ਅੰਤਰਜਾਤੀ ਸਿਖ ਵਿਆਹ ਦਾ ਸਭਿਆਚਾਰਕ ਸੰਕਟ,ਸ੍ਰੋਮਣੀ ਕਮੇਟੀ ਚੁਪ ਕਿਉਂ?
- ਧਾਰਮਿਕ/ਰਾਜਨੀਤੀ
- 16 Nov,2025
ਪਾਕਿਸਤਾਨ ਵਿੱਚ ਗੁੰਮ ਸਿੱਖ ਤੀਰਥ ਯਾਤਰੀ: ਸਰਬਜੀਤ ਕੌਰ ਬਣੀ ਨੂਰ ਹੁਸੈਨ
ਖਾਲਸਾ ਜੀ ਸੋਚੋ ਸਾਡਾ ਪ੍ਰਚਾਰ ਤੇ ਧਰਮ ਪ੍ਰਤੀ ਵਿਉਤਬੰਦੀ ਕਿਥੇ ,ਸਾਡੀ ਸਿੱਖ ਲੀਡਰਸ਼ਿਪ ਨਕਾਰਾ ਕਿਉਂ?
ਪ੍ਰੋਫੈਸਰ ਬਲਵਿੰਦਰਪਾਲ ਸਿੰਘ
ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਧਾਮ ਯਾਤਰਾ ਦੌਰਾਨ ਪਾਕਿਸਤਾਨ ਪਹੁੰਚੀ ਇੱਕ 48 ਸਾਲਾਂ ਦੀ ਸਿੱਖ ਔਰਤ ਦਾ ਅਚਾਨਕ ਗੁੰਮ ਹੋਣਾ ਨੇ ਨਾ ਸਿਰਫ਼ ਭਾਰਤੀ ਪੰਜਾਬ ਪੁਲਿਸ ਨੂੰ ਪਰੇਸ਼ਾਨ ਕੀਤਾ ਹੈ, ਸਗੋਂ ਪੂਰੇ ਸਿੱਖ ਪੰਥ ਨੂੰ ਡੂੰਘੀ ਸੋਚ ਵਿੱਚ ਪਾ ਦਿੱਤਾ ਹੈ। ਸਰਬਜੀਤ ਕੌਰ, ਜੋ ਹੁਣ ਨੂਰ ਹੁਸੈਨ ਦੇ ਨਾਮ ਨਾਲ ਜਾਣੀ ਜਾਂਦੀ ਹੈ, ਨੇ ਪਾਕਿਸਤਾਨ ਦੇ ਸ਼ੇਖੂਪੁਰਾ ਜ਼ਿਲ੍ਹੇ ਵਿੱਚ ਇੱਕ 43 ਸਾਲਾਂ ਦੇ ਮੁਸਲਮਾਨ ਮਰਦ ਨਾਸਰ ਹੁਸੈਨ ਨਾਲ ਨਿਕਾਹ ਕਰਵਾ ਲਿਆ। ਇਸ ਘਟਨਾ ਨੇ ਸਿੱਖ ਪੰਥ ਵਿੱਚ ਅਨਮਤੀ ਵਰਤਾਰੇ ਦੀਆਂ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਹੈ। ਇਹ ਘਟਨਾ ਸਿੱਖ ਪੰਥ ਲਈ ਇੱਕ ਵੱਡੇ ਸਾਮਾਜਿਕ ਅਤੇ ਧਾਰਮਿਕ ਸੰਕਟ ਦਾ ਪ੍ਰਤੀਬਿੰਬ ਹੈ।
ਸਰਬਜੀਤ ਅਮਨੀਪੁਰ ਪਿੰਡ ਵਿੱਚ ਆਪਣੇ ਦੋ ਬੇਟਿਆਂ ਨਾਲ ਰਹਿੰਦੀ ਸੀ। ਉਸ ਦਾ ਆਪਣੇ ਪਤੀ ਕਰਨੈਲ ਸਿੰਘ, ਨਾਲ ਤਲਾਕ ਹੋ ਗਿਆ ਸੀ। ਉਹ ਪਿਛਲੇ 15 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ, ਤਲਾਕ ਤੋਂ ਬਾਅਦ ਸਰਬਜੀਤ ਨੇ ਆਪਣੇ ਬੱਚਿਆਂ ਨੂੰ ਇਕੱਲਿਆਂ ਪਾਲਿਆ ਅਤੇ ਘਰੇਲੂ ਕੰਮਾਂ ਨਾਲ ਗੁਜ਼ਾਰਾ ਚਲਾਇਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਤਾਪ ਸਿੰਘ ਨੇ ਕਿਹਾ, "ਸ੍ਰੋਮਣੀ ਕਮੇਟੀ ਨੇ ਸਿਰਫ਼ ਯਾਤਰੀਆਂ ਦੇ ਨਾਮ ਸਿਫ਼ਾਰਸ਼ ਕੀਤੇ ਸਨ। ਪੁਲਿਸ ਵੈਰੀਫਿਕੇਸ਼ਨ ਅਤੇ ਸੁਰੱਖਿਆ ਦੀ ਜ਼ਿੰਮੇਵਾਰੀ ਭਾਰਤ ਸਰਕਾਰ ਅਤੇ ਕੇਂਦਰੀ ਏਜੰਸੀਆਂ ਦੀ ਹੈ। ਇਹ ਏਜੰਸੀਆਂ ਦੀ ਨਾਕਾਮੀ ਹੈ ਕਿ ਉਹ ਇਹ ਨਹੀਂ ਭਾਂਪ ਸਕੀਆਂ ਕਿ ਸਰਬਜੀਤ ਪਹਿਲਾਂ ਹੀ ਇੱਕ ਪਾਕਿਸਤਾਨੀ ਨਾਗਰਿਕ ਨਾਲ ਸੰਪਰਕ ਵਿੱਚ ਸੀ।" ਪਰਤਾਪ ਸਿੰਘ ਨੇ ਇਹ ਵੀ ਜੋੜਿਆ ਕਿ ਸਰਬਜੀਤ ਦੇ ਇਸ ਫੈਸਲੇ ਨੇ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ।
ਸਿੱਖ ਵਿਦਵਾਨ ਪਰਮਿੰਦਰ ਸਿੰਘ ਸ਼ੌਂਕੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਸਮੱਸਿਆ ਸਿਰਫ਼ ਇਹ ਨਹੀਂ ਕਿ ਇੱਕ ਸਿੱਖ ਬੀਬੀ ਨੇ ਮੁਸਲਮਾਨ ਨਾਲ ਵਿਆਹ ਕਰ ਲਿਆ। ਅਸਲ ਸਮੱਸਿਆ ਇਹ ਹੈ ਕਿ ਸਿੱਖ ਕੁੜੀਆਂ ਦੇ ਵਿਆਹ ਹਿੰਦੂਆਂ ਨਾਲ ਵੀ ਬਹੁਤ ਜ਼ਿਆਦਾ ਹੋ ਰਹੇ ਹਨ, ਜੋ ਅੰਕੜਿਆਂ ਤੋਂ ਵੀ ਵੱਧ ਹਨ। ਪਰ ਗੋਦੀ ਮੀਡੀਆ ਅਤੇ ਹਿੰਦੂਤਵੀ ਸ਼ਕਤੀਆਂ ਇਸ ਨੂੰ ਬਲੈਕ ਐਂਡ ਵਾਈਟ ਪਰਿਪੇਖ ਵਿੱਚ ਵਿਖਾਉਂਦੀਆਂ ਹਨ – ਮੁਸਲਮਾਨ ਨਾਲ ਵਿਆਹ ਨੂੰ ਅਪਰਾਧ ਵਜੋਂ ਅਤੇ ਹਿੰਦੂ ਨਾਲ ਨੂੰ ਆਮ ਗੱਲ ਵਜੋਂ।" ਵਿਦਵਾਨ ਸ਼ੌਂਕੀ ਨੇ ਉਦਾਹਰਣਾਂ ਵੀ ਦਿੱਤੀਆਂ ਕਿ ਦਿੱਲੀ, ਯੂਪੀ, ਉੱਤਰਾਖੰਡ ਅਤੇ ਪੰਜਾਬ ਵਿੱਚ ਹਜ਼ਾਰਾਂ ਸਿੱਖ ਕੁੜੀਆਂ ਹਿੰਦੂ ਪਰਿਵਾਰਾਂ ਵਿੱਚ ਵਿਆਹੇ ਜਾ ਰਹੀਆਂ ਹਨ ਅਤੇ ਉਨ੍ਹਾਂ ਦੀ ਔਲਾਦ ਹਿੰਦੂ-ਸਿੱਖ ਮਿਲੇਜੁਲੇ ਰੀਤੀ-ਰਿਵਾਜ਼ ਅਪਣਾਉਂਦੀ ਹੈ। "ਕੀ ਅਜਿਹੀ ਔਲਾਦ ਸਿੱਖ ਰਹਿ ਸਕਦੀ ਹੈ? ਇਹ ਅਨਮਤੀ ਵਰਤਾਰਾ ਸਿੱਖ ਸਭਿਆਚਾਰ ਉੱਤੇ ਭਾਰੀ ਪੈ ਰਿਹਾ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਮੁਖ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਵੀ ਟਿੱਪਣੀ ਕੀਤੀ, "ਸ੍ਰੋਮਣੀ ਕਮੇਟੀ ਨੂੰ ਸਿੱਖੀ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਪਰ ਉਹ ਇਸ ਮਾਮਲੇ ਵਿਚ ਏਜੰਸੀਆਂ ਨੂੰ ਦੋਸ਼ ਦੇਕੇ ਇਸ ਸਿੱਖ ਵਿਰੋਧੀ ਸਭਿਆਚਾਰਕ ਵਰਤਾਰੇ ਤੋਂ ਸੁਰਖਰੂ ਹੋਣਾ ਚਾਹੁੰਦੀ ਹੈ ਤੇ ਪੰਥਕ ਸੰਕਟ ਲਈ ਆਪਣੀ ਜਿੰਮੇਵਾਰੀ ਨਹੀਂ ਸਮਝ ਰਹੀ। ਖਾਲਸਾ ਨੇ ਕਿਹਾ ਕਿ ਅਸੀਂ ਤੀਸਰਾ ਪੰਥ ਹਾਂ – ਹਿੰਦੂ ਜਾਂ ਮੁਸਲਮਾਨ ਨਹੀਂ। ਸਾਡੇ ਰਿਸ਼ਤੇ ਸਿੱਖ ਪਰਿਵਾਰਾਂ ਵਿੱਚ ਹੀ ਹੋਣੇ ਚਾਹੀਦੇ ਹਨ, ਜਿਵੇਂ ਸਿੱਖ ਮਰਿਆਦਾ ਵਿੱਚ ਲਿਖਿਆ ਹੈ।" ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਸਤਾਬਦੀਆਂ ਮਨਾਕੇ ਰਵਾਇਤੀ ਕਾਰਜ ਕਰ ਰਹੀ ਹੈ ,ਪੰਥਕ ਸੰਕਟਾਂ ਦੇ ਹੱਲ ਨਹੀਂ ਲਭ ਰਹੀ।
ਇੱਕ ਹੋਰ ਪੱਖ ਤੋਂ, ਸਿੱਖ ਬੁਧੀਜੀਵੀ ਡਾਕਟਰ ਪਰਮਜੀਤ ਸਿੰਘ ਮਾਨਸਾ ਨੇ ਕਿਹਾ ਕਿ " ਗਰੀਬ ਸਿੱਖ ਈਸਾਈ ਬਣ ਰਹੇ ਹਨ, ਸਿੱਖ ਕੁੜੀਆਂ ਹਿੰਦੂ-ਮੁਸਲਮਾਨਾਂ ਨਾਲ ਵਿਆਹ ਕਰ ਰਹੀਆਂ ਹਨ, ਮੁੰਡੇ ਗੈਂਗਸਟਰਵਾਦ ਅਤੇ ਨਸ਼ਿਆਂ ਵਿੱਚ ਫਸ ਰਹੇ ਹਨ। ਸ੍ਰੋਮਣੀ ਕਮੇਟੀ ਨੇ ਇਨ੍ਹਾਂ ਸਮੱਸਿਆਵਾਂ ਲਈ ਕੋਈ ਮੁਹਿੰਮ ਨਹੀਂ ਵਿਢੀ। ਜੇ ਉਹ ਪਾਕਿਸਤਾਨ ਜਾਣ ਵਾਲੇ ਜਥਿਆਂ ਉੱਤੇ ਸੁਰੱਖਿਆ ਏਜੰਸੀਆਂ ਵਲੋਂ ਸਖ਼ਤੀ ਦੀ ਗੱਲ ਕਰੇਗੀ, ਤਾਂ ਇਹ ਸਿੱਖ ਸ਼ਰਧਾਲੂਆਂ ਲਈ ਰੁਕਾਵਟਾਂ ਪੈਦਾ ਕਰੇਗੀ। ਉਹ ਅਜਿਹੇ ਬਿਆਨ ਦੇ ਕੇ ਪੰਥ ਲਈ ਅੜਚਨਾਂ ਖੜ੍ਹੀਆਂ ਕਰ ਰਹੀ ਹੈ।"
ਸਿੱਖਾਂ ਦੇ ਦੂਜੇ ਧਰਮਾਂ ਵਿਚ ਵਿਆਹ ਇਕ ਸਭਿਆਚਾਰਕ ਸੰਕਟ
ਸਿੱਖ ਕੁੜੀਆਂ ਵਿੱਚ ਦੂਜੇ ਧਰਮਾਂ ਵਿਚ ਵਿਆਹਾਂ ਦਾ ਰੁਝਾਨ ਵਧ ਰਿਹਾ ਹੈ, ਜੋ ਸਿੱਖ ਪੰਥ ਨੂੰ ਸਭਿਆਚਾਰਕ ਸੰਕਟ ਵਿੱਚ ਪਾ ਰਿਹਾ ਹੈ। ਇੱਕ ਅਧਿਐਨ ਅਨੁਸਾਰ ਪੰਜਾਬ ਵਿੱਚ 20% ਤੋਂ ਵੱਧ ਵਿਆਹ ਹੁਣ ਅੰਤਰਧਰਮੀ ਹਨ, ਜਿਨ੍ਹਾਂ ਵਿੱਚ ਹਿੰਦੂ-ਸਿੱਖ ਵਿਆਹ ਸਭ ਤੋਂ ਵੱਧ ਹਨ। ਹਾਲਾਂਕਿ ਮੁਸਲਮਾਨਾਂ ਨਾਲ ਵਿਆਹ ਨਾਮਾਤਰ ਹਨ, ਪਰ ਜਦੋਂ ਮੁਸਲਮਾਨਾਂ ਨਾਲ ਹੁੰਦੇ ਹਨ ਤਾਂ ਮੀਡੀਆ ਵਿੱਚ ਵੱਡੀ ਚਰਚਾ ਹੁੰਦੀ ਹੈ।ਪਰ ਹਿੰਦੂ ਨਾਲ ਵਿਆਹ ਉਪਰ ਗੋਦੀ ਮੀਡੀਆ ਚੁਪ ਹੈ। ਸਿੱਖ ਗੁਰੂ ਸਾਹਿਬਾਨ ਨੇ ਹਮੇਸ਼ਾ ਆਪਣੀ ਵੱਖਰੀ ਪਛਾਣ ਉੱਤੇ ਜ਼ੋਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ 'ਤੀਸਰਾ ਪੰਥ' ਕਿਹਾ, ਜੋ ਹਿੰਦੂ-ਮੁਸਲਮਾਨਾਂ ਤੋਂ ਵੱਖਰਾ ਹੈ। ਪਰ ਅੱਜ ਕਲ੍ਹ ਵਿੱਚ ਇਹ ਪਛਾਣ ਖ਼ਤਰੇ ਵਿੱਚ ਹੈ। ਸ੍ਰੋਮਣੀ ਕਮੇਟੀ ਇਸ ਸੰਕਟ ਬਾਰੇ ਚੁਪ ਹੈ। ਉਹ ਅੰਤਰਧਰਮੀ ਵਿਆਹਾਂ ਵਿਰੁੱਧ ਜਾਗਰੂਕਤਾ ਮੁਹਿੰਮ ਨਹੀਂ ਚਲਾ ਰਹੀ। ਸਿੱਖ ਮਰਿਆਦਾ ਵਿੱਚ ਲਿਖਿਆ ਹੈ ਕਿ ਰਿਸ਼ਤੇ ਸਿੱਖ ਪਰਿਵਾਰਾਂ ਵਿੱਚ ਹੀ ਹੋਣ। ਪਰ ਸ੍ਰੋਮਣੀ ਕਮੇਟੀ ਇਸ ਦਾ ਪ੍ਰਚਾਰ ਨਹੀਂ ਕਰ ਸਕੀ। ਇਸ ਨਾਲ ਜੁੜੀ ਇੱਕ ਹੋਰ ਚੁਣੌਤੀ ਨਸ਼ਾ ਅਤੇ ਅਪਰਾਧ ਹੈ। ਪੰਜਾਬ ਵਿੱਚ ਹਰ ਚੌਥਾ ਜਵਾਨ ਨਸ਼ੇ ਵਿੱਚ ਫਸਿਆ ਹੈ, ਜੋ ਸਿੱਖ ਨੌਜਵਾਨਾਂ ਨੂੰ ਗੈਂਗਸਟਰ ਬਣਾ ਰਿਹਾ ਹੈ। ਸ੍ਰੋਮਣੀ ਕਮੇਟੀ ਨੇ ਇਸ ਲਈ ਵੀ ਕੋਈ ਵੱਡੀ ਪਹਿਲ ਨਹੀਂ ਕੀਤੀ।
Posted By:
GURBHEJ SINGH ANANDPURI
Leave a Reply