ਦਰਬਾਰ ਸਾਹਿਬ ਦਾ ਬਦਲਾ, ਇੰਦਰਾ ਗਾਂਧੀ ਦਾ ਸੋਧਾ
- ਗੁਰਬਾਣੀ-ਇਤਿਹਾਸ
- 30 Oct,2025

ਦਰਬਾਰ ਸਾਹਿਬ ਦਾ ਬਦਲਾ, ਇੰਦਰਾ ਗਾਂਧੀ ਦਾ ਸੋਧਾ
ਅਜਿਹੇ ਅਣਖੀਲੇ ਜੁਝਾਰੂ ਬੱਬਰ ਸ਼ੇਰਾਂ ਵਿੱਚੋਂ ਹਨ, ਸ਼ਹੀਦ ਸ. ਬੇਅੰਤ ਸਿੰਘ ਮਲੋਆ। ਸ. ਬੇਅੰਤ ਸਿੰਘ ਦਾ ਜਨਮ ਪਿਤਾ ਸ: ਸੁੱਚਾ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ੪ ਮਈ ਸੰਨ ੧੯੫੦ ਨੂੰ ਪਿੰਡ ਮਲੋਆ (ਨੇੜੇ ਚੰਡੀਗੜ੍ਹ) ਵਿਖੇ ਹੋਇਆ। ਸ: ਬੇਅੰਤ ਸਿੰਘ ਹੁਰੀਂ ਪੰਜ ਭਰਾ ਤੇ ਇਕ ਭੈਣ ਹਨ। ਵੱਡੇ ਭਰਾ ਸ: ਸਮਸ਼ੇਰ ਸਿੰਘ, ਗੁਰਦਰਸ਼ਨ ਸਿੰਘ ਦੋਵੇਂ ਫਸਟ ਕਲਾਸ ਸੈਸ਼ਨ ਜੱਜ ਹਨ, ਭਾਈ ਸਾਹਿਬ ਬੇਅੰਤ ਸਿੰਘ ਜੀ ਤੀਜੀ ਥਾਂ ਸਨ, ਛੋਟੇ ਭਰਾ ਕਿਰਪਾਲ ਸਿੰਘ, ਦਲਜੀਤ ਸਿੰਘ ਤੇ ਛੋਟੀ ਭੈਣ ਗੁਰਦਿਆਲ ਕੌਰ ਹੈ। ਸ਼ਹੀਦ ਭਾਈ ਬੇਅੰਤ ਸਿੰਘ ਦਾ ਪਰਿਵਾਰ ਜੁਲਾਹਾ ਸਿੱਖ ਹੈ। ਆਪ ਜੀ ਦੇ ਦਾਦਾ ਗਿਆਨੀ ਪ੍ਰਤਾਪ ਸਿੰਘ ਜੀ ਨੇ ਸੰਨ 1905 ਵਿਚ ਜਦੋਂ ਇੱਕ ਸਿੱਖ ਪ੍ਰਚਾਰਕ ਪਿੰਡ ਮਲੋਆ ਸਿੱਖੀ ਦਾ ਪ੍ਰਚਾਰ ਕਰਨ ਆਇਆ, ਤਾਂ ਸਿੱਖ ਧਰਮ ਦੇ ਉੱਚੇ ਸੁੱਚੇ ਅਸੂਲ, ਬਰਾਬਰ ਭਾਈਚਾਰਕ ਸਾਂਝ ਊਚ-ਨੀਚ ਦੇ ਬਿਨਾਂ ਭੇਦ ਭਾਵ, ਸੰਗਤ-ਪੰਗਤ, ਗੁਰਬਾਣੀ ਉਪਦੇਸ਼, ਖ਼ਾਲਸਈ ਰਵਾਇਤਾਂ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਨੂੰ ਬਹੁਤ ਸਾਰੇ ਦਲਿਤ ਪਰਿਵਾਰਾਂ ਦੇ ਨਾਲ ਆਪ ਵੀ ਸਿੱਖ ਧਰਮ ਨੂੰ ਅਪਣਾਇਆ ਤੇ ਅੰਮ੍ਰਿਤ ਛਕ ਕੇ ਸਿੰਘ ਸਰੂਪ ਧਾਰਨ ਕੀਤਾ। ਗਿਆਨੀ ਪ੍ਰਤਾਪ ਸਿੰਘ ਮਲੋਆ ਨੇ ਆਪ ਤੇ ਆਪਣੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਲਿਆ, ਭਾਈ ਬੇਅੰਤ ਸਿੰਘ ਦੀ ਉਮਰ ਉਸ ਸਮੇਂ ਇਕ ਸਾਲ ਸੀ। ਗਿਆਨੀ ਪ੍ਰਤਾਪ ਸਿੰਘ ਜੁਝਾਰੂ ਸਿੱਖ ਵਿਚਾਰਧਾਰਾ ਦੇ ਪੱਕੇ ਧਾਰਨੀ ਬਣ ਗਏ । ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ (ਪਾਕਿਸਤਾਨ) ਨਰਾਇਣ ਮਹੰਤ ਤੋਂ ਅਜ਼ਾਦ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਵਿਚ ਗਿਆਨੀ ਪ੍ਰਤਾਪ ਸਿੰਘ ਸਰਗਰਮ ਰਹੇ ਅਤੇ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਨਰਾਇਣੁ ਮਹੰਤ ਵੱਲੋਂ ਸਿੰਘਾਂ ਦੇ ਜਥੇ ਦੀ ਕਤਲੇਆਮ ਵੇਲੇ ਜਥੇ ਜੋ ਮੁੜ ਗਏ ਸਨ, ਉਨ੍ਹਾਂ ਵਿਚ ਗਿਆਨੀ ਪ੍ਰਤਾਪ ਸਿੰਘ ਵੀ ਸ਼ਾਮਲ ਸੀ । ਜਦੋਂ ਗੁਰਦੁਆਰਾ ਨਨਕਾਣਾ ਸਾਹਿਬ ਮਹੰਤਾਂ ਤੋਂ ਪੰਥ ਨੇ ਅਜ਼ਾਦ ਕਰਵਾ ਲਿਆ ਤਾਂ ਗ੍ਰੰਥੀ ਸਿੰਘ ਦੀ ਸੇਵਾ ਵੀ ਕਰਦੇ ਰਹੇ। ਗਿਆਨੀ ਪ੍ਰਤਾਪ ਸਿੰਘ ਦੇ ਘਰ ਭਗਵਾਨ ਕੌਰ ਦੀ ਕੁੱਖੋਂ ਪੰਜ ਪੁੱਤਰਾਂ ਤੇ ਤਿੰਨ ਪੁੱਤਰੀਆਂ ਨੇ ਜਨਮ ਲਿਆ। ਦਲੀਪ ਸਿੰਘ, ਸੁੱਚਾ ਸਿੰਘ (ਸ਼ਹੀਦ ਬੇਅੰਤ ਸਿੰਘ ਦੇ ਪਿਤਾ ਜੀ) ਮਨੀ ਸਿੰਘ, ਮੇਹਰ ਸਿੰਘ, ਅਖੰਡ ਕੀਰਤਨੀ ਜਥੇ 'ਚ, ਬਹਾਦਰ ਸਿੰਘ ਅਤੇ ਪੁੱਤਰੀਆਂ ਲਾਭ ਕੌਰ, ਗੁਰਨਾਮ ਕੌਰ, ਮਹਿਤਾਬ ਕੌਰ ਸਨ। ਬਾਪੂ ਸੁੱਚਾ ਸਿੰਘ ਬਚਪਨ ਵਿਚ ਆਪਣੇ ਸਾਥੀਆਂ ਨਾਲ ਪੰਡਤ ਕੋਲ ਪੜ੍ਹਨੇ ਪਏ, ਉਹ ਉਰਦੂ ਦੇ ਅੱਖ਼ਰ ਅਲਫ.ਬੇ.ਪੋ.ਜੇ. ਪੜ੍ਹਾਉਣ ਲੱਗਾ ਤਾਂ ਸੁੱਚਾ ਸਿੰਘ ਤੇ ਸਾਥੀ ਸਿੱਖ ਮੁੰਡਿਆਂ ਅਜੈਬ ਸਿੰਘ, ਸਤਵੰਤ ਸਿੰਘ, ਕਿਰਪਾਲ ਸਿੰਘ, ਹਰਨਾਮ ਸਿੰਘ, ਜਾਗਰ ਸਿੰਘ ਨੇ ਪੜ੍ਹਨੋਂ ਇਨਕਾਰ ਕਰ ਦਿੱਤਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲੀ ਗੁਰਮੁਖੀ ਪੜ੍ਹਨੀ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਵਾਲੀ ਗੁਰਮੁਖੀ ਪੰਜਾਬੀ ਸਾਨੂੰ ਪੜਾਉ। ਪੰਡਤ ਜੀ ਗੁਰਮੁਖੀ ਪੜ੍ਹੇ ਨਹੀਂ ਸਨ, ਇਸ ਕਰਕੇ ਉਸ ਕੋਲੋਂ ਹਟ ਕੇ ਬਾਬਾ ਭਗਵਾਨ ਦਾਸ ਜੀ ਤੋਂ ਗੁਰਮੁਖੀ ਅੱਖਰਾਂ ਦੀ ਸਿੱਖਿਆ ਲਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਦੇ ਪਾਠ ਦੀ ਸੰਥਿਆ ਲਈ। ਬਾਪੂ ਸੁੱਚਾ ਸਿੰਘ ਜੀ ਪਿਤਾ ਪੁਰਖੀ ਖੱਡੀ ਦਾ ਕੰਮ ਕਰਨ ਲੱਗ ਪਏ, ਹੱਥੀਂ ਤਿਆਰ ਕੀਤਾ ਕੱਪੜਾ, ਵਪਾਰੀ ਬਹੁਤ ਦੂਰ ਤਕ ਲੈ ਕੇ ਜਾਂਦੇ ਸਨ, ਖੱਡੀ ਦੇ ਕੰਮ 'ਚ ਚੰਗਾ ਮੁਨਾਫਾ ਤੇ ਵਧੀਆ ਕੰਮ ਚੱਲਿਆ ਸੀ, ਜਿਸ ਸਦਕਾ ਬਾਪੂ ਸੁੱਚਾ ਸਿੰਘ ਮਲੋਆ ਆਪਣੇ ਪੰਜ ਪੁੱਤਰਾਂ ਅਤੇ ਧੀ ਨੂੰ ਉੱਚ ਵਿਦਿਆ ਦਿਵਾਉਣ ਵਿਚ ਕਾਮਯਾਬ ਹੋ ਗਏ । ਦੋ ਪੁੱਤਰ ਸਮਸ਼ੇਰ ਸਿੰਘ, ਗੁਰਦਰਸ਼ਨ ਸਿੰਘ ਸੈਸ਼ਨ ਜੱਜ ਦੇ ਅਹੁਦੇ 'ਤੇ ਹਨ ਅਤੇ ਦੋ ਕਿਰਪਾਲ ਸਿੰਘ ਦਲਜੀਤ ਸਿੰਘ ਇੰਗਲੈਂਡ ਵਿਚ ਵੱਸੇ ਹੋਏ ਹਨ, ਸ਼ਹੀਦ ਸ: ਬੇਅੰਤ ਸਿੰਘ ਦਿੱਲੀ ਪੁਲਿਸ ਵਿਚ ਸਬ ਇੰਸਪੈਕਟਰ ਵਜੋਂ ਭਰਤੀ ਹੋਏ। ਸੰਨ ੧੯੬੦ ਵਿਚ ਸ਼ਹੀਦ ਬੇਅੰਤ ਸਿੰਘ 10 ਸਾਲ ਦੀ ਉਮਰ ਵਿਚ ਸੀ, ਨੇ ਵੀ ਅੰਮ੍ਰਿਤ ਛਕ ਲਿਆ । ਪਰ ਬਾਅਦ ਵਿਚ ਕਾਲਜ ਦੀ ਪੜ੍ਹਾਈ ਵੇਲੇ ਬੇਅੰਤ ਸਿੰਘ ਦਾ ਅੰਮ੍ਰਿਤ ਭੰਗ ਹੋ ਗਿਆ ਸੀ। ਪਰ ਸ: ਬੇਅੰਤ ਸਿੰਘ ਗੁਰੂ ਸਾਹਿਬਾਨ ਦਾ ਇਤਿਹਾਸ, ਕੁਰਬਾਨੀ ਅਠਾਰ੍ਹਵੀਂ ਸਦੀ ਦੇ ਸੂਰਬੀਰ ਬਹਾਦਰ ਯੋਧਿਆਂ ਦੇ ਸੂਰਮਗਤੀ ਭਰੇ ਕਾਰਨਾਮਿਆਂ ਤੋਂ ਬੇਹੱਦ ਪ੍ਰਭਾਵਿਤ ਸੀ, ਪਰ ਨਾਲ ਨਾਲ ਕਮਿਊਨਿਸਟ ਵਿਚਾਰਧਾਰਾ ਵੀ ਭਾਰੂ ਹੋ ਗਈ ਤੇ ਹਰ ਗੱਲ 'ਤੇ ਦੁਚਿੱਤੀ ਵਿਚ ਰਹਿਣ ਦਾ ਸੁਭਾ ਬਣ ਗਿਆ ਸੀ। ਭਾਈ ਬੇਅੰਤ ਸਿੰਘ ਨੇ ਦੁਬਾਰਾ ਅੰਮ੍ਰਿਤ, 24 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਸੋਧਣ ਤੋਂ ਸਿਰਫ ਇਕ ਹਫ਼ਤਾ ਪਹਿਲਾਂ ਛਕਿਆ ਸੀ। ਭਾਈ ਬੇਅੰਤ ਸਿੰਘ ਨੇ ਮੁੱਢਲੀਵਿਦਿਆ ਮਲੋਆ, ਤੀਰਾ ਹਮੀਰਪੁਰ ਅਤੇ ਖਾਲਸਾ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਸੈਕਟਰ 23 ਚੰਡੀਗੜ੍ਹ ਦੇ ਹਾਇਰ ਸੈਕੰਡਰੀ ਸਕੂਲ ਵਿਚੋਂ ਹਾਇਰ ਸੈਕੰਡਰੀ ਪਾਸ ਕੀਤੀ। ਬਾਅਦ ਵਿਚ ਸੈਕਟਰ 11 ਦੇ ਸਰਕਾਰੀ ਕਾਲਜ ਵਿਚ ਦਾਖਲ ਹੋਏ। ਇਸੇ ਹੀ ਸਮੇਂ (1969-70) ਵਿਚ ਉਨ੍ਹਾਂ ਪੰਜਾਬ ਯੂਨੀਵਰਸਿਟੀ ਤੋਂ ਰੂਸੀ ਭਾਸ਼ਾ ਡਿਪਲੋਮਾ ਪਾਸ ਕੀਤਾ ਤੇ ਬਾਅਦ ਵਿਚ ਦਿੱਲੀ ਚਲੇ ਗਏ, ਤੇ ਦਿੱਲੀ ਪੁਲਿਸ ਵਿਚ ਸਬ-ਇੰਸਪੈਕਟਰ ਵਜੋਂ ਭਰਤੀ ਹੋ ਗਏ। 1976 ਵਿਚ ਨਵੀਂ ਦਿੱਲੀ, ਬਿਸ਼ਨੂੰ ਗਾਰਡਨ ਦੇ ਤਰਖਾਣ ਸਿੱਖ ਸ: ਬਲਜੀਤ ਸਿੰਘ ਦੀ ਸਪੁੱਤਰੀ ਬਿਮਲ ਕੌਰ ਨਾਲ ਵਿਆਹ ਕਰਵਾਇਆ, ਬਿਮਲ ਕੌਰ ਉਸ ਸਮੇਂ ਲੇਡੀ ਹਾਰਡਿੰਗ ਹਸਪਤਾਲ ਵਿਚ ਨਰਸਿੰਗ ਦਾ ਕੋਰਸ ਕਰਦੀ ਸੀ, ਇਹ ਇਨ੍ਹਾਂ ਦਾ ਪ੍ਰੇਮ ਵਿਆਹ ਸੀ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਸੀ । ਇਨ੍ਹਾਂ ਦੇ ਦੋ ਪੁੱਤਰਾਂ ਤੇ ਇਕ ਲੜਕੀ ਨੇ ਜਨਮ ਲਿਆ ।ਭਾਈ ਬੇਅੰਤ ਸਿੰਘ ਦੀ ਨੌਕਰੀ ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੁੱਢਲੀ ਸੁਰੱਖਿਆ ਗਾਰਦ ਵਿਚ ਰਹੀ ਤੇ ਉਹਨਾਂ ਬੜੀ ਵਫਾਦਾਰੀ ਤੇ ਤਨਦੇਹੀ ਨਾਲ ਡਿਊਟੀ ਨੂੰ ਨਿਭਾਇਆ । ਜੂਨ 1984 ਵਿਚ ਇੰਦਰਾ ਗਾਂਧੀ (ਪ੍ਰਧਾਨ ਮੰਤਰੀ) ਦੇ ਹੁਕਮ 'ਤੇ ਸ੍ਰੀ ਹਰਿਮੰਦਰ ਸਾਹਿਬ 'ਤੇ ਵਰਤਾਇਆ ਫੌਜੀ ਹਮਲਾ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮਨਾਉਣ ਆਏ ਸਿੱਖਾਂ ਦੀ ਕਤਲੇਆਮ, ਸ੍ਰੀ ਹਰਿਮੰਦਰ ਸਾਹਿਬ ਨੂੰ ਭਾਰਤੀ ਫੌਜ ਦੀਆਂ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ, ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਢਾਹ ਦਿੱਤਾ। ਸਿੱਖਾਂ ਦੀ ਇੱਜ਼ਤ ਦੀ ਪੱਗ, ਹਿੰਦੁਸਤਾਨੀ ਸਰਕਾਰ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਪੈਰਾਂ ਹੇਠ ਰੋਲ ਦਿੱਤੀ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸਿੱਖ ਕੌਮ ਦੀ ਅਜ਼ਾਦੀ ਤੇ ਸਿੱਖ ਹੱਕਾਂ ਦੀ ਅਜ਼ਾਦੀ ਦੇ ਸੰਘਰਸ਼ ਨੂੰ ਭਾਈ ਬੇਅੰਤ ਸਿੰਘ ਅੱਤਵਾਦੀ ਕਾਰਵਾਈਆਂ ਹੀ ਮੰਨਦਾ ਸੀ ਤੇ ਸਹੀ ਅਰਥਾਂ ਵਿਚ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਦੇ ਨਾਅਰੇ ਦਾ ਮੁੱਦਈ ਸੀ। ਜੂਨ 1984 ਵਿਚ ਘੱਲੂਘਾਰੇ ਦੀ ਨਮੋਸ਼ੀ ਦੀ ਮਾਰੀ ਸਿੱਖ ਕੌਮ ਜਲਾਲਤ ਦੀ ਜ਼ਿੰਦਗੀ ਜੀਅ ਰਹੀ ਸੀ। ਅਗਸਤ 1984 'ਚ ਕਈ ਥਾਵਾਂ 'ਤੇ ਬਾਜ਼ ਆਉਣ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਬਾਜ਼ (ਪੰਛੀ) ਬਾਦਸ਼ਾਹੀ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਸਿੱਖ ਮਨਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੰਦੇਸ਼ ਪਹੁੰਚਾਉਣ ਦਾ ਦੂਤ ਮੰਨਿਆ ਜਾਂਦਾ ਹੈ। ਜਦੋਂ ਵੀ ਸਿੱਖ ਕੌਮ ਉੱਤੇ ਭੀੜ ਬਣਦੀ ਹੈ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਨੂੰ ਜ਼ੁਲਮ ਵਿਰੁੱਧ ਟੱਕਰ ਲੈਣ ਦਾ ਸੰਦੇਸ਼ ਬਾਜ਼ ਰਾਹੀਂ ਭੇਜ ਦੇਂਦੇ ਹਨ ਤੇ ਸਿੱਖ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਉਣ ਲੱਗ ਪੈਂਦੇ ਹਨ। ਇਹ ਹਕੀਕਤ ਤੌਰ ਤੇ ਸਚਿਆਈ ਹੈ ਕਿ ਜੂਨ 1984 ਦੇ ਘੱਲੂਘਾਰੇ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਉੱਪਰ ਹੋਏ ਹਿੰਦੁਸਤਾਨੀ ਸਰਕਾਰ ਦੇ ਫੌਜੀ ਹਮਲੇ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼, ਪੰਜਾਬ ਦੇ ਗੁਰਦੁਆਰਿਆਂ 'ਚ ਆਮ ਥਾਵਾਂ 'ਤੇ ਆਇਆ। ਬਾਜ਼ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦੇ ਥੜ੍ਹੇ 'ਤੇ ਆ ਕੇ ਬੈਠ ਜਾਂਦਾ, ਸਿੱਖ ਸੰਗਤਾਂ ਦਰਸ਼ਨ ਕਰਨ ਲਈ ਜਾਂਦੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਅਰੰਭ ਹੋ ਜਾਂਦੇ । ਭੋਗ ਪੈਂਦਾ, ਅਰਦਾਸ ਉਪਰੰਤ ਦੇਗ ਦਾ ਪ੍ਰਸ਼ਾਦ ਜੋ ਸੰਗਤ ਕੌਲ ਵਿਚ ਪਾ ਕੇ ਅੱਗੇ ਰੱਖ ਦੇਂਦੀਆਂ, ਬਾਜ਼ ਪ੍ਰਸ਼ਾਦ ਛਕ ਕੇ ਉੱਡ ਜਾਂਦਾ, ਇਹ ਕੌਤਕ ਪੰਜਾਬ ਅੰਦਰ ਆਮ ਹੀ ਵੇਖਿਆ ਗਿਆ।ਜੂਨ 1984 ਤੋਂ ਬਾਅਦ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਾਜ਼ ਆਇਆ, ਨਿਸ਼ਾਨ ਸਾਹਿਬ ਦੇ ਬੜ੍ਹਾ ਸਾਹਿਬ 'ਤੇ ਬੈਠ ਗਿਆ । ਹਜ਼ਾਰਾ ਦੀ ਗਿਣਤੀ ਵਿਚ ਸਿੱਖ ਸੰਗਤਾਂ ਦਰਸ਼ਨ ਕਰਨ ਆਈਆਂ। ਜਿਨ੍ਹਾਂ ਵਿਚ ਸ਼ਹੀਦ ਸ: ਕਿਹਰ ਸਿੰਘ ਮੁਸਤਫਾਬਾਦ, ਜੋ ਦਿੱਲੀ ਸਿਵਲੀਅਨ ਮਹਿਕਮੇ ਵਿਚ ਕਲਰਕ ਦੀ ਨੌਕਰੀ ਕਰਦਾ ਸੀ ਤੇ ਬੇਅੰਤ ਸਿੰਘ ਦਾ ਰਿਸ਼ਤੇਦਾਰੀ ਵਿਚ ਫੁੱਫੜ ਲੱਗਦਾ ਸੀ, ਬਾਜ਼ ਦੇ ਦਰਸ਼ਨ ਕਰਕੇ ਸ਼ਾਮ ਨੂੰ ਵਾਪਸ ਆ ਰਿਹਾ ਸੀ । ਐਤਵਾਰ ਦਾ ਦਿਨ ਸੀ; ਅੱਗੋਂ ਭਾਈ ਬੇਅੰਤ ਸਿੰਘ ਮਿਲ ਪਿਆ, ਕਹਿੰਦਾ-ਫੁੱਫੜ ਜੀ! ਅੱਗੇ ਤਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਛੇਤੀ ਆ ਜਾਂਦੇ ਸੀ, ਮੈਂ ਦੋ ਵਾਰ ਮਿਲਣ ਗਿਆ ਤੁਸੀਂ ਮਿਲੇ ਨਹੀਂ ? ਭਾਈ ਕਿਹਰ ਸਿੰਘ ਜੋ ਧਾਰਮਿਕ ਵਿਚਾਰਾਂ ਦਾ ਤੇ ਸਿੱਖੀ ਦੀ ਜੁਝਾਰੂ ਵਿਚਾਰਧਾਰਾ ਦਾ ਧਾਰਨੀ ਸੀ ਕਹਿੰਦਾ-ਬੇਅੰਤ ਸਿੰਘ । ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਆਇਆ, ਦਰਸ਼ਨ ਕਰਦਿਆਂ ਸਾਰਾ ਦਿਨ ਲੰਘ ਗਿਆ । ਤੂੰ ਵੀ ਦਰਸ਼ਨ ਕਰ ਆਉਣੇ ਸੀ । ਬੇਅੰਤ ਸਿੰਘ ਕਹਿੰਦਾ-ਫੁੱਫੜ ਜੀ, ਤੁਸੀਂ ਵੀ ਬਹੁਤੇ ਭੋਲੇ ਜੇ, ਗੁਰੂ ਗੋਬਿੰਦ ਸਿੰਘ ਜੀ ਦਾ ਬਾਜ਼ ਕਾਹਦਾ ਆਉਣਾ, ਕੋਈ ਲਗੜ ਚਿੜੀ ਜਹੀ ਕਿਤੇ ਬਨ੍ਹੇਰੇ 'ਤੇ ਆ ਕ ਬੈਠ ਜਾਵੇ, ਸਿੱਖ ਪਾਗ਼ਲਾਂ ਵਾਂਗ ਰੌਲਾ ਪਾਈ ਜਾਂਦੇ । ਅੱਗੇ ਤੁਹਾਡੇ ਵਰਗੇ ਅਫਵਾਹਾਂ ਫੈਲਾਉਣ ਵਾਲਿਆਂ ਨੇ ਪੰਜਾਬ ਦੇ ਹਾਲਾਤ ਵਿਗਾੜ ਦਿੱਤੇ, ਸਰਕਾਰ ਨੇ ਸਖਤੀ ਵਰਤ ਕੇ ਹਾਲਾਤ 'ਤੇ ਕਾਬੂ ਪਾਇਆ, ਹੁਣ ਤੁਸੀਂ ਝੱਲੇ ਹੋਏ ਫਿਰਦੇ। ਮੈਂ ਨਹੀਂ ਐਹੋ ਜਿਹੀਆਂ ਗੱਲਾਂ 'ਤੇ ਵਿਸ਼ਵਾਸ ਰੱਖਦਾ। ਬੇਅੰਤ ਸਿੰਘ ਦੀਆਂ ਖਰ੍ਹਵੀਆਂ ਗੱਲਾਂ ਨੇ ਦਰਵੇਸ਼ ਕਿਹਰ ਸਿੰਘ ਦੇ ਕੋਮਲ ਮਨ ਨੂੰ ਠੇਸ ਪਹੁੰਚਾਈ। ਦੋਵੇਂ ਆਪੋ ਆਪਣੇ ਘਰਾਂ ਦੇ ਰਸਤੇ ਪੈ ਗਏ। ਅਗਲੇ ਦਿਨ ਬੇਅੰਤ ਸਿੰਘ ਡਿਊਟੀ 'ਤੇ ਗਿਆ ਤਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਗਾਰਦ ਵਿਚ ਤਾਇਨਾਤ ਸ: ਬਲਬੀਰ ਸਿੰਘ ਸਬ-ਇੰਸਪੈਕਟਰ ਨੇ ਬੇਅੰਤ ਸਿੰਘ ਨਾਲ ਗੱਲ ਛੇੜੀ-ਭਾਈ ਬੇਅੰਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਦਾ ਬਾਜ਼, ਸਿੱਖਾਂ ਨੂੰ ਵੰਗਾਰਦਾ, ਕਹਿੰਦਾ ਕੁਝ ਕਰੋ ਜਾਂ ਮਰੋ ? ਬੇਅੰਤ ਸਿੰਘ ਕਹਿੰਦਾ-ਬਲਬੀਰ ਸਿੰਘ, ਮੈਂ ਨਹੀਂ ਇਹੋ ਜਿਹੀਆਂ ਕੱਚੀਆਂ ਗੱਲਾਂ ਨੂੰ ਮੰਨਦਾ । ਬਲਬੀਰ ਸਿੰਘ ਕਹਿੰਦਾ-ਭਾਈ ਬੇਅੰਤ ਸਿੰਘ, ਤੂੰ ਕਿਵੇਂ ਮੰਨੇਗਾ ? ਬੇਅੰਤ ਸਿੰਘ ਕਹਿੰਦਾ-ਜੇ ਬਾਜ਼ ਮੇਰੇ ਹੱਥ ਉੱਤੇ ਆ ਕੇ ਬੈਠ ਜਾਵੇ, ਫਿਰ ਮੰਨਾਂਗਾ ਹੀ ਨਹੀਂ, ਜੋ ਸਿੱਖ ਚਾਹੁੰਦੇ ਕਰਾਂਗਾ ਵੀ। ਇੰਨੀ ਗੱਲ ਕਰਦਿਆਂ ਬਾਜ਼ ਉੱਡਦਾ ਹੋਇਆ, ਟਾਹਲੀ ਉਤੇ ਬੈਠ ਗਿਆ, ਹੇਠਾਂ ਦੋਵੇਂ ਸਿੱਖ ਇੰਸਪੈਕਟਰ ਡਿਊਟੀ ਉੱਤੇ ਹੀ ਹੋਲੀ ਹੌਲੀ ਪੰਜਾਬੀ ਵਿਚ ਗੱਲਾਂ ਕਰ ਰਹੇ ਸਨ । ਲਾਗੇ ਇੰਡੋ ਤਿੱਬਤੀ ਪੁਲਿਸ ਦੇ ਜਵਾਨ ਵੀ ਸਨ। ਉਹ ਪੰਜਾਬੀ ਨੂੰ ਸਮਝ ਨਹੀਂ ਸੀ ਸਕਦੇ। ਟਾਹਲੀ 'ਤੇ ਬੈਠਾ ਬਾਜ਼ ਵੇਖ ਕੇ ਬਲਬੀਰ ਸਿੰਘ ਨੇ ਕਿਹਾ-ਭਾਈ ਬੇਅੰਤ ਸਿੰਘ! ਗੁਰੂ ਸਾਹਿਬ ਨੇ ਬਾਜ਼ ਭੇਜ ਦਿੱਤਾ, ਆਪਾਂ ਨੂੰ ਸੁਨੇਹਾ ਦੇਂਦਾ, ਅਸੀਂ ਸਮਝ ਨਹੀਂ ਰਹੇ । ਬੇਅੰਤ ਸਿੰਘ ਕਹਿੰਦਾ-ਬਲਬੀਰ ਸਿੰਘ, ਜੇ ਗੁਰੂ ਸਾਹਿਬ ਦਾ ਬਾਜ਼ ਸਾਨੂੰ ਸੱਚਮੁੱਚ ਕੁਰਬਾਨੀ ਕਰਨ ਦਾ ਸੁਨੇਹਾ ਦੇਣ ਆਇਆ, ਮੇਰੇ ਹੱਥ 'ਤੇ ਬੈਠ ਜਾਵੇ, ਮੈਂ ਹਰ ਤਰ੍ਹਾਂ ਦੀ ਕੁਰਬਾਨੀ ਕਰਾਂਗਾ।ਬੇਅੰਤ ਸਿੰਘ ਕੋਈ ਹੋਰ ਗੱਲ ਕਰਦਾ, ਬਾਜ਼ ਟਾਹਲੀ ਤੋਂ ਉੱਡ ਕੇ ਬੇਅੰਤ ਸਿੰਘ ਦੇ ਹੱਥ ਉਤੇ ਬੈਠ ਗਿਆ, ਫਿਰ ਕੀ ਸੀ, ਬੇਅੰਤ ਸਿੰਘ ਦੇ ਮਨ ਉੱਤੋਂ ਨਾਸਤਿਕਤਾ ਦੀਆਂ ਸਾਰੀਆਂ ਪਰਤਾਂ ਲਹਿ ਗਈਆਂ। ਅੱਖਾਂ ਵਿੱਚੋਂ ਹੰਝੂ ਵਗੀ ਜਾਣ, ਦੇਸ਼ ਦੀ ਏਕਤਾ ਅਖੰਡਤਾ ਦਾ ਮੁੱਦਈ, ਸ੍ਰੀ ਹਰਿਮੰਦਰ ਸਾਹਿਬ ਛਲਣੀ ਹੋਏ, ਸ੍ਰੀ ਅਕਾਲ ਤਖਤ ਸਾਹਿਬ ਢੱਠੇ ਹੋਏ ਅਤੇ ਹਜ਼ਾਰਾਂ ਸਿੱਖਾਂ ਦੇ ਹਰਿਮੰਦਰ ਸਾਹਿਬ ਹੋਏ ਕਤਲੇਆਮ ਜੋ ਲੋਕਾਂ ਤੋਂ ਸੁਣੇ ਸੀ, ਉਸਦੀ ਤਸਵੀਰ ਅੱਖਾਂ ਸਾਹਮਣੇ ਆ ਗਈ ਅਤੇ ਹਿੰਦੁਸਤਾਨੀ ਮੋਹ ਵੀ ਜਾਂਦਾ ਰਿਹਾ। ਬਲਬੀਰ ਸਿੰਘ ਤੇ ਇੰਡੋ ਤਿੱਬਤੀਅਨ ਗਾਰਦ ਦੇ ਜਵਾਨ ਵੀ ਅਜਬ - ਨਜ਼ਾਰੇ ਵੇਖ ਰਹੇ ਸਨ । ਖਾਕੀ ਵਰਦੀ ਵਿਚ ਪੁਲਿਸ ਇੰਸਪੈਕਟਰ ਦੇ ਹੱਥ 'ਤੇ ਬਾਜ਼ ਬੈਠਾ, ਜੂਨ 1984 'ਚ ਘੱਲੂਘਾਰਾ ਸ੍ਰੀ ਹਰਿਮੰਦਰ ਸਾਹਿਬ 'ਚ ਸਿੱਖਾਂ ਦੀ ਇੱਜ਼ਤ ਦੀ ਰੁਲੀ ਪੱਗ ਨੂੰ ਸਿੱਖਾਂ ਦੇ ਸਿਰਾਂ ਉਤੇ ਚੁੱਕ ਕੇ ਰੱਖਣ ਦਾ ਸੁਨੇਹਾ ਦੇ ਰਿਹਾ ਸੀ। ਮੋਟੀਆਂ ਲਾਲ ਸੂਹੀਆਂ ਅੱਖਾਂ (ਬਾਜ਼ ਦੀਆਂ) ਬੇਅੰਤ ਸਿੰਘ ਦੇ ਚਿਹਰੇ 'ਤੇ ਟਿਕੀਆਂ ਹੋਈਆਂ ਸਨ ਤੇ ਬੇਅੰਤ ਸਿੰਘ ਤੋਂ ਵਾਅਦਾ-ਵਫ਼ਾ ਕਰਨ ਦਾ ਜਵਾਬ ਉਡੀਕ ਰਹੀਆਂ ਸਨ।ਬੇਅੰਤ ਸਿੰਘ ਦੇ ਮੂੰਹੋਂ ਨਿਕਲਿਆ ਧੰਨ ਗੁਰੂ ਗੋਬਿੰਦ ਸਿੰਘ ਜੀ, ਤੂੰ ਤਾਂ ਦਿਲਾਂ ਦੀਆਂ ਜਾਣਨ ਵਾਲਾ, ਹੁਣ ਸਿੱਖ ਸੇਵਕ ਨੂੰ ਉੱਦਮ ਤੇ ਬਲ ਬਖ਼ਸ਼ ਕਿ ਮੈਂ ਸਿੱਖ ਕੌਮ ਸਿਰ ਹਕੂਮਤ ਵੱਲੋਂ ਚਾੜੀ ਭਾਜੀ, ਜ਼ਾਲਮਾਂ ਨੂੰ ਸੋਧ ਕੇ ਵਾਪਸ ਕਰ ਸਕਾਂ।ਬੇਅੰਤ ਸਿੰਘ ਦੀ ਕਾਇਆ-ਪਲਟ ਹੋ ਗਈ। ਹੁਣ ਉਸਨੂੰ ਮੌਤ ਵਿੱਚੋਂ ਵੀ ਜ਼ਿੰਦਗੀ ਨਜ਼ਰ ਆ ਰਹੀ ਸੀ, 18ਵੀਂ ਸਦੀ ਦੇ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਦਾ ਵਾਰਸ ਬਣਨ ਦਾ ਮਨ ਵਿਚ ਉਸ ਨੇ ਪੱਕਾ ਫੈਸਲਾ ਕਰ ਲਿਆ ਸੀ।ਬੇਅੰਤ ਸਿੰਘ ਅਗਲੇ ਦਿਨ ਕਿਹਰ ਸਿੰਘ ਦੇ ਘਰ ਗਿਆ ਤੇ ਆਪਣੇ ਦਿਲ ਦੀ ਭਾਵਨਾ ਤੇ ਸਾਰੀ ਹਕੀਕਤ ਬਿਆਨ ਕਰ ਦਿੱਤੀ। ਉਸ ਤੋਂ ਸਿਵਾ ਕੋਈ ਹੋਰ ਉਸਦਾ ਇੰਨਾ ਵੱਡਾ ਵਿਸ਼ਵਾਸ ਪਾਤਰ ਵੀ ਨਹੀਂ ਸੀ । ਹੁਣ ਬੇਅੰਤ ਸਿੰਘ ਤੇ ਕਿਹਰ ਸਿੰਘ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਜੂਨ ੧੯੮੪ ਵਿਚ ਹੋਈ ਬੀਤੀ ਅੱਖੀਂ ਵੇਖਣਾ ਚਾਹੁੰਦੇ ਸਨ ਤੇ ਇਕ ਗੱਭਰੂ ਸਾਥੀ ਸਤਵੰਤ ਸਿੰਘ ਨੂੰ ਹੋਰ ਨਾਲ ਗੰਢ ਲਿਆ ਸੀ। ਅੰਮ੍ਰਿਤਸਰ ਹੋਈ ਬੀਤੀ ਵੇਖ ਕੇ ਵਾਪਸ ਦਿੱਲੀ ਜਾ ਕੇ 24 ਅਕਤੂਬਰ 1984 ਨੂੰ ਸ: ਬੇਅੰਤ ਸਿੰਘ ਨੇ ਆਪਣੀ ਪਤਨੀ ਬਿਮਲ ਕੌਰ ਨਾਲ ਦਿੱਲੀ ਦੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਛਕ ਕੇ, ਸਿੱਖੀ ਸਰੂਪ ਧਾਰਨ ਕਰ ਲਿਆ। 25 ਅਕਤੂਬਰ ਤੋਂ ਹੀ ਬਿਮਲ ਕੌਰ ਨੇ ਸਕੂਟਰ ਚਲਾਉਣ ਸਮੇਂ ਹੈਲਮੈੱਟ ਪਾਉਣ ਤੋਂ ਇਨਕਾਰ ਕਰ ਦਿੱਤਾ। ਸਿਰ ਉੱਪਰ ਕੇਸਕੀ ਸਜਾਉਣੀ ਸ਼ੁਰੂ ਕਰ ਦਿੱਤੀ । ਬੀਬੀ ਬਿਮਲ ਕੌਰ ਖਾਲਸਾ ਦੇ ਨਾਂ ਨਾਲ ਪ੍ਰਸਿੱਧ ਹੋਈ ਤੇ ਸਿੱਖ ਸੰਘਰਸ਼ ਵਿਚ ਹਿੱਸਾ ਵੀ ਪਾਇਆ ਤੇ 1989 ਦੀਆਂ ਪਾਰਲੀਮੈਂਟ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸਿੱਖ ਸੰਘਰਸ਼ ਵਿਚ ਬੜੀ ਦਲੇਰੀ ਨਾਲ ਹਿੱਸਾ ਪਾਇਆ, ਅਖੌਤੀ ਪੰਥਕ ਅਕਾਲੀ ਮੁੱਖ ਮੰਤਰੀ ਸੁਰਜੀਤ ਸਿਹੁੰ ਬਰਨਾਲਾ ਸਰਕਾਰ ਦੇ ਜਬਰ ਦਾ ਸਾਹਮਣਾ ਵੀ ਕੀਤਾ ਅਤੇ ਕਈ ਵਾਰ ਜੇਲ੍ਹਾਂ ਵੀ ਕੱਟੀਆਂ। ਭਾਈ ਬੇਅੰਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਆਪਣਾ ਸਮੁੱਚਾ ਜੀਵਨ ਸਿੱਖ ਕੌਮ ਦੇ ਸੰਘਰਸ਼ ਨੂੰ ਸਮਰਪਿਤ ਕਰ ਦਿੱਤਾ । ਬੀਬੀ ਬਿਮਲ ਕੌਰ ਖਾਲਸਾ ਕਿਸੇ ਗੁਪਤ ਦੁਸ਼ਮਣ ਦੀ ਚਾਲ ਸਾਜ਼ਿਸ਼ ਦਾ ਸ਼ਿਕਾਰ ਹੋ ਸਿੱਖ ਕੌਮ ਨੂੰ ਵਿਛੋੜਾ ਦੇ ਗਈ । ਬੀਬੀ ਬਿਮਲ ਕੌਰ ਖਾਲਸਾ ਦਾ ਜੀਵਨ ਸਿੱਖ ਬੀਬੀਆਂ ਲਈ ਪ੍ਰੇਰਨਾ ਦਾ ਸਰੋਤ ਰਹੇਗਾ। ਸ਼ਹੀਦ ਬੇਅੰਤ ਸਿੰਘ ਤੇ ਬੀਬੀ ਬਿਮਲ ਕੌਰ ਖਾਲਸਾ ਦੇ ਦੋ ਬੇਟੇ ਸਰਬਜੀਤ ਸਿੰਘ, ਜਸਵਿੰਦਰ ਸਿੰਘ ਤੇ ਇਕ ਬੇਟੀ ਹੈ, ਜੋ ਪਿੱਛੇ ਛੱਡ ਗਏ ਹਨ।ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਕਿਹਰ ਸਿੰਘ ਦੀ ਬਰਸੀ ਤੇ ਸ਼ਹੀਦ ਭਾਈ ਸਤਵੰਤ ਸਿੰਘ ਦੇ ਘਰ ਪਿੰਡ ਅਗਵਾਨ ਖੁਰਦ (ਨੇੜੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ) 6 ਜਨਵਰੀ 2005 ਨੂੰ ਸਵੇਰੇ 6 ਵਜੇ ਬਾਪੂ ਤਰਲੋਕ ਸਿੰਘ ਤੇ ਬਾਪੂ ਸੁੱਚਾ ਸਿੰਘ ਮਲੋਆ ਇਕੱਠੇ ਇੱਕੋ ਮੰਜੇ 'ਤੇ ਸੁੱਤੇ ਹੋਏ ਸਨ, ਬਾਪੂ ਤਰਲੋਕ ਸਿੰਘ ਤੇ ਸ. ਕਿਰਪਾਲ ਸਿੰਘ ਖਾਲਸਾ ਅਤੇ ਸ. ਦਲਬੀਰ ਸਿੰਘ ਬਾਠ ਭੀਲੋਵਾਲ, ਅਤੇ ਸ: ਗੁਰਮੀਤ ਸਿੰਘ ਸਾਬਕਾ ਏ.ਐੱਸ.ਆਈ (ਦਿੱਲੀ ਪੁਲਿਸ) ਪਿੰਡ ਅਗਵਾਨ ਖੁਰਦ ਦੀ ਹਾਜ਼ਰੀ ਵਿਚ ਉਪ੍ਰੋਕਤ ਜਾਣਕਾਰੀ ਬਾਪੂ ਸੁੱਚਾ ਸਿੰਘ ਐਮ.ਪੀ. ਨੇ ਇਸ ਲੇਖਕ ਨੂੰ ਨੋਟ ਕਰਾਈ। ਬਾਜ਼ ਬਾਰੇ ਜਾਣਕਾਰੀ ਸ਼ਹੀਦ ਭਾਈ ਸਤਵੰਤ ਸਿੰਘ ਦੇ ਪੱਗਵੱਟ ਭਰਾ ਜਿਗਰੀ ਦੋਸਤ ਸ. ਹਰਜਿੰਦਰ ਸਿੰਘ ਨੇ ਨੋਟ ਕਰਾਈ। ਬਾਪੂ ਸੁੱਚਾ ਸਿੰਘ ਮਲੋਆ (ਸਾਬਕਾ ਐਮ.ਪੀ.) ਪਿਤਾ ਸ਼ਹੀਦ ਸ. ਬੇਅੰਤ ਸਿੰਘ ਨੇ ਆਪਣੀ ਉਮਰ 102 ਸਾਲ 21 ਦਿਨ ਲਿਖਾਈ । ਜਨਮ ਮਿਤੀ 16 ਦਸੰਬਰ 1902 ਦੱਸਿਆ । ਬਾਪੂ ਸੁੱਚਾ ਸਿੰਘ ਸਾਬਕਾ ਐਮ.ਪੀ. ਪੁੱਤਰ ਗਿਆਨੀ ਪ੍ਰਤਾਪ ਸਿੰਘ ਵਾਸੀ ਪਿੰਡ ਮਲੋਆ (ਪਿਤਾ ਸ਼ਹੀਦ ਬੇਅੰਤ ਸਿੰਘ)
ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ)
Posted By:
GURBHEJ SINGH ANANDPURI
Leave a Reply