ਦਾਣਾ ਮੰਡੀ ਵਿੱਚ ਤਬਦੀਲ ਹੋਇਆ ਖੇਮਕਰਨ ਸ਼ਹਿਰ ਦਾ ਬੱਸ ਅੱਡਾ

ਦਾਣਾ ਮੰਡੀ ਵਿੱਚ ਤਬਦੀਲ ਹੋਇਆ ਖੇਮਕਰਨ ਸ਼ਹਿਰ ਦਾ ਬੱਸ ਅੱਡਾ

ਪ੍ਰਸ਼ਾਸਨ ਬੇਖ਼ਬਰ ਸਥਾਨਿਕ ਆੜਤੀਆਂ ਵੱਲੋਂ ਸ਼ਰੇਆਮ ਉਡਾਈਆਂ ਜਾ ਰਹੀਆਂ ਹਨ ਨਿਯਮਾਂ ਦੀਆਂ ਧੱਜੀਆਂ

ਵਲਟੋਹਾ,19 ਅਪ੍ਰੈਲ (ਗੁਰਮੀਤ ਸਿੰਘ ਵਲਟੋਹਾ)

ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਖੇਮਕਰਨ ਸ਼ਹਿਰ ਦੇ ਬੱਸ ਅੱਡੇ ਵਿੱਚ ਅੱਜਕਲ੍ਹ ਬੱਸਾਂ ਨਹੀਂ ਖੜਦੀਆਂ ਬਲਕਿ ਉੱਥੇ ਸਥਾਨਿਕ ਆੜਤੀਆਂ ਵੱਲੋਂ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਬੱਸ ਅੱਡੇ ਨੂੰ ਦਾਣਾ ਮੰਡੀ ਵਿੱਚ ਤਬਦੀਲ ਕਰਕੇ ਉੱਥੇ ਕਣਕ ਦੀ ਫ਼ਸਲ ਦੇ ਢੇਰ ਲਗਾ ਦਿੱਤੇ ਗਏ ਹਨ, ਜਿਸ ਕਾਰਨ ਬੱਸਾਂ ਅੱਡੇ ਤੋਂ ਬਾਹਰ ਸੜਕ ਦੇ ਕਿਨਾਰੇ ਖੜੀਆਂ ਕਰਨੀਆਂ ਪੈ ਰਹੀਆਂ ਹਨ । ਜ਼ਿਕਰਯੋਗ ਹੈ ਕਿ ਇਹ ਸ਼ਹਿਰ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਪਹਿਲਾਂ ਹੀ ਸਹੂਲਤਾਂ ਤੋਂ ਵਾਝਾਂ ਹੈ, ਜੇਕਰ ਇਸ ਇਲਾਕੇ ਵਿੱਚ ਸਰਕਾਰਾਂ ਵੱਲੋਂ ਕੋਈ ਸਹੂਲਤ ਦਿੱਤੀ ਵੀ ਜਾਂਦੀ ਹੈ ਤਾਂ ਉਸਦਾ ਵੀ ਕਈ ਲੋਕਾਂ ਵੱਲੋਂ ਦੁਰਉਪਯੋਗ ਕੀਤਾ ਜਾਂਦਾ ਹੈ। ਪਿਛਲੀਆਂ ਸਰਕਾਰਾਂ ਵੱਲੋਂ ਇਹ ਬੱਸ ਅੱਡਾ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਸੀ, ਪਰ ਇਸਦਾ ਉਪਯੋਗ ਬੱਸਾਂ ਖੜਾਉਣ ਲਈ ਘੱਟ ਅਤੇ ਆਪਣੇ ਨਿੱਜ਼ੀ ਕੰਮਾਂ ਲਈ ਜ਼ਿਆਦਾ ਕੀਤਾ ਜਾ ਰਿਹਾ ਹੈ। ਖੇਮਕਰਨ ਵਿੱਚ ਵਿਸ਼ਾਲ ਦਾਣਾ ਮੰਡੀ ਹੋਣ ਦੇ ਬਾਵਜੂਦ ਵੀ ਬੱਸ ਅੱਡੇ ਵਿੱਚ ਕਣਕ ਦੀ ਫ਼ਸਲ ਦੇ ਢੇਰ ਲਗਾ ਕੇ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੱਸ ਅੱਡੇ ਦੇ ਨਜ਼ਦੀਕ ਬਾਜ਼ਾਰ ਹੋਣ ਕਰਕੇ ਸਾਰਾ ਦਿਨ ਦੁਕਾਨਦਾਰਾਂ ਅਤੇ ਅਤੇ ਉੱਥੋਂ ਦੇ ਵਸਨੀਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉੱਥੇ ਸਾਰਾ ਦਿਨ ਧੂਲ ਮਿੱਟੀ ਉੱਡਦੀ ਰਹਿੰਦੀ ਹੈ।ਇਹ ਪੂਰਾ ਮਸਲਾ ਪੱਤਰਕਾਰਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਰਾਹੁਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ, ਹੁਣ ਦੇਖਣਾ ਹੋਵੇਗਾ ਕਿ ਬੱਸ ਅੱਡੇ ਵਿੱਚ ਫਸਲ ਦੇ ਢੇਰ ਲਗਾਉਣ ਵਾਲੇ ਆੜਤੀਆ ਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ।