ਸਾਖੀ ਭਾਈ ਪੁਰੀਆ ਅਤੇ ਭਾਈ ਚੂਹੜ ਜੀ

ਸਾਖੀ ਭਾਈ ਪੁਰੀਆ ਅਤੇ ਭਾਈ ਚੂਹੜ ਜੀ

ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਈ ਸਿੱਖ ਵਪਾਰ ਦਾ ਕੰਮ ਕਰਦੇ ਸਨ। ਉਨ੍ਹਾਂ ਵਿੱਚੋਂ ਹੀ ਦੋ ਸਨ ਭਾਈ ਪੁਰੀਆ ਜੀ ਅਤੇ ਭਾਈ ਚੂਹੜ ਜੀ। ਉਹ ਦੋਵੇਂ ਅਕਸਰ ਗੁਰੂ ਜੀ ਪਾਸ ਗੁਰਬਾਣੀ ਦੀ ਸਿੱਖਿਆ ਲੈਣ ਆਉਂਦੇ ਰਹਿੰਦੇ ਸਨ।

ਇੱਕ ਦਿਨ ਦੋਹਾਂ ਸਿੱਖਾਂ ਨੇ ਗੁਰੂ ਜੀ ਪਾਸ ਆਪਣੀ ਮੁਸ਼ਕਲ ਦੱਸੀ, "ਸਾਨੂੰ ਆਪਣੇ ਵਪਾਰ ਦੇ ਕੰਮ ਵਿੱਚ ਝੂਠ ਬੋਲਣਾ ਪੈਂਦਾ ਹੈ। ਝੂਠ ਬਿਨਾ ਸਾਡਾ ਕੰਮ ਚੱਲਦਾ ਨਹੀਂ। ਆਪ ਜੀ ਕਹਿੰਦੇ ਹੋ ਸੱਚ ਬੋਲੋ। ਅਸੀਂ ਕੀ ਕਰੀਏ ? ਬੜੇ ਮਜ਼ਬੂਰ ਹਾਂ।”

ਗੁਰੂ ਜੀ ਨੇ ਉੱਤਰ ਦਿੱਤਾ, “ਸਾਡੇ ਕਹੇ ’ਤੇ ਦੋ ਕੰਮ ਹਰ ਰੋਜ਼ ਜ਼ਰੂਰ ਕਰੋ। ਇੱਕ ਤਾਂ ਰੋਜ਼ ਸੰਗਤ ਵਿੱਚ ਜਾ ਕੇ ਕਥਾ-ਕੀਰਤਨ ਸੁਣਿਆ ਕਰੋ । ਦੂਜਾ ਕੰਮ ਇਹ ਕਰੋ ਕਿ ਜਦੋਂ ਵੀ ਕੋਈ ਝੂਠ ਬੋਲੋ ਉਸ ਨੂੰ ਇੱਕ ਕਾਪੀ ਵਿੱਚ ਤਰੀਕ ਪਾ ਕੇ ਲਿਖ ਲਵੋ . ਇੱਕ ਮਹੀਨਾ ਇਹ ਦੋਵੇਂ ਕੰਮ ਕਰੋ। ਫਿਰ ਸਾਡੇ ਕੋਲ ਆਇਓ।”

ਦੋਹਾਂ ਸ਼ਾਹੂਕਾਰਾਂ ਨੇ ਗੁਰੂ ਜੀ ਦੀ ਗੱਲ ਮੰਨਦੇ ਹੋਏ ਇੱਕ ਮਹੀਨਾ ਇਹ ਦੋਵੇਂ ਕੰਮ ਕੀਤੇ। ਮਹੀਨੇ ਬਾਅਦ ਉਹ ਫਿਰ ਗੁਰੂ ਜੀ ਪਾਸ ਆਏ।

ਦੋਹਾਂ ਨੇ ਆਪੋ-ਆਪਣੀਆਂ ਕਾਪੀਆਂ ਗੁਰੂ ਜੀ ਨੂੰ ਦਿਖਾਈਆਂ। ਗੁਰੂ ਜੀ ਨੇ ਪਹਿਲਾਂ ਭਾਈ ਪੁਰੀਆ ਜੀ ਨੂੰ ਹੁਕਮ ਕੀਤਾ, "ਪਹਿਲਾਂ ਤੁਸੀਂ ਇਹ ਕਾਪੀ ਪੜ੍ਹ ਕੇ ਸੰਗਤ ਨੂੰ ਸੁਣਾਓ।”

ਭਾਈ ਪੁਰੀਆ ਜੀ ਨੇ ਕਾਪੀ 'ਤੇ ਲਿਖਿਆ ਰੋਜ਼ਨਾਮਚਾ ਪੜ੍ਹਨਾ ਸ਼ੁਰੂ ਕੀਤਾ। ਤਿੰਨ-ਚਾਰ ਦਿਨਾਂ ਦੇ ਝੂਠ ਬੋਲ ਕੇ ਕੀਤੇ ਕੰਮ ਸੰਗਤ ਨੂੰ ਸੁਣਾਏ। ਇਸ ਤੋਂ ਅੱਗੇ ਉਹ ਕਾਪੀ ਪੜ੍ਹ ਹੀ ਨਹੀਂ ਸਕੇ । ਉਨ੍ਹਾਂ ਦਾ ਰੋਣਾ ਨਿਕਲ ਗਿਆ। ਉਹ ਗੁਰੂ ਜੀ ਅਤੇ ਸੰਗਤ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਣ ਲੱਗੇ। ਭਾਈ ਚੂਹੜ ਜੀ ਵੀ ਮੁਆਫ਼ੀ ਮੰਗਣ ਲਈ ਖੜ੍ਹੇ ਹੋ ਗਏ।

ਦੋਹਾਂ ਨੇ ਆਪਣੇ ਕੰਨਾਂ ਨੂੰ ਹੱਥ ਲਾਏ। ਅੱਗੇ ਤੋਂ ਝੂਠ ਬੋਲਣ ਤੋਂ ਤੋਬਾ ਕਰ ਲਈ ।

ਭਾਈ ਚੂਹੜ ਜੀ ਬੋਲੇ, “ਗੁਰੂ ਜੀ, ਅਸੀਂ ਘੱਟ ਕਮਾ ਲਵਾਂਗੇ, ਘੱਟ ਖਾ ਲਵਾਂਗੇ ਪਰ ਝੂਠ ਨਹੀਂ ਬੋਲਾਂਗੇ। ਆਪਣਾ ਕਾਰੋਬਾਰ ਸੱਚ ਬੋਲ ਕੇ ਹੀ ਕਰਾਂਗੇ।”

ਗੁਰੂ ਜੀ ਨੇ ਉਨ੍ਹਾਂ ਸਿੱਖਾਂ ਨੂੰ ਫਿਰ ਕਿਹਾ, “ਇਨ੍ਹਾਂ ਕਾਪੀਆਂ 'ਤੇ ਅਜੇ ਵੀ ਲਿਖਣਾ ਜਾਰੀ ਰੱਖਿਓ। ਰੱਬ ਜੀ ਕਿਰਪਾ ਕਰਨਗੇ। ਪੰਜ-ਛੇ ਮਹੀਨਿਆਂ ਵਿੱਚ ਤੁਹਾਡੀ ਝੂਠ ਬੋਲਣ ਦੀ ਆਦਤ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ।”

ਇਸ ਤਰ੍ਹਾਂ ਗੁਰੂ ਜੀ ਨੇ ਸਾਰਿਆਂ ਨੂੰ ਸਵੈ-ਪੜਚੋਲ ਕਰਨ ਦਾ ਰਸਤਾ ਦੱਸਿਆ। ਸਾਨੂੰ ਵੀ ਹਰ ਰੋਜ਼ ਸ਼ਾਮ ਨੂੰ ਇਕੱਲੇ ਬਹਿ ਕੇ ਸਾਰੇ ਦਿਨ ਵਿੱਚ ਕੀਤੇ ਕੰਮਾਂ ਅਤੇ ਆਪਣੇ ਮਨ ਵਿੱਚ ਆਏ ਵਿਚਾਰਾਂ ਵੱਲ ਧਿਆਨ ਮਾਰਨਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਵੀ ਆਪਣੇ ਬੁਰੇ ਕੰਮਾਂ ਅਤੇ ਬੁਰੇ ਵਿਚਾਰਾਂ ਨੂੰ ਹੌਲੀ-ਹੌਲੀ ਛੱਡ ਦੇਵਾਂਗੇ।


-ਸ. ਸੁਖਦੇਵ ਸਿੰਘ ਸ਼ਾਂਤ