ਪੰਥਕ ਸਿਆਸਤ ਵਿੱਚ ਨਵਾਂ ਮੋੜ: ਗਿਆਨੀ ਹਰਪ੍ਰੀਤ ਸਿੰਘ ਦੀ ਐਂਟਰੀ ਤੇ ਬਾਦਲ ਦਲ ਦਾ ਸੰਕਟ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
- ਸੰਪਾਦਕੀ
- 19 Aug,2025

ਪੰਥਕ ਸਿਆਸਤ ਵਿੱਚ ਨਵਾਂ ਮੋੜ: ਗਿਆਨੀ ਹਰਪ੍ਰੀਤ ਸਿੰਘ ਦੀ ਐਂਟਰੀ ਤੇ ਬਾਦਲ ਦਲ ਦਾ ਸੰਕਟ
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
ਸਿੱਖ ਪੰਥ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਤੂਫਾਨ ਖੜ੍ਹਾ ਹੋ ਗਿਆ ਹੈ। ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਉਸਾਰੀ ਨੂੰ ਲੀਡ ਕਰਨ ਦਾ ਫੈਸਲਾ ਕੀਤਾ ਤਾਂ ਬਾਦਲ ਪਰਿਵਾਰ ਵਾਲੇ ਅਕਾਲੀ ਦਲ ਨੂੰ ਝੰਜੋੜ ਕੇ ਰੱਖ ਦਿੱਤਾ।
ਸਿੱਖ ਪੰਥ ਦੀ ਰਾਜਨੀਤੀ ਵਿੱਚ ਅਕਾਲੀ ਦਲ ਨੂੰ ਇੱਕ ਵੱਡੀ ਪਛਾਣ ਮਿਲੀ ਹੈ। ਇਹ ਪਾਰਟੀ ਪੰਥ ਤੇ ਪੰਜਾਬ ਦੇ ਹੱਕਾਂ ਲਈ ਲੜਨ ਵਾਲੀ ਵਜੋਂ ਜਾਣੀ ਜਾਂਦੀ ਸੀ। ਪਰ ਪਿਛਲੇ ਕੁਝ ਸਾਲਾਂ ਵਿੱਚ ਬਾਦਲ ਪਰਿਵਾਰ ਨੇ ਇਸ ਨੂੰ ਆਪਣੀ ਨਿੱਜੀ ਜਾਗੀਰ ਬਣਾ ਲਿਆ ਹੈ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ ਨੇ ਨਾ ਸਿਰਫ਼ ਪੰਥਕ ਮਸਲਿਆਂ ਤੇ ਚੁੱਪੀ ਵੱਟ ਲਈ ਬਲਕਿ ਕਈ ਪੰਥ ਵਿਰੋਧੀ ਵਿਵਾਦਾਂ ਵਿੱਚ ਘਿਰ ਗਈ। ਦਸੰਬਰ 2024 ਵਿੱਚ ਅਕਾਲ ਤਖ਼ਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ ਕਿ ਅਕਾਲੀ ਦਲ ਨੂੰ ਨਵੀਂ ਮੈਂਬਰਸ਼ਿਪ ਬਣਾ ਕੇ ਏਕਤਾ ਵੱਲ ਵਧਣਾ ਚਾਹੀਦਾ ਹੈ। ਪਰ ਬਾਦਲ ਧੜੇ ਨੇ ਇਸ ਨੂੰ ਨਜ਼ਰਅੰਦਾਜ਼ ਕਰ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣ ਲਿਆ। ਇਸ ਨਾਲ ਬਾਗੀ ਆਗੂਆਂ ਨੇ ਵੱਖਰਾ ਰਾਹ ਅਪਣਾ ਲਿਆ ਅਤੇ ਅਗਸਤ 11, 2025 ਨੂੰ ਅਕਾਲੀ ਦਲ ਦੀ ਭਰਤੀ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣੇ ਧੜੇ ਦਾ ਪ੍ਰਧਾਨ ਚੁਣ ਲਿਆ। ਇਹ ਫੈਸਲਾ ਬਾਦਲ ਦਲ ਲਈ ਵੱਡਾ ਝਟਕਾ ਹੈ ,ਕਿਉਂਕਿ ਗਿਆਨੀ ਹਰਪ੍ਰੀਤ ਇੱਕ ਤੇਜ ਤਰਾਰ ਪੰਥਕ ਬੁਲਾਰੇ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੇ ਜਥੇਦਾਰ ਵਜੋਂ ਕਈ ਨਿਰਪੱਖ ਫੈਸਲੇ ਲਏ ਹਨ, ਜਿਵੇਂ ਬਾਦਲ ਦਲ ਦੇ ਗੁਨਾਹਗਾਰ ਆਗੂਆਂ ਨੂੰ ਤਲਬ ਕਰਨਾ ਅਤੇ ਪੰਥਕ ਮਸਲਿਆਂ ਤੇ ਤਿੱਖੇ ਬਿਆਨ ਦੇਣਾ। ਬਾਦਲਾਂ ਨੂੰ ਡਰ ਹੈ ਕਿ ਇਹ ਨਵਾਂ ਧੜਾ ਉਨ੍ਹਾਂ ਦੇ ਪੁਰਾਣੇ ਵੋਟ ਬੈਂਕ, ਖਾਸ ਕਰਕੇ ਦਲਿਤ ਅਤੇ ਪੰਥਕ ਵਰਗ ਨੂੰ ਤੋੜ ਸਕਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਦੀ ਐਂਟਰੀ ਨਾਲ ਬਾਦਲ ਦਲ ਵਿੱਚ ਘਬਰਾਹਟ ਹੈ। ਸੁਖਬੀਰ ਬਾਦਲ ਨੇ ਖੁੱਲ੍ਹ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੈ, ਕਹਿੰਦੇ ਹਨ ਕਿ ਗਿਆਨੀ ਹਰਪ੍ਰੀਤ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ । ਇਹ ਆਰੋਪ ਸਿਰਫ ਬਾਦਲ ਦੀ ਡਰੀ ਹੋਈ ਮਾਨਸਿਕਤਾ ਵਿਚੋਂ ਨਿਕਲੇ ਹਨ। ਕਿ੍ਪਾਲ ਸਿੰਘ ਬੰਡੂੰਗਰ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖ਼ਤ ਦੀ ਭਰਤੀ ਕਮੇਟੀ ਤੋਂ ਅਸਤੀਫਾ ਦੇ ਕੇ ਬਾਦਲ ਨਾਲ ਵਫਾਦਾਰੀ ਨਿਭਾਈ ਅਤੇ ਅਕਾਲ ਤਖਤ ਸਾਹਿਬ ਦੇ ਗੁਰਮਤੇ ਅਨੁਸਾਰ ਅਕਾਲੀ ਦਲ ਉਸਾਰਨ ਵਿੱਚ ਅੜਿਕਾ ਖੜਾ ਕੀਤਾ।
ਬਾਦਲ ਦਲ ਨੇ ਪੰਥਕ ਏਕਤਾ ਨੂੰ ਨਜ਼ਰਅੰਦਾਜ਼ ਕਰ ਕੇ ਆਪਣੀ ਨਿੱਜੀ ਸੱਤਾ ਨੂੰ ਬਚਾਉਣ ਲਈ ਕੰਮ ਕੀਤਾ ਹੈ, ਜਿਸ ਕਰਕੇ ਅੱਜ ਪੰਥ ਵਿੱਚ ਵੰਡ ਹੈ।
ਹੁਣ ਗੱਲ ਕਰੀਏ ਜਥੇਦਾਰ ਗੜਗਜ ਤੇ ਗਿਆਨੀ ਰਘਬੀਰ ਸਿੰਘ ਦੇ ਵਿਰੋਧ ਦੀ। ਗਿਆਨੀ ਰਘਬੀਰ ਸਿੰਘ, ਜੋ ਅਕਾਲ ਤਖ਼ਤ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਹਨ, ਨੇ ਗਿਆਨੀ ਹਰਪ੍ਰੀਤ ਨੂੰ ਸਿਆਸਤ ਵਿੱਚ ਆਉਣ ਨੂੰ ਗਲਤ ਠਹਿਰਾਇਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਤੋਂ ਵੱਡੀ ਕੋਈ ਨਹੀਂ ਅਤੇ ਇਸ ਨੂੰ ਛੱਡ ਕੇ ਸਿਆਸਤ ਵਿੱਚ ਜਾਣਾ ਠੀਕ ਨਹੀਂ। ਉਨ੍ਹਾਂ ਨੇ ਬਾਬਾ ਬੁੱਢਾ ਜੀ ਨੂੰ ਉਦਾਹਰਣ ਵਜੋਂ ਪੇਸ਼ ਕੀਤਾ। ਪਰ ਇਹ ਇਤਰਾਜ਼ ਧਾਰਮਿਕ ਨਜ਼ਰੀਏ ਤੋਂ ਨਹੀਂ ਬਲਕਿ ਬਾਦਲ ਧੜੇ ਦੇ ਨੈਰੇਟਿਵ ਨਾਲ ਜੁੜੇ ਹੋਏ ਹਨ। ਗਿਆਨੀ ਰਘਬੀਰ ਨੂੰ ਐੱਸਜੀਪੀਸੀ ਵੱਲੋਂ ਨਿਯੁਕਤ ਕੀਤਾ ਗਿਆ ਹੈ, ਜੋ ਬਾਦਲ ਦਲ ਦੇ ਕੰਟਰੋਲ ਵਿੱਚ ਹੈ। ਉਹ ਲਿਫਾਫੇ ਬਾਜ਼ ਵਜੋਂ ਜਾਣੇ ਜਾਂਦੇ ਹਨ ਅਤੇ ਬਾਦਲਾਂ ਦੀ ਪਾਲਨਾ ਕਰਕੇ ਆਪਣੀ ਨੌਕਰੀ ਕਾਇਮ ਰੱਖ ਰਹੇ ਹਨ। ਉਨ੍ਹਾਂ ਨੇ ਅਕਾਲ ਤਖ਼ਤ ਦੇ ਹੁਕਮਨਾਮੇ ਨੂੰ ਸਬੋਤਾਜ ਕਰਨ ਵਿੱਚ ਭੂਮਿਕਾ ਨਿਭਾਈ ਹੈ ਅਤੇ ਸੁਖਬੀਰ ਤੇ ਉਸਦੇ ਸਾਥੀਆਂ ਨੂੰ ਅਕਾਲੀ ਦਲ ਉਸਾਰਨ ਵਿੱਚ ਅੜਿਕੇ ਬਣਨ ਤੇ ਕੋਈ ਕਾਰਵਾਈ ਨਹੀਂ ਕੀਤੀ। ਇਹ ਗ੍ਰੰਥੀ ਸਿਆਸਤ ਦੀਆਂ ਕਠਪੁਤਲੀਆਂ ਵਾਂਗ ਕੰਮ ਕਰ ਰਹੇ ਹਨ, ਜੋ ਪੰਥ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਇਸੇ ਤਰ੍ਹਾਂ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਬਾਦਲ ਦਲ ਨੇ ਆਪਣੇ ਧਾਰਮਿਕ ਚੈਨਲ ਵਜੋਂ ਵਰਤਿਆ ਹੈ। ਪੰਥ ਨੇ ਉਨ੍ਹਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਵਜੋਂ ਮਾਨਤਾ ਨਹੀਂ ਦਿੱਤੀ ਪਰ ਬਾਦਲਾਂ ਨੇ ਉਨ੍ਹਾਂ ਨੂੰ ਗਿਆਨੀ ਹਰਪ੍ਰੀਤ ਵਿਰੁੱਧ ਸਰਗਰਮ ਕੀਤਾ ਹੈ।
ਗਿਆਨੀ ਗੜਗਜ ਨੇ ਬਾਦਲਾਂ ਨਾਲ ਵਫਾਦਾਰੀ ਨਿਭਾ ਕੇ ਪੰਥਕ ਸਿਧਾਂਤਾਂ ਨੂੰ ਤਿਆਗ ਦਿੱਤਾ ਹੈ। ਉਹ ਨਿੱਜੀ ਲਾਭਾਂ ਲਈ ਪੰਥਕ ਅਹੁਦੇ ਨੂੰ ਬਦਨਾਮ ਕਰ ਰਹੇ ਹਨ। ਬਾਦਲ ਦਲ ਦੀ ਹਾਈਕਮਾਂਡ ਨੇ ਇਨ੍ਹਾਂ ਗ੍ਰੰਥੀਆਂ ਨੂੰ ਅੱਗੇ ਕਰ ਕੇ ਆਪਣੇ ਵਿਰੋਧ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲ ਵਿੱਚ ਇਹ ਬਾਦਲਕਿਆਂ ਦੀ ਜਾਤੀ ਵਿਤਕਰੇ ਤੇ ਨਿੱਜੀ ਸੱਤਾ ਦੀ ਲੜਾਈ ਹੈ। ਬਾਦਲ ਧੜੇ ਦੀ ਮੀਟਿੰਗ ਵਿੱਚ ਇੱਕ ਆਗੂ ਨੇ ਗਿਆਨੀ ਹਰਪ੍ਰੀਤ ਨੂੰ ਮਿਰਾਸੀ ਜਾਤੀ ਦਾ ਕਿਹਾ ਅਤੇ ਧਾਮੀ ਨੇ ਚੁੱਪ ਰਹਿ ਕੇ ਇਸ ਨੂੰ ਸਹਿਮਤੀ ਦਿੱਤੀ। ਇਹ ਗੁਰੂ ਨਾਨਕ ਦੇ ਬਰਾਬਰੀ ਵਾਲੇ ਸਿਧਾਂਤ ਨੂੰ ਚੁਣੌਤੀ ਹੈ ਅਤੇ ਪੰਜਾਬ ਵਿੱਚ ਜਾਤੀ ਵਿਤਕਰੇ ਨੂੰ ਉਜਾਗਰ ਕਰਦਾ ਹੈ। ਬਾਦਲਾਂ ਨੂੰ ਗਿਆਨੀ ਹਰਪ੍ਰੀਤ ਤੋਂ ਖਤਰਾ ਹੈ ਕਿਉਂਕਿ ਉਹ ਦਲਿਤ ਬੈਕਗ੍ਰਾਊਂਡ ਵਾਲੇ ਆਗੂ ਹਨ ਅਤੇ ਅਕਾਲੀ ਦਲ ਨੂੰ ਨਵਾਂ ਆਧਾਰ ਦੇ ਸਕਦੇ ਹਨ। ਬਾਦਲਾਂ ਦਾ ਜਮਾਤ ਵੱਡੇ ਕਾਰਪੋਰਟਾਂ ਵਿੱਚੋਂ ਹੈ ਅਤੇ ਉਹ ਜਾਤੀ ਵਿਵਸਥਾ ਵਿੱਚ ਵਿਸ਼ਵਾਸ ਰੱਖਦੇ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ ਸਮਾਜ ਨਾਲ ਮੇਲ ਨਹੀਂ ਖਾਂਦਾ।
ਬਾਦਲ ਦਲ ਵਲੋਂ ਪੰਥਕ ਸਿਆਸਤ ਕੂੜ ਲੀਡਰਸ਼ਿਪ ਵਿੱਚ ਬਦਲੀ ਜਾ ਚੁਕੀ ਹੈ ਕਿਉਂਕਿ ਬਾਦਲਾਂ ਨੇ ਪੰਥ ਨੂੰ ਨਿੱਜੀ ਲਾਭ ਲਈ ਵਰਤਿਆ ਹੈ। ਉਨ੍ਹਾਂ ਨੇ ਅਕਾਲ ਤਖ਼ਤ ਨੂੰ ਕੰਟਰੋਲ ਕਰ ਕੇ ਧਾਰਮਿਕ ਆਗੂਆਂ ਨੂੰ ਕਠਪੁਤਲੀ ਬਣਾਇਆ ਹੈ। ਗਿਆਨੀ ਗੁਰਬਚਨ ਸਿੰਘ ਵਰਗੇ ਜਥੇਦਾਰਾਂ ਨੇ ਸਿਆਸੀ ਦਬਾਅ ਅਧੀਨ ਸੌਦਾ ਸਾਧ ਨੂੰ ਮਾਫ ਕੀਤਾ, ਜੋ ਪੰਥ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਸੀ। ਅੱਜ ਰਘਬੀਰ ਤੇ ਗੜਗਜ ਵੀ ਉਸੇ ਰਾਹ ਤੇ ਹਨ। ਪੰਥ ਨੂੰ ਅਸਲ ਲੀਡਰਸ਼ਿਪ ਚਾਹੀਦੀ ਹੈ ਜੋ ਗੁਰੂ ਦੇ ਸਿਧਾਂਤਾਂ ਤੇ ਚੱਲੇ, ਨਾ ਕਿ ਲੋਭ ਤੇ ਲਾਲਚ ਵਿੱਚ ਫਸੇ ਆਗੂ। ਗਿਆਨੀ ਹਰਪ੍ਰੀਤ ਨੇ ਇਸ ਵਿੱਚ ਨਵਾਂ ਮੋੜ ਲਿਆਂਦਾ ਹੈ ਪਰ ਉਨ੍ਹਾਂ ਨੂੰ ਵੀ ਸਾਵਧਾਨ ਰਹਿਣਾ ਪਵੇਗਾ।
ਕੀ ਕਰਨ ਗਿਆਨੀ ਹਰਪ੍ਰੀਤ ਸਿੰਘ
ਹੁਣ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਨੂੰ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਠੀਕ ਕਿਹਾ ਕਿ ਉਹ ਗੁਰੂ ਦੀ ਸੇਵਾ ਛੱਡ ਕੇ ਵਪਾਰ ਨਹੀਂ ਕਰ ਰਹੇ ਬਲਕਿ ਪੰਥ ਦੀ ਸੇਵਾ ਲਈ ਸਿਆਸਤ ਵਿੱਚ ਆਏ ਹਨ। ਉਨ੍ਹਾਂ ਨੂੰ ਆਦਰਸ਼ਾਂ ਤੇ ਪੰਥ ਦੀ ਅਣਖ ਉਪਰ ਰਾਜਨੀਤੀ ਕਰਨੀ ਚਾਹੀਦੀ ਹੈ। ਬਾਦਲ ਧੜਿਆਂ ਵਿੱਚੋਂ ਕੇਡਰ ਲੱਭਣ ਦੀ ਥਾਂ ਕਿਰਤੀਆਂ ,ਕਿਸਾਨਾਂ ਦਲਿਤਾਂ ਵਿਚੋਂ ਨਵਾਂ ਕੇਡਰ ਅਤੇ ਲੀਡਰਸ਼ਿਪ ਬਣਾਉਣੀ ਚਾਹੀਦੀ ਹੈ। ਪਾਰਟੀ ਬਦਲ ਕੇ ਆਏ ਮੌਕਾਪ੍ਰਸਤ ਲੀਡਰਾਂ ਨੂੰ ਅਕਾਲੀ ਦਲ ਉਪਰ ਨਾ ਥੋਪੋ। ਬਿਨਾਂ ਸ਼ਰਤਾ ਦੇ ਬੀਜੇਪੀ ਜਾਂ ਕੇਂਦਰ ਨਾਲ ਕਿਸੇ ਸਮਝੌਤੇ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਨੂੰ ਪੰਜਾਬ ਦੀਆਂ ਮੰਗਾ ,ਬੰਦੀ ਸਿਖਾਂ ,ਖੇਤੀ ਇੰਡਸਟਰੀ, ਪਾਣੀਆਂ, ਮਨੁੱਖੀ ਅਧਿਕਾਰਾਂ ਆਦਿ ਵਰਗੇ ਮਸਲਿਆਂ ਤੇ ਸਪੱਸ਼ਟ ਰੁਖ ਅਪਣਾਉਣਾ ਚਾਹੀਦਾ ਹੈ ।
ਪੰਥਕ ਸਿਆਸਤ ਨੂੰ ਕੂੜ ਲੀਡਰਾਂ ਤੋਂ ਮੁਕਤ ਕਰਨਾ ਜ਼ਰੂਰੀ ਹੈ ਤਾਂ ਜੋ ਗੁਰੂ ਦੇ ਸਿਧਾਂਤ ਜਿਊਂਦੇ ਰਹਿਣ। ਇਹ ਸਮਾਂ ਪੰਥ ਲਈ ਚੁਣੌਤੀ ਵਾਲਾ ਹੈ।ਜੇਕਰ ਬਾਦਲ ਦਲ ਤੋਂ ਨਕਾਰੇ ਲੀਡਰਾਂ ਨੇ ਆਪਣਾ ਸੁਭਾਅ ਨਾ ਬਦਲਿਆ, ਗਿਆਨੀ ਹਰਪ੍ਰੀਤ ਸਿੰਘ ਦੀਆਂ ਟੰਗਾਂ ਖਿਚਦੇ ਰਹੇ ਤਾਂ ਇਹ ਅਕਾਲੀ ਦਲ ਨਹੀਂ ਚਲ ਸਕੇਗਾ।ਨਾ ਹੀ ਇਸ ਧੜੇ ਦੇ ਲੀਡਰਾਂ ਦੀ ਸਿਆਸਤ ਵਿਚ ਸਪੇਸ ਰਹੇਗੀ।ਇਹ ਤਿਲਕਣ ਵਾਲਾ ਮੈਦਾਨ ਹੈ।ਮਨਪ੍ਰੀਤ ਇਆਲੀ,ਪ੍ਰੇਮ ਸਿੰਘ ਚੰਦੂਮਾਜਰਾ,ਜਥੇਦਾਰ ਇਕਬਾਲ ਸਿੰਘ ਝੂੰਦਾਂ ਸੋਚ ਸਮਝਕੇ ਚਲਣ।ਲੌਗੋਵਾਲ ਬਰਸੀ ਬਾਰੇ ਵੀ ਇਹਨਾ ਨੂੰ ਕਲੀਅਰ ਕਰਨਾ ਪਵੇਗਾ ਇਹ ਬਰਸੀ ਕਿਉ ਮਨਿ ਰਹੇ ਹਨ।ਕੀ ਇਹ ਰਾਜੀੜ ਲੌਗੋਵਾਲ ਸਮਝੌਤੇ ਦੇ ਹਕ ਵਿਚ ਹਨ ਤੇ ਪੰਥ ਤੇ ਪੰਜਾਬ ਦੇ ਵਿਰੋਧ ਵਿਚ ਖੜੇ ਹਨ।ਇਹ ਸਿਧਾਂਤਕ ਪਖ ਉਪਰ ਕਲੀਅਰ ਹੋਣਾ ਜਰੂਰੀ ਹੈ।
Posted By:

Leave a Reply