ਕੂੜ੍ਹ ਦੇ ਘੁੱਪ ਹਨੇਰੇ ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ

ਕੂੜ੍ਹ ਦੇ ਘੁੱਪ ਹਨੇਰੇ  ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ

ਕੂੜ੍ਹ ਦੇ ਘੁੱਪ ਹਨੇਰੇ ਵਿੱਚ ਸੱਚ ਦਾ ਸੂਰਜ ਬਣ ਕੇ ਆਏ ਗੁਰੁ ਨਾਨਕ ਜੀ 
ਡਾ. ਸਤਿੰਦਰ ਪਾਲ ਸਿੰਘ 
 

ਸੰਤਾਪ ਨਾਲ ਤੱਪ ਰਹੀ ਮਨੁੱਖਤਾ ਦਾ ਠਾਰ ਬਣ ਕੇ ਆਇਆ , ਅਗਿਆਨ ਦੇ ਹਨੇਰੇ ਵਿੱਚ ਭਟਕ ਰਹੇ ਲੋਕਾਂ ਲਈ ਗਿਆਨ ਦੀ ਮਸ਼ਾਲ ਬਣ ਕੇ ਆਇਆ , ਜਬਰ ਜ਼ੁਲਮ ਦੀ ਅੰਤ ਹੀਨ ਰਾਤ ਦਾ ਤ੍ਰਾਸ ਸਹਿ ਰਹੇ ਦੀਨ ਲਈ ਆਸ ਦੀ ਸੋਹਣੀ ਸਵੇਰ ਬਣ ਕੇ ਆਇਆ , ਜਨਮਾਂ ਜਨਮਾਂ ਦੇ ਪਾਪਾਂ ਦੀ ਪੰਡ ਸਿਰ ਤੇ ਢੋਹ ਰਹੇ ਬੇਬਸ ਲਾਚਾਰ ਲਈ ਮੁਕਤੀ ਦਾ ਦਾਤਾ ਬਣ ਕੇ ਆਇਆ , ਉਹ ਗੁਰੂ ਨਾਨਕ ਸੀ ਜੋ ਪੂਰੀ ਲੋਕਾਈ ਨੂੰ ਤਾਰਨ ਆਇਆ । ਗੁਰੂ ਨਾਨਕ ਸਾਹਿਬ ਨੇ ਪੂਰੀ ਮਨੁੱਖਤਾ ਨੂੰ ਆਪਣਾ ਸਮਝਿਆ , ਸਾਰੀਆਂ ਦੀ ਚਿੰਤਾ ਕੀਤੀ , ਹਰ ਇੱਕ ਲਈ ਆਪਣਾ ਦਰ , ਘਰ ਸਦਾ ਲਈ ਖੋਲ ਕੇ ਰੱਖਿਆ । ਗੁਰੂ ਸਾਹਿਬ ਅਦੁੱਤੀ ਹਿੰਮਤ ਤੇ ਤਾਕਤ ਦੇ ਮੁਜੱਸਮੇ ਬਣ ਕੇ ਸੰਸਾਰ ਵਿੱਚ ਆਏ ਸਨ। ਸਦੀਆਂ ਤੋਂ ਪੈਰ ਜਮਾ ਕੇ ਧਾਰਮਿਕ , ਸਮਾਜਿਕ ਵਿਵਸਥਾ ਦਾ ਹਿੱਸਾ ਬਣੇ ਹੋਏ ਜਿਸ ਕੂੜ , ਝੂਠ , ਆਡੰਬਰ ਦੇ ਵਿਰੁੱਧ ਕੋਈ ਬੋਲਣ ਤੋਂ ਵੀ ਡਰਦਾ ਸੀ , ਗੁਰੂ ਨਾਨਕ ਸਾਹਿਬ ਨੇ ਸਿੱਧੀ ਤੇ ਜ਼ੋਰਦਾਰ ਚੋਟ ਕੀਤੀ। ਗੁਰੂ ਸਾਹਿਬ ਦਾ ਢੰਗ ਨਿਰਾਲਾ ਤੇ ਪ੍ਰਭਾਵਕਾਰੀ ਸੀ। ਸੱਚ ਦੀ ਗੱਲ ਗੁਰੂ ਸਾਹਿਬ ਨੇ ਆਪਣੇ ਤੋਂ ਆਰੰਭ ਕੀਤੀ ਤੇ ਸਮਾਜ ਤੱਕ ਲੈ ਕੇ ਗਏ। ਸ਼ਬਦੀ ਗਿਆਨ ਦੀ ਥਾਂ ਹਿੱਤਕਾਰੀ ਗਿਆਨ ਲਈ ਪਾਂਧੇ , ਮੌਲਵੀ ਦੇ ਸਾਹਮਣੇ ਪਹਿਲਾਂ ਗੁਰੂ ਸਾਹਿਬ ਆਪ ਖੜੇ ਹੋਏ।ਸੂਤ ਦੇ ਜਨੇਊ ਨੂੰ ਨਕਾਰ ਕੇ ਦਇਆ , ਸੰਤੋਖ , ਜਤ ,ਸਤ ਆਦਿਕ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਨਾ ਗੁਰੂ ਸਾਹਿਬ ਆਪ ਬਣੇ। ਜੀਵਨ ਦਾ ਸੱਚਾ ਲਾਹਾ ਕੀ ਹੈ , ਕਿਵੇਂ ਖੱਟਣਾ ਹੈ ਇਹ ਵੀ ਗੁਰੂ ਨਾਨਕ ਸਾਹਿਬ ਨੇ ਆਪ ਸੱਚਾ ਸੌਦਾ ਕਰ ਕੇ ਵਿਖਾਇਆ। ਕਰਮਕਾਂਡ ਧਰਮ ਦਾ ਅੰਗ ਨਹੀਂ ਹਨ ਇਸ ਲਈ ਗੁਰੂ ਸਾਹਿਬ ਨੇ ਸੁਲਤਾਨਪੁਰ ਲੋਧੀ ਵਿੱਚ ਮਸਜਿਦ ਅੰਦਰ ਨਵਾਬ ਤੇ ਮੌਲਵੀ ਦੇ ਨਾਲ ਨਮਾਜ ਨਾ ਪੜ੍ਹ ਕੇ ਅਤਿ ਸਾਹਸ ਭਰਿਆ ਖੰਡਨ ਕੀਤਾ। ਇਸ ਤੋਂ ਬਾਅਦ ਹੀ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਸੱਚ ਦੀ ਰਾਹ ਤੇ ਲਿਆਉਣ ਦਾ ਆਪਣਾ ਮਿਸ਼ਨ ਆਰੰਭਿਆ ਸੀ। 
ਗੁਰੂ ਨਾਨਕ ਸਾਹਿਬ ਦਾ ਮਹਾਨ ਉਪਕਾਰ ਸੀ ਕਿ ਉਨ੍ਹਾਂ ਨੇ ਪਰਮਾਤਮਾ ਨੂੰ ਖਾਸ ਅਸਥਾਨਾਂ , ਰੂਪ , ਰੰਗ , ਵਰਨ ਤੋਂ ਬਾਹਰ ਲਿਆ ਕੇ ਉਸ ਦੇ ਨੇੜੇ ਤੋਂ ਨੇੜੇ ਅਤੇ ਸਰਵ ਵਿਆਪੀ ਦਰਸ਼ਨ ਕਰਾਏ। ਸਿਰਸ਼ਟੀ ਦੀ ਇੱਕ ਇੱਕ ਰਚਨਾ ਵਿੱਚ ਵੱਸ ਰਹੀ ਪਰਮਾਤਮਾ ਦੀ ਹੋਂਦ ਨੂੰ ਪ੍ਰਗਟ ਕਰ ਉਨ੍ਹਾਂ ਦੇ ਵੀ ਨੇੜੇ ਲੈ ਆਏ ਜਿਨ੍ਹਾਂ ਲਈ ਪਰਮਾਤਮਾ ਅਲੱਭ ਸੀ। ਮਨੁੱਖ ਨੂੰ ਮਨ ਅੰਦਰ ਹੀ ਪਰਮਾਤਮਾ ਪ੍ਰਗਟ ਕਰਨ ਦੀ ਜਾਚ ਦੱਸ ਕੇ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਮਨੁੱਖ ਦਾ ਸਿੱਧਾ ਸਬੰਧ ਜੋੜ ਦਿੱਤਾ ਤੇ ਵਿਚਕਾਰ ਕਿਸੇ ਤੀਜੇ ਦੀ ਲੋੜ ਹੀ ਮੁਕਾ ਦਿੱਤੀ। ਇਸ ਵਿਲੱਖਣ ਕੌਤਕ ਨੇ ਧਾਰਮਕ ਜਗਤ ਦਾ ਪਰਿਦ੍ਰਿਸ਼ ਹੀ ਬਦਲ ਦਿੱਤਾ। ਮਨ ਹੀ ਤੀਰਥ ਹੋ ਗਿਆ , ਮਨ ਹੀ ਧਰਮ ਅਸਥਾਨ ਹੋ ਗਿਆ , ਮਨ ਦੀ ਸਾਧਨਾ ਹੀ ਭਗਤੀ ਹੋ ਗਈ” । ਗੁਰੂ ਸਾਹਿਬ ਨੇ ਕਿਹਾ ਕਿ ਇੱਕ ਪਰਮਾਤਮਾ ਹੀ ਸੱਚੀ ਸੱਤਾ ਹੈ ਜਿਸ ਦੀ ਕਿਰਪਾ ਪ੍ਰਾਪਤ ਕਰਨ ਲਈ ਇੱਕ ਹੀ ਯੋਗਤਾ ਹੈ ਮਨ ਦਾ ਸਚਿਆਰ ਹੋਣਾ “ ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ “ . ਮਨ ਅੰਦਰ ਦੀ ਮਾਇਆ ਦੇ ਮੋਹ ਤੇ ਔਗੁਣਾਂ , ਵਿਕਾਰਾਂ ਦੀ ਮੈਲ ਧੋ ਕੇ ਸ੍ਰਿਸ਼ਟੀ ਦੇ ਇੱਕੋ ਇੱਕ ਸੱਚ ਪਰਮਾਤਮਾ ਦੀ ਦਾਸ ਭਾਵਨਾ ਦ੍ਰਿੜ੍ਹ ਕਰਨ ਤੋਂ ਬਾਅਦ ਹੀ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਮਨ ਅੰਦਰ ਹੀ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ , ਮਨ ਪਰਮਾਤਮਾ ਦਾ ਅਨੁਸਾਰੀ ਹੋ ਜਾਂਦਾ ਹੈ। ਜਿਸ ਨੇ ਵੀ ਗੁਰੂ ਸਾਹਿਬ ਦੇ ਇਸ ਸੱਚ ਨੂੰ ਧਾਰਨ ਕੀਤਾ , ਨਾਂ ਪਰਿਵਾਰ , ਘਰ , ਨਗਰ ਤਿਆਗ ਕੇ ਜੰਗਲ, ਪਰਬਤ ਤੇ ਜਾਣ ਦੀ ਲੋੜ ਰਹੀ ਨਾਂ ਹੀ ਕਿਸੇ ਕਰਮ ਕਾਂਡ , ਹਠ , ਤਪ ਦੀ।ਗੁਰੂ ਸਾਹਿਬ ਨੇ ਆਪਣੀਆਂ ਧਰਮ ਯਾਤਰਾਵਾਂ ਵਿੱਚ ਅਣਗਿਣਤ ਲੋਗ ਤਾਰੇ ਤੇ ਇੱਕ ਅਜਿਹਾ ਸਮਾਜ ਸਿਰਜਿਆ ਜਿਸ ਆਧਾਰ ਸੱਚ ਸੀ ਤੇ ਜਿਸ ਦੀ ਤਾਕਤ ਪ੍ਰੇਮ ਸੀ।ਗੁਰੂ ਸਾਹਿਬ ਦੀ ਸੱਚ ਸ਼ਕਤੀ ਨੇ ਹੀ ਸ਼ੇਖ ਸੱਜਣ ਜਿਹਾਂ ਨੂੰ ਕੁਪੰਥ ਤੋਂ ਮੋੜ ਕੇ ਪ੍ਰੇਮ ਪੰਥ ਤੇ ਲਿਆਂਦਾ , ਕੁਚੱਜੀ ਤੋਂ ਸੁਚੱਜੀ ਬਣਾਇਆ। ਸੱਚੇ ਕਿਰਤੀ ਭਾਈ ਲਾਲੋ ਜਿਹਾਂ ਨੂੰ ਮਾਣ ਬਖਸ਼ਿਆ ਤੇ ਇਤਿਹਾਸ ਵਿੱਚ ਅਮਰ ਕਰ ਦਿੱਤਾ। 
ਸੱਚ ਧਾਰਨ ਕਾਰਨ ਨਾਲ ਹੀ ਜੋ ਝੂਠ , ਪਾਖੰਡ , ਕਰਮਕਾਂਡ ਸਮਾਜ ਅੰਦਰ ਭਰਮ , ਭਟਕਣ ਪੈਦਾ ਕਰ ਰਹੇ ਸਨ , ਦੇ ਵਿਰੁੱਧ ਸਾਫ਼ਗੋਈ ਨਾਲ ਡੱਟ ਕੇ ਖੜੇ ਹੋਣਾ ਵੀ ਗੁਰੂ ਸਾਹਿਬ ਨੇ ਸਿਖਾਇਆ। ਧਰਮੀ ਹੋਣਾ ਅਧਰਮ ਦਾ ਖੰਡਨ ਕਰਨਾ ਵੀ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਬੜੀ ਮੁਖ਼ਰਤਾ ਨਾਲ ਕਰਮਕਾਂਡਾਂ ਦਾ ਖੰਡਨ ਕੀਤਾ। ਆਪਣੀਆਂ ਧਰਮ ਯਾਤਰਾਵਾਂ ਵਿੱਚ ਵੀ ਅਧਰਮ ਵੇਖ ਕੇ ਗੁਰੂ ਸਾਹਿਬ ਚੁੱਪ ਨਹੀਂ ਰਹੇ। ਅਧਰਮ ਦਾ ਖੰਡਨ ਕਰਨ ਦਾ ਗੁਰੂ ਸਾਹਿਬ ਦਾ ਢੰਗ ਬੇਮਿਸਾਲ ਸੀ। ਆਪਣੇ ਹਰ ਕਰਮਕਾਂਡ ਦਾ ਵਿਕਲਪ ਪ੍ਰਗਟ ਕੀਤਾ ਜੋ ਸੱਚ ਅਧਾਰਤ ਸੀ ਤੇ ਧਰਮ ਦਾ ਪੱਖ ਪੂਰਤ ਕਰਦਾ ਸੀ। ਇਸ ਨਾਲ ਕਰਮਕਾਂਡ ਆਪ ਹੀ ਖੋਖਲੇ ਸਾਬਿਤ ਹੁੰਦੇ ਗਏ। ਹਰਿਦੁਆਰ ਵਿੱਚ ਪੱਛਮ ਵੱਲ ਪਾਣੀ ਅਰਪਣ ਕਰ , ਜਗਨੰਨਾਥਪੁਰੀ ਵਿੱਚ “ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ “ ਦਾ ਗਾਇਨ ਕਰ , ਮੱਕੇ ਵਿੱਚ ਦਿਸ਼ਾ ਭਰਮ ਤੋੜਨ ਲਈ ਪੱਛਮ ਵੱਲ ਪੈਰ ਕਰ , ਕੁਰਖੇਤਰ ਵਿੱਚ ਆਪਣਾ ਚੁਲ੍ਹਾ ਚਾੜ੍ਹ ਕੇ , ਆਪਣੇ ਝੂਠ , ਪਾਖੰਡ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੇ ਹੋਣਾ ਸਿਖਾਇਆ। ਦਿਨ , ਮਿਤੀ , ਮਹੀਨੇ ਦੇ ਭਰਮ ਤੋੜਨ ਲਈ ਬਾਣੀ ਉਚਾਰ ਕੇ ਗੁਰੂ ਸਾਹਿਬ ਨੇ ਧਾਰਮਕ ਸ਼ਬਦਾਵਲੀ ਦੇ ਸੱਚੇ ਅਰਥ ਉਜਾਗਰ ਕੀਤੇ ਜੋ ਸਿਰਜਣਹਾਰ ਪਰਮਾਤਮਾ ਦੀ ਵਡਿਆਈ ਦੇ ਦਰਸ਼ਨ ਕਰਾਉਣ ਵਾਲੇ ਤੇ ਪਰਮਾਤਮਾ ਲਈ ਪ੍ਰੇਮ ਭਾਵਨਾ ਪੈਦਾ ਕਰਨ ਵਾਲੇ ਸਨ । ਬਿਖਮ ਤੋਂ ਬਿਖਮ ਹਾਲਾਤ ਵਿੱਚ ਵੀ ਸੱਚ ਲਈ ਖੜੇ ਹੋਣਾ ਸਹਿਜ ਤੇ ਸਰਲ ਬਣ ਗਿਆ। 
ਗੁਰੂ ਨਾਨਕ ਸਾਹਿਬ ਨੇ ਅਜਿਹੀ ਸੰਗਤ ਵਿੱਚ ਕਾਇਮ ਕੀਤੀ ਜਿਸ ਵਿੱਚ ਸਿੱਖ ਦੀ ਪਛਾਣ ਕੇਵਲ ਸਿੱਖ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਉਸ ਦੀ ਧਨ , ਦੌਲਤ , ਜਾਤ , ਵਰਣ , ਰੰਗ , ਰੂਪ ਦਾ ਕੋਈ ਵਿਚਾਰ ਨਹੀਂ ਸੀ।ਬਿਨਾ ਕਿਸੇ ਵਿਤਕਰੇ ਦੇ ਹਰ ਮਨੁੱਖ ਲਈ ਗੁਰੂ ਸਾਹਿਬ ਦੀ ਦਇਆ , ਕਿਰਪਾ ਵਰ੍ਹ ਰਹੀ ਸੀ। ਇਹ ਇੱਕ ਗੁਣਵਾਨ ਸਮਾਜ ਸੀ। ਕਦਰ ਸਿੱਖ ਦੇ ਗੁਣਾਂ ਦੀ ਸੀ , ਸਿਦਕ ਦੀ ਸੀ।ਬਾਬਾ ਬੁੱਢਾ ਜੀ ਦੀ ਜਿਗਿਆਸਾ ਮਾਤਰ ਬਾਰਹ ਸਾਲ ਦੀ ਬਾਲ ਅਵਸਥਾ ਵਿੱਚ ਹੀ ਸ਼ਾਂਤ ਹੋਈ ਤਾਂ ਸ਼ਰਧਾ ਤੇ ਪ੍ਰੇਮ ਪੈਦਾ ਹੋ ਗਿਆ। ਭਾਈ ਲਹਿਣਾ ਜੀ ਦਾ ਮਨ ਬਾਣੀ ਸੁਣ ਕੇ ਤ੍ਰਿਪਤ ਹੋਇਆ ਤਾਂ ਸਮਰਪਣ ਦੀ ਭਾਵਨਾ ਨੇ ਜਨਮ ਲੈ ਲਿਆ। ਇਹ ਇਮਾਨਦਾਰ ਕਿਰਤ ਕਰਨ ਵਾਲਿਆਂ ਦਾ ਸਮਾਜ ਸੀ। ਅੰਮ੍ਰਿਤ ਵੇਲੇ ਦੀ ਸੰਭਾਲ ਪਰਮਾਤਮਾ ਦੇ ਸਿਮਰਨ , ਧਿਆਨ , ਗੁਰ ਸ਼ਬਦ ਦੇ ਗਾਇਨ ਨਾਲ ਕੀਤੀ ਜਾਂਦੀ। ਦਿਨ ਦਾ ਵਿਵਹਾਰ ਸਿਮਰਨ ਤੇ ਪ੍ਰਭੂ ਜਸ ਗਾਇਨ ਤੋਂ ਪ੍ਰਾਪਤ ਪ੍ਰੇਰਨਾ ਅਧੀਨ ਪੂਰਾ ਕੀਤਾ ਜਾਂਦਾ। ਸੰਧਿਆ ਦਾ ਸਮਾਂ ਸਿਮਰਨ , ਗੁਰ ਸ਼ਬਦ ਨਾਲ ਜੁੜ ਕੇ ਰੱਬੀ ਸ਼ੁਕਰਾਨੇ ਵਿੱਚ ਵਰਤਿਆ ਜਾਂਦਾ। ਸੰਗਤ ਵਿੱਚ ਸਬਰ , ਸੰਤੋਖ , ਦਇਆ , ਸੇਵਾ ਤੇ ਪਰੋਪਕਾਰ ਦੇ ਗੁਣ ਪੱਕੇ ਕੀਤੇ ਜਾਂਦੇ। ਪਰਮਾਤਮਾ ਦੀ ਆਗਿਆ ਵਿੱਚ ਰਹਿਣਾ ਸਿਖਿਆ ਜਾਂਦਾ ਸੀ। 
ਸਦੀਆਂ ਪੁਰਾਤਨ ਮਾਨਤਾਵਾਂ , ਪਰੰਪਰਾਵਾਂ ਦੀ ਸੋਚ ਤੇ ਵਿਸ਼ਵਾਸ ਨੂੰ ਉਲਟਨਾ ਸੰਸਾਰ ਦੀ ਸੱਭ ਤੋਂ ਕਰੜੀ ਵਿਚਾਰਕ ਜੰਗ ਹੈ।ਇਸ ਜੰਗ ਦੇ ਬਹੁਤ ਸਾਰੇ ਜੋਖਿਮ ਹੁੰਦੇ ਹਨ। ਕੋਈ ਵੀ ਮਨੁੱਖ ਅਜਿਹੇ ਜੋਖਿਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਵੱਡੀ ਗਿਣਤੀ ਵਿੱਚ ਭੇੜ ਚਾਲ ਚੱਲਣ ਵਾਲੇ ਲੋਗ ਉਸ ਦੀ ਰਾਹ ਰੋਕ ਕੇ ਖੜੇ ਹੋ ਜਾਂਦੇ ਹਨ । ਜਿਨ੍ਹਾਂ ਮਾਨਤਾਵਾਂ , ਪਰੰਪਰਾਵਾਂ ਵਿੱਚ ਜਿਉਂਦਿਆਂ ਪੀੜ੍ਹੀਆਂ ਗੁਜਰ ਗਈਆਂ ਹੋਣ ਉਨ੍ਹਾਂ ਨੂੰ ਅੰਤਮ ਸੱਚ ਮੰਨ ਲਿਆ ਜਾਂਦਾ ਹੈ। ਕੋਈ ਵੀ ਸਹਿਣ ਨਹੀਂ ਕਰਦਾ ਕਿ ਉਸ ਦੇ ਮੰਨੇ ਹੋਏ ਸੱਚ ਦਾ ਕੋਈ ਖੰਡਨ ਕੀਤਾ ਕਰੇ । ਗੁਰੂ ਨਾਨਕ ਸਾਹਿਬ ਨੇ ਸਾਰੇ ਜੋਖਿਮ ਲਏ। ਗੁਰੂ ਸਾਹਿਬ ਪ੍ਰਮੁੱਖ ਧਰਮ ਕੇਂਦਰਾਂ ਤੇ ਗਏ। ਧਾਰਮਿਕ ਵਿਦਵਾਨਾਂ , ਧਾਰਮਿਕ ਪੁਰਖਾਂ ਨਾਲ ਵੀ ਸੰਵਾਦ ਕਾਇਮ ਕੀਤਾ ਅਤੇ ਆਪਣੇ ਤਰਕ ਇਸ ਢੰਗ ਨਾਲ ਰੱਖੇ ਕਿ ਉਹਨਾਂ ਕੋਲ ਕੋਈ ਜਵਾਬ ਨਾ ਬਚਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਗੁਰੂ ਸਾਹਿਬ ਦੀ ਬਾਣੀ ਸਿਧ ਗੋਸਟਿ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਧਰਮ ਚਰਚਾਵਾਂ ਦੋਰਾਨ ਆਪ ਪੂਰੁ ਨ ਸਹਿਜ , ਸਨਿੱਮਰ ਤੇ ਸਰਲ ਰਹਿੰਦੇ ਸਨ ਪਰ ਆਪਣੀ ਗੱਲ ਪੂਰੀ ਦ੍ਰਿੜ੍ਹਤਾ ਨਾਲ ਰੱਖਦੇ ਸਨ। ਗੁਰੂ ਸਾਹਿਬ ਦੇ ਤਰਕ ਕਿਸੇ ਦੇ ਮਾਨ , ਸਨਮਾਨ ਨੂੰ ਚੋਟ ਪੁਜਾਉਣ ਵਾਲੇ ਨਹੀਂ ਸਗੋਂ ਆਪਣੇ ਵਿਚਾਰਾਂ ਨਾਲ ਸਹਿਮਤ ਕਰਨ ਦੇ ਜਤਨ ਹੁੰਦੇ ਸਨ। ਗੁਰੂ ਨਾਨਕ ਸਾਹਿਬ ਦੀ ਪਰਿਪੂਰਨ ਨਿਰਮਲ ਆਤਮਿਕ ਅਵਸਥਾ ਅੱਗੇ ਸਾਰੇ ਹੀ ਨਤ ਮਸਤਕ ਹੁੰਦੇ ਗਏ। ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਵਿਚਾਰ ਦ੍ਰਿਸ਼ਟੀ ਪਹਿਲਾਂ ਪਸੰਦ ਨਹੀਂ ਆਈ ਬਾਅਦ ਵਿੱਚ ਉਨ੍ਹਾਂ ਸਾਰੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਸੱਚ ਨਾ ਕਦੇ ਝੁੱਕਦਾ ਹੈ ਨਾਂ ਕਦੇ ਹਾਰਦਾ ਹੈ। 
ਗੁਰੂ ਨਾਨਕ ਸਾਹਿਬ ਦੇ ਸਿੱਖ ਨੇ ਸਤਿਯੁਗ ਦਾ ਜੀਵਨ ਜਿਉਣਾ ਸਿਖਿਆ। ਸਿੱਖ ਦੇ ਘਰ ਵਿੱਚ ਸੱਚ ਦਾ ਸੂਰਜ ਚੜ੍ਹਿਆ ਜਿਸ ਦੇ ਧਵਲ ਚਾਨਣ ਨੇ ਸਿੱਖ ਦੇ ਜਮੀਰ ਨੂੰ ਰੋਸ਼ਨ ਕਰ ਦਿੱਤਾ। ਗੁਰੂ ਨਾਨਕ ਦਾ ਸਿੱਖ ਹੋਣਾ ਅੱਜ ਵੀ ਦੁਨੀਆ ਦਾ ਸੱਭ ਤੋਂ ਵੱਡਾ ਤੇ ਕੀਮਤੀ ਸਨਮਾਨ ਹੈ ਜੋ ਆਪਾ ਵਾਰ ਕੇ ਪ੍ਰਾਪਤ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਿਹਾ ਕੋਈ ਨਾ ਹੋਇਆ , ਨਾਂ ਕਦੇ ਹੋਣਾ ਹੈ। ਉਨ੍ਹਾਂ ਨੇ ਦੁਨੀਆ ਨੂੰ ਝੂਠ ਦੇ ਸੁਪਨੇ ਤੋਂ ਜਗਾ ਕੇ ਸੱਚ ਦਾ ਮਜਬੂਤ ਆਧਾਰ ਪ੍ਰਦਾਨ ਕੀਤਾ “ ਹਿੰਦ ਕੋ ਇਕ ਮਰਦ - ਏ - ਕਾਮਿਲ ਨੇ ਜਗਾਯਾ ਖਵਾਬ ਸੇ “ . ਗੁਰੂ ਨਾਨਕ ਸਾਹਿਬ ਪਰਮ ਪੁਰਖ ਸਨ , ਪਰਮਾਤਮਾ ਦਾ ਰੂਪ ਸਨ। ਪਰਮਾਤਮਾ ਨੇ ਆਪ ਉਨ੍ਹਾਂ ਵਿੱਚ ਪ੍ਰਤੱਖ ਹੋ ਕੇ ਲੋਕਾਈ ਨੂੰ ਆਪਣੀ ਨਦਰਿ ਨਾਲ ਨਿਹਾਲ ਕੀਤਾ। 

                                     ਡਾ. ਸਤਿੰਦਰ ਪਾਲ ਸਿੰਘ 
                                      ਦਿ ਪਾਂਡਸ 
                                      ਸਿਡਨੀ , ਆਸਟਰੇਲਿਆ 
                     ਈ ਮੇਲ - [email protected]


Author: ਡਾ ਸਤਿੰਦਰ ਪਾਲ ਸਿੰਘ
[email protected]
0000000000
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.