ਬੀਬੀ ਗੁਲਾਬ ਕੌਰ- "ਗਦਰ ਦੀ ਧੀ"

ਬੀਬੀ ਗੁਲਾਬ ਕੌਰ- "ਗਦਰ ਦੀ ਧੀ"

ਬੀਬੀ ਗੁਲਾਬ ਕੌਰ- "ਗਦਰ ਦੀ ਧੀ"
 


"ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨਾਂ ਦੇਸ਼ ਸੇਵਾ ਵਿੱਚ ਪੈਰ ਪਾਇਆ
ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ।
 

ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਉੱਥੇ ਧਰਮ ਅਤੇ ਕੌਮ ਦੇ ਮਾਰਗ ਤੇ ਚੱਲਣ ਲਈ ਆਪਣਾ ਸਿਰ ਤਲੀ ਤੇ ਧਰ ਕੇ ਚਲਣ ਦਾ ਸੱਦਾ ਦਿੱਤਾ ਅਤੇ ਧਰਮ/ ਕੌਮ / ਦੇਸ਼ ਖਾਤਰ ਆਪਣਾ ਸਿਰ ਵਾਰਨ ਲਈ ਪ੍ਰੇਰਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸਤਰੀਆਂ ਨੂੰ 'ਕੌਰ' ਸ਼ਬਦ ਨਾਲ ਮਾਣ ਬਖਸ਼ ਕੇ ਬਹਾਦਰੀ ਅਤੇ ਅਣਖ ਨਾਲ ਜਿਉਣ ਦਾ ਸੱਦਾ ਦਿੱਤਾ!
ਅੱਜ ਅਸੀਂ ਉਸ ਬੀਬੀ ਗੁਲਾਬ ਕੌਰ 'ਗਦਰ ਦੀ ਧੀ' ਦੀ ਗੱਲ ਕਰਨ ਲੱਗੇ ਹਾਂ ਜਿਸਨੇ ਇੱਕ ਚਿੜੀ ਤੋਂ ਬਾਜ ਤੱਕ ਦਾ ਸਫਰ ਹੀ ਨਹੀਂ ਤਹਿ ਕੀਤਾ ਸਗੋਂ " ਗਦਰੀਆਂ ਦੀ ਧੀ" ਦਾ ਰੁਤਬਾ ਵੀ ਹਾਂਸਲ ਹੋਇਆ!
*ਦੇਸ਼ ਦੀ ਆਜ਼ਾਦੀ ਦੇ ਘੋਲ ਵਿੱਚ ਗਦਰ ਪਾਰਟੀ ਦਾ ਵਿਸ਼ੇਸ਼ ਯੋਗਦਾਨ ਹੈ । ਗਦਰੀ ਬਾਬਿਆਂ ਵਿੱਚ ਭਾਈ ਭਗਵਾਨ ਸਿੰਘ, ਬਾਬਾ ਗੁਰਦਿੱਤ ਸਿੰਘ, ਭਾਈ ਜੀਵਨ ਸਿੰਘ, ਭਾਈ ਹਾਫਜ ਅਬਦੁਲਾ, ਭਾਈ ਬਖਸ਼ੀਸ਼ ਸਿੰਘ ਖਾਨਪੁਰ, ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀ ਲਾਟ, ਬਾਬਾ ਸੋਹਣ ਸਿੰਘ ਭਕਣਾ ਆਦਿ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ*। 
ਅੰਗਰੇਜ਼ਾਂ ਵਿਰੁੱਧ ਭਾਰਤੀਆ ਨੂੰ ਜਗਾਉਣ ਵਾਲੀ ਵਿਰਾਂਗਣਾ ਦਾ ਨਾਮ ਸੀ "ਬੀਬੀ ਗੁਲਾਬ ਕੌਰ"
*ਬੀਬੀ ਗੁਲਾਬ ਕੌਰ ਹੋਕਾ ਦਿੰਦੀ ਕਿ ਜੇ ਕੋਈ ਆਪਣੇ ਦੇਸ਼ ਦੀ ਆਜ਼ਾਦੀ ਲਈ ਹੱਥ ਆਏ ਇਸ ਮੌਕੇ ਤੋਂ ਪਿਛਾਹ ਹਟਦਾ ਹੈ ,ਤਾਂ ਉਹ ਚੂੜੀਆਂ ਪਾ ਕੇ ਬੈਠ ਜਾਵੇ ,ਅਸੀਂ "ਔਰਤਾਂ ਮਰਦਾ ਦੀ ਥਾਂ ਤੇ ਲੜਾਂਗੀਆਂ ਅਤੇ ਦੇਸ਼ ਨੂੰ ਆਜ਼ਾਦ ਕਰਾ ਕੇ ਰਹਾਂਗੀ"।* ਇਸ ਹੋਕੇ ਨਾਲ ਹਿੰਦੁਸਤਾਨੀ ਵਿੱਚ ਦੁਗਣਾ ਜੋਸ਼ ਭਰ ਜਾਂਦਾ ।
ਇਤਿਹਾਸ ਦੇ ਦੌਰ ਵਿੱਚ ਭੁਲਾ ਦਿੱਤੀਆਂ ਗਈਆਂ ਅਨੇਕ ਵੀਰਾਗਣਾਂ ਆਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਜਿਨਾਂ ਵਿੱਚੋਂ ਇੱਕ *ਬੀਬੀ ਗੁਲਾਬ ਕੌਰ ਸੀ ਜੋ ਕਿ ਪੰਜਾਬ ਦੀ ਧਰਤੀ 'ਸਪਤ ਸਿੰਧੂ' ਦੇ ਸਫਰ ਤੋਂ ਬਾਅਦ 'ਪੰਜ-ਆਬ' ਅਤੇ ਹੁਣ ਪੰਜਾਬ (ਢਾਈ ਦਰਿਆਵਾਂ ਦਾ ਮਾਲਕ ) ਧਰਤੀ ਦੀ ਜਮਪਲ ਸੀ*।
ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਗਦਰ ਅੰਦੋਲਨ 1913-14 ਦੀ ਇੱਕ ਖਾਸ ਪਹਿਚਾਣ ਹੈ ਕਿਉਂਕਿ ਇਸਦੀ ਸ਼ੁਰੂਆਤ ਅਮਰੀਕਾ, ਕਨੇਡਾ ਚ ਵਸੇ ਪੰਜਾਬੀ ਸਿੱਖ ਪ੍ਰਵਾਸੀਆਂ ਤੋਂ ਹੋਈ । ਇਹ ਲੋਕ ਮੁੱਖ ਤੇ ਉੱਥੇ ਰੁਜ਼ਗਾਰ ਦੀ ਭਾਲ ਵਿੱਚ ਗਏ ਸਨ। ਛੇਤੀ ਹੀ ਉਨਾਂ ਇਹ ਅੰਦੋਲਨ ਫਿਲਪੀਨਸ , ਹਾਂਕਾਂਗ ,ਸਿੰਘਾਪੁਰ 'ਚ ਰਹਿਣ ਵਾਲੇ ਪ੍ਰਵਾਸੀ ਭਾਰਤੀਆਂ ਚ ਵੀ ਫੈਲ ਗਿਆ। ਗਦਰ ਕ੍ਰਾਂਤੀਕਾਰੀਆਂ ਦਾ ਮੰਤਵ ਸੀ ਪਹਿਲੇ ਵਿਸ਼ਵ ਯੁੱਧ ਦੇ ਮੌਕੇ ਦਾ ਫਾਇਦਾ ਉਠਾ ਕੇ ਭਾਰਤ ਵਿੱਚ ਹਥਿਆਰਬੰਦ ਬਗਾਵਤ ਕਰਨਾ । ਬੀਬੀ ਗੁਲਾਬ ਕੌਰ ਇਸ ਅੰਦੋਲਨ ਵਿੱਚ ਸਭ ਤੋਂ ਅਹਿਮ ਮਹਿਲਾ ਵਜੋਂ ਮੰਨਿਆ ਜਾਂਦਾ ਹੈ। ਕਿਉਂਕਿ ਉਹਨਾਂ ਹਰ ਤਰ੍ਹਾਂ ਦੇ ਭਾਰਤੀ-ਪ੍ਰਵਾਸੀਆਂ ਨੂੰ ਇੱਕਜੁੱਟ ਕੀਤਾ ।
ਬੀਬੀ ਗੁਲਾਬ ਕੌਰ ਦਾ ਜਨਮ 1890 ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਖਸ਼ੀਵਾਲਾ ਪਿੰਡ ਦੇ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ । ਉਹਨਾਂ ਦਾ ਵਿਆਹ ਭਾਈ ਮਹਾ ਸਿੰਘ ਨਾ ਹੋਇਆ ਸੀ। ਗੁਲਾਬ ਕੌਰ ਅਤੇ ਉਹਨਾਂ ਦੇ ਪਤੀ ਨੇ ਵੀ ਅਮਰੀਕਾ ਜਾਣ ਦਾ ਵਿਚਾਰ ਬਣਾਇਆ ਪਰ ਵਸੀਲੇ ਸੀਮਤ ਹੋਣ ਕਾਰਨ ਉਹ ਪਹਿਲਾਂ ਮਨੀਲਾ ਪੁੱਜੇ। ਉਹਨਾਂ ਦੀ ਯੋਜਨਾ ਸੀ ਕਿ ਉੱਥੇ ਰਹਿ ਕੇ ਵਾਜਬ ਧਨ ਕਮਾਉਣ ਤੋਂ ਬਾਅਦ ਅਮਰੀਕਾ ਜਾਣਗੇ। ਉਨੀ ਦਿਨੀ ਸਮੁੰਦਰੀ ਜਹਾਜ ਰਾਹੀਂ ਅਮਰੀਕਾ ਜਾਣ ਵਾਲੇ ਲੋਕ ਆਖਿਰ ਇਹੋ ਰੂਟ ਅਪਣਾਉਦੇ ਸਨ। ਮਨੀਲਾ ਵਿੱਚ ਰਹਿਣ ਦੌਰਾਨ ਗੁਲਾਬ ਕੌਰ ਗਦਰ ਪਾਰਟੀ ਦੇ ਆਗੂਆਂ ਦੇ ਸੰਪਰਕ ਵਿੱਚ ਆਏ ਅਤੇ ਉਹਨਾਂ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ । ਉਸ ਵੇਲੇ ਗਦਰ ਪਾਰਟੀ ਦੀ ਮਨੀਲਾ ਸ਼ਾਖਾ ਇੱਕ ਹਰਮਨ ਪਿਆਰੇ ਦੇਸ਼ ਭਗਤ 'ਹਾਫਿਜ ਅਬਦੁੱਲਾ' ਦੀ ਅਗਵਾਈ ਹੇਠ ਕਾਫੀ ਸਰਗਰਮ ਸੀ। ਗੁਲਾਬ ਕੌਰ ਨੂੰ ਪਾਰਟੀ ਦੇ ਕੰਮ ਸੌਂਪੇ ਜਾਣ ਲੱਗੇ ਜਿਨਾਂ ਵਿੱਚ ਉਹਨਾਂ ਨੇ ਆਪਣੀ ਸਮਰੱਥਾ ਅਤੇ ਯੋਗਤਾ ਸਿੱਧ ਕੀਤੀ। ਫਿਰ ਉਹਨਾਂ ਨੇ ਪਾਰਟੀ ਦੀ ਪ੍ਰਿੰਟਿੰਗ ਪ੍ਰੈਸ ਦਾ ਅਹਿਮ ਕੰਮ ਸੌਂਪਿਆ ਗਿਆ। ਇਸ ਲਈ ਉਹਨਾਂ ਨੂੰ ਪੱਤਰਕਾਰ ਦਾ ਕਾਰਡ ਦਿੱਤਾ ਗਿਆ। ਉਹਨਾਂ ਨਾਂ ਸਿਰਫ ਪ੍ਰਿੰਟਿੰਗ ਪ੍ਰੈਸ ਦੀ ਦੇਖਭਾਲ ਕੀਤੀ ਬਲਕਿ ਆਪਣੇ ਪ੍ਰੈਸ ਪਾਸ ਦੀ ਆੜ ਹੇਠ ਇਨਕਲਾਬੀਆਂ ਲਈ ਹਥਿਆਰ ਪਹੁੰਚਾਉਣ ਦਾ ਕੰਮ ਵੀ ਕੀਤਾ। ਇਹ ਅਸਲ ਵਿੱਚ ਬਹੁਤ ਜੋਖਮ ਭਰਪੂਰ ਕੰਮ ਸੀ । ਇਹ ਸਭ ਦੇ ਨਾਲ ਹੀ ਉਹ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਉਤਸਾਹਿਤ ਕਰਦੇ ਰਹਿੰਦੇ ਅਤੇ ਉਨਾਂ ਦਾ ਅਗਲਾ ਨਿਸ਼ਾਨਾ ਸੀ ਭਾਰਤ ਨੂੰ ਬ੍ਰਿਟਿਸ਼ ਹਕੂਮਤ ਤੋਂ ਆਜ਼ਾਦ ਕਰਵਾਉਣ ਲਈ ਭਾਰਤ ਪਰਤਣਾ। 
ਇਸ ਲਈ ਉੱਥੇ ਗੁਰਦੁਆਰਾ ਸਾਹਿਬ ਚ ਗਦਰੀਆਂ ਦੀ ਬੈਠਕ ਹੋਈ। ਭਾਰਤ ਜਾਣ ਦੀ ਤਰੀਕ ਤਹਿ ਹੋਈ । ਗੁਲਾਬ ਕਰੋ ਤੇ ਉਹਨਾਂ ਦੇ ਪਤੀ ਨੇ ਆਪਣੇ ਅਮਰੀਕਾ ਸੁਪਨੇ ਨੂੰ ਤਿਆਗ ਦਿੱਤਾ ਤੇ ਭਾਰਤ ਨੂੰ ਜਾਣ ਵਾਲਿਆਂ ਵਿੱਚ ਨਾਮ ਲਿਖਵਾਇਆ ਤੇ ਜਦੋਂ ਜਥੇਬੰਦੀ ਵੱਲੋਂ ਵਾਪਸ ਜਾਣ ਦਾ ਵੇਲਾ ਆਇਆ ਤਾਂ ਉਹਨਾਂ ਦੇ ਪਤੀ ਮਾਨ ਸਿੰਘ ਦਾ ਮਨ ਬਦਲ ਗਿਆ ਤੇ ਭਾਰਤ ਵਾਪਸ ਆਉਣ ਤੋਂ ਇਨਕਾਰ ਕਰਨ ਲੱਗੇ। ਬੀਬੀ ਗੁਲਾਬ ਕੌਰ ਨੇ ਉਹਨਾਂ ਨੂੰ ਸਮਝਾਉਣ ਦੇ ਬਥੇਰੇ ਯਤਨ ਕੀਤੇ ਪਰ ਉਹ ਨਹੀਂ ਮੰਨੇ । ਬੀਬੀ ਗੁਲਾਬ ਕੌਰ ਆਪਣੇ ਪਤੀ ਨੂੰ ਉੱਥੇ ਛੱਡ ਕੇ ਭਾਰਤ ਵਾਪਸ ਆ ਗਈ ਕਿਉਂਕਿ ਬੀਬੀ ਜੀ ਨੇ ਆਪਣੀ ਮਾਤ ਭੂਮੀ ਦੀ ਆਜ਼ਾਦੀ ਦੇ ਲੜਨ ਦਾ ਨਿਸ਼ਚਾ ਕੀਤਾ ਸੀ। ਬੀਬੀ ਗੁਲਾਬ ਕੌਰ ਨੇ ਭਾਰਤ ਪਹੁੰਚ ਕੇ ਜੋਸ਼ੀਲੇ ਭਾਸ਼ਣ ਦਿੱਤੇ ਤੇ ਭਾਵ ਪੂਰਨ ਸੁਰ ਵਿਚ ਗਦਰ ਦੀ ਗੂੰਜ ਆਪਣੀਆਂ ਲਿਖੀਆਂ ਕਵਿਤਾਵਾਂ/ ਸਤਰਾਂ/ ਗੀਤ ਗਾਉਂਦੇ ਤੇ ਆਪਣੀ ਚੂੜੀਆਂ ਲਾਹ ਕੇ ਲੋਕਾਂ ਨੂੰ ਲਲਕਾਰਦੇ। ਮੌਜੂਦਾ ਲੋਕਾਂ ਦੇ ਮਨਾਂ ਉੱਤੇ ਇਸਦਾ ਤਿੱਖਾ ਅਸਰ ਹੁੰਦਾ ਅਤੇ ਉਹ ਬਗਾਵਤ ਕਰਨ ਲਈ ਆਪਣੇ ਨਾਂ ਦਰਜ ਕਰਵਾਉਣ ਲੱਗ ਪਏ। ਇਸੇ ਦੌਰਾਨ ਉਨਾਂ ਪਾਰਟੀ ਲਈ ਵੱਖੋ ਵੱਖਰੀਆਂ ਜਿੰਮੇਵਾਰੀਆਂ ਨਿਭਾਈਆਂ। ਉਹ ਇਨਕਲਾਬੀ ਸਹਿਤ ਛਾਪਦੇ ਅਤੇ ਉਸਨੂੰ ਆਜ਼ਾਦੀ ਘੁਲਾਟੀਆਂ ਵਿੱਚ ਵੰਡਣ ਦਾ ਕੰਮ ਕਰਦੇ । ਉਹ ਗੁਪਤ ਤੋਰ ਤੇ ਇਨਕਲਾਬੀਆਂ ਤੱਕ ਹਥਿਆਰ ਵੀ ਪਹੁੰਚਾਉਦੇ । ਉਹਨਾਂ ਦੀ ਪ੍ਰੇਰਨਾ, ਵਿਲੱਖਣ ਸ਼ਖਸ਼ੀਅਤ, ਨਿਰੰਤਰ ਯਤਨ ਅਤੇ ਅਣਥੱਕ ਮਿਹਨਤ ਸਦਕਾ ਪੰਜਾਬ ਵਿੱਚ ਇੱਕ ਮਜਬੂਤ ਅੰਦੋਲਨ ਖੜਾ ਹੋ ਗਿਆ।
ਬੀਬੀ ਗੁਲਾਬ ਕੌਰ ਆਖਰ ਪੁਲਿਸ ਨੂੰ ਚਕਮਾ ਦਿੰਦੇ ਸਨ ਤੇ ਗਿਰਫਤਾਰੀ ਤੋਂ ਬਚ ਜਾਂਦੇ ਸਨ। ਇੱਕ ਵਾਰ ਸੰਘਵਾਲ ਪਿੰਡ ਵਿੱਚ ਗਦਰੀਆਂ ਦੀ ਇੱਕ ਗੁਪਤ ਬੈਠਕ ਚੱਲ ਰਹੀ ਸੀ ਜਿਸ ਵਿੱਚ ਗੁਲਾਬ ਕੌਰ ਵੀ ਮੌਜੂਦ ਸੀ । ਅਚਾਨਕ ਪੁਲਿਸ ਦਾ ਛਾਪਾ ਪਿਆ, ਇਨਕਲਾਬੀ ਤਾਂ ਕਿਵੇਂ ਨਾ ਕਿਵੇਂ ਉਥੋਂ ਬਚ ਨਿਕਲਣ ਚ ਸਫਲ ਹੋ ਗਏ ਪਰ ਕਾਹਲੀ 'ਚ ਆਪਣੇ ਹਥਿਆਰ ਅਤੇ ਸਾਹਿਤ ਉੱਥੇ ਹੀ ਛੱਡ ਗਏ । ਗੁਲਾਬ ਕੌਰ ਨੇ ਬਹੁਤ ਹੁਸ਼ਿਆਰੀ ਨਾਲ ਸਾਰੇ ਹਥਿਆਰ ਅਤੇ ਸਾਹਿਤ ਨੂੰ ਇੱਕ ਟੋਕਰੀ ਵਿੱਚ ਪਾਇਆ ਤੇ ਬਹੁਤ ਸ਼ਾਂਤੀ ਨਾਲ ਖੂਹ ਵੱਲ ਚੱਲ ਪਏ। ਲਾਗੇ ਖੜੀ ਪੁਲਿਸ ਨੂੰ ਰਤਾ ਵੀ ਭਿਣਕ ਨਹੀਂ ਪਈ ।
ਅੰਤ ਚ ਇਕ ਦਿਨ ਬੀਬੀ ਗੁਲਾਬ ਕੌਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹਨਾਂ ਵਿਰੁੱਧ ਦੇਸ਼ ਧਰੋਹ ਦਾ ਮੁਕਦਮਾ ਚੱਲਿਆ ਤੇ ਸੁਣਵਾਈ ਉਪਰੰਤ ਉਹਨਾਂ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਗਈ। ਉਹਨਾਂ ਨੂੰ ਲਾਹੌਰ ਦੀ ਜੇਲ ਵਿੱਚ ਭੇਜ ਦਿੱਤਾ ਗਿਆ ਜਦੋਂ ਉਹ ਜੇਲ ਤੋਂ ਰਿਹਾ ਹੋਏ ਉਹਨਾਂ ਦੀ ਸਿਹਤ ਖਰਾਬ ਹੋ ਚੁੱਕੀ ਸੀ ਪਰ ਫਿਰ ਵੀ ਮਾਤਭੂਮੀ ਲਈ ਲੜਨ ਦਾ ਉਹਨਾਂ ਦਾ ਜਨੂਨ ਘਟ ਨਹੀਂ ਹੋਇਆ । ਉਹ ਸਵਤੰਤਰਤਾ ਸੰਗਰਾਮ ਲਈ ਲੋਕਾਂ ਨੂੰ ਪ੍ਰੇਰਤ ਕਰਦੇ ਰਹੇ ਅੰਤ ਵਿੱਚ ਕਾਫੀ ਬਿਮਾਰ ਹੋ ਗਏ ਅਤੇ 1931 ਨੂੰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ।
ਗੁਲਾਬ ਕੋਰ ਦੇ ਜੀਵਨ ਬਾਰੇ ਸਰਦਾਰ ਕੇਸਰ ਸਿੰਘ ਦਾ ਲਿਖਿਆ ਨਾਵਲ ਹੈ ਜਿਸ ਦਾ ਨਾਮ ਹੈ "ਗੁਲਾਬ ਕੌਰ ਪੰਜਾਬ ਦੀ ਧੀ" ਅਤੇ ਹਰਮਨ ਪਿਆਰੇ ਨਾਟਕਕਾਰ ਅਜਮੇਰ ਸਿੰਘ ਔਲਖ ਨੇ ਪੰਜਾਬੀ ਵਿੱਚ ਨਾਟਕ "ਘੂਕਦਾ ਚਰਖਾ" ਲਿਖਿਆ ਹੈ।
30 ਅਕਤੂਬਰ ਤੋਂ 1 ਨਵੰਬਰ ਤੱਕ 'ਦੇਸ਼ ਭਗਤ ਹਾਲ ਜਲੰਧਰ' ਵਿਖੇ ਗਦਰੀ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਇਹ ਮੇਲਾ ਸਵਤੰਤਰਤਾ ਸਲਾਨੀ ਅਤੇ ਗਦਰੀਆਂ ਦੀ ਧੀ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਹੈ।
ਬੀਬੀ ਜੀ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ।
 

                     ਲੇਖਕ-ਹਰਵੇਲ ਸਿੰਘ ਸੈਣੀ ਗੜ੍ਹਸ਼ੰਕਰ
  ਪ੍ਰਧਾਨ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਗੜ੍ਹਸ਼ੰਕਰ-144 527                        ਜਿਲ੍ਹਾ ਹੁਸ਼ਿਆਰਪੁਰ
ਸੰਪਰਕ ਨੰ.- 9779855065

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.