ਅੰਮ੍ਰਿਤਪਾਲ ਸਿੰਘ ਪੱਖੀ WhatsApp ਗਰੁੱਪ ’ਚ ਅਮਿਤ ਸ਼ਾਹ, ਬਿੱਟੂ ਤੇ ਮਜੀਠੀਆ ’ਤੇ ਹਮਲੇ ਦੀ ‘ਸਾਜ਼ਿਸ਼’, 2 ਕਾਬੂ
- ਅਪਰਾਧ
- 22 Apr,2025

ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਹੋਇਆ ‘ਸਾਜ਼ਿਸ਼’ ਦਾ ਪਰਦਾਫਾਸ਼ ਹੋਇਆ ਤੇ ਸੁਰੱਖਿਆ ਏਜੰਸੀਆਂ ਹਰਕਤ ਵਿਚ ਆਈਆਂ
ਚੰਡੀਗੜ੍ਹ, 22 ਅਪਰੈਲ, ਨਜ਼ਰਾਨਾ ਟਾਈਮਜ ਬਿਊਰੋ
ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਕਥਿਤ ਹਮਾਇਤ ਕਰਨ ਵਾਲੇ ਇਕ ਵ੍ਹਟਸਐਪ ਗਰੁੱਪ ਵਿਚ ਕਥਿਤ ਤੌਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਹਮਲਾ ਕਰਨ ਦੀਆਂ ਯੋਜਨਾਵਾਂ ‘ਤੇ ਚਰਚਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ, ਜਿਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਚਿੰਤਾ ਪੈਦਾ ਹੋ ਗਈ ਤੇ ਉਹ ਹਰਕਤ ਵਿਚ ਆਈਆਂ। ‘ਵਾਰਿਸ ਪੰਜਾਬ ਦੇ ਟੀਮ’ ਨਾਮੀ ਇਸ WhatsApp ਗਰੁੱਪ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਨਾਲ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਅਤੇ ਕਥਿਤ ਤੌਰ ‘ਤੇ ਇਸ ਵਿੱਚ 600 ਤੋਂ ਵੱਧ ਮੈਂਬਰ ਸ਼ਾਮਲ ਹਨ।
ਮੋਗਾ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਨੇ ਭਾਰਤੀ ਦੰਡਾਵਲੀ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਕਈ ਧਾਰਾਵਾਂ ਦੇ ਤਹਿਤ ਐਫਆਈਆਰ ਦਰਜ ਕੀਤੀ ਹੈ, ਜਿਸ ਵਿੱਚ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 61(2)(a), 113(3), 152, 353 ਸ਼ਾਮਲ ਹਨ।
ਮੁਲਜ਼ਮਾਂ ਦੀ ਪਛਾਣ ਲਖਦੀਪ ਸਿੰਘ ਸਰਦਾਰਗੜ੍ਹ, ਬਠਿੰਡਾ; ਬਲਕਾਰ ਸਿੰਘ, ਨਿਊ ਮਾਡਲ ਟਾਊਨ, ਖੰਨਾ ਅਤੇ ਪਵਨਦੀਪ ਸਿੰਘ, ਪਿੰਡ ਖੋਟੇ, ਮੋਗਾ ਵਜੋਂ ਹੋਈ ਹੈ। ਤਿੰਨਾਂ ਵਿੱਚੋਂ ਪੁਲੀਸ ਵੱਲੋਂ ਬਲਕਾਰ ਅਤੇ ਪਵਨਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Posted By:

Leave a Reply