ਪਹਿਲਗਾਮ ਹਮਲਾ ਹਿੰਦੂਆਂ 'ਤੇ ਹੀ ਨਹੀਂ, ਕਸ਼ਮੀਰੀਆਂ ਅਤੇ ਮੁਸਲਮਾਨਾਂ 'ਤੇ ਵੀ ਹੋਇਆ
- ਰਾਜਨੀਤੀ
- 25 Apr,2025

ਪਹਿਲਗਾਮ ਹਮਲਾ ਹਿੰਦੂਆਂ 'ਤੇ ਹੀ ਨਹੀਂ, ਕਸ਼ਮੀਰੀਆਂ ਅਤੇ ਮੁਸਲਮਾਨਾਂ 'ਤੇ ਵੀ ਹੋਇਆ
22 ਅਪ੍ਰੈਲ 2025 ਨੂੰ ਕਸ਼ਮੀਰ ਦੇ ਪਹਿਲਗਾਮ ਵਿੱਚ ਇੱਕ ਹਮਲਾ ਹੋਇਆ ਜਿਸ ਵਿੱਚ 27 ਦੇ ਕਰੀਬ ਨਿਰਦੋਸ਼ ਲੋਕ ਮਾਰੇ ਗਏ। ਇਸ ਹਮਲੇ ਨੂੰ ਰਾਸ਼ਟਰੀ ਮੀਡੀਆ ਅਤੇ ਭਾਰਤ ਸਰਕਾਰ ਇੱਕ ਪਾਸੜ ਤੋਂ ਵਿਖਾ ਰਹੀ ਹੈ। ਹਿੰਦੂਆਂ ਨੂੰ ਮਜ਼ਲੂਮ ਅਤੇ ਮੁਸਲਮਾਨਾਂ ਨੂੰ ਕਾਇਰ ਦੱਸਿਆ ਜਾ ਰਿਹਾ ਹੈ। ਇੰਝ ਪੇਸ਼ ਕੀਤਾ ਜਾ ਰਿਹਾ ਹੈ ਕਿ ਇਹ ਹਮਲਾ ਅੱਤਵਾਦੀਆਂ ਨੇ ਨਹੀਂ, ਬਲਕਿ ਕਸ਼ਮੀਰੀ ਮੁਸਲਮਾਨਾਂ, ਭਾਰਤੀ ਮੁਸਲਮਾਨਾਂ ਜਾਂ ਪਾਕਿਸਤਾਨੀ ਮੁਸਲਮਾਨਾਂ ਨੇ ਕੀਤਾ ਹੋਵੇ। ਇਸ ਹਮਲੇ ਨੂੰ ਇੱਕ ਕੌਮ ਦੇ ਨਾਲ ਜੋੜਿਆ ਜਾ ਰਿਹਾ ਹੈ, ਮੁਸਲਮਾਨਾਂ ਦੀ ਨਸਲਕੁਸ਼ੀ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਫੈਲਾਈ ਜਾ ਰਹੀ ਹੈ। ਜਿਸ ਤੋਂ ਬਾਅਦ ਛੇਤੀ ਹੀ ਜ਼ਹਿਰ ਉਗਲਵੇਂ ਬੋਲਾਂ ਦੇ ਸਿੱਟੇ ਨਿਕਲਣੇ ਵੀ ਸ਼ੁਰੂ ਹੋ ਗਏ ਹਨ, ਹੁਣ ਕੁਝ ਫ਼ਿਰਕੂ ਹਿੰਦੁਤਵੀਆਂ ਵੱਲੋਂ ਭਾਰਤ ਵਿੱਚ ਥਾਂ-ਥਾਂ 'ਤੇ ਮੁਸਲਮਾਨਾਂ ਉੱਤੇ ਹਮਲੇ ਕੀਤੇ ਜਾ ਰਹੇ ਹਨ, ਮੁਸਲਮਾਨਾਂ ਦੀਆਂ ਦੁਕਾਨਾਂ ਸਾੜੀਆਂ ਜਾ ਰਹੀਆਂ ਹਨ, ਕੱਟੜਵਾਦੀ ਭੀੜਾਂ ਵੱਲੋਂ ਮੁਸਲਿਮ ਨੌਜਵਾਨਾਂ ਦੀ ਕੁੱਟਮਾਰ ਕੀਤੀ ਜਾ ਰਹੀ ਹੈ, ਭਗਵੇਂ ਬ੍ਰਿਗੇਡ ਵੱਲੋਂ ਕੀਤੀ ਹਿੰਸਾ ਦਾ ਸ਼ਿਕਾਰ ਹੋਇਆ ਇੱਕ ਮੁਸਲਿਮ ਨੌਜਵਾਨ ਆਪਣੀ ਜਾਨ ਵੀ ਗਵਾ ਚੁੱਕਾ ਹੈ, ਪੰਜਾਬ ਅਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀ ਕੁਝ ਘਟਨਾਵਾਂ ਸਾਹਮਣੇ ਆਈਆਂ ਹਨ ਕਿ ਕੱਟੜਵਾਦੀ ਹਿੰਦੂਆਂ ਵੱਲੋਂ ਕਾਲਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਨ ਆਏ ਕਸ਼ਮੀਰੀ ਮੁਸਲਿਮ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਤੰਗ-ਪ੍ਰੇਸ਼ਾਨ, ਛੇੜ-ਛਾੜ ਅਤੇ ਮਾਰਨ-ਕੁੱਟਣ ਦਾ ਯਤਨ ਕੀਤਾ ਗਿਆ ਜਿਸ ਦਾ ਪਤਾ ਲੱਗਦਿਆਂ ਸਾਰ ਸਿੱਖ ਵਿਦਿਆਰਥੀਆਂ ਅਤੇ ਸਿੱਖ ਜਥੇਬੰਦੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਹਿਫ਼ਾਜ਼ਤ ਕੀਤੀ ਅਤੇ ਫ਼ਿਰਕੂ ਹਿੰਦੂਤਵੀਆਂ ਨੂੰ ਤਾੜਨਾ ਕੀਤੀ ਕਿ ਉਹ ਆਪਣੇ ਘਟੀਆ ਮਨਸੂਬਿਆਂ ਤੋਂ ਬਾਜ ਆਉਣ, ਪੰਜਾਬ ਵਿੱਚ ਕਿਸੇ ਮੁਸਲਮਾਨ ਦਾ ਜਾਨੀ-ਮਾਲੀ ਨੁਕਸਾਨ ਨਹੀਂ ਹੋਣ ਦਿੱਤਾ ਜਾਏਗਾ।
ਜੇਕਰ ਇਸ ਸਾਰੇ ਘਟਨਾਕ੍ਰਮ 'ਤੇ ਝਾਤ ਮਾਰੀਏ ਤਾਂ ਸਾਫ਼ ਦਿਸ ਰਿਹਾ ਹੈ ਕਿ ਪਹਿਲਗਾਮ ਹਮਲਾ ਇਕੱਲਾ ਹਿੰਦੂਆਂ 'ਤੇ ਹੀ ਨਹੀਂ ਬਲਕਿ ਕਸ਼ਮੀਰੀਆਂ ਅਤੇ ਮੁਸਲਮਾਨਾਂ ਉੱਤੇ ਵੀ ਹੋਇਆ ਹੈ। ਪਹਿਲਗਾਮ ਵਿੱਚ ਹਿੰਦੂ ਸੈਲਾਨੀਆਂ ਦੀ ਰਾਖੀ ਕਰਦਾ ਇੱਕ ਮੁਸਲਮਾਨ ਨੌਜਵਾਨ ਵੀ ਅੱਤਵਾਦੀਆਂ ਦੀ ਗੋਲ਼ੀਆਂ ਦਾ ਸ਼ਿਕਾਰ ਬਣ ਗਿਆ, ਉਸ ਦੀ ਬਹਾਦਰੀ ਨੂੰ ਪ੍ਰਣਾਮ ਕਰਨਾ ਬਣਦਾ ਹੈ। ਪਰ ਭਾਰਤੀ ਰਾਸ਼ਟਰੀ ਮੀਡੀਆ, ਭਾਰਤ ਸਰਕਾਰ ਅਤੇ ਫ਼ਿਰਕੂ ਹਿੰਦੂਤਵੀਏ ਉਸ ਮੁਸਲਿਮ ਨੌਜਵਾਨ ਦੀ ਕੋਈ ਗੱਲ ਨਹੀਂ ਕਰ ਰਹੇ ਤੇ ਮੁਸਲਮਾਨਾਂ ਖ਼ਿਲਾਫ਼ ਭੰਡੀ ਪ੍ਰਚਾਰ ਕਰੀ ਆਉਂਦੇ ਨੇ। ਕਸ਼ਮੀਰ ਦੇ ਘੋੜਾ ਚਾਲਕਾਂ, ਦੁਕਾਨਦਾਰਾਂ ਅਤੇ ਹੋਰ ਮੁਸਲਿਮ ਲੋਕਾਂ ਨੇ ਹਿੰਦੂ ਸੈਲਾਨੀਆਂ ਨੂੰ ਬਚਾਉਣ ਲਈ ਹਰ ਪੱਖੋਂ ਆਪਣਾ ਫ਼ਰਜ਼ ਨਿਭਾਇਆ, ਹਮਲੇ ਦੌਰਾਨ ਵੀ ਉਹਨਾਂ ਦਾ ਸਾਥ ਨਾ ਛੱਡਿਆ, ਹਮਲੇ ਵਿੱਚ ਪੀੜਤ ਇੱਕ ਔਰਤ ਖ਼ੁਦ ਮੀਡੀਆ ਸਾਹਮਣੇ ਕਹਿ ਰਹੀ ਹੈ ਕਿ ਮੁਸਲਿਮ ਪਰਿਵਾਰ ਵੀ ਸਾਡੇ ਨਾਲ ਹੀ ਹਿੰਦੂਆਂ ਦੀ ਲਾਈਨ ਵਿੱਚ ਖੜ੍ਹੇ ਰਹੇ, ਉਹਨਾਂ ਨੇ ਅੱਤਵਾਦੀਆਂ ਨੂੰ ਕਿਹਾ ਕਿ ਇਹਨਾਂ ਨੂੰ ਨਾ ਮਾਰੋ, ਮੁਸਲਿਮ ਨੌਜਵਾਨਾਂ ਨੇ ਜ਼ਖ਼ਮੀ ਸੈਲਾਨੀਆਂ ਨੂੰ ਹਸਪਤਾਲਾਂ 'ਚ ਪਹੁੰਚਾਇਆ, ਮਾਰੇ ਗਏ ਹਿੰਦੂ ਵਿਅਕਤੀ ਦੀ ਭੈਣ ਕਹਿ ਰਹੀ ਹੈ ਕਿ ਡੇਢ ਘੰਟੇ ਤਕ ਓਥੇ ਫ਼ੌਜ ਨਾ ਆਈ ਤੇ ਕਸ਼ਮੀਰੀ ਲੋਕਾਂ ਨੇ ਹੀ ਸਾਡੀ ਸਹਾਇਤਾ ਕੀਤੀ, ਕਈ ਬੱਚਿਆਂ ਨੂੰ ਵੀ ਉਹਨਾਂ ਨੇ ਹੀ ਸਾਂਭਿਆ। ਕਸ਼ਮੀਰੀ ਮੁਸਲਿਮ ਲੋਕ ਸੜਕਾਂ ਉੱਤੇ ਆਏ, ਇਸ ਹਮਲੇ ਦੀ ਭਾਰੀ ਨਿਖੇਧੀ ਕੀਤੀ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਸੈਲਾਨੀਆਂ ਲਈ ਗੱਡੀਆਂ-ਹੋਟਲ ਅਤੇ ਹੋਰ ਸਮਾਨ ਫ੍ਰੀ ਕਰ ਦਿੱਤਾ, ਉਹਨਾਂ ਦੀ ਰਾਖੀ ਅਤੇ ਮਦਦ ਲਈ ਹਿੱਕ ਤਾਣ ਕੇ ਖੜ੍ਹ ਗਏ, ਕਸ਼ਮੀਰ ਦੇ ਸਿੱਖਾਂ ਨੇ ਵੀ ਗੁਰਦੁਆਰਿਆਂ 'ਚ ਸੈਲਾਨੀਆਂ ਨੂੰ ਠਹਿਰਾਇਆ ਅਤੇ ਉਹਨਾਂ ਨੂੰ ਪੈਸੇ ਤੇ ਹਰ ਪ੍ਰਕਾਰ ਮਦਦ ਕੀਤੀ ਅਤੇ ਪ੍ਰਦਰਸ਼ਨ ਕੀਤੇ। ਕਸ਼ਮੀਰ ਦੇ ਹਰ ਮੁਸਲਮਾਨ ਵਿੱਚ ਇਸ ਹਮਲੇ ਨੂੰ ਲੈ ਕੇ ਰੋਹ ਤੇ ਰੋਸ ਹੈ, ਦੁਕਾਨਾਂ ਉੱਤੇ ਕਾਲੇ ਝੰਡੇ ਲਾਏ ਗਏ ਅਤੇ ਸੜਕਾਂ ਉੱਤੇ ਵੀ ਲਹਿਰਾਏ ਗਏ, ਉਹਨਾਂ ਕਿਹਾ ਕਿ ਟੂਰਿਸਟ ਹਮਾਰੀ ਜਾਨ ਅਤੇ ਸ਼ਾਨ ਹੈ। ਉਹਨਾਂ ਸਿੱਖ, ਮੁਸਲਿਮ, ਹਿੰਦੂ, ਇਸਾਈ ਭਾਈ-ਭਾਈ ਦੇ ਨਾਅਰੇ ਵੀ ਲਗਾਏ, ਮੁਸਲਿਮ ਔਰਤਾਂ ਵੀ ਰੋਂਦੀਆਂ ਰਹੀਆਂ, ਉਹਨਾਂ ਨੇ ਪੂਰੀ ਇੱਕਜੁੱਟਤਾ ਵਿਖਾਈ। ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਜਿਵੇਂ ਮੁਸਲਮਾਨਾਂ ਨੂੰ ਭੰਡਿਆ ਗਿਆ, ਉਸ ਦੇ ਬਿਲਕੁਲ ਉਲਟ ਕਸ਼ਮੀਰ ਅਤੇ ਭਾਰਤ ਦੇ ਹੋਰ ਮੁਸਲਮਾਨ ਤਾਂ ਇਸ ਹਮਲੇ ਵਿਰੁੱਧ ਪੂਰੀ ਭੜਾਸ ਕੱਢਦੇ ਨਜ਼ਰ ਆ ਰਹੇ ਹਨ ਅਤੇ ਉਹ ਸਪੱਸ਼ਟੀਕਰਨ ਦੇਣ ਲਈ ਵੀ ਮਜ਼ਬੂਰ ਹਨ। ਇਸ ਹਮਲੇ ਮਗਰੋਂ ਫੈਲਾਈ ਗਈ ਨਫ਼ਰਤ ਅਤੇ ਬਣਾਏ ਮਾਹੌਲ ਕਾਰਨ ਮੁਸਲਮਾਨਾਂ ਨੂੰ ਖ਼ਤਰਾ ਅਤੇ ਡਰ ਮਹਿਸੂਸ ਹੋ ਰਿਹਾ ਹੈ, ਉਹਨਾਂ ਉੱਤੇ ਜਿਨਸੀ ਹਮਲੇ ਹੋ ਰਹੇ ਹਨ, ਕਸ਼ਮੀਰ ਵਿੱਚੋਂ ਸੈਲਾਨੀ ਵੱਡੀ ਗਿਣਤੀ ਵਿੱਚ ਵਾਪਸ ਆ ਰਹੇ ਹਨ, ਕਸ਼ਮੀਰੀ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਵੱਜੀ ਹੈ, ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਦਾ ਵੀ ਨੁਕਸਾਨ ਹੋਇਆ ਹੈ ਜਿਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਪਹਿਲਗਾਮ ਹਮਲਾ ਕੇਵਲ ਹਿੰਦੂਆਂ 'ਤੇ ਹੀ ਨਹੀਂ, ਬਲਕਿ ਕਸ਼ਮੀਰੀਆਂ ਅਤੇ ਮੁਸਲਮਾਨਾਂ ਉੱਤੇ ਵੀ ਹੋਇਆ ਹੈ। ਸਰਕਾਰ ਅਤੇ ਮੀਡੀਆ ਵੱਲੋਂ ਘੜੇ ਜਾ ਰਹੇ ਬਿਰਤਾਂਤ ਨੂੰ ਸਮਝਣ ਅਤੇ ਤੋੜਨ ਦੀ ਲੋੜ ਹੈ, ਮੁਸਲਮਾਨਾਂ ਖ਼ਿਲਾਫ਼ ਰਚੀ ਜਾ ਰਹੀ ਸਾਜ਼ਿਸ਼ ਨੂੰ ਪਛਾਨਣ ਦੀ ਲੋੜ ਹੈ, ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਹਨਾਂ ਦੀ ਆੜ ਹੇਠ ਨਿਰਦੋਸ਼ੇ ਮੁਸਲਮਾਨਾਂ ਦਾ ਕਤਲੇਆਮ ਕਰਨਾ ਸਰਕਾਰੀ ਨੀਤੀ ਅਤੇ ਫ਼ਿਰਕੂ ਮਾਨਸਿਕਤਾ ਹੈ ਜਿਸ ਦੇ ਖ਼ਿਲਾਫ਼ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰੇਕ ਵਿਅਕਤੀ ਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ।
- ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Posted By:

Leave a Reply