"ਸਤਿਗੁਰ ਕੈ ਜਨਮੇ ਗਵਨੁ ਮਿਟਾਇਆ"

"ਸਤਿਗੁਰ ਕੈ ਜਨਮੇ ਗਵਨੁ ਮਿਟਾਇਆ"

"ਸਤਿਗੁਰ ਕੈ ਜਨਮੇ ਗਵਨੁ ਮਿਟਾਇਆ"


ਜਦਕਿ ਗੁਰਬਾਣੀ ਅਨੁਸਾਰ ਹੀ ਦੂਜੇ ਪਾਸੇ ਮਨੁੱਖਾ ਜਨਮ ਬਿਰਥਾ ਕਦੋਂ ਹੁੰਦਾ ਹੈ? ਉੱਤਰ—ਓਦੋਂ ਜਦੋ:-


"ਕਰਤੂਤਿ ਪਸੂ ਕੀ ਮਾਨਸ ਜਾਤਿ" - (ਪ: ੨੬੭) ਆਦਿ ਗੁਰਬਾਣੀ ਫ਼ੁਰਮਾਨ ਉਸਨੂੰ ਇਹ ਵੀ ਚੇਤਾਅ ਰਹੇ ਹਨ ਕਿ:-"ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ" ! -


ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,


ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956


"ਫਾਹੀ ਸੁਰਤਿ, ਮਲੂਕੀ ਵੇਸੁ. ."-ਗੁਰਬਾਣੀ-ਗੁਰੂ ਦੇ ਚਰਣਾਂ `ਚ ਬੈਠ ਕੇ ਜੇ ਬੜੀ ਦਿਆਨਤ ਦਾਰੀ ਤੇ ਸਿਦਕ ਦਿਲੀ ਨਾਲ ਸੰਸਾਰ ਤੱਲ ਦਾ ਭਾਵੇਂ ਕੋਈ ਵੀ ਮਨੁੱਖ ਸਾਡੇ ਇਸ ਹੱਥਲੇ ਵਿਸ਼ੇ "ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ" ਨੂੰ ਵਿਸ਼ੇਸ਼ ਧਿਆਨ ਦੇ ਕੇ ਵਿਚਾਰੇਗਾ ਤਾਂ ਉਹ ਆਪ ਮੁਹਾਰੇ ਮੰਨ ਵੀ ਲਵੇਗਾ ਤੇ ਕਹਿ ਵੀ ਉਠੇਗਾ ਬਲਕਿ ਉਹ ਆਪ ਹੀ ਆਪਣੇ ਆਪ ਤੋਂ ਸੁਆਲ ਵੀ ਕਰੇਗਾ ਕਿ ਆਖ਼ਿਰ ਉਹ ਕੀ ਕਾਰਣ ਹਨ ਜਦੋਂ ਅਸੀਂ ਗੁਰਮੱਤ ਸਿਧਾਂਤਾਂ ਨੂੰ ਘੋਖਣ ਤੇ ਸਮਝਣ ਵਾਸਤੇ ਕੁੱਝ ਵੱਧਦੇ ਹਾਂ ਮੋਟੇ ਤੌਰ `ਤੇ ਪਾਤਸ਼ਾਹ ਨੇ ਪਭੂ ਦੀਆਂ ਅਨੰਤ ਜੂਨਾਂ `ਚੋਂ ਕੇਵਲ ਇਕੋ-ਇਕ ਜੂਨ ਮਨੁੱਖ ਨੂੰ ਹੀ ਇਸ ਪੱਖੋਂ ਚੇਤਾਇਆ ਹੈ। ਫ਼ਿਰ ਕੇਵਲ ਉਸ ਲਈ ਹੀ ਅਜਿਹੇ ਲਫ਼ਜ਼ ਵਰਤੇ ਤੇ ਕੇਵਲ ਸਮੂਚੀ ਮਨੁੱਖ ਜਾਤੀ ਨੂੰ ਇਹ ਸੁਆਲ ਵੀ ਕੀਤਾ ਹੈ।


ਦੇਖਣਾ ਇਹ ਵੀ ਹੈ ਕਿ ਉਂਝ ਵੀ ਇਹ ਲਫ਼ਜ਼ ਕੇਵਲ ਮਨੁੱਖ ਲਈ ਹੀ ਵਰਤੇ ਜਾਂਦੇ ਹਨ ਕਿ "ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ" ਕਿਸੇ ਹੋਰ ਜੂਨੀ ਲਈ ਨਹੀਂ, ਇਥੋਂ ਤੀਕ ਕਿ ਕੇਵਲ ਮਨੁੱਖ `ਤੇ ਹੀ ਇਹ ਚੇਤਾਵਣੀ ਲਾਗੂ ਹੁੰਦੀ ਹੈ ਕਿ ‘ਬੰਦਿਆ ਤੂੰ ਬੰਦਾ ਬਣ’, ਤੂੰ ਇਨਸਾਨ ਬਣ’! ਤਾਂ ਕਿਉਂ? ਕਿਉਂਕਿ:-


() "ਫਾਹੀ ਸੁਰਤਿ ਮਲੂਕੀ ਵੇਸੁ॥ ਹਉ ਠਗਵਾੜਾ ਠਗੀ ਦੇਸੁ" (ਪੰ: ੨੪


() "ਗਲਂੀ ਅਸੀ ਚੰਗੀਆ ਆਚਾਰੀ ਬੁਰੀਆਹ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ" (ਪੰ: ੮੪)


() "ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ" (ਪੰ: ੨੬੭) ਆਦਿ ਅਨੇਕਾਂ ਗੁਰਬਾਣੀ ਵਿੱਚਲੇ ਫ਼ੁਰਮਾਨ ਉਪ੍ਰੋਕਤ ਮਨੁੱਖੀ ਸੁਭਾਅ ਦੇ ਇਸ ਦਿਵਾਲੀਏਪਣ ਨਾਲ ਹੀ ਸੰਬੰਧਤ ਹਨ।


"ਸੀਰਤ ਕੇ ਹੈਂ ਹਮ ਗ਼ੁਲਾਮ, ਸੂਰਤ ਹੂਈ ਤੋ ਕਿਆ ਹੁਆ" -ਕੇਵਲ ਮਨੁੱਖ ਹੀ ਹੈ ਜਿਸ ਨੂੰ ਪੜ੍ਹ੍ਹ੍ਹਾਣਾ, ਸਮਝਾਉਣਾ ਪੈਂਦਾ ਹੈ; ਧਰਮ ਉਪਦੇਸ਼ਾਂ ਰਾਹੀਂ ਜੀਵਨ ਦੇ ਠੀਕ ਰਾਹ `ਤੇ ਰੱਖਣ ਲਈ ਯਤਨ ਕੀਤੇ ਜਾਂਦੇ ਹਨ। ਇਸ ਦੇ ਉਲਟ, ਕੁੱਦਰਤ ਦੀ ਕਿਸੇ ਵੀ ਸ਼੍ਰੇਣੀ ਲਈ ਇਹ ਸਮਸਿਆ ਨਹੀਂ। ਕੇਵਲ ਬੰਦਾ ਹੀ ਬੰਦਾ ਨਹੀਂ ਹੁੰਦਾ। ਕੇਵਲ ਮਨੁੱਖ ਹੀ ਹੈ ਜਿਸ ਨੇ ਸ਼ਕਲ ਵੀ ਵਿਗਾੜੀ ਹੁੰਦੀ ਹੈ ਤੇ ਆਣਾ ਲਿਾਹੀ ਸੁਭਾਅ ਵੀ।


ਬਲਕਿ ਮਨੁੱਖ ਨੇ ਆਪਣੀ ਸ਼ਕਲ ਨੂੰ ਵਿਗਾੜਿਆ ਵੀ ਤਾਂ ਕਿਵੇਂ ਕਿਵੇਂ? ਇਸਦੀ ਗਿਣਤੀ ਨਹੀਂ। ਮਨੁੱਖ ਨੇ ਆਪਣੀ ਰੱਬੀ ਤੇ ਇਲਾਹੀ ਸ਼ਕਲ ਨੂੰ ਵਿਗਾੜਿਆ ਹੀ ਵਿਗਾੜਿਆ:-


(੧) ਆਪਣੇ ਕੇਸਾਂ-ਦਾੜ੍ਹੀ-ਭਰਵੱਟੇ ਆਦਿ ਵਾਲੇ ਰੱਬੀ ਸਰੂਪ ਦੀ ਕੱਟ-ਵੱਢ ਕਰ ਕੇ।


(੨) ਸਰੇਵੜਾ, ਜੋਗੀ, ਬਿਭੂਤਧਾਰੀ, ਸੰਨਿਆਸੀ, ਜਟਾਧਾਰੀ, ਨਾਂਗਾ, ਰੋਂਡ-ਮੋਂਡ ਬਨ ਕੇ।


(੩) ਟਿੱਕੇ, ਮਾਲਾ, ਕਮੰਡਲ, ਖੜਾਵਾਂ, ਭਗਵਿਆਂ-ਚਿੱਟਿਆਂ-ਕਾਲਿਆਂ ਦਾ ਸਹਾਰਾ ਲੈ ਕੇ-ਸਾਧੂ, ਮਹਾਤਮਾ, ਮਹਾਰਾਜ ਜੀ, ਬਾਬਾ ਜੀ, ਸੰਤ ਜੀ ਆਦਿ ਬਣਿਆ ਹੁੰਦਾ ਹੈ। ਧਰਮ ਦੇ ਨਾਮ `ਤੇ ਮਨੁੱਖ ਨੇ ਕਿੰਨੇਂ ਭੇਖ ਘੜ ਰੱਖੇ ਹਨ-ਨੇੜੇ ਜਾਵੋ ਤਾਂ ਧਰਮੀ ਨਹੀਂ, ਬਲਕਿ ਜੀਵਨ `ਚੋਂ ਦੂਜੀਆਂ ਜੂਨੀਆਂ ਦੇ ਸੁਭਾਅ ਹੀ ਬਾਹਿਰ ਝਾਕ ਰਹੇ ਹੁੰਦੇ ਹਨ। ਬਾਹਰੋਂ ਧਰਮੀ ਹੈ, ਨੇੜੇ ਜਾਓ ਤਾਂ ਉਸ ਤੋਂ ਵੱਡਾ ਕਪਟੀ ਨਹੀਂ। ਬਾਹਰੋਂ ਵੱਡਾ ਸਾਧ-ਸੰਤ-ਭਗਤ-ਬੈਰਾਗੀ-ਵਿਰੱਕਤ-ਤੱਪਸਵੀ-ਤਿਆਗੀ-ਜੋਗੀ ਤੇ ਪਤਾ ਨਹੀਂ ਕੀ ਕੀ ਬਣਿਆ ਬੈਠਾ ਹੇ? ਜਦੋਂ ਨੇੜੇ ਜਾਓ ਤਾਂ ਬਹੁਤ ਵਾਰੀ ਉਹੀ ਵੱਡਾ ਕੁਕਰਮੀ-ਕਾਮੀ-ਢੋਂਗੀ-ਦਗ਼ਾਬਾਜ਼, ਠੱਗ ਹੁੰਦਾ ਹੈ।


ਇਹ ਤਾਂ ਕੇਵਲ ਮਨੁੱਖ ਹੀ ਹੈ ਜਿਸ ਦੀ ਸੂਰਤ ਤੋਂ, ਸੁਭਾਅ ਦੀ ਪਛਾਣ ਨਹੀਂ ਆਉਂਦੀ। ਸ਼ੰਪੂਰਣ ਮਨੁੱਖ ਸਮਾਜ ਅੰਦਰ ਜਿੰਨੇਂ ਜ਼ੁਲਮ, ਧੱਕੇ, ਅਪਵਾਦ, ਅਪਰਾਧ, ਨਸ਼ਿਆਂ ਦੀ ਹੋੜ, ਧਾਰਮਕ ਆਡੰਬਰ, ਲੁੱਟ-ਖੋਹ, ਧੋਖੇ-ਫ਼ਰੇਬ-ਠੱਗੀਆਂ, ਹਥਿਆਰਾਂ-ਜੁਰਮਾਂ ਦੀ ਦੌੜ, ਵਿੱਭਚਾਰ ਦਾ ਬੋਲਬਾਲਾ, ਕਤਲੋ ਗ਼ਾਰਤ-ਕਿੱਡਨੈਪਿੰਗ ਦੀ ਬਹੁਲਤਾ; ਵੈਰ-ਵਿਰੋਧ, ਜਾਤ-ਪਾਤ, ਇਸਤ੍ਰੀ-ਪੁਰਖ ਦੇ ਵਿੱਤਕਰੇ, ਚੋਰੀਆਂ-ਡਕੈਤੀਆਂ-ਠੱਗੀਆਂ-ਬੱਚੀਆਂ ਦੀ ਭਰੂਣ ਹੱਤਿਆ, ਜੜ੍ਹ ਇਕੋ ਹੁੰਦੀ ਹੈ, ਬਾਹਰੋਂ ਮਨੁੱਖ ਤੇ ਅੰਦਰੋਂ ਮਨੁਖਤਾ ਦਾ ਵੈਰੀ। ਬਾਹਰੋਂ ਮਨੁੱਖ ਪਰ ਸੁਭਾਅ ਕਰਕੇ ਭਿੰਨ, ਭਿੰਨ ਜੂਨੀਆਂ ਭੁਗਤਾਅ ਰਿਹਾ ਹੁੰਦਾ ਹੈ। ਕੁੱਝ ਪ੍ਰਭਾਵ ਜਨਮ ਦੇ ਨਾਲ ਲੈ ਕੇ ਆਇਆ ਸੀ ਤੇ ਬਾਕੀ ਇਸ ਜਨਮ `ਚ ਇਕੱਠੇ ਕਰ ਰਿਹਾ ਹੁੰਦਾ ਹੈ। ਇਸ ਸਾਰੇ ਦਾ ਇਕੋ ਇੱਕ ਹੱਲ ਹੈ ਮਨੁੱਖਾ ਜਨਮ ਦੀ ਗੁਰਬਾਣੀ-ਗੁਰੂ ਦੇ ਮਾਰਗ `ਤੇ ਚਲ ਕੇ ਸੰਭਾਲ।


"ਕਊਆ ਕਹਾ ਕਪੂਰ ਚਰਾਏ. ."- ਪ੍ਰਭੂ ਦੇ ਅਟੱਲ ਨਿਯਮਾਂ `ਚ ਰਚਨਾ ਦੇ ਹਰੇਕ ਅੰਗ ਨੂੰ ਕਰਤਾਰ ਨੇ ਕਿਸੇ ਨੂੰ ਜੋ ਵੀ ਸੁਭਾਅ ਬਖਸ਼ਿਆ ਹੈ, ਨਿਰਜੀਵ, ਜੀਵਧਾਰੀ-ਫੁਲ-ਬਨਸਪਤੀ, ਪਸ਼ੂ, ਪੌਧਾ ਹਰੇਕ ਆਪਣੇ ਸੁਭਾਅ `ਚ ਕੇਵਲ ਜੀਵਨ ਭਰ ਹੀ ਨਹੀਂ ਬਲਕਿ ਨਸਲ-ਦਰ-ਨਸਲ ਪੱਕੇ ਤੌਰ `ਤੇ ਕਾਇਮ ਰਹਿੰਦਾ ਹੈ। ਫ਼ੁਰਮਾਨ ਹੈ:-


"ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ॥ ਕਹਾ ਸਾਕਤ ਪਹਿ ਹਰਿ ਗੁਨ ਗਾਏ॥ ੧॥ ਰਾਮ ਰਾਮ ਰਾਮ ਰਮੇ ਰਮਿ ਰਹੀਐ॥ ਸਾਕਤ ਸਿਉ ਭੂਲਿ ਨਹੀ ਕਹੀਐ॥ ੧॥ ਰਹਾਉ॥ ਕਊਆ ਕਹਾ ਕਪੂਰ ਚਰਾਏ॥ ਕਹ ਬਿਸੀਅਰ ਕਉ ਦੂਧੁ ਪੀਆਏ॥ ੨॥ ਸਤ ਸੰਗਤਿ ਮਿਲਿ ਬਿਬੇਕ ਬੁਧਿ ਹੋਈ॥ ਪਾਰਸੁ ਪਰਸਿ ਲੋਹਾ ਕੰਚਨੁ ਸੋਈ॥ ੩॥ ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ॥ ੪॥ ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ॥ ਕਹਤ ਕਬੀਰ ਉਆ ਕੋ ਸਹਜੁ ਨ ਜਾਈ" (ਪੰ: ੪੮੧)


ਸ਼ਬਦ ਦੇ ਭਾਵ ਅਰਥ ਹਨ-ਕੁੱਤੇ ਨੂੰ ਸਿੰਮ੍ਰਿਤੀਆਂ ਸੁਣਾਉਣ ਦਾ ਲਾਭ ਨਹੀਂ ਹੁੰਦਾ, ਸਾਕਤ (ਨਾਸਤਿਕ) ਕੋਲ ਪ੍ਰਭੂ ਦੇ ਗੁਣ ਗਾਵਿਆਂ ਸਾਕਤ `ਤੇ ਅਸਰ ਨਹੀਂ ਪੈਂਦਾ। ਕਾਂ ਨੂੰ ਮੁਸ਼ਕ-ਕਾਫ਼ੂਰ ਖੁਆਉਣ ਤੋਂ ਕੀ ਲਾਭ? ਸੱਪ ਨੂੰ ਦੁੱਧ ਪਿਲਾਉਣ ਦਾ ਕੋਈ ਫ਼ਾਇਦਾ ਨਹੀਂ। ਹੋਰ ਤਾਂ ਹੋਰ, ਜੇਕਰ ਦੁੱਧ ਜਾਂ ਕੋਈ ਮਿੱਠੀ ਵਸਤ ਲੈ ਕੇ ਨਿੰਮ ਨੂੰ ਸੀਂਚਿਆ ਜਾਵੇ ਤਾਂ ਵੀ ਨਿੰਮ ਮਿੱਠੀ ਨਹੀਂ ਉੱਗ ਸਕਦੀ। ਪਿਛਲੇ ਸੰਸਕਾਰਾਂ-ਕਰਮਾਂ ਅਨੁਸਾਰ ਕਿਸੇ ਵੀ ਮਨੁੱਖ ਨੂੰ ਪ੍ਰਭੂ ਨੇ ਜੋ ਵੀ ਜਨਮ ਜਾਂ ਜੀਵਨ ਬਖਸ਼ਿਆ ਹੈ, ਬੇਸ਼ਕ ਪੌਧਾ, ਪੰਛੀ ਹੈ ਜਾਂ ਕੋਈ ਤ੍ਰਿਗਦ ਜੂਨ, ਕੁੱਝ ਵੀ ਹੋਵੇ, ਜੀਵ ਨੂੰ ਆਪਣੇ ਗੰਦੇ ਭਾਵੇਂ ਚੰਗੇ ਸੁਭਾਅ `ਚ ਹੀ ਜੂਨ ਨੂੰ ਭੁਗਤਾਉਣਾ ਪੈਂਦਾ ਹੈ। ਨਾ ਕੋਈ ਜੀਵ ਆਪਣੀ ਮਰਜ਼ੀ ਨਾਲ ਜੂਨ ਤੇ ਜਨਮ ਲੈਂਦਾ ਹੈ ਤੇ ਹੀ ਉਸਦੀ ਮਰਜ਼ੀ ਨਾਲ ਉਸਦੀ ਮੌਤ ਹੁੰਦੀ ਹੈ।


ਦਰਅਸਲ ਇਸ ਸ਼ਬਦ ਰਾਹੀਂ ਉਸ ਰੱਬੀ ਸੱਚ ਨੂੰ ਪ੍ਰਗਟ ਕੀਤਾ ਹੈ, ਜੇਕਰ ਅਸਾਂ ਇਸ ਪ੍ਰਾਪਤ ਮਨੁੱਖਾ ਜੂਨ `ਚ ਆਪਣੀ ਸੰਭਾਲ ਕਰਣੀ ਹੈ ਤਾਂ ਇਸ ਲਈ ਜ਼ਰੂਰੀ ਹੈ ਕਿ ਸਾਨੂੰ ਸਮਝ ਹੋਵੇ:-


(੧) "ਕਹਾ ਸੁਆਨ ਕਉ ਸਿਮ੍ਰਿਤਿ ਸੁਨਾਏ" ਭਾਵ ਸਤਿਸੰਗ ਕਰਣ ਲਈ ਕੇਵਲ ਮਨੁੱਖਾ ਜਨਮ ਹੀ ਇਕੋ ਇੱਕ ਸਮਾਂ ਹੈ, ਹੋਰ ਕਿਸੇ ਜੂਨੀ `ਚ ਅਜਿਹਾ ਸੰਭਵ ਨਹੀਂ


(੨) "ਕਹਾ ਸਾਕਤ ਪਹਿ ਹਰਿ ਗੁਨ ਗਾਏ" ਉਪ੍ਰੰਤ ਮਨੁੱਖਾ ਜੂਨ ਸਮੇਂ ਵੀ ਜੇ ਪ੍ਰਭੂ ਗੁਣਾਂ ਦੇ ਗ੍ਰਿਹਣ ਕਰਣ ਲਈ ਸਤਿਸੰਗ ਵਾਲਾ ਸੁਭਾਅ ਨਹੀਂ, ਤਾਂ ਵੀ ਜੀਵਨ ਦਾ ਬਦਲਣਾ ਸੰਭਵ ਨਹੀਂ।


(੩) ਮਨੁੱਖਾ ਜੂਨ ਸਮੇਂ ਆਪਣੇ ਕੀਤੇ ਕਰਮਾਂ ਤੇ ਸੰਸਕਾਰਾਂ ਦੇ ਨਿਆਂ `ਚ, ਪ੍ਰਭੂ ਨੇ ਮਨੁੱਖ ਨੂੰ ਜਿਸ ਵੀ ਜੂਨੀ `ਚ ਪਾਇਆ ਹੈ। ਦੂਜੀਆਂ ਜੂਨੀਆਂ `ਚ ਪੈ ਚੁੱਕੇ ਮਨੁੱਖ ਲਈ ਸੰਭਵ ਨਹੀਂ ਕਿ ਉਥੇ ਉਹ ਆਪਣੇ ਸੁਭਾਅ, ਜੀਵਨ ਜਾਂ ਰਹਿਣੀ ਨੂੰ ਬਦਲ ਸਕੇ। ਫ਼ੁਰਮਾਉਂਦੇ ਹਨ ਕਨ ਲਉ, ਜੇਕਰ ਕਿਸੇ ਨੂੰ ਜੂਨੀ ਕਊਏ ਦੀ ਪ੍ਰਾਪਤ ਹੋਈ ਹੋਵੇ ਤਾਂ ਉਸ ਸਾਹਮਣੇ ਮੁਸ਼ਕ-ਕਾਫ਼ੂਰ, ਨਿਰ-ਅਰਥਕ ਰਵੇਗਾ, ਜੂਨੀ ਅਨੁਸਾਰ ਉਸ ਨੂੰ ਤਾਂ ਵਿਸ਼ਟਾ `ਤੇ ਹੀ ਬੈਠਣਾ ਪਵੇਗਾ। ਜੇ ਜੂਨ ਹੀ ਸੱਪ ਦੀ ਮਿਲੀ ਹੋਵੇ ਤਾਂ ਸੱਪ ਨੂੰ ਚਾਹੇ ਕਿਤਨਾ ਵੀ ਦੁੱਧ ਪਿਲਾ ਦੇਵੋ ਭਾਵ ਸੱਪ ਨਾਲ ਚਾਹੇ ਕੋਈ ਕਿਤਨੀ ਵੀ ਹਮਦਰਦੀ ਕਰ ਲਵੇ ਤਾਂ ਵੀ ਸੱਪ ਆਪਣਾ ਕੱਟਣ ਵਾਲਾ ਸੁਭਾਅ ਨਹੀਂ ਤਿਆਗ ਸਕਦਾ। ਇਸੇ ਤਰ੍ਹਾਂ ਕੁੱਤਾ ਤੇ ਹਰੇਕ ਸ਼੍ਰੇਣੀ। ਉਪ੍ਰੰਤ ਬਨਸਪਤੀ `ਚੋਂ ਨਿੰਮ ਦੀ ਮਿਸਾਲ ਦੇ ਕੇ, ਕਬੀਰ ਸਾਹਿਬ ਕਹਿੰਦੇ ਹਨ, ਉਸ ਜੂਨੀ `ਚ ਜੀਵ ਨੂੰ ਕੇਵਲ ਕੜਵਾਪਣ ਹੀ ਮਿਲਿਆ ਹੈ। ਤੁਸੀਂ ਉਸ ਦੀਆਂ ਜੜ੍ਹਾਂ `ਚ ਜਿਤਨੀ ਚਾਹੋ ਮਿਠਾਸ ਸੀਂਚ ਦੇਵੋ, ਨਿੰਮ ਦਾ ਕੜਵਾ ਸੁਭਾਅ ਨਹੀਂ ਬਦਲ ਸਕਦਾ।


ਕਾਰਨ "ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ" (ਪੰ: ੪੮੧) ਮਨੁੱਖਾ ਜੂਨ ਸਮੇਂ ਕੀਤੇ ਕਰਮਾ ਤੇ ਉਨ੍ਹਾਂ ਤੋਂ ਬਣੇ ਸੰਸਕਾਰਾਂ ਅਨੁਸਾਰ ਹੀ ਪ੍ਰਭੂ ਦੇ ਨਿਆਂ `ਚ ਜੀਵ ਨੂੰ ਇੱਕ ਤੋਂ ਬਾਅਦ ਦੂਜੀ, ਭਿੰਨ ਭਿੰਨ ਜੂਨੀਆਂ ਮਿਲੀਦਆਂ ਹਨ।


(੪) ਉਪ੍ਰੰਤ "ਰਾਮ ਰਾਮ ਰਾਮ ਰਮੇ ਰਮਿ ਰਹੀਐ" ਕੇਵਲ ਮਨੁੱਖ ਜੂਨੀ ਹੀ ਹੈ ਕਿ ਸੁਭਾਅ `ਚ ਕਿਸੇ ਤਰ੍ਹਾਂ ਦਾ ਵਿਗਾੜ ਵੀ ਕਿਉਂ ਨਾ ਆ ਚੁੱਕਾ ਹੋਵੇ, ਮਨੁੱਖ ਪ੍ਰਭੂ ਗੁਣ-ਗਾਣ ਵੱਲ ਮੁੜ ਕੇ ਆਪਣੇ ਪ੍ਰਭੂ ਗੁਣਾਂ ਵਾਲੇ ਅਸਲੀ ਮਨੁੱਖੀ ਸੁਭਾਅ ਵੱਲ ਪਰਤ ਸਕਦਾ ਹੈ।


ਅਵਰ ਜੋਨਿ ਤੇਰੀ ਪਨਿਹਾਰੀ- ਬਾਣੀ ਅਲਾਹਣੀਆ `ਚ ਤੇ ਹੋਰ ਵੀ ਕਈ ਥਾਵੇ ਸਪਸ਼ਟ ਕੀਤਾ ਹੈ ਕਿ ਸਿਵਾਇ ਮਨੁੱਖਾ ਜੂਨ ਦੇ ਬਾਕੀ ਜੂਨਾਂ, ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ-ਸੰਸਕਾਰਾਂ ਨੂੰ ਭੋਗਣ ਲਈ ਹੀ ਹੁੰਦੀਆਂ ਹਨ। ਜਦਕਿ ਮਨੁੱਖਾ ਜੂਨ, ਜਨਮ ਮਰਣ ਦੇ ਗੇੜ ਚੋਂ ਨਿਕਲਣ ਤੇ ਪ੍ਰਭੂ ਨਾਲ ਇੱਕ ਮਿੱਕ ਹੋਣ ਲਈ ਹੁੰਦੀ ਹੈ। ਮਨੁੱਖਾ ਜੂਨ ਫ਼ਿਰ ਤੋਂ ਅਵਸਰ ਹੁੰਦਾ ਹੈ ਜਨਮ-ਮਰਣ ਦੇ ਗੇੜ ਚੋਂ ਨਿਕਲਣ ਲਈ ਤੇ ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ‘ਮਨ’ ਵਾਲੀ ਦਾਤ ਮਿਲਦੀ ਹੈ। ਮਨੁੱਖ ਜੇਕਰ ‘ਮਨ’ ਦੀ ਸੁਵਰਤੋਂ ਕਰੇ, ਸਾਧ ਸੰਗਤ `ਚ ਜਾ ਕੇ ਗੁਰਬਾਣੀ ਸਿਖਿਆ ਅਨੁਸਾਰ ਜੀਵਨ ਦੀ ਕਮਾਈ ਕਰੇ ਤਾਂ ਇਸਦਾ ਸੁਭਾਅ "ਜਾ ਕਉ ਦ੍ਰਿਸਟਿ ਮਇਆ ਹਰਿ ਰਾਇ॥ ਸਾ ਬੰਦੀ ਤੇ ਲਈ ਛਡਾਇ॥ ਸਾਧਸੰਗਿ ਮਿਲਿ ਹਰਿ ਰਸੁ ਪਾਇਆ॥ ਕਹੁ ਨਾਨਕ ਸਫਲ ਓਹ ਕਾਇਆ" (ਪੰ: ੩੭੪), ਪ੍ਰਭੂ ਰੰਗ `ਚ ਰੰਗਿਆ ਸਹੀ ਅਰਥਾਂ `ਚ ਮਨੁੱਖੀ ਸੁਭਾਅ ਬਣ ਜਾਂਦਾ ਹੈ। ਪਰ ਬਹੁਤਾ ਕਰਕੇ ਇਥੇ ਵੀ "ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ (ਸੁਭਾਉ) ਬਿਗਾਰਿਓ ਤੇਰਾ ਕਾਮ" (ਪੰ: ੩੭੪) ਜੀਵ ਮੋਹ ਮਾਇਆ ਵਿਕਾਰਾਂ `ਚ ਖਚਿੱਤ ਹੋ ਜਾਂਦਾ ਹੈ। ਜਿਸਤੋਂ ਇਸ ਨੂੰ ਵਾਪਿਸ ਜਨਮ-ਮਰਣ (ਜੂਨਾਂ) ਵਾਲੇ ਚੱਕਰ `ਚ ਪਾ ਦਿੱਤਾ ਜਾਂਦਾ ਹੈ।


"ਕਰਤੂਤਿ ਪਸੂ ਕੀ ਮਾਨਸ ਜਾਤਿ" - (ਪ: ੨੬੭) ਦੇਖਣਾ ਹੈ ਕਿ ਗੁਰਬਾਣੀ ਖਜ਼ਾਨੇ `ਚ ਦੂਜੀਆਂ ਜੂਨੀਆਂ ਨਾਲ ਸੰਬੰਧਤ ਲਗਭਗ ਸਾਰੇ ਸ਼ਬਦਾਂ `ਚ ਇਕੋ ਹੀ ਵਿਸ਼ਾ ਮੁੱਖ ਹੈ। ਵਿਸ਼ਾ ਹੈ ਕਿ "ਐ ਭਾਈ! ਪ੍ਰਭੂ ਨੇ ਤੈਨੂੰ ਮਨੁੱਖਾ ਜਨਮ ਬਖਸ਼ਿਆ ਹੈ; ਜੋ ਤੇਰੇ ਲਈ ਖਾਸ ਅਵਸਰ ਹੈ, ਕਿ ਤੂੰ ਆਪਣੇ ਅਸਲੇ, ਪ੍ਰਭੂ ਨਾਲ ਇਕ-ਮਿਕ ਹੋ ਕੇ ਉਸੇ `ਚ ਸਮਾ ਸਕੇਂ। ਇਸ ਤੋਂ ਪਹਿਲਾਂ ਤੇਰੇ ਸੁਭਾਅ ਤੇ ਜੀਵਨ ਦੀ ਘਾੜਤ ਚਾਹੇ ਕੁੱਝ ਵੀ ਰਹੀ ਹੋਵੇ; ਜੇਕਰ ਇਸ ਜੂਨੀ ਦਾ ਲਾਭ ਲੈ ਕੇ, ਸਾਧਸੰਗਤ `ਚ ਆ ਕੇ ਗੁਰਸ਼ਬਦ ਦੀ ਕਮਾਈ ਕਰੇਂਗਾ ਤਾਂ ਤੂੰ ਆਪਣੇ ਜੀਵਨ ਤੱਤ ਪ੍ਰਭੂ ਨੂੰ ਸਹਿਜੇ ਹੀ ਪਾ ਲਵੇਂਗਾ। ਪ੍ਰਭੂ ਤੇਰੇ ਹਿਰਦੇ `ਚ ਹੀ ਵਸਦਾ ਹੈ, ਬਾਹਰੋਂ ਢੂੰਡਣ ਦੀ ਲੋੜ ਨਹੀਂ। ਇਸ ਮਕਸਦ ਦੀ ਪ੍ਰਾਪਤੀ ਲਈ ਕੇਵਲ ਮਨੁੱਖਾ ਜਨਮ ਹੀ ਹੈ ਹੋਰ ਕੋਈ ਵੀ ਜੂਨੀ ਨਹੀਂ। ਇਸ ਦੀ ਸੰਭਾਲ ਕਰ ਤਾ ਕਿ ਤੈਨੂੰ ਮੁੜ ਜਨਮ ਮਰਣ ਦੇ ਗੇੜ `ਚ ਨਾ ਪੈਣਾ ਪਵੇ। ਜਦ ਤੀਕ ਤੂੰ ਮਨੁੱਖਾ ਜੀਵਨ ਦੀ ਸਚਾਈ ਨੂੰ ਗ੍ਰਿਹਣ ਨਹੀਂ ਕਰ ਲੈਂਦਾ ਤਦ ਤੀਕ ਤੇਰੇ ਕੋਲ ਜਨਮ ਭਾਵੇਂ ਮਨੁੱਖ ਦਾ ਹੀ ਕਿਉਂ ਨਾ ਹੋਵੇ ਪਰ ਤੇਰੇ ਜੀਵਨ `ਚ ਦੂਜੀਆਂ ਜੂਨੀਆਂ ਦੇ ਪ੍ਰਭਾਵ-ਸੁਭਾਵ ਹੀ ਭਾਰੂ ਰਹਿਣਗੇ। ਸਾਧਸੰਗਤ ਤੇ ਗੁਰੂ-ਗੁਰਬਾਣੀ ਦੀ ਸਿੱਖਿਆ ਦੀ ਕਮਾਈ ਬਿਨਾ ਦੂਜੀਆਂ ਜੂਨੀਆਂ ਵਾਲੇ ਸੁਭਾਵਾਂ ਤੇ ਜਨਮ-ਮਰਣ ਦੇ ਗੇੜ `ਚੋਂ ਨਿਕਲਣ ਲਈ ਦੂਜਾ ਕੋਈ ਰਸਤਾ ਨਹੀਂ।


ਪ੍ਰ੍ਰਭੂ ਬਖਸ਼ੀ ਸੁਭਾਅ ਵਾਲੀ ਮਹਾਨ ਦੇਣ- ਜੜ ਹੋਵੇ ਜਾਂ ਚੇਤਨ, ਅਕਾਲਪੁਰਖ ਦੀ ਰਚਨਾ `ਚ, ਉਸ ਰਾਹੀਂ ਬਖਸ਼ਿਆ ਸੁਭਾਅ ਅਜਿਹੀ ਦਾਤ ਹੈ, ਜਿਸਤੋਂ ਬਿਨਾ ਸੰਸਾਰ ਦਾ ਚਲਣ ਹੀ ਸੰਭਵ ਨਹੀਂ। ਖੂਬੀ ਇਹ ਕਿ ਸੰਸਾਰ ਦੀਆਂ ਅਰਬਾਂ-ਖਰਬਾਂ (ਅਨੰਤ) ਜੂਨੀਆਂ-ਵਸਤਾਂ `ਚੋਂ, ਕਿਸੇ ਇੱਕ ਦਾ ਸੁਭਾਅ ਦੂਜੇ ਨਾਲ ਨਹੀਂ ਰਲਦਾ। ਜੇਕਰ ਸੁਭਾਅ ਬਦਲਦਾ ਹੈ ਤਾਂ ਜੀਵ ਜਾਂ ਵਸਤ ਵੀ ਦੂਜੀ ਹੀ ਹੁੰਦੀ ਹੈ। ਇਸ ਲਈ ਵੱਡੀ ਪਹਿਚਾਣ ਹੁੰਦੀ ਹੈ ਕਿ ਕੋਣ ਜਾਂ ਕਿਹੜੀ ਵਸਤ ਪ੍ਰਭੂ ਨੇ ਕਿਸ ਸ਼ਕਲ ਦੀ ਘੜੀ ਹੈ ਤੇ ਉਸ ਦਾ ਸੁਭਾਅ ਕੀ ਹੋਣਾ ਚਾਹੀਦਾ ਹੈ? ਇਸ ਤੋਂ ਬਾਅਦ ਵੀ ਮਨੁੱਖ `ਚ ਇਹ ਗੱਲ ਵੱਖਰੀ ਹੀ ਨਜ਼ਰ ਆਉਂਦੀ ਹੈ? ਤਾਂ ਫ਼ਿਰ ਫ਼ਰਕ ਕਿੱਥੇ ਹੈ?


ਸੁਭਾਵਾਂ `ਚ ਭਿੰਨਤਾ ਤੇ ਪ੍ਰਭੂ ਦੀ ਅਨੰਤ ਰਚਨਾ- ਪ੍ਰਭੂ ਦੀ ਬੇਅੰਤ ਰਚਨਾ `ਚ ਸੁਭਾਅ ਦਾ ਹੀ ਜੁੜਵਾਂ ਪੱਖ ਹੈ ਸ਼ਕਲ ਭਾਵ ਸੀਰਤ ਤੇ ਸੂਰਤ। ਅੱਗ ਦਾ ਸੁਭਾਅ ਗਰਮੀ ਦੇਣਾ ਜਾਂ ਸਾੜਣਾ ਹੈ, ਜਦਕਿ ਪਾਨੀ ਦਾ ਸੁਭਾਅ ਠੰਡਾ ਕਰਣਾ ਜਾਂ ਰੋੜਣਾ ਹੈ। ਗੁੜ `ਚ ਮਿਠਾਸ ਹੁੰਦੀ ਹੈ, ਨਮਕ ਤੋਂ ਮਿਰਚਾਂ ਦਾ ਭੁਲੇਖਾ ਨਹੀਂ ਪੈਂਦਾ। ਸੂਰਜ ਦਾ ਸੁਭਾਅ ਗਰਮੀ ਦੇਣਾ ਹੈ ਤੇ ਚੰਦ੍ਰਮਾਂ ਦਾ ਸੁਭਾਅ ਠੰਢਕ। ਕੈਮੀਕਲਾਂ ਦੇ ਵੱਖ-ਵੱਖ ਸੁਭਾਅ ਹੀ ਹਨ ਜੋ ਸਾਡੀਆਂ ਬੇਅੰਤ ਲੋੜਾਂ ਨੂੰ ਪੂਰਾ ਕਰਦੇ ਹਨ।


ਇਥੋਂ ਤੀਕ ਕਿ ਅਜੋਕੀਆਂ ਵਿਗਿਆਨ, ਖੇਤੀ ਬਾੜੀ, ਮੈਡੀਕਲ ਦੀਆਂ ਖੋਜਾਂ ਵੀ ਇਸੇ ਇਲਾਹੀ ਸੱਚ `ਤੇ ਖੜੀਆਂ ਹਨ। ਕੋਈ ਵੀ ਮਿਸ਼ਰਨ (compound) ਜਦੋਂ ਪ੍ਰਯੋਗਸ਼ਾਲਾ (Labortary) `ਚ ਪਾਇਆ ਜਾਂਦਾ ਹੈ ਤਾਂ ਉਥੇ ਕਿਸੇ ਤਤਵ ਦਾ ਸੁਭਾਅ, ਤਤਵ ਦੇ ਗੁਣ-ਦੋਸ਼ਾਂ (properties) ਤੋਂ ਹੀ ਪਤਾ ਲਗਦਾ ਹੈ ਕਿ ਮਿਸ਼੍ਰਨ `ਚ ਕਿਹੜਾ ਤਤਵ ਕਿੰਨੇ ਪ੍ਰਤੀਸ਼ਤ ਹੈ। ਜਦਕਿ ਉਥੇ ਕਿਸੇ ਵੀ ਤਤਵ (constituent) ਦੀ ਸ਼ਕਲ ਮੌਜੂਦ ਨਹੀਂ ਹੁੰਦੀ। ਦੁਧ `ਚ ਕਿੰਨੇ ਪ੍ਰਤੀਸ਼ਤ ਪਾਨੀ ਜਾਂ ਦੂਜੀ ਮਿਲਾਵਟ ਹੈ, ਹਾਈਡਰੋਮੀਟਰ ਤੇ ਦੂਜੇ ਯੰਤਰ ਦੱਸ ਦੇਂਦੇ ਹਨ। ਇਸੇ ਤਰ੍ਹਾਂ ਹਜ਼ਾਰਹਾਂ ਕੁਦਰਤੀ ਵਸਤਾਂ ਤੇ ਉਨ੍ਹਾਂ `ਚ ਕੀਤੀਆਂ ਮਿਲਵਟਾਂ ਨੂੰ ਕੇਵਲ ਪ੍ਰਭੂ ਦੇ ਇਸੇ ਸੁਭਾਅ ਵਾਲੇ ਨਿਯਮ ਕਾਰਨ ਹੀ ਪਕੜਣਾ ਸੰਭਵ ਹੁੰਦਾ ਹੈ। ਮੋਤੀਆ, ਗੁਲਾਬ, ਚਮੇਲੀ ਆਦਿ ਦੇ ਫੁਲ ਤੇ ਪ੍ਰਭੂ ਰਚਨਾ ਦੀਆਂ ਬੇਅੰਤ-ਅਨੰਤ ਵਸਤਾਂ ਨੂੰ ਬਿਨਾ ਦੇਖੇ, ਉਨ੍ਹਾਂ ਦੀ ਹੋਂਦ ਦਾ ਬੋਧ ਹੋ ਜਾਣਾ, ਪ੍ਰਭੂ ਬਖਸ਼ੀ ਸੁਭਾਵਾਂ ਵਾਲੀ ਦਾਤ ਦਾ ਹੀ ਵਰਦਾਨ ਹੈ।


"ਜੋ ਬ੍ਰਹਮੰਡੇ ਸੋਈ ਪਿੰਡੇ" -ਸਮੂਚੇ ਫਲਾਂ, ਸਬਜ਼ੀਆਂ, ਅਨਾਜ, ਪਹਿਰਾਵਿਆਂ, ਰਹਿਣੀਆਂ, ਖਨਿਜਾ ਆਦਿ `ਚ ਵੀ ਪ੍ਰਭੂ ਦੀ ਇਹੀ ਦਾਤ ਮਨੁੱਖ ਦਾ ਸਾਥ ਦੇ ਰਹੀ ਹੈ। ਖੂਬੀ ਇਹ ਕਿ "ਜੋ ਬ੍ਰਹਮੰਡੇ ਸੋਈ ਪਿੰਡੇ" (ਪੰ: ੬੯੫) ਅਨੁਸਾਰ ਪੰਜ ਤਤਾਂ ਤੋਂ ਹੀ ਪ੍ਰਭੂ ਨੇ ਸਾਡੇ ਸਰੀਰਾਂ ਦੀ ਰਚਨਾ ਕੀਤੀ ਹੈ ਤੇ ਉਨ੍ਹਾਂ ਹੀ ਤੱਤਾਂ ਤੋਂ ਉਸ ਦੀ ਅਨੰਤ ਰਚਨਾ ਵੀ ਕਾਇਮ ਹੈ ਤੇ ਜ਼ਰੇ ਜ਼ਰੇ `ਚ ਉਸਦੀ ਆਪਣੀ ਵੀ ਹੋਂਦ ਵੀ। ਫ਼ਿਰ ਵੀ ਪੰਜੇ ਤੱਤ ਆਪਣੇ-ਆਪਣੇ ਸੁਭਾਅ ਕਾਰਨ ਵੱਖ-ਵੱਖ ਪਹਿਚਾਣੇ, ਦੇਖੇ ਜਾ ਸਕਦੇ ਹਨ। ਕਮਾਲ ਹੈ ਕਿ, ਪੱਥਰ-ਅੱਗ ਨਹੀਂ ਪਕੜਦਾ ਜਦਕਿ ਉਸੇ ਅੱਗ ਨਾਲ ਲੱਕੜੀ, ਸੜ ਕੇ ਸੁਆਹ ਹੋ ਜਾਂਦੀ ਹੈ, ਫ਼ਿਰ ਵੀ ਅੱਗ ਦੋਨਾਂ `ਚ ਮੋਜੂਦ ਹੁੰਦੀ ਹੈ। ਹੋਰ ਤਾਂ ਹੋਰ, ਅੱਜ ਮਨੁੱਖ ਦੀ ਸੰਪੂਰਨ ਡਾਕਟਰੀ, ਕਰਤੇ ਦੀ ਇਸੇ ਸੁਭਾਅ ਵਾਲੀ ਦੇਣ `ਤੇ ਖੜੀ ਹੈ। ਖੂਨ, ਪੇਸ਼ਾਬ, ਥੁੱਕ ਆਦਿ ਦੇ ਟੈਸਟ, ਸਾਡੇ ਅੰਦਰ ਦੇ ਰੋਗਾਂ ਤੇ ਵਾਧੇ-ਘਾਟੇ ਦਾ ਪਤਾ ਦੇਂਦੇ ਹਨ। ਇਹ ਕੇਵਲ ਇਸ਼ਾਰੇ ਹਨ, ਪ੍ਰਭੂ ਬਖ਼ਸ਼ੀ ਸੁਭਾਅ-ਸੀਰਤ ਤੇ ਇਸ ਨਾਲ ਸ਼ਕਲ-ਸੂਰਤ ਵਾਲੀ ਸਾਂਝ `ਚੋਂ ਪ੍ਰਭੂ ਦੇ ਹੁਕਮ ਵਾਲੀ ਇਸ ਖੇਡ ਨੂੰ ਪਹਿਚਾਨਣ ਲਈ। ਪ੍ਰਭੂ ਰਚਨਾ `ਚ ਜੇਕਰ ਕਿਸੇ ਦੀ ਸੂਰਤ ਪੱਕੀ ਹੈ, ਉਸੇ ਤਰ੍ਹਾਂ ਉਸ ਦਾ ਸੁਭਾਅ ਵੀ ਸਦੀਵੀ ਹੈ। ਜਿੱਥੇ ਸੂਰਤ `ਚ ਨਸਲ ਦਰ ਨਸਲ ਫਰਕ ਨਹੀਂ ਪੈਂਦਾ, ਉਸੇ ਤਰ੍ਹਾਂ ਸੁਭਾਅ `ਚ ਵੀ ਨਸਲ ਦਰ ਨਸਲ ਚਲਦਾ ਹੈ।


"ਵੇਖਿ ਵਿਡਾਣੁ ਰਹਿਆ ਵਿਸਮਾਦੁ" - ਕਰਤਾਰ ਦੀਆਂ ਖੇਡਾਂ ਨੂੰ ਬੁਝਿਆ ਨਹੀਂ ਜਾ ਸਕਦਾ। ਬੇਅੰਤ ਰਚਨਾ `ਚ ਗੱਲ ਕੇਵਲ ਸੂਰਤ-ਸੀਰਤ ਅਥਵਾ ਸ਼ਕਲ-ਸੁਭਾਅ ਦੀ ਸਾਂਝ ਵਾਲੀ ਹੀ ਨਹੀਂ। ਪ੍ਰਭੂ ਰਚਨਾ ਦੇ ਕਿਸੇ ਮਾਮੂਲੀ ਤੋਂ ਮਾਮੂਲੀ ਅੰਗ ਦੀਆਂ ਗਹਿਰਾਈਆਂ `ਚ ਉਤਰਨਾ ਤਾਂ ਦੂਰ ਕੇਵਲ ਛੂ ਕੇ ਹੀ ਜੀਵਨ ਦਾ ਅਨੂਠਾ ਰਸ ਮਾਨਿਆ ਜਾ ਸਕਦਾ ਹੈ। ਉਪ੍ਰੰਤ ਜੀਵਨ ਦਾ ਇਹੀ ਆਨੰਦ "ਵੇਖਿ ਵਿਡਾਣੁ ਰਹਿਆ ਵਿਸਮਾਦੁ॥ ਨਾਨਕ ਬੁਝਣੁ ਪੂਰੈ ਭਾਗਿ" (ਪੰ: ੪੬੪) ਜੇਕਰ ਵਧਦਾ ਜਾਵੇ ਤਾਂ ਮਨੁੱਖ ਨੂੰ ਵਿਸਮਾਦ ਦੀ ਅਵਸਥਾ `ਚ ਪਹੁੰਚਾ ਦੇਂਦਾ ਹੈ। ਪਰ ਜੀਵਨ ਦੀ ਇਹ ਅਵਸਥਾ ਮਿਲਦੀ ਕਦੋਂ ਹੈ? ਗੁਰਦੇਵ ਇਸ ਨੂੰ ਸਮਝਾਉਣ ਲਈ ਸਲੋਕ `ਚ ਰਚਨਾ `ਚੋਂ ਹੀ ਕੁੱਝ ਵਣਗੀਆਂ ਬਖ਼ਸ਼ਦੇ ਹਨ। ਫ਼ੁਰਮਾਉਂਦੇ ਹਨ, "ਐ ਕਾਦਿਰ! ਜੇਕਰ ਤੇਰੀ ਰਚਨਾ ਦੇ ਕਿਸੇ ਊਨੇ ਤੋਂ ਊਨੇ ਅੰਗ ਦੀ ਕੁੱਝ ਗਹਿਰਾਈ `ਚ ਉਤਰਣ ਦਾ ਯਤਨ ਕੀਤਾ ਜਾਵੇ ਤਾਂ ਤੇਰੀ ਰਚਨਾ ਦਾ ਹਰੇਕ ਅੰਗ, ਹਿਰਦੇ `ਚ ਵਿਸਮਾਦ ਨੂੰ ਜਨਮ ਦੇਂਦਾ ਤੇ ਮਨ `ਚ ਕਾਂਬਾ ਛੇੜ ਦੇਂਦਾ ਹੈ। ਉਪ੍ਰੰਤ ਵਿਸ਼ਾ ਭਾਵੇਂ ਜੀਵਾਂ ਦੀਆਂ ਬੋਲੀਆਂ ਤੇ ਉਨ੍ਹਾਂ `ਚ ਗਿਆਨ (ਜਾਣਕਾਰੀਆਂ, ਸੋਝੀਆਂ) ਦੀ ਭਿੰਨਤਾ ਦਾ ਹੋਵੇ। ਅਨੰਤ ਤਰ੍ਹਾਂ ਦੇ ਜੀਵ, ਹਰੇਕ ਜੀਵ ਸ਼੍ਰੇਣੀ `ਚ ਸ਼ਕਲਾਂ, ਨਸਲਾਂ, ਸੁਆਦਾਂ, ਰੁਝੇਵਿਆਂ, ਰਹਿਣੀਆਂ, ਲੋੜਾਂ ਦੀ ਭਿੰਨਤਾ ਤੇ ਉਨ੍ਹਾਂ ਸਾਰੀਆਂ ਲੋੜਾਂ ਦਾ ਪੂਰੇ ਵੀ ਹੁੰਦੇ ਜਾਣਾ।


ਪ੍ਰਭੂ ਰਚਨਾ `ਚ ਹਵਾ, ਪਾਨੀ, ਅਗਨੀ, ਧਰਤੀ ਵਾਲੇ ਨਿਯਮ-ਫ਼ਿਰ ਉਨ੍ਹਾਂ ਚੋਂ ਇੱਕ ਇੱਕ ਦੀਆਂ ਅਨੰਤ ਕਿਸਮਾ ਤੇ ਉਨ੍ਹਾਂ ਤੋਂ ਮਨੁੱਖੀ ਲੋੜਾਂ ਦਾ ਵਿਸਤਾਰ ਤੇ ਪੂਰਤੀ। ਬੇਅੰਤ ਤਰ੍ਹਾਂ ਦੀਆਂ ਧਰਤੀਆਂ ਤੇ ਬੇਅੰਤ ਹੀ ਖਾਣੀਆਂ, ਉਪ੍ਰੰਤ ਸੰਜੋਗ-ਵਿਜੋਗ ਵਾਲਾ ਸਿਲਸਿਲਾ। ਇਸ ਤਰ੍ਹਾਂ ਕੁੱਝ ਹੋਰ ਵਣਗੀਆਂ ਦੇ ਇਸ਼ਾਰੇ ਦੇ ਕੇ ਗੁਰਦੇਵ ਸਾਬਤ ਕਰਦੇ ਹਨ ਕਿ ਜਦੋਂ ਪ੍ਰਭੂ ਰਚਨਾ ਦਾ ਊਨੇ ਤੋਂ ਊਨਾ ਅੰਗ ਹੀ ਮਨੁੱਖ ਨੂੰ ਵਿਸਮਾਦ ਦੀਆਂ ਗਹਿਰਾਈਆਂ `ਚ ਉਤਾਰ ਸਕਦਾ ਹੈ। ਉਪ੍ਰੰਤ ਜੇਕਰ ਮਨੁੱਖ ਦਾ ਸੁਭਾਅ ਵੀ, ਪ੍ਰਭੂ ਰਸ ਨੂੰ ਮਾਨਣ ਵਾਲਾ ਬਣ ਜਾਵੇ ਤਾਂ ਅਜਿਹਾ ਮਨੁੱਖਾ ਜੀਵਨ, ਪਰਮ-ਆਨੰਦ ਤੇ ਪ੍ਰਭੂ ਰੰਗ `ਚ ਰੰਗਿਆ ਹੋਇਆ ਕਿਉਂ ਨਹੀਂ ਬਣ ਸਕਦਾ?


"ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ" - ਇਸ ਤਰ੍ਹਾਂ ਹਰੇਕ ਜੂਨੀ ਆਪਣੇ ਮੂਲ ਸੁਭਾਅ ਅਥਵਾ ਜੀਵਨ ਤੱਤ ਨਾਲ ਜੁੜੀ ਰਹਿੰਦੀ ਹੈ ਸਿਵਾਇ ਮਨੁੱਖ ਦੇ। ਜਦਕਿ ਮਨੁੱਖਾ ਜਨਮ ਦਾ ਮਕਸਦ ਵੀ, ਆਪਣੀ ਤੱਤ ਵਸਤੂ ਭਾਵ ਪ੍ਰਭੂ `ਚ ਅਭੇਦ ਹੋਣਾ ਤੇ ਸਦਾ ਲਈ ਜਨਮ-ਮਰਣ ਦੇ ਗੇੜ ਚੋਂ ਨਿਕਲਣਾ ਹੁੰਦਾ ਹੈ। ਸ਼ੱਕ ਨਹੀਂ ਗੁਰਬਾਣੀ `ਚ ਜਿਤਣੀਆਂ ਵੀ ਪਸ਼ੂ-ਪੰਛੀਆਂ, ਕੀੜੇ-ਮਕੌੜਿਆਂ, ਫੁੱਲ-ਬਨਸਪਤੀ ਆਦਿ ਦੀਆਂ ਮਿਸਾਲਾਂ ਆਈਆਂ ਹਨ; ਮੋਟੇ ਤੌਰ `ਤੇ ਵਿਸ਼ੇ ਮਿਲਣਗੇ:-


(੧) "ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ" (ਪੰ: ੬੪੮) ਮਨੁੱਖਾ ਜੂਨੀ ਤੋਂ ਛੁੱਟ, ਹਰੇਕ ਜੂਨੀ ਜਿਹੜੀ ਪ੍ਰਭੂ ਦੇ ਨਿਆਂ `ਚ ਮਨੁੱਖ ਨੂੰ, ਆਪਣੇ ਮਨੁੱਖਾ ਜਨਮ ਸਮੇਂ ਕੀਤੇ ਕਰਮਾ ਅਨੁਸਾਰ ਮਿਲਦੀ ਹੈ; ਜੀਵ ਆਪਣੀ ਮਰਜ਼ੀ ਨਾਲ ਜੀਵਨ ਰਹਿਣੀ ਤੇ ਸੁਭਾਅ ਨੂੰ ਨਹੀਂ ਬਦਲ ਸਕਦਾ। ਉਸਨੂੰ ਜੂਨੀ ਅਨੁਸਾਰ ਹੀ ਸੁਭਾਅ ਤੇ ਰਹਿਣੀ `ਚ ਜੀਊਣਾ ਪੈਂਦਾ ਹੈ।


(੨) ਅਜਿਹਾ ਇੱਕ ਵੀ ਸੁਭਾਅ ਜਾਂ ਜੂਨੀ ਜੀਵ ਨੇ ਆਪਣੀ ਮਰਜ਼ੀ ਨਾਲ ਨਹੀਂ ਲਈ ਹੁੰਦੀ; ਬਲਕਿ ਪਿਛਲੇ ਮਨੁੱਖਾ ਜਨਮ ਨੂੰ ਵਿਅਰਥ ਕਰਣ ਬਾਅਦ, ਕਰਮਾਂ-ਸੰਸਕਾਰਾਂ ਮੁਤਾਬਿਕ "ਸਾਕਤੁ ਸੁਆਨੁ ਸਭੁ ਕਰੇ ਕਰਾਇਆ॥ ਜੋ ਧੁਰਿ ਲਿਖਿਆ ਸੁ ਕਰਮ ਕਮਾਇਆ" (ਪੰ: ੪੮੧) ਅਤੇ ਕਰਤੇ ਦੇ ਨਿਆਂ `ਚ "ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ" (ਪੰ: ੪੬੬) ਹੀ ਜੂਨੀ ਮਿਲੀ ਹੁੰਦੀ ਹੈ, ਜਿਹੜੀ ਕਿ ਭੁਗਤਾਉਣਾ ਜੀਵ ਦੀ ਮਜਬੂਰੀ ਹੁੰਦੀ ਹੈ।


(੩) ਹਰੇਕ ਜੂਨੀ `ਚ ਪਿਆ ਜੀਵ, ਆਪਣੀ ਕਰਣੀ ਤੋਂ ਮਾਨੋ ਸਿਖਿਆ ਦੇ ਰਿਹਾ ਤੇ ਕਹਿ ਰਿਹਾ ਹੁੰਦਾ ਹੈ ‘ਐ ਮਨੁੱਖ! ਜਿਵੇਂ ਇਸ ਜੂਨ `ਚ ਪਿਆ ਮੈਂ ਇਸ ਲਈ ਸੁਭਾਅ ਨਾਲ ਬੱਝਾ ਹਾਂ ਕਿਉਂਕਿ ਇਸ ਨੂੰ ਬਦਲਣ ਲਈ ਕਰਤਾਰ ਨੇ ਮੈਨੂੰ ਨਾ ਸਮ੍ਰਥਾ ਦਿੱਤੀ ਹੈ ਨਾ ਰਸਤਾ ਤੇ ਨਾ ਢੰਗ। ਦੂਜੇ ਪਾਸੇ, ਤੂੰ ਤਾਂ ਮਨੁੱਖ ਜੂਨੀ `ਚ ਹੈਂ, ਇਸ ਲਈ ਤੇਰੇ ਕੋਲ ਅਜੇ ਰਸਤਾ ਵੀ ਹੈ ਤੇ ਢੰਗ ਵੀ। ਤੂੰ ਗੁਰੂ-ਗੁਰਬਾਣੀ ਦੀ ਆਗਿਆ-ਸਿਖਿਆ `ਤੇ ਚਲ ਕੇ ਜੀਵਨ ਦੀ ਕਮਾਈ ਕਰ। ਇਲਾਹੀ ਸੱਚ ਵਾਲੇ ਅਸਲੀ ਸੁਭਾਅ `ਚ ਆ। ਇਸੇ ਤੋਂ ਤੈਨੂੰ ਮਨੁੱਖਾ ਜੀਵਨ ਦਾ ਸੱਚਾ ਆਨੰਦ ਵੀ ਆ ਜਾਵੇਗਾ। ਤੂੰ ਮਨੁੱਖ ਜੂਨ `ਚ ਹੋਣ ਕਰਕੇ ਜੀਵਨ ਦੇ ਪਰਮ-ਤੱਤ, ਪ੍ਰਭੂ ਨਾਲ ਇੱਕ ਮਿੱਕ ਹੋਣ ਦੇ ਸਮ੍ਰਥ ਹੈ। ਫ਼ਿਰ ਵੀ ਪਤਾ ਨਹੀਂ ਕਿਉਂ ਤੂੰ ਬਦੋਬਦੀ ਆਪਣੇ ਜੀਵਨ ਦਾ ਅਸਲ ਰਸਤਾ ਛਡ ਕੇ, ਮਨੁੱਖ ਹੁੰਦਾ ਹੋਇਆ ਵੀ ਸਾਡੀਆਂ ਜੂਨੀਆਂ `ਚ ਭਟਕ ਰਿਹਾਂ ਹੈਂ? ਜੇਕਰ ਮਨੁੱਖਾ ਜੂਨੀ ਦਾ ਲਾਭ ਲੈ ਕੇ, ਆਪਣੇ ਜੀਵਨ ਤੱਤ, ਪ੍ਰਭੂ ਨਾਲ ਜੁੜ ਜਾਵੇਂਗਾ ਤਾਂ ਤੇਰੇ ਅੰਦਰੋਂ, ਦੂਜੀਆਂ ਜੂਨੀਆਂ ਵਾਲੇ ਸੁਭਾਅ-ਰਹਿਣੀਆਂ-ਪ੍ਰਭਾਵ ਆਪਣੇ ਆਪ ਮੁੱਕ ਜਾਣਗੇ। ਤੈਨੂੰ ਸਾਡੇ ਵਾਂਗ ਮੁੜ-ਮੁੜ ਜਨਮਾਂ ਦੇ ਗੇੜ ਨਹੀਂ ਪੈਣਗੇ। ਦੇਖ! ਹਰੇਕ ਜੂਨੀ ਆਪਣੇ ਸੁਭਾਅ ਨਾਲ ਬੱਝੀ ਹੈ ਤੂੰ ਵੀ ਮਨੁਖਾ ਜੂਨੀ ਵਾਲੇ ਸੁਭਾਅ ਵਾਲਾ ਬਣ ਤੇ ਜਨਮ-ਮਰਣ ਦੇ ਗੇੜ ਤੋਂ ਬੱਚ ਜਾ।


"ਗੁੜੁ ਸਾ ਮਖੀ ਖਾਇਆ" (ਪੰ: ੫੮੨) -ਗੁੜ ਦੀ ਭੇਲੀ ਦੀ ਸ਼ਕਲ ਤੇ ਗੋਬਰ ਦੇ ਉਪਲੇ ਦੀ ਸ਼ਕਲ ਇਕੋ ਹੁੰਦੀ ਹੈ। ਫ਼ਿਰ ਜਿਤਨੇ ਚਾਹੋ ਗੋਬਰ ਦੇ ਉਪਲੇ ਰਖ ਦੇਵੋ, ਮੱਖੀ ਉਨ੍ਹਾਂ ਨੇੜੇ ਨਹੀਂ ਆਵੇਗੀ ਪਰ ਗੁੜ ਦੀ ਭੇਲੀ `ਤੇ ਇੱਕ ਦੰਮ ਪੁੱਜ ਜਾਵੇਗੀ। ਇਸੇ ਤਰ੍ਹਾਂ "ਮਾਖੀ ਚੰਦਨੁ ਪਰਹਰੈ ਜਹ ਬਿਗੰਧ ਤਹ ਜਾਇ" (ਪੰ: ੧੩੬੮) ਇੱਕ ਪਾਸੇ ਚੰਦਨ ਹੋਵੇ ਤੇ ਦੂਜੇ ਪਾਸੇ ਵਿਸ਼ਟਾ, ਇਨ੍ਹਾਂ ਦੋਨਾਂ `ਚੋਂ ਮਖੀ ਜਾ ਕੇ ਬੈਠੇਗੀ ਤਾਂ ਵਿਸ਼ਟਾ `ਤੇ, ਚੰਦਨ `ਤੇ ਨਹੀਂ ਜਾਵੇਗੀ। ". . ਜੈਸੇ ਮਧੁਪ ਮਖੀਰਾ" (ਪੰ: ੪੮੭) ਸ਼ਹਿਦ ਦੀ ਮੱਖੀ ਨੂੰ ਵੀ ਸਮਝ ਹੈ, ਕਿਹੜੇ ਫੁਲ ਕਾਗਤ ਦੇ ਹਨ ਤੇ ਕਿਹੜੇ ਅਸਲੀ ਹਨ। ਭੰਵਰੇ ਨੂੰ ਲਵੋ! ਕਮਲ ਦੇ ਫੁਲ `ਚ ਜ਼ਿੰਦਗੀ ਤਾਂ ਗੁਆ ਲਵੇਗਾ ਪਰ ਕਮਲ ਦੇ ਨਕਲੀ ਫੁਲ `ਤੇ ਜਾ ਕੇ ਬੈਠਣ ਦਾ ਧੋਖਾ ਨਹੀਂ ਖਾਵੇਗਾ। ਚਾਤ੍ਰਿਕ ਨੇ ਸੁਆਂਤੀ ਬੂੰਦ ਹੀ ਲੈਣੀ ਹੁੰਦੀ ਹੈ। ਬੇਸ਼ਕ ਪਿਆਸੇ ਉਸਦੀ ਮੌਤ ਹੋ ਜਾਵੇ ਪਰ ਸਾਹਮਣੇ ਵਗ਼ਦੀ ਨਦੀ `ਚੋਂ ਵੀ ਪਾਨੀ ਨਹੀਂ ਪੀਵੇਗਾ।


ਗਧੇ ਨੂੰ ਚੰਦਨ ਦੇ ਲੇਪ ਕਰ ਦੇਵੋ, ਜਾਕੇ ਲੋਟ-ਪੋਟ ਹੋਵੇਗਾ ਤਾਂ ਮਿੱਟੀ `ਚ ਹੀ। ਭਾਵ ਹਰੇਕ ਜੂਨੀ, ਆਪਣੀ ਤੱਤ ਵਸਤੂ (ਸੁਭਾਅ) ਦੀ ਪਰਖ ਰਖਦੀ ਹੈ, ਸਿਵਾਏ ਮਨੁੱਖ ਦੇ। ਇਸੇ ਤਰ੍ਹਾਂ ਮਨੁੱਖ, ਨੂੰ ਵੀ ਟਿਕਾਅ ਮਿਲਨਾ ਹੁੰਦਾ ਹੈ "ਸਤਸੰਗਤਿ ਮਿਲਿ ਰਹੀਐ ਮਾਧਉ. ." (ਪੰ: ੪੮੭) ਹੋਰ ਕਿਧਰੋਂ ਨਹੀਂ, ਫ਼ਿਰ ਵੀ ਇਸ ਨੂੰ ਆਪਣੀ ਤੱਤ ਵਸਤੂ ਦੀ ਪਹਿਚਾਣ ਨਹੀਂ ਆਉਂਦੀ, ਮਨੁੱਖ ਆਪਣਾ ਅਮੁਲਾ ਜਨਮ ਵਿਅਰਥ ਗੁਆ ਕੇ ਮੁੜ ਜੂਨਾਂ `ਚ ਪੈ ਜਾਂਦਾ ਹੈ।


"ਸਤਿਗੁਰ ਕੈ ਜਨਮੇ ਗਵਨੁ ਮਿਟਾਇਆ" -ਕਿਸੇ ਜੂਨੀ `ਚ ਕਿਸੇ ਵੀ ਜੀਵ ਨੇ ਆਪਣੀ ਮਰਜ਼ੀ ਨਾਲ ਜਨਮ ਨਹੀਂ ਲਿਆ ਹੁੰਦਾ। ‘ਹੰਸ’ ਹੋਵੇ ਜਾਂ ‘ਬਗੁਲਾ’, ਮਨੁੱਖਾ ਜਨਮ ਦੇ ਸੰਸਕਾਰਾਂ-ਕਰਮਾਂ ਅਨੁਸਾਰ ਸਾਰਿਆਂ ਦੇ ਜੂਨੀਆਂ ਤੇ ਸੁਭਾਅ ਵੀ ਪ੍ਰਭੂ ਵਲੋਂ ਹੀ ਨਿਸ਼ਚਤ ਹੁੰਦੀਆਂ ਹਨ। ਗੰਦਗੀ ਦੇ ਕੀੜੇ ਨੂੰ ਗੰਦਗੀ `ਚ ਹੀ ਜ਼ਿੰਦਗੀ ਬਿਤਾਉਣੀ ਪਵੇਗੀ ਤੇ ਖੁੱਲੇ `ਚ ਰਹਿਣ ਵਾਲਾ ਗੰਦਗੀ `ਚ ਜਾਵੇਗਾ ਹੀ ਨਹੀਂ। ਇਸੇ ਤਰ੍ਹਾਂ ਮਨੁੱਖਾ ਜੂਨੀ ਦੀ ਤੱਤ ਵਸਤੂ (ਸੁਭਾਅ) ਵੀ ਨਿਸ਼ਚਤ ਹੈ ਤੇ ਇਹ ਹੈ "ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ" (ਪੰ: ੧੨) ਭਾਵ ਪ੍ਰਭੂ ਮਿਲਾਪ ਲਈ ਅਵਸਰ। ਜਿਵੇਂ ਬਾਕੀ ਜੂਨੀਆਂ `ਚ ਜੀਵ ਨੂੰ ਜਦੋਂ ਤੀਕ ਸੁਭਾਅ ਤੁ ਜੂਨੀ ਮੁਤਾਬਕ ਤੱਤ ਵਸਤੂ ਦੀ ਪ੍ਰਾਪਤੀ ਨਹੀਂ ਹੁੰਦੀ, ਉਸਦੀ ਤ੍ਰਿਪਤੀ ਨਹੀਂ ਹੁੰਦੀ। ਉਸੇ ਤਰ੍ਹਾਂ ਮਨੁੱਖ ਨੂੰ ਵੀ ਜਦੋਂ ਤੀਕ ਅਪਣੀ ਤੱਤ ਵਸਤੂ, ਪ੍ਰਭੂ ਨਾਲ ਸਾਂਝ ਨਹੀਂ ਬਣ ਆਉਂਦੀ, ਇਸਦਾ ਜੀਵਨ ਵੀ ਭਟਕਿਆ ਤੇ ਉਖਾੜ `ਚ ਹੀ ਰਹਿੰਦਾ ਹੈ। ਇਸ ਨੂੰ ਨਾ ਟਿਕਾਅ ਮਿਲਦਾ ਹੈ ਨਾ ਤ੍ਰਿਪਤੀ ਤੇ ਨਾ ਸ਼ਾਂਤੀ। ਉਪ੍ਰੰਤ:-


"ਮਨਿ ਸਾਂਤਿ ਆਈ ਵਜੀ ਵਧਾਈ" -ਫ਼ਰਕ ਹੁੰਦਾ ਹੈ, ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਅਨੁਸਾਰ ਦੂਜੀਆਂ ਜੂਨੀਆਂ, ਕੇਵਲ ਕਰਮਾਂ ਤੁ ਉਨ੍ਹਾਂ ਤੋਂ ਬਣੇ ਹੋਏ ਸੰਸਕਾਰਾਂ ਨੂੰ ਭੋਗਣ ਲਈ ਮਿਲਦੀਆਂ ਹਨ ਤੇ ਉਥੇ ਉਨ੍ਹਾਂ ਜੂਨੀਆਂ ਸਮੇਂ ਸੁਭਾਅ ਵੀ ਬਣਿਆ ਬਨਾਇਆ ਹੀ ਮਿਲਦਾ ਹੈ। ਜਦਕਿ ਮਨੁੱਖਾ ਜੂਨ ਸੰਸਕਾਰਾਂ-ਕਰਮਾਂ ਨੂੰ ਮੁਕਾਉਣ ਲਈ ਮਿਲਦੀ ਹੈ। ਇਸ ਮਕਸਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਮਿਲਦਾ ਹੈ ‘ਮਨ’ ਜੋ ਦੂਜੀਆਂ ਜੂਨਾਂ `ਚ ਨਹੀਂ ਮਿਲਦਾ। ਖੂਬੀ ਇਹ, ਇੱਕ ਪਾਸੇ ਤਾਂ ਹਰੇਕ ਜੂਨੀ ਪ੍ਰਭੂ ਵਲੋਂ ਨਿਯਤ ਸੀਮਾ `ਚ ਹੋਣ ਕਾਰਨ, ਆਪਣੀ ਤੱਤ ਵਸਤੂ-ਸੁਭਾਅ ਦੀ ਪਹਿਚਾਣ ਰਖਦੀ ਹੈ। ਜਦਕਿ ਮਨੁੱਖ ਦਾ ਦੁਖਾਂਤ ਹੈ ਕਿ ਮਨੁੱਖ, ". . ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ॥ ਮਨਿ ਸਾਂਤਿ ਆਈ ਵਜੀ ਵਧਾਈ, ਤਾ ਹੋਆ ਪਰਵਾਣੁ॥ ਇਉ ਕਹੈ ਨਾਨਕੁ, ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ"।


ਭਾਵ ‘ਮਨ’, ਜਿਹੜਾ ਕਿ ਮਨੁੱਖ ਨੂੰ ਮਿਲਿਆ ਹੀ ‘ਆਪਣੀ ਤੱਤ ਵਸਤੂ ਦੀ ਪਹਿਚਾਣ ਲਈ ਸੀ। ਉਸੇ ਮਨ ਦੀ ਕੁਵਰਤੋਂ ਕਾਰਨ, ਮਨੁੱਖ ਆਪਣੀ ਤੱਤ ਵਸਤੂ ਪ੍ਰਭੂ ਨੂੰ ਸਾਰੀ ਉਮਰ ਨਹੀ ਪਹਿਚਾਣ ਸਕਦਾ ਹੈ। ਇਸੇ ਤੋਂ ਇਹ ਮਨੁੱਖਾ ਜਨਮ `ਚ ਹੁੰਦਾ ਹੋਇਆ ਵੀ ਜੀਵਨ ਭਰ, ਦੂਜੀਆਂ ਜੂਨੀਆਂ `ਚ ਹੀ ਭਟਕਦਾ ਰਹਿੰਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਇਸ ਨੂੰ ਟਿਕਾਅ ਨਹੀਂ ਮਿਲਦਾ। ਇਹ ਟਿਕਾਅ ਉਦੋਂ ਤੀਕ ਨਹੀਂ ਮਿਲਦਾ ਜਦ ਤੀਕ ‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ" (ਪੰ: ੯੪੦) ਭਾਵ ਗੁਰੂ-ਗੁਰਬਾਣੀ ਨੂੰ "ਮਨੁ ਬੇਚੈ ਸਤਿਗੁਰ ਕੈ ਪਾਸਿ" (ਪੰ: ੨੮੬) ਵਾਲੀ ਗੱਲ ਨਹੀਂ ਬਣ ਜਾਂਦੀ। ਇਸੇ ਤੋਂ "ਤਿਸੁ ਸੇਵਕ ਕੇ ਕਾਰਜ ਰਾਸਿ" (ਪੰ: ੨੮੬) ਇਸ ਦੀ ਪ੍ਰਭੂ ਭਾਵ ਆਪਣੀ ਤੱਤ ਵਸਤੂ ਤੀਕ ਪਹੁੰਚ ਬਣਦੀ ਹੈ। ਸਮਾਪਤ 



Author: ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ
[email protected]
00919811292808

Posted By: TAJEEMNOOR KAUR