸਵੀਰਾਂ ਅਜਾਇਬ ਘਰ 'ਚ ਲਾਵੇ ਸ਼੍ਰੋਮਣੀ ਕਮੇਟੀ : ਪੰਥਕ ਆਗੂ
ਅੰਮ੍ਰਿਤਸਰ, 18 ਨਵੰਬਰ , ਨਜ਼ਰਾਨਾ ਟਾਈਮਜ ਬਿਊਰੋ
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ ਇਕ ਨਵੀਂ ਜਥੇਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਪ੍ਰਧਾਨ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਥਾਪਿਆ ਗਿਆ। ਇਸ ਮੌਕੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਨੌਜਵਾਨ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਲੋਹਾਰਾ ਅਤੇ ਜਥੇਬੰਦੀ ਦੇ ਹੋਰ ਅਹੁਦੇਦਾਰਾਂ ਨੂੰ ਸਿਰੋਪਾਉ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਗੁਰਦੀਪ ਸਿੰਘ ਲੋਹਾਰਾ ਤੇ ਭਾਈ ਜਗਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਵਾਉਣ, ਬੰਦੀ ਸਿੰਘਾਂ ਦੀ ਰਿਹਾਈ, ਨੌਜਵਾਨਾਂ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਬਚਾਉਣ ਲਈ ਸਿੱਖੀ ਦਾ ਪ੍ਰਚਾਰ ਅਤੇ ਪੰਥ ਤੇ ਪੰਜਾਬ ਉੱਤੇ ਹੋ ਰਹੇ ਹਮਲਿਆਂ ਦਾ ਟਾਕਰਾ ਕਰਾਂਗੇ ਅਤੇ ਹੜ੍ਹ ਪ੍ਰਭਾਵਿਤ ਅਤੇ ਸ਼ਹੀਦ ਤੇ ਲੋੜਵੰਦ ਪਰਿਵਾਰਾਂ ਦੀ ਸਾਰ ਲੈਣ 'ਚ ਆਪਣਾ ਫਰਜ਼ ਨਿਭਾਵਾਂਗੇ।
ਉਹਨਾਂ ਕਿਹਾ ਕਿ ਇਹ ਜਥੇਬੰਦੀ ਮੀਰੀ ਪੀਰੀ ਦੇ ਸਿਧਾਂਤਾਂ 'ਤੇ ਪਹਿਰਾ ਦਿੰਦੀ ਹੋਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਵੀ ਅਗਾਂਹ ਜਾਰੀ ਰੱਖੇਗੀ। ਆਗੂਆਂ ਨੇ ਕਿਹਾ ਕਿ ਲੁਧਿਆਣਾ, ਅੰਮ੍ਰਿਤਸਰ ਅਤੇ ਹੋਰ ਸ਼ਹਿਰਾਂ ਵਿੱਚ ਛੇਤੀ ਹੀ ਗੁਰਮਤਿ ਕੈਂਪ ਵੀ ਲਗਾਏ ਜਾਣਗੇ।
ਆਗੂਆਂ ਨੇ ਇਹ ਵੀ ਕਿਹਾ ਕਿ ਸਿੱਖ ਸੰਘਰਸ਼ ਵਿੱਚ ਸ਼ਹੀਦ ਹੋਏ ਜੁਝਾਰੂ-ਜਰਨੈਲਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸ਼੍ਰੋਮਣੀ ਕਮੇਟੀ ਛੇਤੀ ਸਥਾਪਿਤ ਕਰੇ। ਉਹਨਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਉੱਤੇ ਬਣੀ ਸਿੱਖ ਸਿਧਾਂਤ ਵਿਰੋਧੀ ਫਿਲਮ ਹਿੰਦ ਦੀ ਚਾਦਰ ਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ ਤੇ ਕਿਸੇ ਵੀ ਸਿਨੇਮਾ ਘਰ ਵਿੱਚ ਚੱਲਣ ਨਹੀਂ ਦਿਆਂਗੇ। ਉਹਨਾਂ ਇਹ ਵੀ ਕਿਹਾ ਕਿ ਇਸਾਈ ਡੇਰੇਦਾਰਾਂ ਵੱਲੋਂ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਵੀ ਅਸੀਂ ਰੋਕਾਂਗੇ ਅਤੇ ਸਿੱਖੀ ਪ੍ਰਚਾਰ ਦੀ ਮੁਹਿੰਮ ਛੇੜਾਂਗੇ।
ਇਸ ਮੌਕੇ ਜਨਰਲ ਸ਼ਬੇਗ ਸਿੰਘ ਦੇ ਭਰਾ ਭਾਈ ਬੇਅੰਤ ਸਿੰਘ ਖਿਆਲਾ ਅਤੇ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦੀ ਭੈਣ ਚਰਨਜੀਤ ਕੌਰ ਨੇ ਸਿੱਖ ਨੌਜਵਾਨਾਂ ਨੂੰ ਅਸੀਸ ਦਿੱਤੀ।
ਭਾਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖ ਨੌਜਵਾਨ ਸੇਵਾ ਸੁਸਾਇਟੀ ਦਾ ਪ੍ਰਧਾਨ ਭਾਈ ਗੁਰਦੀਪ ਸਿੰਘ ਲੋਹਾਰਾ, ਮੀਤ ਪ੍ਰਧਾਨ ਭਾਈ ਜਗਜੀਤ ਸਿੰਘ ਦਮਦਮੀ ਟਕਸਾਲ, ਖ਼ਜਾਨਚੀ ਇਸ਼ਪ੍ਰੀਤ ਕੌਰ, ਜਨਰਲ ਸਕੱਤਰ ਪਰਮਜੀਤ ਸਿੰਘ ਲੁਧਿਆਣਾ, ਸਲਾਹਕਾਰ ਸੁਨੀਲ ਸਿੰਘ ਹਰੀਆਂ ਨੂੰ ਚੁਣਿਆ ਗਿਆ ਹੈ।
ਇਸ ਮੌਕੇ ਬੀਬਾ ਅੰਮ੍ਰਿਤ ਕੌਰ, ਜਸਪ੍ਰੀਤ ਸਿੰਘ ਸੁਲਤਾਨਵਿੰਡ, ਅਕਾਸ਼ਦੀਪ ਸਿੰਘ ਭੂਰੀ ਵਾਲੇ, ਡਾ ਸਾਜਨ ਸਿੰਘ ਕੋਟ ਖਾਲਸਾ, ਮਨਜੀਤ ਸਿੰਘ ਛਾਉਣੀ ਵਾਲੇ, ਦਲਜੀਤ ਸਿੰਘ ਅੰਮ੍ਰਿਤਸਰ, ਦਲਜੀਤ ਸਿੰਘ ਮਜੀਠਾ ਅਤੇ ਗੁਰਜੋਤ ਸਿੰਘ ਲੁਧਿਆਣਾ ਆਦਿ ਹਾਜਰ ਸਨ।
Posted By:
GURBHEJ SINGH ANANDPURI
Leave a Reply