ਸ੍ਰੀ ਨਗਰ 'ਚ ਕਸ਼ਮੀਰ ਦੇ ਸਿੱਖ ਨੌਜਵਾਨਾਂ ਨੇ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਸੌਂਪਿਆ ਮੰਗ ਪੱਤਰ
- ਧਾਰਮਿਕ/ਰਾਜਨੀਤੀ
- 17 Nov,2025
ਅੰਮ੍ਰਿਤਸਰ, 17 ਨਵੰਬਰ ,ਨਜ਼ਰਾਨਾ ਟਾਈਮਜ ਬਿਊਰੋ
ਕਸ਼ਮੀਰ ਦੇ ਸਿੱਖ ਨੌਜਵਾਨਾਂ ਵੱਲੋਂ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ, ਨਾਲ ਮਿਲ ਕੇ ਕਸ਼ਮੀਰ ਦੇ ਸਿੱਖ ਤਵਾਰੀਖ ਦੀ ਪ੍ਰਤੀਨਿਧਤਾ ਨੂੰ ਪਰਮੁੱਖ ਬਣਾ ਗੁਰਦੁਆਰਾ ਸ਼ਹੀਦ ਬੁੰਗਾ ਬੁਰਜ਼ੁੱਲਾ ਬਾਗਾਤ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦੇ ਹੋਏ ਕਰਵਾਏ ਜਾ ਰਹੇ ਨਗਰ ਕੀਰਤਨ ਅਤੇ ਗੁਰਮਤ ਸਮਾਗਮਾਂ ਦੀ ਲੜੀ ਅਨੁਕੂਲ ਚੱਲ ਰਹੇ ਸਮਾਗਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਕਸ਼ਮੀਰ ਦੌਰੇ ਤੇ ਸ਼੍ਰੀਨਗਰ ਦੇ ਵਿੱਚ ਪਹੁੰਚੇ ਹਨ। ਜਿੱਥੋਂ ਸਮਾਗਮ ਦੇ ਉਪਰੰਤ ਨੌਜਵਾਨਾਂ ਵੱਲੋਂ ਕਸ਼ਮੀਰ ਦੇ ਸਿੱਖ ਤਵਾਰੀਖ ਦੀ ਪ੍ਰਤੀਨਿਧਤਾ ਨੂੰ ਮੁੱਖ ਰੱਖ ਕੇ 10 ਨੁਕਤਿਆਂ ਦਾ ਮੰਗ ਪੱਤਰ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਸਪੁਰਦ ਕੀਤਾ ਗਿਆ । ਇਹਨਾਂ ਨੁਕਤਿਆਂ ਦੇ ਵਿੱਚ ਦਰਜ ਕੀਤਾ ਗਿਆ ਸੀ ਕਿ ਸੰਨ 1947 ਦੇ ਵਿੱਚ ਵਾਪਰੇ ਕਸ਼ਮੀਰ ਸਿੱਖ ਘੱਲੂਘਾਰਾ ਜਿਸ ਵਿੱਚ 38 ਹਜਾਰ ਤੋਂ ਵੱਧ ਸਿੰਘਾ ਸਿੰਘਣੀਆਂ ਦੀ ਸ਼ਹਾਦਤ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹੋਈ ਹੈ ਅਤੇ ਜਿਨਾਂ ਨੇ ਆਪਣੇ ਖੂਨ ਦੇ ਨਾਲ ਸਿੱਖੀ ਆਸ਼ੇ ਨੂੰ ਬੁਲੰਦ ਕੀਤਾ ਹੈ ਇਹਨਾਂ ਸਾਰੇ ਸ਼ਹੀਦਾਂ ਦੇ ਇਤਿਹਾਸ ਨੂੰ ਪੰਥਕ ਸ਼ਹੀਦੀ ਦਿਨ ਵਜੋਂ ਮਾਨਤਾ ਦਿੰਦੇ ਹੋਏ ਮਨਾਇਆ ਜਾਵੇ ਤੇ ਨਾਲ ਹੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਇਸ ਇਤਿਹਾਸ ਦੀ ਤਸਵੀਰ ਲਗਾਈ ਜਾਵੇ, ਨਾਲ ਹੀ ਇਹ ਇਤਿਹਾਸ ਦੇ ਟਰੈਕਟ ਬਣਾ ਕੇ ਸੰਗਤਾਂ ਦੇ ਵਿੱਚ ਜਰੂਰ ਵੰਡੇ ਜਾਣ। ਕਸ਼ਮੀਰ ਦੇ ਸਿੱਖੀ ਦਾ ਮੁੱਢ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਪਾਵਨ ਧਰਤੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਫਰ ਜਿਸ ਧਰਤੀ ਤੋਂ ਸ਼ੁਰੂ ਹੋਇਆ ਹੈ। ਗੁਰਦੁਆਰਾ ਗੁਰੂ ਨਾਨਕ ਸਾਹਿਬ ਮਟਨ ਅਨੰਤ ਨਾਗ ਵਿਖੇ ਪੱਕੇ ਤੌਰ ਤੇ ਵੱਡੇ ਗੁਰੂ ਧਾਮ ਤਿਆਰ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰਾਲਾ ਕਰੇ। ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਿੱਖ ਮਿਸ਼ਨ ਤਹਿਤ ਚਲਾਏ ਜਾ ਰਹੇ ਪ੍ਰਚਾਰਕ ਟਾਂਚੇ ਅਨੁਕੂਲ ਕਸ਼ਮੀਰ ਨੂੰ ਜੰਮੂ ਤੋਂ ਵੱਖਰੇ ਟਾਂਚੇ ਨਾਲ ਜੋੜਿਆ ਜਾਵੇ ਤੇ ਪ੍ਰਚਾਰਕ ਵੀ ਕਸ਼ਮੀਰ ਤੋਂ ਲਿਆ ਜਾਵੇ ਜੋ ਕਿ ਕਸ਼ਮੀਰ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਧਰਮ ਪ੍ਰਚਾਰ ਨੂੰ ਅੱਗੇ ਵਧਾ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਂਦਰੀ ਪ੍ਰਬੰਧਕੀ ਢਾਂਚੇ ਦੇ ਵਿੱਚ ਵੀ ਕਸ਼ਮੀਰ ਦੇ ਸਿੱਖਾਂ ਦੀ ਪ੍ਰਤੀਨਿਧਤਾ ਹੋਵੇ। ਜੰਮੂ ਕਸ਼ਮੀਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਭਾਸ਼ਾ ਦੇ ਲਈ ਸਰਕਾਰ ਨੂੰ ਅਗਾਹ ਕੀਤਾ ਜਾਵੇ , ਤੇ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੇ ਸਕੂਲਾਂ ਕਾਲਜਾਂ ਦੇ ਵਿੱਚ ਪ੍ਰਪੱਖ ਤੌਰ ਤੇ ਲਾਗੂ ਕਰਾਇਆ ਜਾਵੇ। ਕਸ਼ਮੀਰ ਦੇ ਸਿੱਖ ਵਿਦਿਅੱਕ ਅਦਾਰਿਆਂ ਅਤੇ ਧਰਮ ਪ੍ਰਚਾਰ ਅਦਾਰਿਆਂ ਦੇ ਲਈ , ਆਰਥਿਕ ਤੌਰ ਤੇ ਯਤਨ ਕੀਤੇ ਜਾਣ। ਕਸ਼ਮੀਰ ਦੇ ਸਿੱਖ ਵਿਰਸੇ ਨੂੰ ਸਮਝਾਉਂਦੇ ਹੋਏ ਕਸ਼ਮੀਰ ਦੇ ਵਿੱਚ ਵੀ ਇੱਕ ਸਿੱਖ ਅਜਾਇਬ ਘਰ ਦੀ ਨਿਰਮਾਣਤਾ ਦੇ ਲਈ ਯਤਨ ਕੀਤੇ ਜਾਣ । ਧਾਰਮਿਕ ਦ੍ਰਿੜਤਾ ਦੇ ਲਈ ਸਾਲਾਨਾ ਤੌਰ ਤੇ ਵਿਸ਼ੇਸ਼ ਸੈਮੀਨਾਰ ਬੱਚੇ ਬੱਚੀਆਂ ਦੇ ਲਈ ਕਰਾਇਆ ਜਾਵੇ ਜੋ ਇੱਥੋਂ ਦੀਆਂ ਧਾਰਮਿਕ ਸੰਸਥਾਵਾਂ ਦੇ ਨਾਲ ਮਿਲ ਕੇ ਅੱਗੇ ਵਧਾਇਆ ਜਾਵੇ।
ਪੰਥਕ ਮੋਰਚਿਆਂ ਤੇ ਸੰਘਰਸ਼ ਦੇ ਵਿੱਚ ਯੋਗਦਾਨ ਪਾਉਣ ਵਾਲੇ ਕਸ਼ਮੀਰ ਦੇ ਪੁਰਾਤਨ ਗੁਰਸਿੱਖ ਜੋ ਆਪਣੇ ਗੁਰਸਿੱਖੀ ਜੀਵਨ ਦੇ ਨਾਲ ਘਾਟੀ ਦੇ ਵਿੱਚ ਗੁਰਮਤ ਆਸ਼ੇ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਰਹੇ ਤੇ ਇਹਨਾਂ ਦੇ ਜੀਵਨ ਦੇ ਇਤਿਹਾਸ ਨੂੰ ਵੀ ਪੰਥ ਵਿੱਚ ਪ੍ਰਚਾਰਿਆ ਜਾਵੇ। ਕਸ਼ਮੀਰ ਦੇ ਦੁਰਲਭ ਗੁਰ ਅਸਥਾਨ ਜਿਨਾਂ ਦੇ ਵਿੱਚ ਗੁਰਦੁਆਰਾ ਪਹਿਲੀ ਪਾਤਸ਼ਾਹੀ ਕਿਲਾ ਹਰੀ ਪਰਬਤ, ਚਾਹੇ ਗੁਰੂ ਹਰਰਾਏ ਸਾਹਿਬ , ਗੁਰਦੁਆਰਾ ਸਿੰਘ ਸਭਾ ਮਹਾਰਾਜਗੰਜ ਸ੍ਰੀਨਗਰ , ਗੁਰਦੁਆਰਾ ਭੁੰਗਾ ਅਕਾਲੀ ਫੂਲਾ ਸਿੰਘ ਸ਼ਹੀਦ ਗੰਜ ਸ਼੍ਰੀਨਗਰ ਇਹਨਾਂ ਦੀ ਸੇਵਾ ਸੰਭਾਲ ਦੇ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ। ਇਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਮੌਜੂਦ ਸਨ , ਜੁਲਾਈ ਦੇ ਮਹੀਨੇ ਪਾਤਸ਼ਾਹ ਦੇ ਪਾਕ ਪੰਜਾਬ ਦੇ ਪ੍ਰੋਗਰਾਮ ਦੇ ਦੌਰਾਨ ਕੋਈ ਬੇਹੁਰਮਤੀ ਦੇ ਵਿੱਚ ਮੌਜੂਦ ਸ਼ਖਸ਼ੀਅਤਾਂ ਦੇ ਉੱਪਰ ਪੰਥਕ ਰਵਾਇਦਨਕੂਲ ਬਣਦੀ ਕਾਰਵਾਈ ਕਰਨ ਦੇ ਲਈ ਬੇਨਤੀ ਕੀਤੀ ਗਈ ਇਸ ਦੇ ਨਾਲ ਹੀ ਕਸ਼ਮੀਰ ਦੇ ਸਿੱਖ ਤਵਾਰੀਖ ਨੂੰ ਪੰਥਕ ਸਫੇ ਦੇ ਵਿੱਚ ਵੀ ਵਿਚਾਰਾਂ ਸਾਂਝੇ ਕੀਤੀਆਂ ਗਈਆਂ। ਪ੍ਰਧਾਨ ਸਾਹਿਬ ਜੀ ਅਤੇ ਸਿੰਘ ਸਾਹਿਬ ਜੀ ਵੱਲੋਂ ਗੰਭੀਰਤਾ ਦੇ ਨਾਲ ਸਾਰੇ ਹੀ ਵਿਚਾਰਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦਵਾਇਆ ਕੀ ਸਾਰੀਆਂ ਹੀ ਮੰਗਾਂ ਸੁਹਿਰਦ ਤਰੀਕੇ ਦੇ ਨਾਲ ਰੱਖੀਆਂ ਗਈਆਂ ਨੇ ਜਿਨਾਂ ਦੇ ਉੱਪਰ ਵਿਚਾਰ ਕਰਕੇ ਲਾਹੇ ਅਮਲ ਫੈਸਲੇ ਕੀਤੇ ਜਾਣਗੇ । ਸਿੱਖ ਨੌਜਵਾਨਾਂ ਦੀ ਪ੍ਰਤੀਨਿਧਤਾ ਵਜੋਂ ਸਰਦਾਰ ਅੰਗਦ ਸਿੰਘ ਖਾਲਸਾ,ਸ੍ਰ ਪ੍ਰਭਜੋਤ ਸਿੰਘ ( ਵਿਰਸਾ ਚੈਨਲ) ,ਸ੍ਰ ਤੇਜਵੀਰ ਸਿੰਘ ,ਸ੍ਰ ਅਮਿਤਪਾਲ ਸਿੰਘ ,ਸ੍ਰ ਅਵਨੀਤ ਸਿੰਘ ,ਸ੍ਰ ਸਰਬਜੀਤ ਸਿੰਘ ਵੱਲੋਂ ਇਹ ਮੰਗ ਪੱਤਰ ਦਿੱਤਾ ਗਿਆ।
Posted By:
GURBHEJ SINGH ANANDPURI
Leave a Reply