ਡਾਕਟਰ ਆਸਥਾ ਸ਼ਰਮਾ ਨੇ ਲਗਾਇਆ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਕੈਂਪ

ਡਾਕਟਰ ਆਸਥਾ ਸ਼ਰਮਾ ਨੇ ਲਗਾਇਆ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਕੈਂਪ

ਰਾਕੇਸ਼ ਨਈਅਰ ਚੋਹਲਾ

ਪੱਟੀ/ਤਰਨਤਾਰਨ,22 ਅਪ੍ਰੈਲ

ਸ਼ਹੀਦ ਕਰਤਾਰ ਸਿੰਘ ਸਰਾਭਾ ਹੈਲਪਿੰਗ ਹੈਂਡ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਂਦੀ ਆ ਰਹੀ ਹੈ।ਇਸੇ ਸੇਵਾ ਦੀ ਲੜੀ ਤਹਿਤ ਸੁਸਾਇਟੀ ਮੈਂਬਰ ਡਾਕਟਰ ਆਸਥਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੱਟੀ ਸ਼ਹਿਰ ਦੇ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਜੀ ਵਿਖੇ ਫ੍ਰੀ ਮੈਂਟਲ ਹੈਲਥ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿੱਚ ਮਰੀਜ਼ਾਂ ਵੱਲੋਂ ਇਸ ਕੈਂਪ ਦਾ ਲਾਹਾ ਲਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਸੁਸਾਇਟੀ ਪ੍ਰਧਾਨ ਗੁਰਪ੍ਰੀਤ ਸਿੰਘ ਪਨਗੋਟਾ ਨੇ ਦੱਸਿਆ ਕਿ ਡਾਕਟਰ ਆਸਥਾ ਸ਼ਰਮਾ ਪਿਛਲੇ ਲੰਮੇ ਸਮੇਂ ਤੋਂ ਸੁਸਾਇਟੀ ਨਾਲ ਜੁੜੇ ਹੋਏ ਹਨ। ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸੇਵਾ ਕਾਰਜਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ ਹਨ।ਅੱਜ ਡਾਕਟਰ ਆਸਥਾ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਸਾਥੀਆਂ ਵੱਲੋਂ ਗੁਰਦੁਆਰਾ ਸ਼ਹੀਦ ਭਾਈ ਪ੍ਰਤਾਪ ਸਿੰਘ ਵਿਖੇ ਫ੍ਰੀ ਮਾਨਸਿਕ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਦੌਰਾਨ ਡਾਕਟਰ ਆਸਥਾ ਸ਼ਰਮਾ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮਾਨਸਿਕ ਸਿਹਤ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਆ।

ਇਸ ਮੌਕੇ ਡਾਕਟਰ ਆਸਥਾ ਸ਼ਰਮਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਇਨਸਾਨ ਸਰੀਰਕ ਤੌਰ 'ਤੇ ਬਿਮਾਰਿਆਂ ਦੇ ਨਾਲ ਮਾਨਸਿਕ ਤੌਰ 'ਤੇ ਵੀ ਬਿਮਾਰੀਆਂ ਨਾਲ ਘਿਰਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿੱਚ ਤਣਾਅ,ਉਦਾਸੀ ਜਿਹੀਆਂ ਮਾਨਸਿਕ ਬਿਮਾਰੀਆਂ ਨੂੰ ਦਵਾਈਆਂ ਦੇ ਕੇ‌ ਅਤੇ ਮਰੀਜ਼ ਦੀ ਕਾਊਂਸਲਿੰਗ ਕਰ ਕੇ ਠੀਕ ਕੀਤਾ ਜਾ ਸਕਦਾ ਹੈ।ਸਾਡੇ ਸਮਾਜ ਅੰਦਰ ਅਜੇ ਮਾਨਸਿਕ ਬਿਮਾਰੀਆਂ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਬਹੁਤ ਲੋੜ ਹੈ। ਸਾਨੂੰ ਇਸ ਪ੍ਰਤੀ ਸਕਰਾਤਮਿਕ ਮਾਹੌਲ ਪੈਦਾ ਕਰਨ ਦੀ ਲੋੜ ਹੈ।ਪਰਿਵਾਰ ਅਤੇ ਸਮਾਜ ਨੂੰ ਮਰੀਜ਼ ਨਾਲੋਂ ਵੀ ਵੱਧ ਜਾਗਰੂਕ ਅਤੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ।ਸਮੇਂ ਰਹਿੰਦੇ ਜੇ ਮਰੀਜ਼ ਨੂੰ ਉਸ ਦੀ ਮਾਨਸਿਕ ਬਿਮਾਰੀ ਪ੍ਰਤੀ ਸਮਝ ਪੈਦਾ ਹੋ ਜਾਵੇ ਅਤੇ ਉਹ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲੋਂ ਇਲਾਜ ਕਰਵਾ ਲਵੇ ਤਾਂ ਉਹ ਅਨੇਕਾਂ ਬਿਮਾਰੀਆਂ ਅਤੇ ਮੁਸ਼ਕਿਲਾਂ ਤੋਂ ਛੁਟਕਾਰਾ ਪਾ ਸਕਦਾ ਹੈ।