ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੇ ਪਿਤਾ ਇੰਦਰ ਸਿੰਘ ਦੇ ਅਕਾਲ ਚਲਾਣੇ 'ਤੇ ਦਮਦਮੀ ਟਕਸਾਲ ਅਤੇ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਦੁੱਖ ਦਾ ਪ੍ਰਗਟਾਵਾ
- ਸੋਗ /ਦੁੱਖ ਦਾ ਪ੍ਰਗਟਾਵਾ
- 29 Oct,2025
6 ਨਵੰਬਰ ਨੂੰ ਅਰਦਾਸ ਸਮਾਗਮ 'ਚ ਪਿੰਡ ਧੀਰੋਵਾਲ ਪਹੁੰਚਣ ਸੰਗਤਾਂ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 29 ਅਕਤੂਬਰ ,ਨਜ਼ਰਾਨਾ ਟਾਈਮਜ ਬਿਊਰੋ
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਅਰੰਭੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਬੱਬਰ ਖ਼ਾਲਸਾ ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜਾਦਾ ਦੇ ਸਤਿਕਾਰਯੋਗ ਪਿਤਾ ਜੀ ਜਥੇਦਾਰ ਇੰਦਰ ਸਿੰਘ ਜੋ 85 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਉਹਨਾਂ ਦੇ ਗ੍ਰਹਿ, ਪਿੰਡ ਧੀਰੋਵਾਲ, ਜ਼ਿਲ੍ਹਾ ਜਲੰਧਰ ਵਿਖੇ ਪਹੁੰਚ ਕੇ ਸਵਰਗਵਾਸੀ ਇੰਦਰ ਸਿੰਘ ਦੇ ਸਸਕਾਰ ਮੌਕੇ ਹਾਜ਼ਰੀ ਭਰੀ ਅਤੇ ਸ਼ਹੀਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਦੀ ਮਾਤਾ ਜੀ, ਭਰਾ, ਭੈਣ ਅਤੇ ਦਾਮਾਦ ਨਾਲ ਦੁੱਖ ਸਾਂਝਾ ਕੀਤਾ ਅਤੇ ਜਪੁ ਜੀ ਸਾਹਿਬ, ਚੌਪਈ ਸਾਹਿਬ, ਕੀਰਤਨ ਸੋਹਿਲਾ ਅਤੇ ਅਲਾਹਣੀਆਂ ਦੇ ਪਾਠ ਕਰਕੇ ਜਥੇਦਾਰ ਇੰਦਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਹਮਲੇ ਤੋਂ ਬਾਅਦ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਹਥਿਆਰਬੰਦ ਸੰਘਰਸ਼ ਵਿੱਚ ਕੁੱਦ ਪਏ ਸਨ, ਉਹਨਾਂ ਨੇ ਅਥਾਹ ਜੁਝਾਰੂ ਐਕਸ਼ਨ ਕਰਕੇ ਪੰਥ ਦੋਖੀਆਂ ਨੂੰ ਸੋਧਿਆ। ਭਾਈ ਅਮਰਜੀਤ ਸਿੰਘ ਸ਼ਹਿਜਾਦਾ ਜੋ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ, ਭਾਈ ਵਧਾਵਾ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ ਜਟਾਣਾ, ਜਥੇਦਾਰ ਭਾਈ ਅਵਤਾਰ ਸਿੰਘ ਬ੍ਰਹਮਾ, ਭਾਈ ਇਕਬਾਲ ਸਿੰਘ ਬੱਬਰ ਅਤੇ ਭਾਈ ਗੁਰਦੀਪ ਸਿੰਘ ਵਕੀਲ ਦੇ ਨੇੜਲੇ ਸਾਥੀ ਸਨ। ਉਹਨਾਂ ਦੇ ਪਰਿਵਾਰ ਨੇ ਵੀ ਸਰਕਾਰੀ ਜ਼ੁਲਮ ਝੱਲਿਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਭਾਈ ਅਮਰਜੀਤ ਸਿੰਘ ਸ਼ਹਿਜਾਦਾ ਦੀ ਸ਼ਹਾਦਤ ਅਤੇ ਜਥੇਦਾਰ ਇੰਦਰ ਸਿੰਘ ਦੇ ਸਿੱਖੀ ਸਿਦਕ ਨੂੰ ਪ੍ਰਣਾਮ ਕੀਤਾ। ਉਹਨਾਂ ਨੇ 1984 ਟ੍ਰਿਬਿਊਟ ਡਾਟ ਕਾਮ ਵੱਲੋਂ ਵੀ ਪਰਿਵਾਰ ਦਾ ਸਨਮਾਨ ਕੀਤਾ। ਉਹਨਾਂ ਦੱਸਿਆ ਕਿ 28 ਜਨਵਰੀ 1989 ਨੂੰ ਭਾਈ ਅਮਰਜੀਤ ਸਿੰਘ ਸ਼ਹਿਜ਼ਾਦਾ ਸ਼ਹਾਦਤ ਦਾ ਜਾਮ ਪੀ ਗਏ ਸਨ, ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਘਰ 'ਚ ਗੁਰਦੁਆਰਾ ਸਾਹਿਬ ਅਤੇ ਨਿਸ਼ਾਨ ਸਾਹਿਬ ਦੀ ਸੁਸ਼ੋਬਿਤ ਹੈ। ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਜਥੇਦਾਰ ਇੰਦਰ ਸਿੰਘ ਦੇ ਨਮਿੱਤ ਅਰਦਾਸ ਸਮਾਗਮ 6 ਨਵੰਬਰ 2025 ਨੂੰ ਉਹਨਾਂ ਦੇ ਗ੍ਰਹਿ ਪਿੰਡ ਧੀਰੋਵਾਲ ਵਿਖੇ ਹੋਵੇਗਾ, ਸਮੂਹ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂ ਪਹੁੰਚਣ ਦੀ ਕਿਰਪਾਲਤਾ ਕਰਨ।
Posted By:
GURBHEJ SINGH ANANDPURI
Leave a Reply