ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਪ੍ਰਤੀਕ ਅਨੰਦਪੁਰ ਸਾਹਿਬ

ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਪ੍ਰਤੀਕ  ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਸਿੱਖੀ ਦੀ ਸ਼ਾਨ, ਸਵੈਮਾਣ ਅਤੇ ਖ਼ਾਲਸਈ ਮਰਯਾਦਾ ਦਾ ਕੇਂਦਰ ਹੈ। ਇਸ ਨਗਰ ਦੀ ਸ਼ੋਭਾ ਦਾ ਵਰਣਨ ਕਰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਹੰਸ ਰਾਮ ਕਹਿੰਦਾ ਹੈ ਕਿ ਇਸ ਨਗਰ ਵਿਖੇ ਚਾਰੇ ਵਰਨ ਅਤੇ ਚਾਰੇ ਆਸ਼ਰਮ ਅਨੰਦ ਨਾਲ ਜੀਵਨ ਬਸਰ ਕਰਦੇ ਹਨ। ਅਨੰਦ ਦੀ ਜੜ੍ਹ ਹੋਣ ਕਰ ਕੇ ਇਸ ਨਗਰ ਦਾ ਨਾਂ ਸ੍ਰੀ ਅਨੰਦਪੁਰ ਸਾਹਿਬ ਹੈ। ਇੱਥੋਂ ਦੇ ਨਿਵਾਸੀ ਸਿੰਘ ਅਤੇ ਮਸੰਦ ਜਿਸ ਨੂੰ ਦੁਖੀ ਦੇਖਦੇ ਹਨ, ਉਸ ਦਾ ਦੁੱਖ ਦੂਰ ਕਰ ਦਿੰਦੇ ਹਨ। ਇਸ ਨਗਰ ਵਿਖੇ ਧਰਮ ਦੇ ਨਾਇਕ ਅਤੇ ਸੂਰਬੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਕਰ ਰਹੇ ਹਨ:

ਚਾਰ ਬਰਣ ਚਾਰੋਂ ਜਹਾਂ ਆਮ ਕਰਤ ਅਨੰਦ।

ਤਾਂ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ।

ਸੰਗਤ, ਸਿੰਘ, ਮਸੰਦ ਸਭ ਹੋਰ ਹਰੈ ਪਰ ਪੀਰ।

ਤਰ੍ਹਾਂ ਬਸਤ ਗੋਬਿੰਦ ਸਿੰਘ ਧਰਮ ਧੁਰੰਤਰ ਧੀਰ।

ਇਸ ਨਗਰ ਦੀ ਸ਼ੋਭਾ ਇੱਥੋਂ ਪੈਦਾ ਹੋਏ ਸੰਦੇਸ਼ ਵਿੱਚੋਂ ਪ੍ਰਗਟ ਹੁੰਦੀ ਹੈ। ਇਸ ਨਗਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਸਿਖ਼ਰ ਅਤੇ ਸੰਪੂਰਨਤਾ ਦੇ ਦਰਸ਼ਨ ਹੁੰਦੇ ਹਨ। ਖ਼ਾਲਸਈ ਰੂਪ ਵਿਚ ਚਾਰ ਵਰਨਾਂ ਦੀ ਇਕਸੁਰਤਾ ਅਤੇ ਇਕਸਾਰਤਾ, ਬਾਣੀ ਅਤੇ ਬਾਣੇ ਦਾ ਸੁਮੇਲ, ਅਣਖ ਅਤੇ ਸਵੈਮਾਣ ਲਈ ਸੰਘਰਸ਼ ਕਰਨ ਦੀ ਬਿਰਤੀ, ਸ਼ਕਤੀਆਂ ਦਾ ਵਿਕੇਂਦਰੀਕਰਨ ਅਤੇ ਵਿਕੇਂਦਰੀਕਰਨ ਵਿੱਚੋਂ ਪ੍ਰਭੂ-ਮੁਖੀ ਸਾਂਝੀ ਸੁਰ ਪੈਦਾ ਕਰਨ ਅਤੇ ਲੋਕਤੰਤਰੀ ਸੰਸਥਾ ਦੇ ਵਿਕਾਸ ਨੇ ਇਸ ਨਗਰ ਦੇ ਸਿਧਾਂਤਾਂ ਨੂੰ ਇਤਿਹਾਸ ਵਿਚ ਵਿਸ਼ੇਸ਼ ਜਗ੍ਹਾ ਪ੍ਰਦਾਨ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਸ੍ਰੀ ਗੁਰੂ ‘ ਤੇਗ ਬਹਾਦਰ ਜੀ ਦੇ ਸਮੇਂ ਇਸ ਨਗਰ ਵਿਖੇ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਨਵਤਾ ਵਿਚ ਵਿਸ਼ਵਾਸ ਰੱਖਣ ਵਾਲੇ ਹਰ ਇੱਕ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਘਟਨਾ ਕਸ਼ਮੀਰੀ ਪੰਡਿਤਾਂ ਦੇ ਧਰਮ ਨੂੰ ਬਚਾਉਣ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਦਿੱਤੀ ਗਈ ਸ਼ਹਾਦਤ ਰਾਹੀਂ ਸੰਸਾਰ ਵਿਚ ਰੂਪਮਾਨ ਹੁੰਦੀ ਹੈ।

ਸਦੀਆਂ ਪਿੱਛੋਂ ਵੀ ਇਤਿਹਾਸ ਦੀਆਂ ਅਜਿਹੀਆਂ ਘਟਨਾਵਾਂ ਉਸ ਸਮੇਂ ਆਪਣੇ-ਆਪ ਸਾਹਮਣੇ ਆ ਜਾਂਦੀਆਂ ਹਨ, ਜਦੋਂ ਸਮਾਜ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੁੰਦਾ ਹੈ। ਮੌਜੂਦਾ ਸਮੇਂ ਭਾਰਤ ਵਿਚ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਉਸ ਵਿਚ ਇਕ ਪਾਸੇ ਭਾਰਤ ਦੇ ਮੁਸਲਮਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ ਅਤੇ ਦੂਜੇ ਪਾਸੇ ਕਸ਼ਮੀਰ ਦੇ ਤਿੰਨ ਲੱਖ ਤੋਂ ਵਧੇਰੇ ਹਿੰਦੂਆਂ ਨੂੰ ਰਫ਼ਿਊਜ਼ੀ ਕੈਂਪਾਂ ਵਿਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਲੱਗਭਗ ਤੀਹ ਸਾਲ ਪਹਿਲਾਂ ਮਜ਼ਬੂਰੀ ਕਾਰਨ ਆਪਣੇ ਘਰ-ਬਾਰ ਛੱਡ ਕੇ ਕੈਂਪਾਂ ਵਿਚ ਬੈਠੇ ਇਹ ਹਿੰਦੂ ਭਾਈਚਾਰੇ ਦੇ ਲੋਕ ਆਪਣੇ ਪਿਛੋਕੜ ਨੂੰ ਅਕਸਰ ਯਾਦ ਕਰਦੇ ਰਹਿੰਦੇ ਹਨ। ਇਸੇ ਯਾਦ ਵਿੱਚੋਂ ਉਨ੍ਹਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ, ਜਦੋਂ ਉਨ੍ਹਾਂ ਦੇ ਪੂਰਵਜ ਆਪਣੇ ਧਰਮ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਆਏ ਸਨ। ਉਸ ਸਮੇਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਆਏ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਸਨਮੁਖ ਜਿਹੜੀ ਬੇਨਤੀ ਕੀਤੀ ਸੀ ਉਸ ਨੂੰ ‘ਭੱਟ ਵਹੀਆਂ’ ਵਿਚ ਇਸ ਤਰ੍ਹਾਂ ਦਰਜ ਕੀਤਾ ਗਿਆ ਹੈ:


ਹਾਥ ਜੋਰ ਕਹਿਯੋ ਕਿਰਪਾ ਰਾਮ ਦੱਤ ਬ੍ਰਾਹਮਣ ਮੱਟਨ ਗ੍ਰਾਮ :

ਹਮਰੋ ਬਲ ਅਬ ਰਹਯੋ ਨਹਿ ਕਾਈ। ਹੇ ਗੁਰ ਤੇਗਾ ਬਹਾਦਰ ਰਾਈ।

ਗਜ ਕੇ ਬੰਧਨ ਕਾਟਨ ਹਾਰੇ। ਤੁਮ ਗੁਰ ਨਾਨਕ ਕੇ ਹੈਂ ਅਵਤਾਰੇ।

ਜਿਮ ਦਰੋਪਤੀ ਰਾਖੀ ਲਾਜ। ਦਿਯੋ ਸਵਾਰ ਸੁਦਾਮੈ ਕਾਜ।

ਫਿਰਤ ਫਿਰਤ ਪ੍ਰਭ ਆਏ ਥਾਰੈ। ਥਾਕ ਪਰੈਂ ਹਉਂ ਤਉਂ ਦਰਬਾਰੈ।

ਸੇਵਾ ਹਰੀ ਇਮ ਅਰਜ ਗੁਜ਼ਾਰੀ। ਤੁਮ ਕਲਜੁਗ ਕੇ ਕ੍ਰਿਸ਼ਨ ਮੁਰਾਰੀ।

ਸ਼ਹੀਦ ਬਿਲਾਸ, ਬੰਦ ੩੫

ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਬੇਨਤੀ ’ਤੇ ਵਿਚਾਰ ਕਰਦੇ ਹੋਏ ਜਿਹੜਾ ਫ਼ੈਸਲਾ ਲਿਆ ਉਸ ਵਿੱਚੋਂ ਸ੍ਰੀ ਅਨੰਦਪੁਰ ਸਾਹਿਬ ਦਾ ਸੰਦੇਸ਼ ਅਤੇ ਭਾਵਨਾ ਪ੍ਰਗਟ ਹੁੰਦੀ ਹੈ। ਧਰਮ ਦੀ ਅਜ਼ਾਦੀ, ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਅਤੇ ਸਵੈਮਾਣ ਭਰਪੂਰ ਜੀਵਨ ਬਸਰ ਕਰਨ ਦੀ ਜਿਹੜੀ ਚੇਤਨਾ ਨੌਵੇਂ ਗੁਰੂ ਜੀ ਨੇ ਪ੍ਰਗਟ ਕੀਤੀ ਸੀ, ਉਸੇ ਦਾ ਵਿਕਸਿਤ ਰੂਪ ਖ਼ਾਲਸੇ ਦੀ ਸਿਰਜਣਾ ਵਿੱਚੋਂ ਪ੍ਰਗਟ ਹੁੰਦਾ ਹੈ। ਖ਼ਾਲਸੇ ਦੀ ਮਰਯਾਦਾ ਵਿਚ ਕੇਵਲ ਬਾਣੀ ਅਤੇ ਬਾਣਾ ਹੀ ਸ਼ਾਮਲ ਨਹੀਂ ਸੀ, ਬਲਕਿ ਸਭ ਤੋਂ ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬਾਣੇ ਨੂੰ ਧਾਰਨ ਕਰਨ ਵਾਲਾ ਜਬਰ ਅਤੇ ਜ਼ੁਲਮ ਦੇ ਵਿਰੁੱਧ ਹਮੇਸ਼ਾਂ ਆਪਣਾ ਸੰਘਰਸ਼ ਜਾਰੀ ਰੱਖੇਗਾ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਸੰਦੇਸ਼ ਪ੍ਰਤੀ ਜੂਝਦਾ ਹੋਇਆ ਆਪਣਾ ਜੀਵਨ ਵੀ ਕੁਰਬਾਨ ਕਰ ਦੇਵੇਗਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਪੈਦਾ ਹੋਏ ਖ਼ਾਲਸੇ ਨੂੰ ਵਿਸ਼ੇਸ਼ ਗੁਣਾਂ ਦਾ ਧਾਰਨੀ ਹੋਣ ਦੇ ਜਿਹੜੇ ਆਦੇਸ਼ ਦਿੱਤੇ ਗਏ ਸਨ, ਉਨ੍ਹਾਂ ਦਾ ਵਰਣਨ ਕਰਦੇ ਹੋਏ ਭਾਈ ਨੰਦ ਲਾਲ ਜੀ ਲਿਖਦੇ ਹਨ :

ਖਾਲਸਾ ਸੋਇ ਨਿਰਧਨ ਕੋ ਪਾਲੈ ਖਾਲਸਾ ਸੋਇ ਦੁਸ਼ਟ ਕੋ ਗਾਲੈ।

ਖਾਲਸਾ ਸੋਇ ਨਾਮੁ ਜਪੁ ਕਰੈ ਖਾਲਸਾ ਸੋਇ ਮਲੇਛ ਪਰ ਚੜ੍ਹੇ।

ਖਾਲਸਾ ਸੋਇ ਨਾਮ ਸਿਉਂ ਜੋੜੈ ਖਾਲਸਾ ਸੋਇ ਬੰਧਨ ਕੋ ਤੋੜੇ।

ਖਾਲਸਾ ਸੋਇ ਜੋ ਚੜੈ ਤੁਰੰਗ ਖਾਲਸਾ ਸੋਇ ਜੋ ਕਰੈ ਨਿਤ ਜੰਗ

ਖਾਲਸਾ ਸੋਇ ਸ਼ਸਤਰ ਕੋ ਧਾਰੇ ਖਾਲਸਾ ਸੋਇ ਦੁਸ਼ਟ ਕੋ ਮਾਰੇ।

(ਤਨਖਾਹਨਾਮਾ, ੫੦-੫੪)

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਪੈਦਾ ਹੋਏ ਅਜਿਹੇ ਗੁਣਾਂ ਵਾਲੇ ਖ਼ਾਲਸੇ ਨੇ ਸਮਾਜ ਵਿਚ ਪ੍ਰੇਮ, ਭਾਈਚਾਰਾ, ਸਾਂਝ ਅਤੇ ਸਹਿਹੋਂਦ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਅਣਖ ਅਤੇ ਸਵੈਮਾਣ ਦੀ ਭਾਵਨਾ ਨੂੰ ਉਜਾਗਰ ਕਰਨ ’ਤੇ ਜ਼ੋਰ ਦਿੱਤਾ ਹੈ। ਖ਼ਾਲਸੇ ਦੀ ਜੀਵਨ-ਜਾਚ ਸੰਘਰਸ਼ ਦੇ ਮਾਰਗ ’ਚੋਂ ਹੋ ਕੇ ਗੁਜ਼ਰਦੀ ਹੈ, ਜਿਹੜੀ ਕਿ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਕਦਰਾਂ-ਕੀਮਤਾਂ ਦੀ ਬਹਾਲੀ ਲਈ ਸਮਾਜ ਲਈ ਨਿਗਾਹਬਾਨ ਵਾਲੀ ਭੂਮਿਕਾ ਨਿਭਾਉਂਦੀ ਹੈ। ਮਾਖੋਵਾਲ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰੂਪ ਵਿਚ ਪਰਵਰਤਿਤ ਹੋਇਆ ਇਹ ਨਗਰ ਦੇਸ਼-ਦੁਨੀਆ ਨੂੰ ਭਾਈਚਾਰਕ ਸਾਂਝ ਪੈਦਾ ਕਰਨ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਹਮੇਸ਼ਾਂ ਸੰਘਰਸ਼ਸ਼ੀਲ ਰਹਿਣ ਦੀ ਪ੍ਰੇਰਨਾ ਦਿੰਦਾ ਹੈ।

ਇਸ ਨਗਰ ਵਿਖੇ ਭਾਰਤ ਦੀ ਰਾਜਨੀਤੀ, ਸਮਾਜਿਕ ਹਾਲਤ ਅਤੇ ਧਾਰਮਿਕ ਜੀਵਨ ਸੰਬੰਧੀ ਅਕਸਰ ਵਿਚਾਰ-ਚਰਚਾ ਹੁੰਦੀ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿਚ ਹੋਣ ਵਾਲੇ ਸਾਹਿਤਕ ਅਤੇ ਜੁਝਾਰੂ ਕਾਰਜਾਂ ਵਿੱਚੋਂ ਸਮੇਂ ਦੇ ਸਮਾਜ ਦਾ ਸ਼ੀਸ਼ਾ ਨਜ਼ਰ ਆ ਜਾਂਦਾ ਹੈ, ਜਿਹੜਾ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਧਾਰਮਿਕ ਅਤੇ ਰਾਜਨੀਤਕ ਆਗੂਆਂ ਵੱਲੋਂ ਧਰਮ ਦੇ ਨਾਂ ’ਤੇ ਆਮ ਲੋਕਾਂ ਉੱਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਅੱਖਾਂ ਬੰਦ ਕਰ ਕੇ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਗੁਰੂ ਜੀ ਦੇ ਸੰਘਰਸ਼ ਮੁਗ਼ਲਾਂ ਦੀ ਕੱਟੜਪੰਥੀ ਸੋਚ ਦੇ ਵਿਰੋਧ ਦਾ ਪ੍ਰਗਟਾਵਾ ਕਰਦੇ ਹਨ।

ਮੁਗ਼ਲ ਰਾਜ ਸਮੇਂ ਆਮ ਲੋਕਾਂ ਦੇ ਨਾਲ-ਨਾਲ ਦੂਜੇ ਧਰਮ ਦੇ ਵਿਦਵਾਨਾਂ ਨੂੰ ਕਿਸ ਦ੍ਰਿਸ਼ਟੀ ਨਾਲ ਦੇਖਿਆ ਜਾ ਰਿਹਾ ਸੀ, ਉਸ ਦੀ ਮਿਸਾਲ ਭਾਈ ਨੰਦ ਲਾਲ ਦੇ ਜੀਵਨ ਵਿੱਚੋਂ ਪ੍ਰਗਟ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਇਕ ਵਾਰੀ ਬਾਦਸ਼ਾਹ ਔਰੰਗਜ਼ੇਬ ਨੇ ਮੁਸਲਿਮ ਵਿਦਵਾਨਾਂ ਕੋਲੋਂ ਕੁਰਾਨ ਦੀ ਇਕ ਆਇਤ ਦੇ ਅਰਥ ਪੁੱਛੇ। ਕਈਆਂ ਨੇ ਅਰਥ ਦੱਸੇ, ਪਰ ਬਾਦਸ਼ਾਹ ਨੂੰ ਤਸੱਲੀ ਨਾ ਹੋਈ। ਬਾਦਸ਼ਾਹ ਦੇ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਨੇ ਇਸ ਆਇਤ ਦੇ ਅਰਥ ਭਾਈ ਨੰਦ ਲਾਲ ਜੀ ਕੋਲੋਂ ਪੁੱਛ ਕੇ ਦੱਸੇ ਤਾਂ ਬਾਦਸ਼ਾਹ ਬਹੁਤ ਖ਼ੁਸ਼ ਹੋਇਆ ਅਤੇ ਉਸ ਨੇ ਵਿਦਵਾਨ ਨੂੰ ਬੁਲਾ ਕੇ ਇਨਾਮ ਦੇਣਾ ਚਾਹਿਆ। ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਇਕ ਹਿੰਦੂ ਵਿਦਵਾਨ ਹੈ ਤਾਂ ਉਸ ਨੇ ਹੈਰਾਨੀ ਪ੍ਰਗਟ ਕੀਤੀ ਕਿ ਹਾਲੇ ਤਕ ਇਹ ਇਸਲਾਮ ਦੇ ਘੇਰੇ ਵਿਚ ਕਿਉਂ ਨਹੀਂ ਆਇਆ। ਭਾਈ ਨੰਦ ਲਾਲ ਜੀ ਬਾਦਸ਼ਾਹ ਦੀ ਨੀਅਤ ਤਾੜ ਕੇ ਉੱਥੋਂ ਸੁਰੱਖਿਅਤ ਨਿਕਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਆ ਗਏ। ਭਾਈ ਨੰਦ ਲਾਲ ਜੀ ਨੂੰ ਉਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਹੀ ਇਕ ਅਜਿਹਾ ਸੁਤੰਤਰ ਅਤੇ ਸੁਰੱਖਿਅਤ ਸਥਾਨ ਲੱਗ ਰਿਹਾ ਸੀ, ਜਿਹੜਾ ਹਕੂਮਤ ਦੇ ਭੈਅ ਤੋਂ ਮੁਕਤ ਸੀ। ਇੱਥੇ ਆ ਕੇ ਉਸ ਨੇ । ਸਾਹਿਬਾਨ ਪ੍ਰਤੀ ਸ਼ਰਧਾ, ਵਿਚਾਰਧਾਰਾ, ਸਵੈਮਾਣ ਅਤੇ ਖ਼ਾਲਸੇ ਦੀ ਰਹਿਤ ਸੰਬੰਧੀ ਜੋ ਕੁਝ ਦੇਖਿਆ, ਉਸ ਨੂੰ ਕਲਮਬੰਦ ਕਰ ਦਿੱਤਾ।

ਭਾਈ ਨੰਦ ਲਾਲ ਵਾਲੀ ਘਟਨਾ ਦੇ ਨਾਲ-ਨਾਲ ਇਤਿਹਾਸ ਵਿਚ ਅਜਿਹੇ ਅਨੇਕਾਂ ਪ੍ਰਮਾਣ ਮੌਜੂਦ ਹਨ, ਜਿਨ੍ਹਾਂ ਤੋਂ ਮੁਗ਼ਲ ਹਾਕਮਾਂ ਦੀ ਧਾਰਮਿਕ ਅਤੇ ਰਾਜਸੀ ਨੀਤੀ ਦਾ ਗਿਆਨ ਹੁੰਦਾ ਹੈ। ਬਾਦਸ਼ਾਹ ਔਰੰਗਜ਼ੇਬ ਵੱਲੋਂ ਸਰਕਾਰੀ ਤੌਰ ‘ਤੇ ਗ਼ੈਰ- ਮੁਸਲਮਾਨਾਂ ’ਤੇ ਜਜ਼ੀਆ ਨਾਂ ਦਾ ਜਿਹੜਾ ਵਿਸ਼ੇਸ਼ ਟੈਕਸ ਲਗਾਇਆ ਗਿਆ ਸੀ, ਉਹ ਹਾਕਮਾਂ ਦੀ ਇੱਕੋ ਧਰਮ ਦੀ ਵਿਸ਼ੇਸ਼ ਰੂਪ ਵਿਚ ਸਥਾਪਤੀ ਵਾਲੀ ਨੀਤੀ ਨੂੰ ਬਿਆਨ ਕਰਦਾ ਸੀ। ਇਹ ਇਕ ਅਜਿਹਾ ਵਿਸ਼ੇਸ਼ ਟੈਕਸ ਸੀ, ਜਿਸ ਬਾਰੇ ਉਸ ਤੋਂ ਪਹਿਲੇ ਮੁਗ਼ਲ ਹਾਕਮਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਜਦੋਂ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਕੋਲ ਇਸ ਵਿਸ਼ੇਸ਼ ਟੈਕਸ ਲਗਾਉਣ ‘ਤੇ ਵਿਰੋਧ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਹਾਥੀਆਂ ਦੇ ਪੈਰਾਂ ਹੇਠਾਂ ਕੁਚਲਣ ਦਾ ਹੁਕਮ ਦੇ ਦਿੱਤਾ ਗਿਆ ਅਤੇ ਇਸ ਨਾਲ ਹੀ ਇਸ ਟੈਕਸ ਦੀ ਜਬਰੀ ਵਸੂਲੀ ਦਾ ਹੁਕਮ ਵੀ ਸੁਣਾ ਦਿੱਤਾ। ਬਾਦਸ਼ਾਹ ਔਰੰਗਜ਼ੇਬ ਨੇ ਗ਼ੈਰ- ਮੁਸਲਿਮ ਲੋਕਾਂ ਨੂੰ ਦਬਾਉਣ ਲਈ ਜਿਹੜਾ ਅਗਲਾ ਕਦਮ ਚੁੱਕਿਆ ਉਹ ਸੀ ਉਨ੍ਹਾਂ ਦੇ ਸੱਭਿਆਚਾਰ ਅਤੇ ਮੇਲਿਆਂ ਨੂੰ ਖ਼ਤਮ ਕਰਨਾ। ਇਨ੍ਹਾਂ ਮੇਲਿਆਂ ਅਤੇ ਤਿਉਹਾਰਾਂ ਵਿਚ ਉਸ ਤੋਂ ਪਹਿਲਾਂ ਦੇ ਮੁਗ਼ਲ ਸ਼ਾਸਕ ਆਪ ਹਿੱਸਾ ਦਿੰਦੇ ਸਨ ਅਤੇ ਸਭ ਧਰਮਾਂ ਦੇ ਲੋਕਾਂ ਨੂੰ ਆਪੋ-ਆਪਣੇ ਧਰਮਾਂ ਦੇ ਰੀਤੀ-ਰਿਵਾਜ਼ਾਂ ਅਨੁਸਾਰ ਇਹ ਤਿਉਹਾਰ ਮਨਾਉਣ ਦੀ ਖੁੱਲ੍ਹ ਸੀ। ਪਰ ਬਾਦਸ਼ਾਹ ਔਰੰਗਜ਼ੇਬ ਨੇ ਇਨ੍ਹਾਂ ਤਿਉਹਾਰਾਂ ‘ਤੇ ਪਾਬੰਦੀ ਲਗਾ ਦਿੱਤੀ, ਤਾਂ ਕਿ ਗ਼ੈਰ-ਮੁਸਲਿਮ ਲੋਕ ਇਕ ਜਗ੍ਹਾ ’ਤੇ ਇਕੱਠੇ ਨਾ ਹੋ ਸਕਣ। ਔਰੰਗਜ਼ੇਬੀ ਸੋਚ ਦਾ ਜਿਹੜਾ ਪ੍ਰਭਾਵ ਆਮ ਲੋਕਾਂ ਦੇ ਮਨ ਵਿਚ ਵੱਸ ਗਿਆ ਸੀ, ਉਸ ਦਾ ਪ੍ਰਤੀਕਰਮ ਇਤਿਹਾਸ ਦੀਆਂ ਲਿਖਤਾਂ ਵਿੱਚੋਂ ਸਾਹਮਣੇ ਆਉਂਦਾ ਹੈ। ਸ. ਰਤਨ ਸਿੰਘ ਭੰਗੂ ਬਾਦਸ਼ਾਹ ਔਰੰਗਜ਼ੇਬ ਦੀ ਧਾਰਮਿਕ ਨੀਤੀ ਦਾ ਪ੍ਰਗਟਾਵਾ ਕਰਦੇ ਹੋਏ ਲਿਖਦਾ ਹੈ:

ਹਿੰਦੇ ਹਿੰਦੂ ਨਿਬੀਜ ਹੈ ਕਰਨੇ, ਸ਼ਾਹਿ ਨੁਰੰਗੇ ਯੌ ਲਿਖ ਬਰਨੇ।

ਤੁਰਕ ਪ੍ਰਿਥਮੇ ਹੈ ਬਾਹਮਨ ਕਰਨੇ, ਔਰ ਹਿੰਦੂ ਹੈ ਪਾਛੇ ਫਰਨੇ।

ਸ੍ਰੀ ਅਨੰਦਪੁਰ ਸਾਹਿਬ ਅਜਿਹੀ ਸੋਚ ਦੇ ਵਿਰੋਧ ਦਾ ਪ੍ਰਤੀਕ ਹੈ। ਇਸੇ ਕਰਕੇ ਕਸ਼ਮੀਰੀ ਪੰਡਿਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਆਏ ਸਨ। ਗੁਰੂ ਜੀ ਨੇ ਨਿਰਭਉ ਅਤੇ ਨਿਰਵੈਰ ਭਾਵ ਨਾਲ ਉਨ੍ਹਾਂ ਦੀ ਬਾਂਹ ਫੜੀ ਅਤੇ ਆਪਣਾ ਸਰੀਰ ਹਿੰਦੂ ਧਰਮ ਦੇ ਉਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਲਈ ਦੇ ਦਿੱਤਾ, ਜਿਨ੍ਹਾਂ ਨੂੰ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦਾ ਅਰਥ ਇਹ ਹੋਇਆ ਕਿ ਭਾਵੇਂ ਗੁਰੂ ਜੀ ਨੂੰ ਹਿੰਦੂ ਧਰਮ ਵਿਚ ਕੁਝ ਗੱਲਾਂ ਕੇਵਲ ਫੋਕੇ ਕਰਮ-ਕਾਂਡਾਂ ਦੇ ਰੂਪ ਵਿਚ ਦਿਖਾਈ ਦੇ ਰਹੀਆਂ ਸਨ, ਪਰ ਫਿਰ ਵੀ ਉਹ ਚਾਹੁੰਦੇ ਸਨ ਕਿ ਹਰ ਇਕ ਵਿਅਕਤੀ ਨੂੰ ਆਪੋ-ਆਪਣੇ ਧਰਮ ਦੇ ਅਨੁਸਾਰ ਪੂਜਾ-ਪਾਠ ਅਤੇ ਹੋਰ ਧਾਰਮਿਕ ਕੰਮਾਂ ਦੀ ਅਜ਼ਾਦੀ ਹੋਣੀ ਚਾਹੀਦੀ ਹੈ।

ਇਸ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਦਿਨਾਂ ਵਿਚ ਧਰਮ ਦੀ ਅਜ਼ਾਦੀ ਦੀ ਗੱਲ ਕੀਤੀ, ਜਦੋਂ ਹਕੂਮਤ ਇਸ ਬਾਰੇ ਸੁਣਨਾ ਅਤੇ ਸੋਚਣਾ ਵੀ ਪਾਪ ਸਮਝਦੀ ਸੀ। ਮੌਜੂਦਾ ਸਮੇਂ ਵਿਚ ਜਦੋਂ ਫਿਰ ਕਸ਼ਮੀਰੀ ਹਿੰਦੂਆਂ ਨੂੰ ਜਬਰ ਅਤੇ ਜ਼ੁਲਮ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਦੁਬਾਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਸਨ। ੧੯੯੫ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਲੱਗਭਗ ੩੨੦ ਸਾਲਾਂ ਬਾਅਦ ੧੫੦੦ ਕਸ਼ਮੀਰੀ ਹਿੰਦੂਆਂ, ਜਿਨ੍ਹਾਂ ਵਿਚ ਇਸਤਰੀਆਂ ਤੇ ਬੱਚੇ ਵੀ ਸ਼ਾਮਲ ਸਨ, ਨੇ ਆਪਣੇ ਉੱਤੇ ਹੋਣ ਵਾਲੇ ਜ਼ੁਲਮਾਂ ਤੋਂ ਬਚਣ ਲਈ ਸ੍ਰੀ ਅਨੰਦਪੁਰ ਸਾਹਿਬ ਨੂੰ ਯਾਦ ਕੀਤਾ। ਜਦੋਂ ਉਹ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਏ ਤਾਂ ਉਨ੍ਹਾਂ ਦੇ ਹੱਥਾਂ ਵਿਚ ਜਿਹੜੇ ਬੈਨਰ ਫੜ੍ਹੇ ਹੋਏ ਸਨ, ਉਨ੍ਹਾਂ ’ਤੇ ਲਿਖਿਆ ਹੋਇਆ ਸੀ ‘ਗੁਰੂ ਤੇਗ ਬਹਾਦਰ ਜੀ ਦਾ ਬਲਿਦਾਨ ਯਾਦ ਰੱਖੇਗਾ ਹਿੰਦੁਸਤਾਨ’।

ਇਸ ਵੱਡੇ ਕਾਫ਼ਲੇ ਦੇ ਰੂਪ ਵਿਚ ਆਏ ਸ਼ਰਨਾਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲੀਦਾਨ ਲਈ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੌਜੂਦਾ ਸਮੇਂ ਵਿਚ ਉਨ੍ਹਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ ਹੌਂਸਲੇ ਅਤੇ ਤਾਕਤ ਲਈ ਅਰਦਾਸ ਵੀ ਕੀਤੀ। ਫਰਕ ਕੇਵਲ ਇਨਾਂ ਹੈ ਕਿ ਉਸ ਵੇਲੇ ਮੁਗ਼ਲਾਂ ਦਾ ਰਾਜ ਸੀ, ਪਰ ਹੁਣ ਦੇਸ਼ ਅਜ਼ਾਦ ਹੈ ਅਤੇ ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੀ ਜਦੋਂ ਉਹ ਇਸ ਧਰਮ-ਨਿਰਪੱਖ ਦੇਸ਼ ਦੇ ਵਸਨੀਕ ਹਨ ਤਾਂ ਉਨ੍ਹਾਂ ਨੂੰ ਆਪਣੇ ਜਾਨ-ਮਾਲ ਦੀ ਰਾਖੀ ਲਈ ਗੁਰੂ ‘ ਜੀ ਦੀ ਸ਼ਰਨ ਆਉਣਾ ਪਿਆ। ਇਸ ਉਪਰੋਕਤ ਕਥਨ ਤੋਂ ਇਕ ਹੋਰ ਗੱਲ ਸਾਹਮਣੇ ਆਉਂਦੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਉਨ੍ਹਾਂ (ਹਿੰਦੂਆਂ) ਦੇ ਧਾਰਮਿਕ ਚਿੰਨ੍ਹਾਂ ਦੀ ਰਖਵਾਲੀ ਲਈ ਦਿੱਤੇ ਗਏ ਬਲੀਦਾਨ ਨੂੰ ਭੁੱਲੇ ਨਹੀਂ ਅਤੇ ਇਹ ਯਾਦ ਅੱਜ ਵੀ ਉਨ੍ਹਾਂ ਦੇ ਮਨਾਂ ਵਿਚ ਸਮਾਈ ਹੋਈ ਹੈ।

ਗੁਰੂ ਜੀ ਦਾ ਮਹਾਨ ਬਲੀਦਾਨ ਅੱਜ ਵੀ ਧਰਮ ਦੀ ਸਹੀ ਸਕਰਿਪਟ ਨੂੰ ਸਮਝਣ ਵਾਲੇ ਵਿਅਕਤੀਆਂ ਲਈ ਮਾਰਗ- ਦਰਸ਼ਨ ਦਾ ਕੰਮ ਕਰ ਰਿਹਾ ਹੈ। ਮੌਜੂਦਾ ਸਮੇਂ ਵਿਚ ਜਦੋਂ ਅਸੀਂ ਵਿਭਿੰਨ ਧਰਮਾਂ ਅਤੇ ਵਿਸ਼ਵਾਸਾਂ ਵਾਲੇ ਸਮਾਜ ਦਾ ਅੰਗ ਹਾਂ ਅਤੇ ਸਮਾਜ ਨੂੰ ਅੱਗੇ ਵੱਧਦੇ ਹੋਏ ਦੇਖਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਵੀ ਵਿਕਸਿਤ ਮੁਲਕਾਂ ਵਾਲੀਆਂ ਸਹੂਲਤਾਂ ਪ੍ਰਾਪਤ ਹੋਣ, ਸਾਡਾ ਦੇਸ਼ ਵੀ ਆਰਥਿਕ ਅਤੇ ਵਿਗਿਆਨਿਕ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇ, ਸਾਡੇ ਬੱਚੇ ਰੁਜ਼ਗਾਰ ਪ੍ਰਾਪਤ ਕਰਨ ਲਈ ਬਾਹਰ ਜਾ ਰਹੇ ਹਨ ਅਤੇ ਇੱਥੇ ਹੀ ਅਜਿਹਾ ਮਾਹੌਲ ਪੈਦਾ ਹੋਏ ਕਿ ਅਸੀਂ ਪੀੜ੍ਹੀਆਂ ਤਕ ਇਸ ਮੁਲਕ ਦੀ ਤਰੱਕੀ ਵਿਚ ਹਿੱਸਾ ਪਾਉਂਦੇ ਰਹੀਏ, ਤਾਂ ਸਾਡੇ ਲਈ ਇਹ ਬਹੁਤ ਹੀ ਜ਼ਰੂਰੀ ਹੈ ਕਿ ਆਪਸੀ ਸਦਭਾਵਨਾ, ਸੁਹਿਰਦਤਾ, ਸਹਿਹੋਂਦ ਅਤੇ ਸੱਚਾਈ ਵਾਲਾ ਮਾਹੌਲ ਕਾਇਮ ਹੋਵੇ, ਕਿਉਂਕਿ ਧਰਮ ਦੇ ਨਾਂ ’ਤੇ ਸ਼ੁਰੂ ਹੋਇਆ ਕੋਈ ਵੀ ਵਿਵਾਦ ਵੱਡੇ ਸੰਕਟ ਦਾ ਕਾਰਨ ਬਣ ਸਕਦਾ ਅਤੇ ਇਹ ਸਦੀਆਂ ਤਕ ਸਾਡੇ ਲਈ ਪੀੜਾਦਾਇਕ ਸਾਬਤ ਹੋ ਸਕਦਾ ਹੈ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬਾਨ ਦੁਆਰਾ ਪ੍ਰਦਾਨ ਕੀਤਾ ਗਿਆ ਧਰਮ ਦਾ ਸੰਦੇਸ਼ ਅੱਜ ਵੀ ਲਾਹੇਵੰਦ ਹੈ, ਜਿਹੜਾ ਕਿ ਸਮਾਜ ਦੀਆਂ ਤੰਗ ਵਲਗਣਾਂ ਨੂੰ ਦੂਰ ਕਰ ਕੇ ਪ੍ਰੇਮ ਅਤੇ ਭਾਈਚਾਰੇ ਵਾਲੀ ਭਾਵਨਾ ਦਾ ਸੁਨੇਹਾ ਦਿੰਦਾ ਹੈ।


-ਡਾ. ਪਰਮਵੀਰ ਸਿੰਘ