ਪੰਜਾਬ ਯੂਨੀਵਰਸਿਟੀ 'ਤੇ ਕਬਜ਼ਾ ਕਰਕੇ ਮਨੂੰ ਸਿਮ੍ਰਤੀ ਅਤੇ ਆਰ ਐਸ ਐਸ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਕੇਂਦਰ ਸਰਕਾਰ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- 19 Nov,2025
ਸੈਨੇਟ ਨੂੰ ਬਹਾਲ ਕਰਕੇ ਵਿਦਿਆਰਥੀਆਂ ਦੀਆਂ ਮੰਗਾਂ ਮੰਨੀਆਂ ਜਾਣ : ਪੰਥਕ ਆਗੂ
ਅੰਮ੍ਰਿਤਸਰ, 19 ਨਵੰਬਰ ਨਜ਼ਰਾਨਾ ਟਾਈਮਜ ਬਿਊਰੋ
ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ, ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਖ਼ਾਲਸਾ ਫ਼ਤਹਿਨਾਮਾ ਦੇ ਸੰਪਾਦਕ ਭਾਈ ਰਣਜੀਤ ਸਿੰਘ, ਭਾਈ ਅੰਗਦ ਸਿੰਘ ਖ਼ਾਲਸਾ ਕਸ਼ਮੀਰ, ਭਾਈ ਮਨਪ੍ਰੀਤ ਸਿੰਘ ਖ਼ਾਲਸਾ, ਭਾਈ ਹਰਪ੍ਰੀਤ ਸਿੰਘ ਪੰਮਾ ਅਸਟਰੀਆ ਅਤੇ ਭਾਈ ਗੁਰਪ੍ਰੀਤ ਸਿੰਘ ਅਮਰੀਕਾ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਛੇੜੇ ਸੰਘਰਸ਼ ਦੀ ਅਸੀਂ ਹਮਾਇਤ ਕਰਦੇ ਹਾਂ, ਵਿਦਿਆਰਥੀਆਂ ਦਾ ਸੰਘਰਸ਼ ਆਪਣੇ ਹੱਕਾਂ ਲਈ ਬਿਲਕੁਲ ਜਾਇਜ਼ ਅਤੇ ਠੀਕ ਹੈ, ਚੰਡੀਗੜ੍ਹ ਵੀ ਪੰਜਾਬ ਦਾ ਹੈ ਅਤੇ ਇਹ ਯੂਨੀਵਰਸਿਟੀ ਵੀ ਪੰਜਾਬ ਦੀ ਹੈ ਇਸ ਉੱਤੇ ਕੇਂਦਰ ਦੀ ਭਾਜਪਾ ਸਰਕਾਰ ਦਾ ਕਬਜ਼ਾ ਅਸੀਂ ਰੱਤਾ ਵੀ ਬਰਦਾਸ਼ਤ ਨਹੀਂ ਕਰਾਂਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਹੱਕਾਂ ਅਤੇ ਮੰਗਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਅਤੇ ਸਰਕਾਰ ਨੇ ਜੋ ਵਿਦਿਆਰਥੀਆਂ ਦੇ ਨਾਲ ਵਤੀਰਾ ਕੀਤਾ ਉਹ ਜ਼ੁਲਮੀ ਸਰਕਾਰ ਦੀ ਬੁਖਲਾਹਟ ਹੈ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਸੈਨੇਟ ਨੂੰ ਭੰਗ ਕਰਕੇ ਸਰਕਾਰ ਹੁਣ ਪੰਜਾਬੀ ਯੂਨੀਵਰਸਿਟੀ ਵਿੱਚ ਵੀ ਵਿੱਦਿਆ ਨੀਤੀ ਅਤੇ ਪ੍ਰਬੰਧ ਨੂੰ ਬਦਲ ਰਹੀ ਹੈ ਤੇ ਇੱਥੇ ਮਨੂੰ ਸਿਮਰਤੀ ਅਤੇ ਆਰ ਐਸ ਐਸ ਦੀ ਸੋਚ ਲਾਗੂ ਕਰਨਾ ਚਾਹੁੰਦੀ ਹੈ, ਇਹ ਵੀ ਸਰਕਾਰ ਦੇ ਇੱਕ ਸਾਜਿਸ਼ ਤਹਿਤ ਹਿੰਦੂ ਰਾਸ਼ਟਰ ਵੱਲ ਵੱਧਦੇ ਕਦਮ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਅਦਾਰਿਆਂ ਤੇ ਸੰਸਥਾਵਾਂ ਨੂੰ ਸੂਬੇ ਕੋਲ ਹੀ ਰਹਿਣ ਦਿੱਤਾ ਜਾਵੇ, ਨਾ ਕਿ ਕੇਂਦਰ ਉਹਨਾਂ ਨੂੰ ਆਪਣੇ ਅਧੀਨ ਕਰਕੇ ਹੜੱਪ ਲਵੇ। ਉਹਨਾਂ ਕਿਹਾ ਕਿ 1947 ਤੋਂ ਬਾਅਦ ਕੇਂਦਰ ਸਰਕਾਰ ਨੇ ਪਹਿਲਾਂ ਸਾਨੂੰ ਜਰਾਇਮ ਪੇਸ਼ਾ ਕੌਮ ਐਲਾਨ ਦਿੱਤਾ, ਫਿਰ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਤੇ ਦਰਿਆਈ ਪਾਣੀ ਦਾ ਪ੍ਰਬੰਧ ਵੀ ਪੰਜਾਬ ਪਾਸੋਂ ਖੋਹ ਲਿਆ। ਫਿਰ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ, ਨਵੰਬਰ 1984 ਵਿੱਚ ਸਿੱਖਾਂ ਦਾ ਕਤਲੇਆਮ ਕਰਾਇਆ, ਝੂਠੇ ਪੁਲਿਸ ਮੁਕਾਬਲੇ ਬਣਵਾਏ, ਨਸ਼ਿਆਂ ਰਾਹੀਂ ਸਾਡੀ ਨੌਜਵਾਨ ਦੀ ਨਸਲਕੁਸ਼ੀ ਕੀਤੀ ਜਾ ਰਹੀ, ਕਕਾਰਾਂ ਉੱਤੇ ਪਾਬੰਦੀਆਂ ਲੱਗ ਰਹੀਆਂ ਹਨ ਤੇ ਹੁਣ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਉੱਤੇ ਕਬਜ਼ਾ ਜਮਾ ਲੈਣਾ ਜੋ ਸਾਡੇ ਲਈ ਅਸਹਿ ਹੈ ਇਸ ਖਿਲਾਫ ਪੰਜਾਬ ਦੇ ਲੋਕ ਜਬਰਦਸਤ ਸੰਘਰਸ਼ ਕਰਨਗੇ। ਉਹਨਾਂ ਕਿਹਾ ਕਿ ਬਾਦਲਕੇ, ਕਾਂਗਰਸੀ ਅਤੇ ਝਾੜੂ ਪਾਰਟੀ ਵਾਲੇ ਇਸ ਮੁੱਦੇ ਉੱਤੇ ਸਿਰਫ ਸਿਆਸਤ ਕਰ ਰਹੇ ਹਨ ਤੇ ਉਹ ਕੇਂਦਰ ਸਰਕਾਰ ਨਾਲ ਇੱਕਮਿੱਕ ਹਨ ਜਦਕਿ ਯੂਨੀਵਰਸਿਟੀ ਨੂੰ ਬਚਾਉਣ ਲਈ ਅਸਲ ਸੰਘਰਸ਼ ਸਿਰਫ ਵਿਦਿਆਰਥੀਆਂ ਵੱਲੋਂ ਹੀ ਲੜਿਆ ਜਾ ਰਿਹਾ ਹੈ ਜਿਸਦਾ ਹਰੇਕ ਸੰਸਥਾ ਨੂੰ ਸਮਰਥਨ ਕਰਨ ਦੀ ਲੋੜ ਹੈ।
Posted By:
GURBHEJ SINGH ANANDPURI
Leave a Reply